ਪਿੰਡ ਦੀ ਮਿੱਟੀ ਦਾ ਮੋਹ

by Sandeep Kaur

ਭਾਵੇਂ ਅਸੀਂ ਮਜਬੂਰੀ ਕਾਰਨ ਸ਼ਹਿਰ ਯਾ ਬਾਹਰਲੇ ਮੁਲਕਾਂ ਵਿੱਚ ਜਾ ਵੱਸੀਏ ਫਿਰ ਵੀ ਸਾਡਾ ਮਨ ਚੰਦਰਾ ਸਾਨੂੰ ਬਚਪਨ ਤੋਂ ਲੈਕੇ ਵੱਡੇ ਹੁੰਦਿਆਂ ਤੱਕ ਮਾਂ ਬਾਪ ਦੇ ਹੁੰਦਿਆਂ ਲਾ-ਪ੍ਰਵਾਹੀਆਂ ਵਾਲੀ ਜਿਉਂਈਂ ਜ਼ਿੰਦਗੀ ਦੇ ਮੋੜ ਤੇ ਲਿਆ ਖੜ੍ਹਾ ਕਰ ਦੇਂਦਾ ਹੈ।ਭਾਵੇਂ ਅੰਦਰੋਂ ਆਵਾਜ ਆਉਂਦੀ ਹੈ ਕਿ ਹੁਣ ਤਾਂ ਰਿਟਾਇਰ ਹੋ ਗਏ ਹੋ ਹੁਣ ਕੋਈ ਮਜਬੂਰੀ ਨਹੀਂ ਤੁਸੀਂ ਪਤੀ-ਪਤਨੀ ਦੋਵੇਂ ਕਿਉਂ ਨੀ ਉਸੇ ਮੋਹ ਭਰੇ ਪੇਂਡੂ ਮਾਹੌਲ ਵਿੱਚ ਜਾਕੇ ਰਹਿੰਦੇ ਤੇ ਉਸੇ ਮਿੱਟੀ ਦੀ ਮਹਿਕ ਦਾ ਅਨੰਦ ਮਾਣਦੇ, ਨਾਲੇ ਜਿਹੜਾ ਮਕਾਨ ਆਪਣੇ ਹੱਥਾਂ ਨਾਲ ਬਣਾਇਆ ਅਤੇ ਬੱਚਿਆਂ ਦੇ ਬਚਪਨ ਦੀ ਯਾਦ ਬਣਿਆ ਅਜੇ ਵੀ ਉਡੀਕ ਦਾ ਹੈ ਕਿ ਕਦੋਂ ਕੋਈ ਆਵੇ ਰੰਗ ਕਰਾਵੇ ਤੇ ਓਸੇ ਤਰ੍ਹਾਂ ਵੇਹੜੇ ਵਿੱਚ ਮੱਝਾਂ ਗਾਂਵਾਂ ਨੂੰ ਪੱਠੇ ਪੈਣ ਤੇ ਘਰ ਵਾਲੀ ਕਹਿੰਦੀ ਹੋਵੇ ਕਿ ਜਦੋਂ ਖੇਤੋਂ ਆਓ ਟਰੈਕਟਰ ਬਾਹਰ ਹੀ ਖੜਾ ਕਰ ਦੇਣਾਂ ਬਡਾਲੀ ਆਟਾ ਪਿਹਾਕੇ ਲਿਆਉਣਾਂ, ਬੈਂਕ ਚੋਂ ਪੈਨਸ਼ਨ ਕਢਵਾ ਲਿਆਇਓ ਨਾਲੇ ਮੱਝਾਂ ਗਾਵਾਂ ਲਈ ਖਲ ਦੀਆਂ ਦੋ ਬੋਰੀਆਂ ਲੈ ਆਉਣੀਆਂ।
ਇਹ ਤਾਂ ਪਤਾ ਹੀ ਨਹੀਂ ਚਲਿਆ ਕਿ ਕਦੋਂ ਬੱਚੇ ਵੱਡੇ ਹੋ ਪਰਮਾਤਮਾ ਨੇ ਜਿੱਥੇ ਰਿਝਕ ਖਿੰਡਾਇਆ ਖਾਣ ਲਈ ਉਥੇ ਉਥੇ ਚਲੇ ਗਏ। ਜੋ ਸਾਡਾ ਰਲਿਆ ਸੀ ਅਸੀਂ ਵੀ ਘੁੰਮ ਫਿਰ ਆਏ। ਬਚਪਨ ਵਿੱਚ ਕਦੇ ਸੁਪਨਾ ਵੀ ਨਹੀਂ ਲਿਆ ਹੋਵੇਗਾ ਕਿ ਉਤੋਂ ਲੰਘ ਰਹੇ ਜਹਾਜਾਂ ਵਿੱਚ ਸਫਰ ਵੀ ਕਰਾਂਗੇ ਇਹ ਸਭ ਉਹਦੀ ਖੇਡ ਹੈ ਪਰ ਗਲ ਤਾਂ ਮਿੱਟੀ ਦੇ ਮੋਹਦੀ ਚਲ ਰਹੀ ਸੀ। ਇਹ ਮੋਹ ਬੰਦੇ ਦੇ ਅੰਦਰ ਮਰਨ ਤੱਕ ਬਣਿਆਂ ਰਹਿੰਦਾ ਹੈ। ਰਿਟਾਇਰਮੈਂਟ ਤੋਂ ਬਾਅਦ ਜੋ ਸਹੂਲਤਾਂ ਚਾਹੀਦੀਆਂ ਉਹਨਾਂ ਕਰਕੇ ਯਾ ਜਿੰਦਗੀ ਦੇ ਸਫਰ ਵਿੱਚ ਚਲਦਿਆਂ ਕੁਝ ਦੋਸਤਾਂ ਨਾਲ ਬਣਿਆ ਪਿਆਰ ਪਿੱਛੇ ਨਹੀਂ ਮੁੜਨ ਦੇਂਦਾ, ਪਰ ਬਚਪਨ ਵਿੱਚ ਜਿਸ ਮਿੱਟੀ ਨਾਲ ਪਿਆਰ ਪਿਆ ਸੀ ਹੁਣ ਭੁੱਲਿਆ ਤਾਂ ਨਹੀਂ ਜਾ ਸਕਦਾ ਦਿਲ ਵਿੱਚੋਂ ਉਵੇਂ ਹੀ ਮਿੱਟੀ ਦੇ ਮੋਹ ਦੀ ਮਹਿਕ ਆਉਂਦੀ ਰਹਿੰਦੀ ਹੈ, ਜਿਸ ਕਰਕੇ ਕਦੇ ਕਦੇ ਜਰੂਰ ਗੇੜਾ ਮਾਰ ਆਈ ਦਾ ਹੈ।ਖੇਤਾਂ ਦੀਆਂ ਵੱਟਾਂ ਤੇ ਘੁੰਮਦਿਆਂ ਇਕ ਵਾਰ ਜਰੂਰ ਬਾਪੂ ਦੇ ਪੈਰਾਂ ਦੀਆਂ ਪੈੜਾਂ ਵੱਲ ਧਿਆਨ ਚਲਾ ਜਾਂਦਾ ਹੈ ਕਿਉਂਕਿ ਬਚਪਨ ਵਿੱਚ ਪਿਤਾ ਜੀ ਦੇ ਪਿੱਛੇ ਪਿੱਛੇ ਚਾਓ ਨਾਲ ਖੇਤਾਂ ਦੀਆਂ ਵੱਟਾਂ ਤੇ ਮੀਂਹ ਵਿੱਚ ਭਿੱਜਦਿਆਂ ਘੁੰਮਿਆਂ ਕਰਦੇ ਸੀ। ਇਹ ਸਭ ਜਦੋਂ ਯਾਦ ਆ ਜਾਂਦਾ ਹੈ ਤਾਂ ਮਨ ਭਰ ਆਉਂਦਾ ਹੈ ਕਿ ਕਿਆ ਇਹ ਏਸੇ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਚਲਦਾ ਰਹੇਗਾ। ਕਿਆ ਇਹ ਮਿੱਟੀ ਦਾ ਮੋਹ ਹੀ ਐਸਾ ਹੈ ਜੋ ਇਸ ਘੁੰਮਣ ਘੇਰੀ ਵਿੱਚ ਪਾਈਂ ਰੱਖਦਾ ਹੈ। ਬਸ ਜਦੋਂ ਵੀ ਅਜੇਹਾ ਖਿਆਲ ਮਨ ਵਿੱਚ ਆਉਂਦਾ ਹੈ ਪਿੰਡ ਗੇੜਾ ਮਾਰ ਹੀ ਆਈਦਾ ਹੈ ਤੇ ਆਪਣੇ ਬਚਪਨ ਦੇ ਸਾਥੀਆਂ ਨੂੰ ਮਿਲ ਆਈਦਾ ਹੈ।
ਧੰਨਵਾਦ।
“ਜਸਵੰਤ ਸਿੰਘ ਢੀਂਡਸਾ”

You may also like