ਪ੍ਰੇਮ ਦੀ ਭਾਵਨਾ

by Lakhwinder Singh

ਪ੍ਰੇਮ ਦੀ ਭਾਵਨਾ

ਸਵੇਰੇ ਸੁਵੱਖਤੇ ਇੱਕ ਬਜ਼ੁਰਗ ਦਰਵਾਜ਼ੇ ਦੀ ਘੰਟੀ ਵਜਾਉਣ ਲੱਗਾ। ਮੈਂ ਸੋਚਿਆ ਕਿ ਇੰਨੀ ਸਵੇਰ ਕੌਣ ਹੋ ਸਕਦਾ ਹੈ। ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ, ਬਜ਼ੁਰਗ ਇਨਸਾਨ ਨੂੰ ਵੇਖ ਕੇ ਪੁੱਛਿਆ ਕਿ ਇੰਨੀ ਸਵੇਰੇ ? ਉਸ ਨੇ ਆਪਣਾ ਹੱਥ ਮੇਰੇ ਅੱਗੇ ਕਰ ਦਿੱਤਾ ਤੇ ਕਿਹਾ ਕਿ ਟਾਂਕੇ ਕਟਵਾਉਣ ਲਈ ਤੁਹਾਡੇ ਕੋਲ ਆਇਆ ਹਾਂ। ਮੈਂ ਕਿਹਾ ਕਿ ਇੰਨੀ ਸਵੇਰੇ, ਕਹਿਣ ਲੱਗਾ ਕਿ ਸਾਢੇ ਅੱਠ ਵਜੇ ਮੈਂ ਕਿਸੇ ਹੋਰ ਪਾਸੇ ਜਾਣਾ ਹੁੰਦਾ ਹੈ, ਇਸ ਲਈ ਸੁਵੱਖਤੇ ਆਇਆ ਹਾਂ। ਮੁਆਫ ਕਰਨਾ ।
ਉਸ ਦਾ ਘਰ ਮੇਰੇ ਘਰ ਤੋਂ ਕਾਫੀ ਦੂਰ ਸੀ ਪਰ ਜਰੂਰਤ ਪੈਣ ਤੇ ਮੇਰੇ ਕੋਲ ਆ ਜਾਦੇ ਸੀ। ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ।
ਮੈਂ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਬੈਠੋ ਅਤੇ ਹੱਥ ਵਿਖਾਉਣ ਲਈ ਕਿਹਾ। ਮੈਂ ਟਾਂਕੇ ਖੋਲ੍ਹੇ ਤੇ ਕਿਹਾ ਕਿ ਜਖ਼ਮ ਭਰ ਗਿਆ ਹੈ ਪਰ ਫਿਰ ਵੀ ਪੱਟੀ ਕਰ ਦਿੰਦਾ ਹਾਂ ਤਾਂ ਜੋ ਇਸ ਤੇ ਅਚਾਨਕ ਦੁਆਰਾ ਚੋਟ ਨਾ ਲੱਗ ਜਾਵੇ।
ਪੱਟੀ ਕਰਨ ਤੋਂ ਬਾਅਦ ਮੈਂ ਪੁੱਛਿਆ ਕਿ ਤੁਸੀਂ ਸਾਢੇ ਅੱਠ ਵਜੇ ਕਿੱਥੇ ਜਾਣਾ ਹੁੰਦਾ ਹੈ, ਜੇ ਤੁਹਾਨੂੰ ਦੇਰੀ ਹੋ ਗਈ ਹੈ ਤਾਂ ਕੀ ਮੈਂ ਤੁਹਾਨੂੰ ਛੱਡ ਆਵਾਂ? ਉਨ੍ਹਾਂ ਕਿਹਾ ਕਿ ਨਹੀਂ ਨਹੀਂ ਡਾਕਟਰ ਸਾਹਿਬ, ਅਜੇ ਤਾਂ ਮੈਂ ਘਰ ਜਾਣਾ ਹੈ, ਨਾਸ਼ਤਾ ਤਿਆਰ ਕਰਨਾ ਹੈ ਤੇ ਠੀਕ ਨੌ ਵਜੇ ਉੱਥੇ ਪਹੁੰਚ ਜਾਵਾਂਗਾ।
ਉਹ ਜਾਣ ਲਈ ਉੱਠ ਕੇ ਖੜ੍ਹਾ ਹੋ ਗਿਆ। ਮੈਂ ਕਿਹਾ ਕਿ ਨਾਸ਼ਤਾ ਇੱਥੇ ਕਰ ਲਵੋ ਤਾਂ ਬਜ਼ੁਰਗ ਨੇ ਕਿਹਾ ਕਿ ਮੈਂ ਤਾਂ ਨਾਸ਼ਤਾ ਇੱਥੇ ਕਰ ਲਵਾਂਗਾ ਪਰ ਉਸ ਨੂੰ ਨਾਸ਼ਤਾ ਕੌਣ ਕਰਵਾਏਗਾ। ਮੈਂ ਪੁੱਛਿਆ ਕਿ ਉਹ ਕੌਣ ਹੈ ਜਿਸ ਨੂੰ ਨਾਸ਼ਤਾ ਕਰਵਾਉਣ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਬਜ਼ੁਰਗ ਨੇ ਕਿਹਾ ਕਿ ਮੇਰੀ ਪਤਨੀ।
ਮੈਂ ਪੁੱਛਿਆ ਕਿ ਉਹ ਕਿੱਥੇ ਰਹਿੰਦੇ ਹਨ ਅਤੇ ਤੁਸੀਂ ਨੌ ਵਜੇ ਕਿੱਥੇ ਪਹੁੰਚਣਾ ਹੈ। ਬਜ਼ੁਰਗ ਨੇ ਕਿਹਾ ਕਿ ਉਹ ਮੇਰੇ ਬਗੈਰ ਰਹਿੰਦੀ ਨਹੀਂ ਸੀ ਪਰ ਹੁਣ ਉਹ ਬਿਮਾਰ ਹੈ ਤੇ ਇੱਕ ਨਰਸਿੰਗ ਹੋਮ ਵਿੱਚ ਭਰਤੀ ਹੈ। ਮੈਂ ਪੁੱਛਿਆ ਕਿ ਕੀ ਤਕਲੀਫ਼ ਹੈ ਉਨ੍ਹਾਂ ਨੂੰ ?
ਉਸ ਨੇ ਦੱਸਿਆ ਕਿ ਮੇਰੀ ਪਤਨੀ ਅਲਜ਼ਾਇਮਰ ਤੋਂ ਪੀੜਿਤ ਹੈ ਤੇ ਉਸ ਦੀ ਯਾਦਦਾਸ਼ਤ ਚਲੀ ਗਈ ਹੈ। ਉਹ ਪਿਛਲੇ ਪੰਜ ਸਾਲ ਤੋਂ ਇਸ ਬਿਮਾਰੀ ਨਾਲ ਜੂਝ ਰਹੀ ਹੈ। ਉਸ ਨੇ ਦੱਸਿਆ ਕਿ ਹੁਣ ਉਹ ਮੈਨੂੰ ਪਹਿਚਾਣਦੀ ਵੀ ਨਹੀਂ ਹੈ ਪਰ ਮੈਂ ਹਰ ਰੋਜ਼ ਉਸ ਨੂੰ ਨਾਸ਼ਤਾ ਕਰਵਾਉਦਾ ਹਾਂ ਪਰ ਉਹ ਮੇਰੇ ਵੱਲ ਇੰਝ ਵੇਖਦੀ ਹੈ ਜਿਵੇਂ ਮੈਂ ਕੋਈ ਗੈਰ ਹੋਵਾਂ। ਇੰਨਾ ਕਹਿੰਦਿਆਂ ਹੀ ਬਜ਼ੁਰਗ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਵੱਲ ਵੇਖ ਕੇ ਮੇਰੀਆਂ ਵੀ ਅੱਖਾਂ ਨਮ ਹੋ ਗਈਆਂ।
ਮੈਂ ਪੁੱਛਿਆ ਤੁਸੀਂ ਆਪ ਇੰਨੇ ਬਜ਼ੁਰਗ ਹੋ , ਪਿਛਲੇ ਪੰਜ ਸਾਲ ਤੋਂ ਇਸ ਤਰ੍ਹਾਂ ਨਾਸ਼ਤਾ ਕਰਵਾਉਣ ਜਾਣ ਨਾਲ ਤੁਸੀਂ ਥੱਕਦੇ ਨਹੀਂ ਹੋ ?
ਬਜ਼ੁਰਗ ਨੇ ਕਿਹਾ ਕਿ ਮੈਂ ਦਿਨ ਵਿੱਚ ਤਿੰਨ ਵਾਰ ਉੱਥੇ ਜਾਦਾ ਹੈ।
ਉਸ ਨੇ ਕਿਹਾ ਕਿ ਡਾਕਟਰ ਸਾਹਿਬ ਮੇਰੀ ਪਤਨੀ ਨੇ ਪੂਰੀ ਜਿੰਦਗੀ ਮੇਰੀ ਬਹੁਤ ਸੇਵਾ ਕੀਤੀ ਹੈ ਅਤੇ ਅੱਜ ਵੀ ਮੈਂ ਉਸ ਦੇ ਸਹਾਰੇ ਹੀ ਜੀਅ ਰਿਹਾ ਹਾਂ। ਉਸ ਨੂੰ ਦੇਖਦਾ ਹਾਂ ਤਾਂ ਮੇਰਾ ਮਨ ਭਰ ਆਉਂਦਾ ਹੈ। ਜਦੋਂ ਮੈਂ ਉਸ ਦੇ ਕੋਲ ਬੈਠਦਾ ਹਾਂ ਤਾਂ ਪਤਾ ਨਹੀਂ ਮੇਰੇ ਵਿੱਚ ਐਨਰਜੀ ਕਿੱਥੋਂ ਆ ਜਾਦੀ ਹੈ।
ਅਗਰ ਉਹ ਨਾ ਹੁੰਦੀ ਤਾਂ ਪਤਾ ਨਹੀਂ ਮੈਂ ਵੀ ਕਦੋਂ ਦਾ ਮੰਜੇ ਤੇ ਡਿੱਗ ਗਿਆ ਹੋਣਾ ਸੀ। ਪਰ ਉਸ ਨੂੰ ਠੀਕ ਕਰਨਾ ਹੈ, ਉਸ ਦੀ ਸੰਭਾਲ ਕਰਨੀ ਹੈ।
ਉਸ ਦੇ ਕਰਕੇ ਹੀ ਮੇਰੇ ਵਿੱਚ ਐਨਰਜੀ ਭਰ ਜਾਦੀ ਹੈ। ਸਵੇਰੇ ਉੱਠਦੇ ਹੀ ਕੰਮ ਤੇ ਲੱਗ ਜਾਂਦਾ ਹਾਂ। ਦਿਲ ਵਿੱਚ ਆਸ ਹੁੰਦੀ ਹੈ ਕਿ ਉਸ ਨੂੰ ਮਿਲਣ ਜਾਣਾ ਹੈ, ਉਸ ਨਾਲ ਨਾਸ਼ਤਾ ਕਰਨਾ ਹੈ ਅਤੇ ਨਾਸ਼ਤਾ ਕਰਵਾਉਣਾ ਹੈ। ਉਸ ਨਾਲ ਨਾਸ਼ਤਾ ਕਰਨ ਨਾਲ ਆਨੰਦ ਮਿਲਦਾ ਹੈ। ਮੈਂ ਉਸਨੂੰ ਆਪਣੇ ਹੱਥਾਂ ਨਾਲ ਨਾਸ਼ਤਾ ਕਰਵਾਉਦਾ ਹਾਂ।
ਮੈਂ ਕਿਹਾ ਕਿ ਇੱਕ ਗੱਲ ਪੁੱਛ ਸਕਦਾ ਹਾਂ, ਕਹਿੰਦੇ ਕਿ ਹਾਂ ਕਿਉਂ ਨਹੀਂ ?
ਮੈਂ ਕਿਹਾ ਕਿ ਤੁਹਾਡੀ ਪਤਨੀ ਤੁਹਾਨੂੰ ਪਹਿਚਾਣਦੀ ਨਹੀਂ, ਨਾ ਤਾਂ ਕੁੱਝ ਬੋਲਦੀ ਹੈ, ਨਾ ਹੱਸਦੀ ਹੈ ਤਾਂ ਫਿਰ ਵੀ ਤੁਸੀਂ ਉਸ ਨੂੰ ਮਿਲਣ ਜਾਦੇ ਹੋ। ਉਸ ਤੋਂ ਬਾਅਦ ਬਜ਼ੁਰਗ ਨੇ ਜੋ ਸ਼ਬਦ ਕਹੇ ਉਹ ਦਿਲ ਨੂੰ ਛੂਹ ਲੈਣ ਵਾਲੇ ਸਨ। ਉਸ ਨੇ ਕਿਹਾ ਕਿ ਡਾਕਟਰ ਸਾਹਿਬ ਉਹ ਨਹੀਂ ਜਾਣਦੀ ਕਿ “ਮੈਂ ਕੌਣ ਹਾਂ ਪਰ ਮੈਂ ਤਾਂ ਜਾਣਦਾ ਹਾਂ ਕਿ ਉਹ ਕੌਣ ਏ”। ਇੰਨਾ ਕਹਿੰਦਿਆਂ ਹੀ ਬਜ਼ੁਰਗ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਧਾਰਾ ਵਹਿ ਤੁਰੀ। ਮੇਰੀਆਂ ਵੀ ਅੱਖਾਂ ਭਰ ਆਈਆਂ।
ਪਰਿਵਾਰਕ ਜੀਵਨ ਵਿਚ ਸਵਾਰਥ ਅਭਿਸ਼ਾਪ ਹੈ ਤੇ ਪ੍ਰੇਮ ਆਸ਼ੀਰਵਾਦ। ਪ੍ਰੇਮ ਘੱਟ ਜਾਵੇ ਤਾਂ ਪਰਿਵਾਰ ਟੁੱਟ ਜਾਂਦਾ ਹੈ। ਇਸ ਲਈ ਜਰੂਰੀ ਹੈ ਪਰਿਵਾਰ ਵਿੱਚ ਪ੍ਰੇਮ ਦੀ ਭਾਵਨਾ ਬਣਾਈ ਰੱਖੀ ਜਾਵੇ ਤਾਂ ਜੋ ਪਰਿਵਾਰ ਵਿੱਚ ਏਕਤਾ ਬਣੀ ਰਹੇ।

“ਆਪਣੇ ਉਹ ਨਹੀਂ ਹੁੰਦੇ ਜੋ ਤਸਵੀਰ ਵਿੱਚ ਨਾਲ ਦਿਖਾਈ ਦੇਣ,

ਆਪਣੇ ਤਾਂ ਉਹ ਹੁੰਦੇ ਹਨ ਜੋ ਮੁਸੀਬਤ ਵਿੱਚ ਨਾਲ ਖੜੇ ਹੋਣ”

ਡਾ. ਸੁਮਿਤ

Dr.Sumit Bains

You may also like