ਸਾਰੀ ਖੇਡ ਹੀ ਪਰਦੇ ਦੀ ਆ

by Jasmeet Kaur

ਫਿਲਮ ‘ਰੱਬ ਦਾ ਰੇਡੀਓ’ ‘ਚ ਕੁੜੀ ਦੇ ਭਰਾ ਦਾ ਵਿਆਹ ਹੋ ਜਾਂਦਾ ਤੇ ਭਰਜਾਈ ਚੱਤੋਪੈਰ ਘੁੰਡ ਕੱਢੀ ਰੱਖਦੀ ਆ। ਨਨਾਣ ਨੂੰ ਖਿੱਚ ਰਹਿੰਦੀ ਕਿ ਕਿਸੇ ਲੋਟ ਭਰਜਾਈ ਦਾ ਮੂੰਹ ਵੇਖੇ ਤੇ ਓਹ ਕਿਆਸ ਲਾਓਂਦੀ ਆ ਕਿ ਭਾਬੀ ਕਿੰਨੀ ਕ ਸੁਨੱਖੀ ਹੋਣੀ ਆ।
ਅਸਲ ‘ਚ ਇਹ ਸਾਰੀ ਖੇਡ ਹੀ ਪਰਦੇ ਦੀ ਆ, ਪਰਦਾ ਹੀ ਖਿੱਚ ਦਾ ਕਾਰਨ ਹੁੰਦਾ। ਜਦੋਂ ਪਰਦਾ ਚੱਕਿਆ ਗਿਆ ਓਹਤੋਂ ਅੱਗੇ ਕੁਛ ਨਹੀਂ ਰਹਿੰਦਾ। ਸਾਰਾ ਕੁਛ ਜਾਣ ਲੈਣਾ ਹੀ ਬੜੀ ਵੱਡੀ ਬਿਮਾਰੀ ਆ।
ਨਿੱਕੇ ਹੁੰਦੇ ਤਾਂ ਪਿੰਡ ‘ਚ ਮਦਾਰੀ ਆਓਣਾ। ਓਹਨੇ ਖਾਲੀ ਟੋਕਰੇ ਉੱਤੇ ਚਾਦਰ ਵਿਛਾਕੇ ਮਾੜਾ ਮੋਟ ਟੂਣਾ ਮਾਨਾ ਕਰਕੇ ਟੋਕਰੇ ਹੇਠੋਂ ਸੂਟ, ਰੇਡੀਓ ਤੇ ਹੋਰ ਨਿੱਕ ਸੁੱਕ ਕੱਢ ਕੱਢ ਰੱਖ ਦੇਣਾ। ਪਿੰਡਾਂ ‘ਚ ਸਾਇਕਲ ਕਲਾਕਾਰ ਆਓਂਦੇ। ਗੋਲਘੁੰਡਲ ਵਾਹਕੇ ਦਸ ਦਸ ਦਿਨ ਦਿਨਪੁਰ ਰਾਤ ਸਾਇਕਲ ਚਲਾੳਂਦੇ। ਫੇਰ ਦਸਵੇਂ ਦਿਨ ਸਰਪੰਚ ਕੰਬਲ਼ ਖੇਸ ਦੇਕੇ ਓਹਨੂੰ ਸਾਈਕਲ ਤੋਂ ਲਾਹੁੰਦਾ। ਮਹੀਨਾ ਮਹੀਨਾ ਪਿੰਡ ‘ਚ ਇਨ੍ਹਾਂ ਦੀਆਂ ਗੱਲਾਂ ਹੁੰਦੀਆਂ। ਬੜਾ ਸਵਾਦ ਸੀ ਕਿਓਂਕਿ ਓਦੋਂ ਲੋਕ ਭੋਲੇ ਤੇ ਸਿਧ ਪਧਰੇ ਸੀ। ਤਰਕਾਂ ਤੋਂ ਦੂਰ ਰਹਿਕੇ ਅਨੰਦ ਮਾਣਦੇ ਸੀ।
ਨਿੱਕੇ ਹੁੰਦੇ ਬਠਿੰਡੇ ਜੰਬੋ ਸਰਕਸ ਦੇਖੀ ਤਾਂ ਰੱਸਿਆਂ ਤੇ ਲਮਕਦੇ ਝੂਟਦੇ ਬੰਦੇ ਦੇਖਕੇ ਬੜੇ ਹੈਰਾਨ ਹੁੰਦੇ। ਹੁਣ ਅੱਜ ਬਠਿੰਡੇ ਸਰਕਸ ਲੱਗੀ ਆ ਪਰ ਕਿਸੇ ਨੇ ਓਧਰ ਮੂੰਹ ਨਹੀਂ ਕੀਤਾ ਕਿਓਂਕਿ ਹੁਣ ਨੈੱਟ ਤੇ ਤਕੜੇ ਲੈਵਲ ਦੇ ਕਰਤੱਬ ਦੇਖਕੇ ਇਹ ਕੁਛ ਵੀ ਨਹੀਂ ਲੱਗਦੇ। ਪੂਰਾ ਹਫ਼ਤਾ ਉਡੀਕ ਕੇ ਐਤਵਾਰ ਨੂੰ ਆਥਣੇ ਚਿੱਟੇ ਕਾਲੇ ਟੀਵੀ ਤੇ ਭੁੰਜੇ ਚੌਕੜੀਆਂ ਮਾਰਕੇ ਚਾਰ ਵਜੇ ਦੇਖੀ ਫਿਲਮ ਦਾ ਸਵਾਦ ਵੱਖਰਾ ਸੀ ਬਸ਼ੱਕ ਹੁਣ ਨੈੱਟਫਲਿਕਸ, ਐਮਾਜੋਨ ਫਿਲਮਾਂ ਨਾਲ ਭਰੇ ਪਏ ਨੇ। ਜਦੋਂ ਖੰਡ ਨਵੀਂ ਨਵੀਂ ਜੀ ਚੱਲੀ ਆ ਓਦੋਂ ਪਿੰਡਾਂ ‘ਚ ਖ਼ਾਸ ਰਿਸ਼ਤੇਦਾਰ ਦੇ ਆਏ ਤੋਂ ਖੰਡ ਦੀ ਚਾਹ ਬਣਾਓਂਦੇ ਨਹੀਂ ਆਮ ਗੁੜ ਦੀ ਹੀ ਬਣਦੀ। ਬੀਚ੍ਹਰੇ ਜਵਾਕ ਨੂੰ ਬੁੜ੍ਹੀਆਂ ਚੂੰਡੀ ਖੰਡ ਦੇਕੇ ਬਰਿਆ ਲੈਂਦੀਆਂ। ਜਦੋਂ ਖੰਡ ਆਮ ਹੋਗੀ ਓਦੋਂ ਇਹ ਬਿਮਾਰੀ ਬਣਗੀ ਤੇ ਹੁਣ ਹਾਨੀਸਾਰ ਨੂੰ ਕਈ ਬੰਦੇ ਹੁਣ ਆਪੇ ਈ ਧੁੰਨੀ ਕੋਲ ਜ਼ਰਕ ਦਿਨੇ ਇੰਸੋਲਿਨ ਲਾ ਲੈਂਦੇ ਆ।
ਜਦੋਂ ਕੋਈ ਨਵੀਂ ਗੱਲ ਦੱਸਣ ਲੱਗਦਾ ਤਾਂ ਅਸੀਂ ਕਹਿ ਦਿੰਨੇ ਆ, ਇਹ ਤਾਂ ਪਤਾ ਈ ਆ। ਇਹ ਤਾਂ ਇਓਂ ਆਂ ਜਿਵੇਂ ਸੂਟਾਂ ਦੀ ਦੁਕਾਨ ਤੇ ਬੈਠੀ ਜਨਾਨੀ ਮੂਹਰੇ ਬਾਣੀਆ ਸੂਟਾਂ ਦੇ ਥਾਨ ਖੋਲ੍ਹ ਖੋਲ੍ਹ ਸੁੱਟੇ ਤੇ ਅੱਗੋਂ ਜਨਾਨੀ ਆਖੇ ਇਹ ਤਾਂ ਹੰਢਾ ਲਿਆ, ਹੋਰ ਦਿਖਾ।
ਸਿਧ ਪਧਰੇ ਰਹਿਕੇ ਜਿਓਣ ਦਾ ਸਵਾਦ ਵੱਖਰਾ। ਤਰਕਾਂ ਤੋਂ ਪਾਸੇ ਮੌਜ ‘ਚ ਰਹਿਣਾ ਵੀ ਕਲਾ। ਨੀਵੇਂ ਹੋਕੇ ਈ ਸਿੱਖਿਆ ਜਾਂਦਾ ਜਿਵੇਂ ਸਰਤਾਜ ਕਹਿੰਦਾ ‘ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ, ਨੀਵੇਂ ਰਹੀਏ….

ਲਿਖਤ- ਘੁੱਦਾ

Ghudda

You may also like