ਅਜੇ ਵੀ ਯਾਦ ਏ ਜਦੋਂ ਅਮ੍ਰਿਤਸਰ ਏਅਰਪੋਰਟ ਤੇ ਡੈਡ ਨੇ ਸਮਾਨ ਵਾਲੀ ਰੇਹੜੀ ਆਖਰੀ ਸਟੋਪ ਤੇ ਮੇਰੇ ਹਵਾਲੇ ਕੀਤੀ ਤਾਂ ਨਾਲ ਆਈ ਭੂਆ ਉਚੀ ਸਾਰੀ ਬੋਲ ਪਈ…
“ਵੇ ਗੁਰਮੁਖ ਸਿਆਂ ਅਜੇ ਵੀ ਸੋਚ ਵਿਚਾਰ ਕਰ ਲੈ..ਕੱਲੀ ਕਾਰੀ ਨੂੰ ਸੱਤ ਸਮੁੰਦਰ ਪਾਰ ਘੱਲਣ ਲੱਗਾ ਏ..ਕੋਈ ਉਚੀ ਨਵੀਂ ਹੋ ਗਈ ਤਾਂ…ਕਿਥੇ ਕਿਥੇ ਸਫਾਈਆਂ ਦਿੰਦਾ ਫਿਰੇਂਗਾ”
ਉਸਦੀ ਗੱਲ ਸੁਣ ਡੈਡ ਨੇ ਭੂਆ ਵਾਲਾ ਸੁਆਲ ਮੇਰੇ ਤੁਰੀ ਜਾਂਦੀ ਵੱਲ ਨੂੰ ਤੋਰ ਦਿੱਤਾ ਸੀ
ਮੈਂ ਅੱਗੋਂ ਅੱਖਾਂ ਮੀਚ ਇੱਕ ਆਖਰੀ ਤਸੱਲੀ ਜਿਹੀ ਦਿੱਤੀ ਤਾਂ ਉਹ ਬੇਫਿਕਰ ਜਿਹਾ ਹੋ ਗਿਆ ਪਰ ਉਸਦੀਆਂ ਅੱਖਾਂ ਅਜੇ ਵੀ ਗਿੱਲੀਆਂ ਸਨ!
ਫੇਰ ਕਨੇਡਾ ਦੀ ਧਰਤੀ ਤੇ ਉੱਤਰਦਿਆਂ ਹੀ ਕਿਰਾਏ ਵਾਲੀ ਡੂੰਘੀ ਜਿਹੀ ਬੇਸਮੇਂਟ…ਪਹਿਲਾਂ-ਪਹਿਲ ਇੰਝ ਲਗਿਆ ਕਰੇ ਕੇ ਸਾਹ ਘੁੱਟ ਕੇ ਮਰ ਜਾਵਾਂਗੀ..
ਫੇਰ ਗੱਲ ਗੱਲ ਤੇ ਨੁਕਸ ਕੱਢਦੀ ਮਾਲਕਣ ਆਂਟੀ…ਫੋਨ ਤੇ ਗੱਲ ਕਰਦੀ ਦੀਆਂ ਬਿੜਕਾਂ ਰੱਖਦੀ ਓਹਨਾ ਦੀ ਬੇਬੇ…ਅੱਤ ਦੀ ਠੰਡ ਵਿਚ ਕਈ ਵਾਰ ਮਿੱਸ ਹੋ ਜਾਂਦੀ ਬੱਸ….ਤੇ ਫੇਰ ਸ਼ੀਸ਼ਾ ਬਣੀ ਬਰਫ ਤੇ ਤਿਲਕ ਕੇ ਡਿੱਗਦੀ ਹੋਈ ਦੀ ਅਕਸਰ ਹੀ ਨਿੱਕਲ ਜਾਂਦੀ ਚੀਕ…ਠੰਡ ਨਾਲ ਸੁੰਨ ਹੋ ਜਾਂਦੇ ਹੱਥ ਪੈਰ..ਤੇ ਹੋਰ ਵੀ ਬਹੁਤ ਕੁਝ!
ਫੇਰ ਇੱਕ ਦਿਨ ਤਾਂ ਦਿਮਾਗ ਵੀ ਸੁੰਨ ਜਿਹਾ ਹੋ ਗਿਆ ਜਦੋਂ ਬੱਸ ਵਿਚ ਨਾਲਦੀ ਸੀਟ ਤੇ ਬੈਠੇ ਡੈਡ ਦੀ ਉਮਰ ਦੇ ਪੱਗ ਵਾਲੇ ਅੰਕਲ ਨੇ ਸੁਆਲ ਪੁੱਛਣੇ ਸ਼ੁਰੂ ਕਰ ਦਿਤੇ.
“ਵਿਆਹ ਹੋ ਗਿਆ ਤੇਰਾ?..ਬਵਾਏ ਫ੍ਰੇਂਡ ਤੋਂ ਬਗੈਰ ਤੇਰਾ ਗੁਜਾਰਾ ਕਿੱਦਾਂ ਹੁੰਦਾ?
ਫੇਰ ਉਸ ਦਿਨ ਆਪਣੇ ਸਟੋਪ ਤੋਂ ਪਹਿਲਾਂ ਹੀ ਉੱਤਰ ਗਈ…ਫੇਰ ਸ਼ੁਦੈਣਾਂ ਵਾਂਙ ਕਿੰਨਾ ਚਿਰ ਹੀ ਬਿਨਾ ਮੰਜਿਲ ਦੇ ਤੁਰਦੀ ਗਈ..ਕੰਮ ਤੇ ਚੇਂਜਿੰਗ ਰੂਮ ਵਿਚ ਪੁੱਜ ਨਾਲਦੀ ਦੇ ਮੋਢੇ ਤੇ ਸਿਰ ਰੱਖ ਮਨ ਦਾ ਬੋਝ ਹਲਕਾ ਕੀਤਾ!
ਉਸ ਦਿਨ ਮਗਰੋਂ ਹਰੇਕ ਅਗਿਓਂ ਤੁਰੇ ਆਉਂਦੇ ਕਿਸੇ ਆਪਣੇ ਨੂੰ ਦੇਖ ਰਾਹ ਬਦਲ ਲਿਆ ਕਰਦੀ “..
ਕਦੇ ਕਦੇ ਮਾਂ ਬੜੀ ਹੀ ਚੇਤੇ ਆਇਆ ਕਰਦੀ..ਲੱਖ ਕੋਸ਼ਿਸ਼ ਕਰਨ ਤੇ ਵੀ ਡੈਡ ਨਾਲ ਤੇ ਇਹ ਗੱਲਾਂ ਸ਼ੇਅਰ ਨਹੀਂ ਸੀ ਕਰ ਹੁੰਦੀਆਂ..!
ਪਤਾ ਨੀ ਅੱਜ ਪੀ.ਆਰ ਹੋਣ ਮਗਰੋਂ ਪੰਜਾਬ ਵਾਪਿਸ ਮੁੜਦੀ ਨੂੰ ਜਹਾਜੇ ਬੈਠਿਆਂ ਇਹ ਗੱਲਾਂ ਕਿਓਂ ਚੇਤੇ ਆ ਰਹੀਆਂ ਸਨ?
ਘਰੇ ਪਹੁੰਚੀ ਤਾਂ ਅਗਿਓਂ ਸਾਰੀ ਰਿਸ਼ਤੇਦਾਰੀ ਕੱਠੀ ਹੋਈ ਸੀ..ਭੂਆ ਦੀਆਂ ਨਜਰਾਂ ਮੇਰੇ ਵਜੂਦ ਅੰਦਰੋਂ ਕੁਝ ਹੋਰ ਹੀ ਚੀਜ ਟਟੋਲ ਰਹੀਆਂ ਸਨ…ਲਾਂਭੇ ਜਿਹੇ ਕਰ ਕੇ ਉੱਪਰੋਂ ਥੱਲੇ ਤੱਕ ਮੈਨੂੰ ਨਿਹਾਰਦੀ ਹੋਈ ਪੁੱਛਣ ਲੱਗੀ ਕੇ ਕੋਈ ਬਵਾਏ ਫ੍ਰੇਂਡ ਤੇ ਨਹੀਂ ਬਣਾਇਆ…ਮੈਂ ਅੱਗੋਂ ਕੁਝ ਨਾ ਬੋਲੀ ਪਰ ਮੈਨੂੰ ਕਨੇਡਾ ਵਾਲੀ ਬੱਸ ਵਾਲਾ ਓਹੋ ਭਾਈ ਚੇਤੇ ਆ ਗਿਆ!
ਅਗਲੇ ਦਿਨ ਜਿਸਦੇ ਵਾਸਤੇ ਜੋ ਜੋ ਤੋਹਫੇ ਲੈ ਕੇ ਆਈ ਸਾਂ..ਹਵਾਲੇ ਕਰ ਦਿੱਤੇ..!
ਫੇਰ ਜਦੋਂ ਖਾਲੀ ਬੈਗ ਕਿੱਲੀ ਟੰਗਣ ਲੱਗੀ ਤਾਂ ਡੈਡ ਨੂੰ ਆਖ ਦਿੱਤਾ ਕੇ ਹੁਣ ਇਸਨੂੰ ਭਰਨਾ ਵੀ ਹੋਵੇਗਾ..ਨਹੀਂ ਤਾਂ ਵਾਪਿਸ ਗਈ ਨੂੰ ਕਈਆਂ ਨੇ ਪੁੱਛਣਾ ਕੇ ਸਾਡੇ ਵਾਸਤੇ ਓਧਰੋਂ ਕੀ ਲੈ ਕੇ ਆਈਂ ਹੈਂ..!
ਇਸ ਦੁਨੀਆਂ ਵਿਚ ਹਰੇਕ ਨੂੰ ਹਰ ਲਈ ਹੋਈ ਚੀਜ ਬਦਲੇ ਕੁਝ ਨਾ ਕੁਝ ਦੇਣਾ ਪੈਂਦਾ..ਸਿਵਾਏ ਮਾਂ ਤੋਂ..ਫੇਰ ਉਸ ਰਾਤ ਕੰਧ ਤੇ ਟੰਗੀ ਮਾਂ ਦੀ ਫੋਟੋ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ…ਬਹੁਤ ਸਾਰੇ ਦੁੱਖ ਫਰੋਲੇ..ਬੇਸ਼ੁਮਾਰ ਉਲਾਹਮੇਂ ਵੀ ਦਿੱਤੇ..ਤੇ ਫੇਰ ਸੁਫ਼ਨੇ ਵਿਚ ਨਾਲ ਸੁੱਤੀ ਹੋਈ ਕੋਲੋਂ ਇੱਕ ਇਜਾਜਤ ਵੀ ਲੈ ਲਈ..!
ਅਗਲੇ ਦਿਨ ਆਪਣੇ ਦਿਉਰ ਦੇ ਮੁੰਡੇ ਦਾ ਰਿਸ਼ਤਾ ਲੈ ਕੇ ਆਈ ਭੂਆ ਨੂੰ ਸਪਸ਼ਟ ਆਖ ਦਿੱਤਾ ਕੇ ਮੈਂ ਆਪਣੇ ਰੂਹਾਂ ਦਾ ਹਾਣ ਲੱਭ ਲਿਆ ਏ…ਅੱਗੋਂ ਬਾਪ ਨੂੰ ਸੰਬੋਦਨ ਹੁੰਦੀ ਆਖਣ ਲੱਗੀ…”ਦੇਖ ਲੈ ਗੁਰਮੁਖ ਸਿਹਾਂ..ਓਹੋ ਗੱਲ ਹੋਈ ਜਿਸਦਾ ਡਰ ਸੀ..”
ਪਿਓ ਚੁੱਪ ਸੀ ਪਰ ਮਾਂ ਦੀ ਤਸਵੀਰ ਨਿੰਮਾ-ਨਿੰਮਾ ਮੁਸਕੁਰਾ ਰਹੀ ਸੀ..ਸ਼ਾਇਦ ਜਿਸਨੂੰ ਇੱਕ ਦਿਨ ਦੁੱਧ ਪੀਂਦੀ ਨੂੰ ਚੁੱਪ ਚੁਪੀਤੇ ਮਗਰ ਛੱਡ ਆਈ ਸੀ..ਉਹ ਅੱਜ ਜਿੰਦਗੀ ਦੇ ਵੱਡੇ ਫੈਸਲੇ ਲੈਣ ਦੇ ਕਾਬਲ ਜੂ ਹੋ ਗਈ ਸੀ!
(ਸੱਚੇ ਬਿਰਤਾਂਤ ਤੇ ਅਧਾਰਿਤ)
ਹਰਪ੍ਰੀਤ ਸਿੰਘ ਜਵੰਦਾ