ਸਪੀਕਰ

by admin

ਦੋ ਮੰਜੀਆਂ ਨੂੰ ਜੋੜ ਸਪੀਕਰ ਲੱਗਣੇ ਨੀ
ਜਿਹੜੇ ਵਾਜੇ ਵੱਜਗੇ ਮੁੜਕੇ ਵੱਜਣੇ ਨੀ
ਪੁਰਾਣੇ ਸਮੇਂ ਕਦੀ ਮੁੜ ਕੇ ਨਹੀਂ ਆਉਣੇ, ਜਦੋਂ ਬਰਾਤਾਂ ਦੋ ਦੋ ਰਾਤਾਂ ਵੀ ਠਹਿਰਦੀਆਂ ਸਨ । ਓਸ ਵੇਲੇ ਆਵਾਜਾਈ ਦੇ ਸਾਧਨ ਵੀ ਨਹੀਂ ਸੀ ਹੁੰਦੇ ਬੋਤਿਆਂ ਅਤੇ ਘੋੜੀਆਂ ਤੇ ਬਰਾਤਾਂ ਜਾਂਦੀਆਂ ਸਨ । ਫੇਰ ਸਮਾਂ ਬਦਲ ਗਿਆ ਬਰਾਤਾਂ ਇੱਕ ਰਾਤ ਰਹਿਣ ਲੱਗ ਪਈਆਂ , ਆਵਾਜਾਈ ਦੇ ਸਾਧਨ ਵੀ ਬੱਸਾਂ ਆਦਿ ਚੱਲ ਪਏ । ਪਿੰਡਾਂ ਵਿੱਚ ਬਰਾਤ ਨਾਲ ਜਾਣ ਵਾਲੇ ਸਪੀਕਰ ਵਾਲੇ ਭਾਈ ਦੀ ਬੜੀ ਟੌਹਰ ਹੁੰਦੀ ਸੀ ।ਜਿਹੜੀ ਬਰਾਤ ਸਪੀਕਰ ਤੋਂ ਬਗੈਰ ਚਲੀ ਜਾਂਦੀ ,ਪਿੰਡ ਦੇ ਮੁੰਡੇ ਖੁੰਡੇ ਓਹਦੇ ਬਾਰੇ ਕਹਿੰਦੇ ਹੁੰਦੇ ਸੀ, ਇਹ ਬਰਾਤ ਨਹੀਂ ਆਏ, ਇਹ ਤਾਂ ਮਕਾਣ ਆਏ ਨੇ । ਕਈ ਪਿੰਡਾਂ ਵਿੱਚ ਸਪੀਕਰ ਵੱਜਣ ਤੇ ਪਿੰਡ ਦੀ ਪੰਚਾਇਤ ਨੇ ਪਾਬੰਦੀ ਲਾਈ ਹੁੰਦੀ ਸੀ । ਓਹ ਵਿਚਾਰੇ ਨਮੋਸ਼ੀ ਦੇ ਡਰੇਂ ਓਸੇ ਪਿੰਡ ਦੇ ਸਪੀਕਰ ਵਾਲੇ ਨੂੰ ਸੇਵਾ ਦਾ ਮੌਕਾ ਦੇ ਦਿੰਦੇ ।
ਸਾਡੇ ਪਿੰਡ ਦੇ ਸਕੂਲ ਵਿੱਚ ਬਰਾਤ ਦਾ ਉਤਾਰਾ ਹੁੰਦਾ ਸੀ । ਪਿੰਡ ਤੇ ਸਕੂਲ ਦੇ ਵਿਚਕਾਰ ਖੁੱਲ੍ਹੀ ਸ਼ਾਮਲਾਟ ਪਈ ਹੁੰਦੀ ਸੀ । ਵਿਹਲੀ ਪਈ ਜਗਾ ਉੱਤੇ ਘਾਹ ਉੱਘਿਆ ਹੁੰਦਾ ਸੀ । ਜਦੋਂ ਕੋਈ ਬਰਾਤ ਆਉਂਦੀ ਤਾਂ ਸਪੀਕਰ ਸੁਣਨ ਲਈ ਸਾਰੇ ਪਿੰਡ ਦੇ ਮੁੰਡੇ-ਖੁੰਡੇ ਸਾਰੀ ਰਾਤ ਘਾਹ ਤੇ ਬੈਠਕੇ ਸਪੀਕਰ ਤੇ ਵਜਦੇ ਗੀਤ ਸੁਣਦੇ ਰਹਿੰਦੇ । ਕਈ ਤਾਂ ਸਪੀਕਰ ਵਾਲੇ ਨਾਲ ਸ਼ਰਤ ਵੀ ਲਾ ਲੈਂਦੇ, ਕਿ ਨਾਂ ਅਸੀਂ ਸੌਣੈ ਨਾਂ ਤੂੰ ਸੌਵੀਂ । ਏਸੇ ਜਿਦ ਵਿੱਚ ਸਾਰੀ ਰਾਤ ਸਪੀਕਰ ਵੱਜਦਾ ਰਹਿੰਦਾ ।
ਸਪੀਕਰ ਵਾਲਾ ਜਦੋਂ ਮਸ਼ੀਨ ਵਿੱਚ ਚਾਬੀ ਭਰਕੇ ਨਵੀਂ ਸੂਈ ਲਾਉਂਦਾ ਤੇ ਪੁਰਾਣੀ ਸੁੱਟ ਦਿੰਦਾ ਤੇ ਅਸੀਂ ਸੁੱਟੀ ਹੋਈ ਸੂਈ ਚੁੱਕਣ ਲਈ ਇੱਕ ਦੂਜੇ ਤੋਂ ਮੂਹਰੇ ਭੱਜਦੇ । ਕਈ ਤਾਂ ਸੂਈ ਪਿੱਛੇ ਲੜ ਵੀ ਪੈਂਦੇ । ਬਾਅਦ ਵਿੱਚ ਸੂਈਆ ਦੀ ਗਿਣਤੀ ਕਰਕੇ ਵੱਧ ਚੁਗਣ ਵਾਲੇ ਨੂੰ ਜੇਤੂ ਸਮਝਦੇ । ਓਹ ਸੂਈ ਕਿਸੇ ਕੰਮ ਵੀ ਨਹੀਂ ਸੀ ਆਉਂਦੀ , ਪਰ ਇਹ ਸਭ ਬਚਪਨ ਦੀਆਂ ਖੇਡਾਂ ਦਾ ਹਿੱਸਾ ਸੀ ।
ਆਮ ਤੌਰ ਤੇ ਸਪੀਕਰ ਵਾਲਾ ਅਣਪੜ੍ਹ ਹੀ ਹੁੰਦਾ ਸੀ । ਓਹਨੂੰ ਕਈ ਤਵਿਆਂ ਦੀ ਪਛਾਣ ਨਹੀਂ ਸੀ ਹੁੰਦੀ । ਇੱਕ ਵਾਰ ਸਾਡੇ ਪਿੰਡ ਆਈ ਬਰਾਤ ਵਿੱਚ ਕੋਈ ਪੜ੍ਹਿਆ ਲਿਖਿਆ ਨਹੀਂ ਆਇਆ , ਸਪੀਕਰ ਵਾਲਾ ਵੀ ਅਣਪੜ੍ਹ । ਸਪੀਕਰ ਵਾਲ਼ੇ ਭਾਈ ਕੋਲ਼ ਸੂਈਆਂ ਚੁੱਕਣ ਵਾਲੇ ਮੇਰੇ ਸਾਰੇ ਸਾਥੀ ਮੱਝਾਂ ਚਾਰਨ ਵਾਲ਼ੇ ਤੇ ਚੌਥੀ ਜਮਾਤ ਵਿੱਚ ਪੜ੍ਹਨ ਵਾਲਾ ਮੈ ਕੱਲਾ । ਸਪੀਕਰ ਵਾਲੇ ਭਾਈ ਨੇ ਸਾਡੇ ਵੱਲ ਗੀਤਾਂ ਵਾਲਾ ਤਵਾ ਕਰਕੇ ਪੁੱਛਿਆ, ਆਹ ਕਿਹੜਾ ਗੀਤ ਐ, ਮੈ ਪੜ੍ਹ ਕੇ ਦੱਸ ਦਿੱਤਾ । ਸਪੀਕਰ ਵਾਲੇ ਨੇ ਮੇਰੇ ਨਾਲ ਆੜੀ ਪਾ ਲਈ, ਕਹਿੰਦਾ ਤੂੰ ਮੇਰੇ ਕੋਲ ਬਹਿਕੇ ਦੱਸੀਂ ਜਾਹ, ਸੂਈ ਮੈ ਤੈਨੂੰ ਆਪੇ ਦੇਈਂ ਜਾਊਂ । ਬੱਸ ਫੇਰ ਬਹਿ ਗਿਆ ਮੈ ਚੌੜਾ ਹੋ ਕੇ । ਹੋਰਨਾਂ ਬਰਾਤਾਂ ਵਿੱਚ ਜਿਹੜੇ ਵੱਧ ਸੂਈਆਂ ਕੱਠੀਆਂ ਕਰਨ ਵਾਲ਼ੇ ਹੁੰਦੇ ਸੀ, ਓਹਨਾ ਨੂੰ ਹੁਣ ਮੇਰੀ ਸ਼ਿਫਾਰਸ਼ ਨਾਲ ਮਿਲਦੀ ਸੀ । ਏਨੇ ਨੂੰ ਬਰਾਤੀਆਂ ਵਿੱਚੋਂ ਇੱਕ ਪਤਵੰਤਾ ਸੱਜਣ ਸਪੀਕਰ ਵਾਲੇ ਭਾਈ ਕੋਲ ਆ ਗਿਆ । ਓਹਦੇ ਗੱਲ ਬਾਤ ਕਰਨ ਦੇ ਤਰੀਕੇ ਤੋਂ ਪਤਾ ਲਗਦਾ ਸੀ ਕਿ ਓਹ ਪਰਿਵਾਰ ਦਾ ਜਿੰਮੇਵਾਰ ਬੰਦਾ ਹੈ । ਮੈਨੂੰ ਕੋਲ ਬੈਠੇ ਨੂੰ ਵੇਖਕੇ ਕਹਿੰਦਾ ਇਹ ਮੁੰਡਾ ਪਾੜ੍ਹਤੀਆ ਲਗਦੈ । ਸਪੀਕਰ ਵਾਲਾ ਭਾਈ ਕਹਿੰਦਾ ਹਾਂ , ਓਹ ਬੰਦਾ ਸਪੀਕਰ ਵਾਲੇ ਨੂੰ ਕਹਿੰਦਾ ਏਸ ਮੁੰਡੇ ਤੋਂ ਪੁੱਛ ਪੁੱਛ ਕੇ ਲਾਈਂ ਗੀਤ, ਕੋਈ ਮਾੜਾ ਗੀਤ ਨਾਂ ਲਾਈਂ । ਮੈਨੂੰ ਕਹਿੰਦਾ ਕਾਕਾ ਤੂੰ ਆਹ ਮੰਜੇ ਚੇ ਬਹਿਕੇ ਇਹਨੂੰ ਦੱਸਦਾ ਰਹੀਂ । ਮੇਰੀ ਪੂਰੀ ਟੌਹਰ ਬਣ ਗਈ ਆਪਣੇ ਸਾਥੀਆਂ ਤੇ । ਬਰਾਤੀਆਂ ਵਾਸਤੇ ਆਇਆ ਭੁਜੀਆ ਬਦਾਣਾ ਵੀ ਮੈਨੂੰ ਇੱਜਤ ਨਾਲ ਖਵਾਇਆ ਗਿਆ । ਮੈ ਕੁੜੀ ਵਾਲ਼ੇ ਪਰਿਵਾਰ ਤੋਂ ਸੰਗਦਾ ਜਵਾਬ ਦੇ ਰਿਹਾ ਸੀ, ਪਰ ਓਹ ਭਲਾ ਆਦਮੀ ਮੈਨੂੰ ਧੱਕੇ ਨਾਲ ਖਵਾ ਗਿਆ । ਮੈਨੂੰ ਹੁਣ ਵੀ ਇਵੇਂ ਲਗਦੈ ਜਿੰਨੀ ਸੇਵਾ ਮੇਰੀ ਓਸ ਬਰਾਤ ਵਿੱਚ ਹੋਈ, ਓਨੀਂ ਸ਼ਾਇਦ ਆਪਣੇ ਵਿਆਹ ਵੇਲੇ ਵੀ ਨਹੀਂ ਹੋਈ ।
ਓਸ ਵੇਲੇ ਬਰਾਤ ਵਿੱਚ ਆਏ ਪਰਿਵਾਰ ਦੇ ਮੋਹਰੀ ਮਨਾਹੀ ਵਾਲੇ ਗੀਤ ਲਾਉਣ ਤੋਂ ਸਪੀਕਰ ਵਾਲੇ ਨੂੰ ਵਰਜਦੇ ਸੀ।
ਜਿਹੜੇ ਗੀਤ ਵਿੱਚ ਕਿਸੇ ਕੁੜੀ ਕੱਤਰੀ ਦਾ ਨਾਂ ਹੁੰਦਾ, ਜੇ ਓਸ ਪਿੰਡ ਵਿੱਚ ਕੋਈ ਕੁੜੀ ਓਸ ਨਾਂ ਦੀ ਹੁੰਦੀ ਤਾਂ ਓਸ ਗੀਤ ਦੀ ਮਨਾਹੀ ਹੁੰਦੀ ਸੀ ।
ਗੁਰਪਾਲ ਪਾਲ ਦੇ ਗੀਤ
“ ਪਾਲੀ ਪਾਣੀ ਖੂਹ ਤੋਂ ਭਰੇ, ਓਹਦੀ ਹਿੱਕ ਤੇ ਜ਼ੰਜੀਰੀ ਲਮਕੇ“
ਤੇ ਵੀ ਓਸ ਪਿੰਡ ਵਿੱਚ ਵੱਜਣ ਦੀ ਮਨਾਹੀ ਹੁੰਦੀ ਸੀ, ਜਿਸ ਵਿੱਚ ਪਾਲੀ ਨਾਮ ਦੀ ਕੁੜੀ ਹੁੰਦੀ ਸੀ ।
ਹਰਚਰਨ ਗਰੇਵਾਲ਼ ਦਾ ਗੀਤ
“ ਆਜਾ ਗਿੱਧੇ ਵਿੱਚ ਜੀਤੋ ਪਾ ਕੇ ਸੱਗੀ ਫੁੱਲ ਨੀ,
ਤੇਰੇ ਇੱਕ ਇੱਕ ਗੇੜੇ ਦਾ ਹਜ਼ਾਰ ਮੁੱਲ ਨੀ “
ਤੇ ਵੀ ਕਈ ਓਹਨਾ ਪਿੰਡਾਂ ਵਿੱਚ ਮਨਾਹੀ ਹੁੰਦੀ ਸੀ ਜਿੱਥੇ ਕੁੜੀ ਦਾ ਨਾਮ ਜੀਤੋ ਹੁੰਦਾ ਸੀ । ਸਾਡੇ ਨੇੜਲੇ ਪਿੰਡ ਵਿੱਚ ਜਦੋਂ ਇਹ ਗੀਤ ਲਾਇਆ ਤਾਂ ਕੁੜੀ ਦਾ ਭਾਈ ਸਪੀਕਰ ਵਾਲੇ ਨੂੰ ਰੋਕ ਗਿਆ । ਥੋੜ੍ਹੀ ਦੇਰ ਬਾਅਦ ਕਿਸੇ ਬਰਾਤੀ ਨੇ ਸਿਫ਼ਾਰਸ਼ ਕਰਕੇ ਦੁਬਾਰਾ ਇਹੀ ਗੀਤ ਲਵਾ ਦਿੱਤਾ । ਜੀਤੋ ਨਾਂ ਦੀ ਕੁੜੀ ਦਾ ਭਾਈ ਦੁਬਾਰਾ ਫੇਰ ਆ ਕੇ ਸਪੀਕਰ ਵਾਲੇ ਨੂੰ ਬੇਨਤੀ ਕਰ ਗਿਆ ਕਿ ਇਹ ਗੀਤ ਨਾਂ ਲਾਵੀਂ । ਘੰਟੇ ਕੁ ਬਾਅਦ ਸਪੀਕਰ ਵਾਲੇ ਨੇ ਬਰਾਤੀਆਂ ਦੇ ਕਹਿਣ ਤੇ ਤੀਜੀ ਵਾਰ ਲਵਾ ਦਿੱਤਾ ।
ਗੱਲ ਓਹੀ ਹੋ ਗਈ ਕਿ,
“ ਤੀਜੀ ਵਾਰੀ ਗੱਲ ਨਾਂ ਰਹੀ ਵੇ ਵੱਸ ਦੀ,
ਪੱਟ ਦਿੱਤੀ ਗੁੱਤ ਮੈ ਚੁੜੇਲ ਸੱਸ ਦੀ “ ।
ਹੁਣ ਕੁੜੀ ਦਾ ਭਾਈ ਆ ਗਿਆ ਗੰਡਾਸਾ ਲੈ ਕੇ, ਪੂਰੇ ਜ਼ੋਰ ਨਾਲ ਤਵਾ ਘੁਮਾਉਣ ਵਾਲੀ ਮਸ਼ੀਨ ਤੇ ਮਾਰਕੇ ਇੱਕ ਤੋਂ ਦੋ ਬਣਾ ਦਿੱਤੀਆਂ ।
ਜੇ ਕਿਸੇ ਬਰਾਤ ਨਾਲ਼ ਗਾਉਣ ਵਾਲ਼ੇ ਨੇ ਆਉਣਾ ਹੁੰਦਾ, ਫੇਰ ਤਾਂ ਨੇੜੇ-ਤੇੜੇ ਦੇ ਪਿੰਡਾਂ ਦਾ ਏਨਾ ਇਕੱਠ ਹੋ ਜਾਂਦਾ ਕਿ ਤਿਲ ਸੁੱਟਣ ਨੂੰ ਜਗਾ ਨਾਂ ਬਚਦੀ । ਗਾਉਣ ਵਾਲੀ ਪਾਰਟੀ ਨੇ ਇੱਕ ਵਜੇ ਆਉਣਾ ਹੁੰਦਾ ਤੇ ਭੀੜ ਦਸ ਵਜੇ ਜੁੜਨਾ ਸ਼ੁਰੂ ਹੋ ਜਾਂਦੀ । ਓਸ ਵੇਲ਼ੇ ਨਰਿੰਦਰ ਬੀਬਾ, ਹਰਚਰਨ ਗਰੇਵਾਲ਼ ਸੁਰਿੰਦਰ ਸੀਮਾ, ਕਰਮਜੀਤ ਧੂਰੀ, ਮਹੰਮਦ ਸਦੀਕ ਤੇ ਰਣਜੀਤ ਕੌਰ ਦੇ ਅਖਾੜੇ ਲੱਗਦੇ ਹੁੰਦੇ ਸੀ । ਮੇਰੇ ਪਿੰਡ ਹਰਚਰਨ ਗਰੇਵਾਲ਼ ਪੰਜ ਸੌ ਰੁਪਏ ਵਿੱਚ ਦੋ ਘੰਟੇ ਗਾ ਕੇ ਗਿਆ ਸੀ ।
ਵੇਖਦਿਆਂ ਵੇਖਦਿਆਂ ਸਭ ਕੁੱਝ ਬਦਲ ਗਿਆ । ਅੱਜ ਦੀ ਨਵੀਂ ਪੁਨੀਰੀ ਨੂੰ ਇਹ ਸਭ ਝੂਠਾ ਜਿਹਾ ਲਗਦਾ ਹੋਵੇਗਾ । ਹੁਣ ਤਾਂ ਪਿੰਡਾਂ ਵਿੱਚ ਓਹ ਖੁੱਲ੍ਹੀਆਂ ਡੁੱਲੀਆਂ ਸ਼ਾਮਲਾਟਾਂ ਵੀ ਨਹੀਂ ਰਹਿ ਗਈਆਂ ਜਿੱਥੇ ਖਿੱਦੋ ਖੂੰਡੀ ਦੇ ਮੁਕਾਬਲੇ ਹੁੰਦੇ ਸੀ । ਸਭ ਕੁੱਝ ਬਦਲ ਗਿਆ ।
ਕੁਲਵੰਤ ਸਿੰਘ ਧਲੇਵਾਂ

You may also like