ਮਕਾਨ ਕੇ ਘਰ

by Lakhwinder Singh

ਮਕਾਨ ਕੇ ਘਰ
ਮੇਰਾ ਘਰ ਬਹੁਤ ਕਰਮਾ ਵਾਲਾ ਹੈ, ਪਿਛਲੇ ਕੁਝ ਕੋ ਸਾਲਾ ਤੋਂ ਏਸੇ ਰੁੱਤੇ ਚਿੱੜੀਆਂ ਆਲਣਾ ਪਾਉਦੀਆ ਨੇ ਤੇ ਫੇਰ ਆਡੇ ਦੇ ਕੇ ਬੱਚੇ ਪਾਲ ਕੇ ਉੱਡ ਜਾਂਦੀਆਂ ਨੇ । ਪੰਜਾਬ ਚ ਪੱਖਿਆਂ ਨਾਲ ਪਤਾ ਨਹੀਂ ਕਿੰਨੀਆਂ ਕੋ ਚਿੱੜੀਆਂ ਤੇ ਚਿੱੜੇ ਮਾਰ ਦਿੱਤੇ । ਹੁਣ ਕਦੇ ਕਦੇ ਸੋਚਦੀ ਹਾਂ ਜੇ ਮੇਜ਼ ਤਾਂ ਰੱਖਣ ਵਾਲੇ ਪੱਖਿਆਂ ਦੇ ਆਸੇ ਪਾਸੇ ਜੰਗਲ਼ਾ ਲੱਗ ਸਕਦਾ ਸੀ ਆਪਣੇ ਪਰਿਵਾਰ ਨੂੰ ਬਚਾਉਣ ਲਈ , ਤਾਂ ਛੱਤ ਦੇ ਪੱਖਿਆਂ ਤੇ ਵੀ ਲੱਗ ਸਕਦਾ ਸੀ ਬੇਕਸੂਰ ਚਿੱੜੀਆ ਨੂੰ ਬਚਾਉਣ ਲਈ । ਪਰ ਸਾਨੂੰ ਕੁਦਰਤ ਨਾਲ ਏਨਾ ਕੋ ਹੀ ਪਿਆਰ ਹੈ , ਤਦੇ ਤਾਂ ਪੰਜਾਬ ਦੇ ਦੇਹ ਹਾਲਤ ਹੋ ਗਏ ।ਪਰਦੇਸਾ ਚ ਘਰਾਂ ਚ ਚਿੱੜੀਆਂ ਉਡਦੀਆ ਫਿਰਦੀਆਂ ਹੀ ਨਹੀਂ, ਨਹੀਂ ਤਾਂ ਜਾਨਵਰਾਂ ਦੀ ਦੇਖ ਭਾਲ ਕਰਣ ਵਾਲ਼ਿਆਂ ਨੇ ਉਹਨਾ ਪੱਖਿਆਂ ਤੇ ਹੀ ban ਲਵਾ ਦੇਣਾ ਸੀ ।ਭਾਰਤ ਚ ਮੇਨਕਾ ਗਾਂਧੀ ਨੇ ਕੁੱਤੇ ਨਾ ਮਾਰਨ ਦਾ ਕਾਨੂੰਨ ਬਣਾ ਦਿੱਤਾ ਪਰ ਉਹਨਾ ਨੂੰ ਸਾਂਭਣ ਲਈ ਕੱਖ ਹੀ ਨਹੀਂ ਕੀਤਾ ਤੇ ਉਹ ਲੋਕਾਂ ਦੀ ਜਾਨ ਦਾ ਖੌਅ ਬਣੇ ਨੇ । ਪਰ ਮੇਰਾ ਅੱਜ ਦਾ ਵਿਸ਼ਾ ਕੁਝ ਹੋਰ ਹੈ ।
ਚਿੜੀਆਂ ਤੀਲਾ ਤੀਲਾ ਚੁਣ ਕੇ ਘਰ ਬਣਾਇਆ ਤੇ ਹਰ ਹੀਲਾ ਕਰਕੇ ਉਸ ਦੀ ਹਿਫ਼ਾਜ਼ਤ ਕੀਤੀ । ਉਹਨਾ ਦੇ ਆਸੇ ਪਾਸੇ ਰਹਿ ਕੇ ਦਾਣਾ ਚੁੰਗਾਂ ਕੇ ਉਡਣਾ ਸਿਖਾਇਆ ।
ਆਲਣਾਂ ਮਨੁੱਖ ਵੀ ਬਣਾਉਦਾ ਹੈ , ਤੀਲਾ ਤੀਲਾ ਜੋੜ ਕਾ ਆਪਣੀ ਪਹੁੰਚ ਅਨੁਸਾਰ ਆਪੀਆ ਲੋੜਾਂ ਲਈ … ਚਲੋ ਅੱਜ ਉਹਨਾ ਦੀ ਗੱਲ ਨਹੀ ਕਰਦੇ ਜੋ ਵੱਡਾ ਘਰ , ਵੱਡੀ ਗੱਡੀ ਬੱਲੇ ਬੱਲੇ ਲਈ ਬਣਾਉਦੇ ਨੇ। ਅਲਾਣਾ ਵੀ ਬਣਾ ਲਿਆ, ਸੋਹਣਾ ਫ਼ਰਨੀਚਰ ਵੀ ਲੈ ਲਿਆ ਮਹਿੰਗੀ ਤੋਂ ਮਹਿੰਗੀ ਵਸਤੂ ਵੀ ਰੱਖ ਲਈ ਕੀ ਉਹ ਘਰ ਬਣ ਗਿਆ … ਨਾ ਬਿਲਕੁਲ ਨਹੀਂ ਮਕਾਨ ਬਣ ਗਿਆ ਪਰ ਘਰ ਨਹੀਂ ਜੇ ਬਣਿਆ । ਘਰ ਬਣਦਾ ਉਸ ਦੇ ਅੰਦਰ ਦੇ ਮਾਹੌਲ ਨਾਲ । ਜੇ ਘਰ ਵਿੱਚ ਚਾਰ ਜੀਅ ਨੇ ਚਾਰੇ ਇਕ ਦੂਜੇ ਦੀ ਜ਼ਿੰਦਗੀ ਮੁਸ਼ਕਲ ਕਰ ਰਹੇ ਨੇ ਤਾਂ ਉਹ ਘਰ ਨਹੀਂ ਨਰਕ ਦਾ ਸਾਖਸਾਤ ਰੂਪ ਹੈ । ਮਸਲਾ ਹੈ ਕੀ – ਸਿਰਫ ਮੈ ਦਾ ਹੰਕਾਰ ਦਾ। ਮੇਰੇ ਤੋਂ ਵੱਧ ਚੰਗਾ ਕੋਈ ਨਹੀਂ ਹੀ, ਟਟੀਰੀ ਵਾਂਗ ਲੱਤਾਂ ਤੇ ਅਸਮਾਨ ਥੰਮ੍ਹਿਆ ਹੈ । ਆਕੜ , ਹੰਕਾਰ ਤੇ ਬੇਲੋੜੀ ਨਫਰਤ । ਬੰਦਾ ਦੇ ਅੰਦਰ ਗਏ ਸਾਹ ਨੇ ਪਤਾ ਨਹੀਂ ਬਾਹਰ ਆਓਣਾ ਵੀ ਹੈ ਕੇ ਨਹੀਂ – ਬੰਦੇ ਦੀ ਸਚਾਈ ਸਿਰਫ ਏਨੀ ਹੈ, ਫੇਰ ਵੀ ਅਸੀਂ ਆਪਣੇ ਆਪਚ ਰੱਬ ਬਣੇ ਫਿਰਦੇ ਹਾਂ।
ਅਸੀਂ ਸਾਂਝੇ ਘਰਾਂ ਦੇ ਸਭਿਆਚਾਰ ਚੋ ਆਏ ਹਾਂ , ਸਾਡੇ ਬਜ਼ੁਰਗ ਸਾਡੇ ਨਾਲ ਹੀ ਰਹਿੰਦੇ ਨੇ । ਪਰ ਬਹੁਤ ਘਰਾਂ ਚ ਸੱਸ ਤੇ ਨੂੰਹ ਇਕ ਦੂਜੇ ਨੂੰ ਅੱਖੀਂ ਵੇਖ ਨਹੀਂ ਸਕਦੀਆਂ। ਉਸ ਨੂੰ ਤੁਸੀ ਮਕਾਨ ਹੀ ਆਖ ਸਕਦੇ ਜੇ ਘਰ ਨਹੀਂ। ਜੇ ਪਤਨੀ ਤੇ ਪਤੀ ਦਾ ਆਪਸ ਵਿੱਚ ਪਿਆਰ ਨਹੀਂ ਤਾਂ ਉਸ ਘਰ ਦੇ ਬੱਚੇ ਭਾਵੇਂ ਛੋਟੀ ਉਮਰ ਦੇ ਹੀ ਹੋਣ ਉਹ ਮਾਨਸਿਕ ਤੋਰ ਤੇ ਡਿਪਰੈਸਨ ਤੇ ਚਿੰਤਾ ਰੋਗ ਤੋਂ ਪੀੜਤ ਜ਼ਰੂਰ ਹੋਣਗੇ ਜੇ ਤੁਸੀ ਵਾਕਿਆ ਹੀ ਬਚਿੱਆ ਨੂੰ ਪਿਆਰ, ਸਤਿਕਾਰ ਤੇ ਜੀਵਨ ਜਾਂਚ ਸਿਖਾਉਣਾ ਚਾਹੁੰਦੇ ਜੇ ਤਾਂ ਗੱਲਾਂ ਨਾਲ ਕੁਝ ਨਹੀਂ ਹੋਣਾ ਉਹਨਾ ਨੂੰ ਪ੍ਰੈਕਟੀਕਲ ਕਰ ਕੇ ਵਿਖਾਓ ।ਜੋ ਪਤੀ ਪਤਨੀ ਇਕ ਦੂਸਰੇ ਨਾਲ ਕਿਸੇ ਤਰਾਂ ਦਾ ਉਹਲਾ ਰੱਖਦੇ ਨੇ ਕੁਝ ਬੱਚੇ ਉਸ ਆਦਤ ਦਾ ਦੁਰਉਪਯੋਗ ਵੀ ਕਰਨਗੇ । ਕੁਝ ਮਾਂਵਾਂ ਆਪਣੇ ਬਚਿਆਂ ਦੀਆ ਗਲਤ ਹਰਕਤਾਂ ਨੂੰ ਪਤੀ ਤੋਂ ਛੁਪਾ ਕੇ ਰੱਖਦੀਆਂ ਨੇ ਜਿਸ ਦੇ ਨਤੀਜੇ ਬਹੁਤ ਮਾੜੇ ਵੇਖੇ ਨੇ । ਜਿਸਤਰਾਂ ਮੈ ਅੱਗੇ ਵੀ ਬਹੁਤ ਵਾਰ ਲਿਖਿਆਂ ਹੈ ਗੁਰੂ ਜਾ ਪਰਮਾਤਮਾ ਤੋਂ ਬਿਨਾ ਅਸੀਂ ਸਭ ਅਉਗੁਣਾ ਦੇ ਹੀ ਪੁਤਲੇ ਹਾਂ ਕੋਈ ਮਾਸਾ ਘੱਟ ਤੇ ਕੋਈ ਮਾਸਾ ਵੱਧ । ਦੂਸਰੇ ਦੇ ਅਵਗੁਣ ਜਾਹਿਰ ਕਰਣੇ ਬਹੁਤ ਸੌਖੇ ਨੇ ਪਰ ਜੇ ਅਸੀਂ ਆਪਣੀਆਂ ਕਮਜ਼ੋਰੀਆਂ ਵੀ ਮੰਨ ਲਈਏ ਤਾਂ ਜ਼ਿੰਦਗੀ ਸੋਖੀ ਹੋ ਜਾਂਦੀ ਹੈ । ਜਦ ਪਤੀ ਪਤਨੀ ਕਿਸੇ ਗਲਤੀ ਤੇ ਬੱਚਿਆ ਸਾਹਮਣੇ ਇੱਕ ਦੂਸਰੇ ਤੋਂ ਮੁਆਫੀ ਮੰਗਦੇ ਨੇ , ਉਹ ਬੱਚੇ ਵੀ ਗਲਤੀ ਛੁਪਾਉਣ ਦੀ ਥਾਂ ਗਲਤੀ ਮੰਨ ਲੈਣਾ ਸਿੱਖ ਲੈਣਗੇ । ਜੋ ਪਰਿਵਾਰ ਕਿਸੇ ਵੀ ਮਸਲੇ ਨੂੰ ਬੈਠ ਕੇ ਸੁਲਝਉਦੇ ਨੇ ਉਸ ਘਰ ਦੇ ਬੱਚੇ ਵੀ ਸੁਲਝੇ ਹੋਏ ਹੁੰਦੇ ਨੇ । ਮਾਂ ਬਾਪ ਵੀ ਹੱਡ ਮਾਸ ਦਾ ਪੁਤਲਾੇ ਨੇ ਗਲਤੀਆਂ ਉਹਨਾ ਕੋਲੋਂ ਵੀ ਹੋ ਜਾਂਦੀਆਂ ਨੇ – ਬੱਚਿਆਂ ਤੋਂ ਮੁਆਫੀ ਮੰਗਣ ਚ ਕੋਈ ਸ਼ਰਮਿੰਦਗੀ ਨਾ ਮਹਿਸੂਸ ਕਰੋ। ਦੋਸਤ ਮਿੱਤਰ ਸਭ ਨੂੰ ਪਿਆਰੇ ਹੁੰਦੇ ਨੇ ਪਰ ਜੇ ਤੁਸੀ ਬੱਚੇ ਪੈਦਾ ਕੀਤੇ ਨੇ ਤਾਂ ਤੁਹਾਡਾ ਪਰਿਵਾਰ ਸਭ ਤੋਂ ਪਹਿਲਾ ਅਓੁਣਾ ਚਾਹੀਦਾ ਹੈ ।ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦਿਓ – ਵੈਸੇ ਵੀ ਬੱਚੇ ਅੱਖ ਝਪਕਦਿਆਂ ਹੀ ਵੱਡੇ ਹੋ ਜਾਂਦੇ ਨੇ । ਹਰ ਇਨਸਾਨ ਦੇ ਬਣਨ ਚ ਕੁਦਰਤ ਤੇ ਉਸ ਦੀ ਪਰਵਰਸ਼ ਦੋਹਾ ਦਾ ਹੱਥ ਹੁੰਦਾ ਹੈ । ਪਰਵਰਸ਼ ਸਾਡੇ ਹੱਥ ਚ ਹੈ ਅਸੀਂ ਉਸ ਤੇ ਤਾਂ ਪੂਰੀ ਤਵੱਜੋ ਦੇ ਸਕਦੇ ਨੇ । ਮਾਂ ਬਾਪ ਦਾ ਇੱਕ ਦੂਸਰੇ ਪ੍ਰਤੀ ਪਿਆਰ, ਸਤਿਕਾਰ ਤੇ ਵਿਸ਼ਵਾਸ ਬਚਿਆਂ ਵਿੱਚ ਬਹੁਤ ਆਤਮ ਵਿਸ਼ਵਾਸ ਪੈਦਾ ਕਰਦਾ ਹੈ । ਆਓ ਆਪਣੇ ਬਚਿਆਂ ਦੇ ਸੋਹਣੇ ਭਵਿਖ ਲਈ ਮੈ ਤੇ ਬੇਲੋੜੀ ਹਸਦ ਨੂੰ ਮਾਰ ਕੇ ਪਰਿਵਾਰ ਚ ਪਿਆਰ, ਇਤਫਾਕ ਤੇ ਸਤਿਕਾਰ ਪੈਦਾ ਕਰੀਏ । ਜਿਸ ਘਰ ਚ ਨਿੱਕੀ ਗੱਲ ਤੇ ਸ਼ੁਕਰ ਤੇ ਕਹਿਕਹੇ ਵਜਦੇ ਨੇ ਉਸ ਘਰ ਦੇ ਬੱਚੇ ਉਸ ਘਰ ਨਾਲ ਜੁੜੇ ਰਹਿੰਦੇ ਨੇ । ਜਿੱਥੇ ਬੇਲੋੜੀ ਨਫ਼ਰਤ ਤੇ ਮੈ ਦੀ ਤੂਤੀ ਵੱਜਦੀ ਹੈ ਉਸ ਘਰ ਦੇ ਬੱਚੇ ਮੌਕਾ ਮਿਲਣ ਤੇ ਬਾਹਰ ਨੂੰ ਭੱਜ ਪੈਣਗੇ। ਫੇਰ ਖਾਲ਼ੀ ਘਰ ਦੀਆ ਕੰਧਾਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ ।ਆਓ ਮਕਾਨਾਂ ਨੂੰ ਘਰ ਬਣਾਈਏ । ਘਰ ਬੰਦੇ ਦਾ ਸਵਰਗ ਨੇ ਇਸ ਨੂੰ ਨਰਕ ਨਾ ਬਨਣ ਦਿਓ , ਇਹ ਜ਼ੁਮੇਵਾਰੀ ਪਰਿਵਾਰ ਦੇ ਹਰ ਜੀਅ ਦੀ ਹੈ।

ਕੰਵਲ

Kanwalpreet Kaur

You may also like