ਮੇਰਾ ਬੇਟਾ ਤੇ ਮੈਂ ਕੰਮ ਦੇ ਸਿਲਸਿਲੇ ਵਿੱਚ ਕਿਤੇ ਬਾਹਰ ਸੀ ,ਕੋਲ ਪਾਰਕ ਵਿੱਚ ਕੁਝ ਛੋਟੇ ਬੱਚੇ ਖੇਡ ਰਹੇ ਸਨ ।ਉਹ ਖੇਡਦੇ ਹੋਏ ਬੜੀ ਉੱਚੀ ਉੱਚੀ ਚੀਕਾਂ ਮਾਰ ਰਹੇ ਸਨ ।ਕਈਆਂ ਦੇ ਚਿਹਰੇ ਸੇਬ ਵਾਂਗ ਲਾਲ ਹੋਏ ਪਏ ਸਨ ।ਮੇਰਾ ਬੇਟਾ,ਜੋ ਕਿ ਬਹੁਤ ਸ਼ਾਂਤੀ ਪਸੰਦ ਐ,ਚੀਕ ਚਿਹਾੜਾ ਬਿਲਕੁਲ ਈ ਪਸੰਦ ਨਹੀਂ ਕਰਦਾ ,ਬੱਚਿਆਂ ਦੇ ਇਸ ਸ਼ੋਰ ਤੋੰ ਥੋੜ੍ਹਾ ਪ੍ਰੇਸ਼ਾਨ ਹੋ ਗਿਆ ।ਕਹਿੰਦਾ ਕਿ ਇਹਨਾਂ ਦੀਆਂ ਸ਼ਕਲਾਂ ਤਾਂ ਬਹੁਤ ਸੋਹਣੀਆਂ ਨੇ ਪਰ ਜਦ ਸ਼ੋਰ ਪਾਉਂਦੇ ਨੇ ਤਾਂ ਬਹੁਤ ਬੁਰੇ ਲੱਗਦੇ ਨੇ।
ਮੈਂ ਉਸਨੂੰ ਕਿਹਾ ਕਿ ਬੇਟਾ,ਅਗਰ ਇਹ ਬੱਚੇ ਏਸ ਉਮਰੇ ਸ਼ੋਰ ਨਹੀਂ ਕਰਨਗੇ ਤਾਂ ਫਿਰ ਕਦੋਂ ਕਰਨਗੇ ?
ਇਹੀ ਤਾਂ ਉਮਰ ਐ ਜਿਵੇਂ ਮਰਜੀ ਅੰਦਰਲਾ ਗੁਬਾਰ ਕੱਢ ਸੁੱਟਣ ਦੀ ।ਅੰਦਰਲਾ ਸ਼ੋਰ ਬਾਹਰ ਆਏਗਾ ਤਾਂ ਈ ਅੰਦਰ ਸ਼ਾਂਤੀ ,ਖੁਸ਼ੀ ਲਈ ਯਗ੍ਹਾ ਬਣੇਗੀ ,ਬਚਪਨਾ ਕਾਇਮ ਰਹੇਗਾ।ਇਹੀ ਤਾਂ ਫਰਕ ਹੁੰਦਾ ਬੱਚੇ ਅਤੇ ਬੰਦੇ ਦਾ ।
ਦਰ ਅਸਲ ਜਿੰਦਗੀ ਦਾ ਇਹ ਬਹੁਤ ਵੱਡਾ ਸੱਚ ਐ ,ਇਨਸਾਨ ਤੇ ਜਿਵੇਂ ਜਿਵੇਂ ਬਾਹਰੀ ਬੋਝ ਵਧਦਾ ਏ ,ਉਹ ਤਿਵੇਂ ਤਿਵੇਂ ਅੰਦਰੋਂ ਅਸ਼ਾਂਤ ਹੋ ਜਾਂਦਾ ਏ ਪਰ ਬਾਹਰੋਂ ਚੁੱਪ ਦਿਖਾਈ ਦੇਂਦਾ ਏ ।
ਸਭ ਤੋਂ ਵੱਡਾ ਰੋਗ ,ਕੀ ਕਹਿਣਗੇ ਲੋਕ।
ਲੋਕ ਲਾਜ ,ਇਨਸਾਨ ਦੀ ਮੌਲਿਕਤਾ ਖੋਹ ਕੇ ਉਸਨੂੰ ਇੱਕ ਢਾਂਚੇ ਵਿੱਚ ਬੰਦ ਹੋਣ ਨੂੰ ਮਜਬੂਰ ਕਰ ਦੇਂਦੀ ਐ ।ਕਈ ਵਾਰ ਇਨਸਾਨ ਦਾ ਇਸ ਢਾਂਚੇ ਵਿੱਚ ਦਮ ਘੁੱਟਦਾ ਏ ,ਜਾਪਦਾ ਜਿਵੇਂ ਉਹ ਇੱਕ ਬਹੁਤ ਵੱਡੀ ਚੀਕ ਆਪਣੇ ਸੀਨੇ ਵਿੱਚ ਦੱਬੀ ਫਿਰਦਾ ਏ,ਇੱਕ ਸ਼ੂਕਦਾ ਤੂਫਾਨ ਘੁੱਟੀ ਬੈਠਾ ਏ ।ਏਸੇ ਘੁਟਣ ਨੂੰ ਖਾਰਜ ਕਰਨ ਲਈ ਕਈ ਵਾਰ ਨੈਣਾਂ ਦੀ ਗੰਗਾ ਵਹਿ ਤੁਰਦੀ ਏ ,ਕਈ ਸ਼ਰਾਬ ਦੇ ਨਸ਼ੇ ਵਿੱਚ ਆਪਣਾ ਗਰਦੋ ਗੁਬਾਰ ਹਲਕਾ ਕਰਦੇ ਨੇ ।ਕਈ ਇਨਸਾਨ ਏਸੇ ਦਬਾਅ ਨੂੰ ,ਬੋਝ ਨੂੰ ਹਲਕਾ ਨਹੀਂ ਕਰ ਪਾਉਂਦੇ ਤਾਂ ਪਾਗਲਪਨ ਦੇ ਸ਼ਿਕਾਰ ਹੋ ਜਾਂਦੇ ਨੇ,ਉੱਚੀ ਉੱਚੀ ਰੌਲਾ ਪਾਉਂਦੇ ਨੇ ,ਸ਼ੱਰੇਆਮ,ਫਿਰ ਇਹੀ ਸਮਾਜ ਉਸ ਸ਼ੋਰ ਨੂੰ ਬਰਦਾਸ਼ਤ ਵੀ ਕਰਦਾ ਐ ,ਪ੍ਰਵਾਨ ਵੀ ਕਰਦੈ ,ਇਹ ਕਹਿਕੇ ਕਿ ਇਸ ਵਿਚਾਰੇ ਦਾ ਕੋਈ ਦੋਸ਼ ਨਹੀਂ ,ਪਾਗਲ ਦਾ ਕੀ ਕਸੂਰ ।
ਪਰ ਸ਼ਾਇਦ ਥੋੜ੍ਹੇ ਬਹੁਤ ਪਾਗਲਪਨ ਦਾ ਸ਼ਿਕਾਰ ਤਾਂ ਅਸੀਂ ਸਾਰੇ ਈ ਆਂ ।ਬਾਹਰੋਂ ਸ਼ਾਂਤ ਦਿਖਾਈ ਦੇਂਦੇ ਮਨੁੱਖ ਦੇ ਧੁਰ ਅੰਦਰ ,ਮਨ ਵਿੱਚ ਪਤਾ ਨਹੀਂ ਕੀ ਕੀ ਜਵਾਰ ਭਾਟੇ ਚੱਲਦੇ ਨੇ ,ਵਾਰਤਾਲਾਪ ਚੱਲਦੀ ਐ ,ਅਗਰ ਇਹੀ ਵਾਰਤਾਲਾਪ ਸ਼ਰੇਆਮ ਬਾਹਰ ਆ ਜਾਵੇ ਤਾਂ ਇਨਸਾਨ ਪਾਗਲ ਅਖਵਾਉਂਦਾ ਏ।
ਜਿੰਦਗੀ ਦਾ ਪੱਧਰ ਉੱਚਾ ਚੁੱਕਦਿਆਂ ਅਸੀਂ ਜੀਵਨਜਾਚ ਈ ਭੁੱਲ ਗਏ ਆਂ।ਸਿਹਤ ਗਵਾ ਕੇ ਪੈਸਾ ਕਮੌਂਦੇ ਆਂ ਫਿਰ ਪੈਸਾ ਲੁਟਾ ਕੇ ਸਿਹਤ ਲੱਭਣ ਦੀ ਕੋਸ਼ਿਸ਼ ਕਰਦੇ ਆਂ ।ਸਾਡੇ ਅੰਦਰਲਾ ਇਨਸਾਨ ਸਮੇਂ ਤੋਂ ਬਹੁਤ ਪਹਿਲਾਂ ਰੁੱਖਾ ਹੋ ਜਾਂਦਾ ਏ ਤੇ ਬੁੱਢਾ ਵੀ । ਅਸੀਂ ਕੰਮ ਕਰਦੇ ਹਾਂ ਜਾਂ ਆਰਾਮ ਕਰਦੇ ਆਂ,ਜਿੰਦਗੀ ਨੂੰ ਕਦੇ ਜੀਉੰਦੇ ਈ ਨਹੀਂ ,ਸਿਰਫ ਸਾਹ ਲੈਂਦੇ ਆਂ ।ਖੁਦ ਨਾਲ ਵਾਰਤਾਲਾਪ ਤਾਂ ਕਦੀ ਹੁੰਦੀ ਈ ਨਹੀਂ ,ਕੋਈ ਬੱਚਿਆਂ ਦੀ ਖੇਡ ਵਰਗੀ ਕਿਰਿਆ ਤਾਂ ਰਹਿ ਈ ਨਹੀਂ ਗਈ ।
ਆਪਣੇਚੌਗਿਰਦੇ ਨਿਗਾਹ ਮਾਰੀਏ ਤਾਂ ਸਿਰਫ ਓਹੀ ਇਨਸਾਨ ਤੰਦਰੁਸਤ ,ਸੰਤੁਸ਼ਟ ,ਖੁਸ਼ ਨਜਰ ਆਉਣਗੇ ਜਿੰਨ੍ਹਾਂ ਨੇ ਆਪਣੇ ਅੰਦਰਲੇ ਬਚਪਨੇ ਨੂੰ ਕਾਇਮ ਰੱਖਿਆ ਹੋਇਆ,ਲੋੜੋਂ ਵੱਧ ਸਿਆਣੇ ਹੋਣ ਦੇ ਭਰਮ ਤੋਂ ਬਚੇ ਹੋਏ ਨੇ ,ਜਿੰਦਗੀ ਦੇ ਉਤਰਾਅ ਚੜ੍ਹਾਅ ਨੂੰ ਵੀ ਬੱਚਿਆਂ ਦੀ ਖੇਡ ਈ ਸਮਝਦੇ ਨੇ।ਜਿੰਦਗੀ ,ਓਨੀ ਦੇਰ ਈ ਅਸਲ ਜਿੰਦਗੀ ਐ ਜਦ ਤੱਕ ਇਸ ਵਿੱਚ ਸ਼ਰਾਰਤਾਂ ਨੇ ,ਚੁਲਬੁਲਾਪਨ ਐ ।ਜਦ ਸ਼ਰਾਰਤਾਂ ,ਸਾਜਿਸ਼ਾਂ ਬਣ ਜਾਣ ਤਾਂ ਉਹ ਜਿੰਦਗੀ ਨਹੀਂ ,ਸਜਾ ਬਣ ਜਾਂਦੀ ਏ ।
ਦਵਿੰਦਰ ਸਿੰਘ ਜੌਹਲ