ਚਿੜੀ ਦਾ ਤੋਹਫ਼ਾ-ਜਪਾਨੀ ਲੋਕ ਕਹਾਣੀ

by Sandeep Kaur

ਬਜ਼ੁਰਗ ਜੰਗਲ ਵਿੱਚੋਂ ਆਪਣਾ ਕੰਮ ਖ਼ਤਮ ਕਰ ਕੇ ਘਰ ਪਰਤ ਰਿਹਾ ਸੀ ਕਿ ਅਚਾਨਕ ਉਸ ਨੂੰ ਰਸਤੇ ਵਿੱਚ ਜ਼ਖ਼ਮੀ, ਤੜਫਦੀ ਹੋਈ ਚਿੜੀ ਮਿਲੀ, ਜਿਸ ਦੀ ਚੁੰਝ ਹੇਠ ਡੂੰਘਾ ਜ਼ਖ਼ਮ ਸੀ। ਬਜ਼ੁਰਗ ਨੇ ਜ਼ਖ਼ਮੀ ਚਿੜੀ ਨੂੰ ਹੱਥਾਂ ਨਾਲ ਪੋਲਾ ਜਿਹਾ ਫੜ ਘਰ ਲਿਆਂਦਾ। ਘਰ ਆ ਕੇ ਉਸ ਨੇ ਚਿੜੀ ਦਾ ਜ਼ਖ਼ਮ ਸਾਫ਼ ਕੀਤਾ। ਹਲਦੀ ਤੇ ਕੌੜੇ ਤੇਲ ਦਾ ਲੇਪ ਬਣਾ ਕੇ ਉਸ ਦਾ ਜ਼ਖ਼ਮ ਭਰ ਦਿੱਤਾ। ਬਜ਼ੁਰਗ ਨੇ ਉਸ ਦੇ ਨੇੜੇ ਚੋਗਾ ਤੇ ਕੌਲੀ ਵਿੱਚ ਪਾਣੀ ਪਾ ਕੇ ਰੱਖ ਦਿੱਤਾ। ਚੰਗੀ ਸੇਵਾ ਤੇ ਦੇਖ-ਭਾਲ ਕਰ ਕੇ ਚਿੜੀ ਦਿਨਾਂ ’ਚ ਤੰਦਰੁਸਤ ਹੋ ਗਈ। ਉਹ ਜੰਗਲ ਨੂੰ ਨਾ ਗਈ, ਸਗੋਂ ਬਜ਼ੁਰਗ ਦੇ ਘਰ ਆਲ੍ਹਣਾ ਬਣਾ ਕੇ ਰਹਿਣ ਦਾ ਫ਼ੈਸਲਾ ਕਰ ਲਿਆ।

ਬਜ਼ੁਰਗ ਦੀ ਪਤਨੀ ਚਿੜੀ ਨਾਲ ਸ਼ੁਰੂ ਤੋਂ ਹੀ ਈਰਖ਼ਾ ਕਰਦੀ ਸੀ। ਉਹ ਅਕਸਰ ਉਸ ਦੀ ਸ਼ਿਕਾਇਤ ਲਾਉਂਦੀ ਕਿ ਇਹ ਬਾਹਰੋਂ ਆਲ੍ਹਣੇ ਲਈ ਤੀਲੇ ਲਿਆ-ਲਿਆ ਕੇ ਗੰਦ ਪਾਉਂਦੀ ਹੈ। ਇਸ ਦੀਆਂ ਵਿੱਠਾਂ ਬਦਬੂ ਫੈਲਾਉਂਦੀਆਂ ਹਨ। ਉਹ ਚਿੜੀ ਨੂੰ ਸ਼ੀ-ਸ਼ੀ ਕਰਕੇ ਉਡਾਉਂਦੀ ਤਾਂ ਕਿ ਉਹ ਜੰਗਲ ਨੂੰ ਉੱਡ ਜਾਵੇ ਪਰ ਬਜ਼ੁਰਗ ਨਹੀਂ ਸੀ ਚਾਹੁੰਦਾ ਕਿ ਚਿੜੀ ਨੂੰ ਜੰਗਲ ’ਚ ਭੇਜਿਆ ਜਾਵੇ, ਇਸ ਲਈ ਚਿੜੀ ਨਾ ਗਈ। ਬਜ਼ੁਰਗ ਦਾ ਚਿੜੀ ਨਾਲ ਮੋਹ ਪੈ ਗਿਆ ਸੀ। ਉਹ ਉਸ ਨੂੰ ਸਵੇਰੇ ਚੀਂ-ਚੀਂ ਕਰਕੇ ਜਗਾਉਂਦਾ ਸੀ।

ਇੱਕ ਦਿਨ ਦੁਪਹਿਰੇ ਬਜ਼ੁਰਗ ਜਦੋਂ ਸੁੱਤਾ ਹੋਇਆ ਸੀ ਤਾਂ ਬੁੱਢੜੀ ਚਿੜੀ ਨੂੰ ਕਾਬੂ ਕਰ ਕੇ ਜੰਗਲ ਵਿੱਚ ਛੱਡ ਆਈ। ਉਸ ਚਿੜੀ ਨੂੰ ਧਮਕਾਉਂਦਿਆਂ ਕਿਹਾ ਕਿ ਜੇ ਤੂੰ ਮੁੜ ਘਰ ਆਈ ਤਾਂ ਮੈਂ ਤੇਰੇ ਖੰਭ ਲਾਹ ਦਿਆਂਗੀ। ਬਜ਼ੁਰਗ ਬੁੱਢੜੀ ਨਾਲ ਗੁੱਸੇ ਹੋਇਆ। ਉਹ ਉਸ ਨਾਲ ਨਾਰਾਜ਼ ਰਹਿਣ ਲੱਗਿਆ ਕਿਉਂਕਿ ਉਸ ਨੇ ਉਸ ਦੀ ਪਿਆਰੀ ਚਿੜੀ ਨੂੰ ਗੁਆ ਦਿੱਤਾ ਸੀ। ਕੁਝ ਦਿਨਾਂ ਬਾਅਦ ਬਜ਼ੁਰਗ ਜੰਗਲ ਵਿੱਚ ਇੱਕ ਝੌਂਪੜੀ ਦੇ ਕੋਲੋਂ ਦੀ ਲੰਘ ਰਿਹਾ ਸੀ ਤਾਂ ਉਸ ਦੇ ਕੰਨਾਂ ਵਿੱਚ ਚਿੜੀ ਦੀ ਜਾਣੀ-ਪਛਾਣੀ ਮਿੱਠੀ ਆਵਾਜ਼ ਪਈ। ਅਗਲੇ ਪਲ਼ ਚਿੜੀ ਬਜ਼ੁਰਗ ਦੇ ਮੋਢੇ ’ਤੇ ਆ ਬੈਠੀ। ਬਜ਼ੁਰਗ ਬੜੀ ਦੇਰ ਚਿੜੀ ਦੇ ਖੰਭਾਂ ਨੂੰ ਪਲੋਸਦਾ ਰਿਹਾ। ਸ਼ਾਮ ਨੂੰ ਜਦੋਂ ਉਹ ਘਰ ਜਾਣ ਲੱਗਿਆ ਤਾਂ ਚਿੜੀ ਨੇ ਉਸ ਨੂੰ ਸੋਨੇ ਦਾ ਸਿੱਕਾ ਦਿੱਤਾ।

ਘਰ ਜਾ ਕੇ ਬਜ਼ੁਰਗ ਨੇ ਬੁੱਢੜੀ ਨੂੰ ਸੋਨੇ ਦਾ ਸਿੱਕਾ ਦਿਖਾਇਆ ਤੇ ਸਾਰੀ ਗੱਲ ਦੱਸੀ। ਬਜ਼ੁਰਗ ਨੂੰ ਤਾਂ ਕੋਈ ਲਾਲਚ ਨਹੀਂ ਸੀ ਪਰ ਬੁੱਢੜੀ ਨੇ ਸੋਚਿਆ ਚਿੜੀ ਕੋਲ ਜ਼ਰੂਰ ਸੋਨੇ ਦੇ ਸਿੱਕਿਆਂ ਦਾ ਖ਼ਜ਼ਾਨਾ ਹੋਵੇਗਾ। ਬੁੱਢੜੀ ਅਗਲੇ ਦਿਨ ਜੰਗਲ ਨੂੰ ਗਈ। ਉਹ ਝੌਂਪੜੀ ’ਚ ਪਹੁੰਚੀ ਤੇ ਚਿੜੀ ਨੂੰ ਦੱਸਿਆ ਕਿ ਬਜ਼ੁਰਗ ਬੀਮਾਰ ਹੈ। ਉਸ ਨੇ ਤੇਰੇ ਇਲਾਜ ਲਈ ਖ਼ਰਚਾ ਕੀਤਾ ਸੀ। ਹੁਣ ਤੂੰ ਉਸ ਦੇ ਇਲਾਜ ਲਈ ਆਪਣੇ ਖ਼ਜ਼ਾਨੇ ਵਿੱਚੋਂ ਕੁਝ ਸਿੱਕੇ ਮੈਨੂੰ ਦੇ ਕੇ ਆਪਣਾ ਕਰਜ਼ ਚੁਕਾ। ਚਿੜੀ ਸਮਝ ਚੁੱਕੀ ਸੀ। ਚਿੜੀ ਨੇ ਇੱਕ ਪੁਰਾਣਾ ਛਿੱਕਾ ਲਿਆ ਤੇ ਸਿੱਕਿਆਂ ਨਾਲ ਭਰਿਆ ਦੱਸ ਬੁੱਢੜੀ ਨੂੰ ਫੜਾ ਦਿੱਤਾ। ਬੁੱਢੜੀ ਬਹੁਤ ਖ਼ੁਸ਼ ਹੋਈ ਤੇ ਉਸ ਨੇ ਉਸ ਨੂੰ ਖੋਲ੍ਹ ਕੇ ਵੀ ਨਾ ਵੇਖਿਆ। ਉਹ ਘਰ ਨੂੰ ਤੇਜ਼ ਤੁਰਨ ਲੱਗੀ ਤਾਂ ਕਿ ਚਿੜੀ ਉਸ ਦੇ ਪਿੱਛੇ-ਪਿੱਛੇ ਘਰ ਨਾ ਆ ਜਾਵੇ ਤੇ ਫਿਰ ਉੱਥੇ ਆਲ੍ਹਣਾ ਪਾ ਬਸੇਰਾ ਕਰ ਲਵੇ।

ਘਰ ਆ ਇਹ ਸੋਚ ਬੁੱਢੜੀ ਨੇ ਛਿੱਕਾ ਮੂਧਾ ਮਾਰ ਦਿੱਤਾ ਕਿ ਉਸ ਦੇ ਘਰ ਸੋਨੇ ਦੇ ਸਿੱਕਿਆਂ ਦਾ ਢੇਰ ਲੱਗ ਜਾਵੇਗਾ ਪਰ ਇਹ ਕੀ ਛਿੱਕੇ ਵਿੱਚੋਂ ਤਾਂ ਚਿੜੀਆਂ ਦਾ ਝੁੰਡ ਨਿਕਲਿਆ ਅਤੇ ਘਰ ’ਚ ਜਿੱਥੇ ਜਗ੍ਹਾ ਮਿਲੀ, ਉਹ ਆਲ੍ਹਣੇ ਬਣਾ ਰਹਿਣ ਲੱਗ ਪਈਆਂ। ਚਿੜੀਆਂ ਨੂੰ ਭਜਾਉਣ ਲਈ ਬੁੱਢੜੀ ਦੀ ਸਾਰੀ ਉਮਰ ਲੱਗ ਗਈ ਪਰ ਉਹ ਨਾ ਗਈਆਂ। ‘ਚਿੜੀ ਦੀ ਤੋਹਫ਼ੇ’ ਨੇ ਬੁੱਢੜੀ ਨੂੰ ਸਾਰੀ ਉਮਰ ਚੈਨ ਨਾ ਲੈਣ ਦਿੱਤਾ।

 

(ਮੁਖ਼ਤਾਰ ਗਿੱਲ)

You may also like