ਸਿਆਸੀ ਵਰਦਾਨ

by Sandeep Kaur

ਪਤਾ ਨਹੀਂ ਕਿਸੇ ਮਨੁੱਖੀ ਸੋਚ ਦਾ ਨਤੀਜਾ ਸੀ ਜਾਂ ਕੁਦਰਤ ਦੀ ਰਚੀ ਕੋਈ ਲੀਲਾ। ਕ੍ਰਿਸ਼ਨ ਗੋਪਾਲ ਲੀਡਰ ਦਾ ਚੰਗਾ ਧੰਦਾ ਚਲਦਾ ਸੀ, ਪਰ ਸਮਾ ਪਾ ਕੇ ਉਸ ਦਾ ਵਧੇਰੇ ਧਿਆਨ, ਨੇੜੇ ਦੇ ਪਿੰਡ ਵਿਦੇਸ਼ੀ ਗਊਆਂ ਦੀ ਡੇਅਰੀ ਵੱਲ ਹੋ ਗਿਆ ਸੀ। ਉਸ ਨੇ ਹਰ ਇੱਕ ਗਊ ਦਾ ਪਿਆਰਾ ਜਿਹਾ ਨਾਮ ਰੱਖਿਆ ਹੋਇਆ ਸੀ। ਆਪਣੀ ਪਤਨੀ ਦਾ ਨਵਾਂ ਨਾਮ ਰਾਧਾ ਰੱਖਕੇ ਉਸ ਨੂੰ ਵੀ ਸਖੀਆਂ ਨਾਲ ਰਲਾ ਲਿਆ ਸੀ। ਗਊਸ਼ਾਲਾ ਵਿੱਚ ਦੁੱਧ ਦੇ ਦਰਿਆ ਵਗਦੇ ਸਨ ਅਤੇ ਮੱਖਣ ਦੇ ਡਰਮ ਭਰੇ ਰਹਿੰਦੇ ਸਨ। ਸ਼ਹਿਰ ਉਸ ਦੀ ਮਥੁਰਾ ਸੀ ਅਤੇ ਡੇਅਰੀ ਬਿੰਦਾ ਬਣ। ਦਿਨ ਰਾਤ ਰਾਸਲੀਲਾ ਚੱਲਦੀ ਰਹਿੰਦੀ ਜਿਵੇਂ ਮੁੜ ਦੁਆਪਰ ਯੁੱਗ ਸਿਰਜਿਆ ਗਿਆ ਹੋਵੇ।
ਜਿਸ ਤਰ੍ਹਾਂ ਅਜੋਕੇ ਸਿਆਸੀ ਲੀਡਰ ਚਾਹੁੰਦੇ ਹਨ ਕਿ ਉਨ੍ਹਾਂ ਦੇ ਪੁੱਤਰ ਹੀ ਉਨ੍ਹਾਂ ਦੀ ਕੁਰਸੀ ਦੇ ਮਾਲਕ ਬਣਨ। ਕ੍ਰਿਸ਼ਨ ਦੀ ਵੀ ਦਿਲੀ ਖਾਹਿਸ਼ ਸੀ ਕਿ ਉਸ ਦਾ ਪੁੱਤਰ ਵੀ ਗਉਆਂ ਦਾ ਰਖਵਾਲਾ ਬਣੇ। ਪਰ ਉਸ ਦਾ ਪੁੱਤਰ ਤਾਂ ਸ਼ਰਾਬ, ਕਬਾਬ ਅਤੇ ਸ਼ਬਾਬ ਦਾ ਸ਼ੌਕੀਨ ਬਣਦਾ ਜਾ ਰਿਹਾ ਸੀ ਅਤੇ ਉਸ ਵਿੱਚ ਹੋਰ ਵੀ ਕਈ ਕੰਸ ਵਾਲੀਆਂ ਪਰਵਿਰਤੀਆਂ ਉਤਪਣ ਹੋ ਰਹੀਆਂ ਸਨ।
ਕ੍ਰਿਸ਼ਨ ਦੁਖੀ ਸੀ ਅਤੇ ਹੈਰਾਨ ਵੀ। ਉਸ ਦੀ ਸਮਝ ਵਿੱਚ ਕੁਝ ਨਹੀਂ ਆ . ਰਿਹਾ ਸੀ ਕਿ ਉਸ ਦੇ ਘਰ ਕੰਸ ਦਾ ਪੈਦਾ ਹੋਣਾ ਕੋਈ ਕੁਦਰਤ ਦੀ ਕਰੋਪੀ ਸੀ ਜਾਂ ਫਿਰ ਸਿਆਸੀ ਵਰਦਾਨ।

You may also like