ਮੇਰੀ ਆਤਮਾ ਦੀਆਂ ਅੱਖਾਂ ਭਰ ਆਈਆਂ। ਆਪੇ ਨਾਲ ਘਿਰਣਾ ਜਿਹੀ ਹੋਣ ਲੱਗੀ। ਇਉਂ ਜਾਪਿਆ ਜਿਵੇਂ ਮੈਥੋਂ ਵਧ ਕੋਈ ਨਿਰਦਈ ਨਹੀਂ ਹੋਣੀ। ਜੋ ਉਸਦੇ ਅੱਥਰੂ ਪੂੰਝ ਦਿੰਦੀ, ਦਿਲਾਸੇ ਦੇ ਦੋ ਸ਼ਬਦ ਕਹਿ ਦਿੰਦੀ, ਤਾਂ ਕਿਹੜੀ ਆਫਤ ਆ ਚੱਲੀ ਸੀ। ਉਹਨੇ ਤਾਂ ਕਈ ਬਾਰ ਮੇਰੇ ਕੁਆਰੇ ਅੱਥਰੂ ਆਪਣੀਆਂ ਅੱਖਾਂ ਵਿਚ ਸਮਾਏ ਹਨ। ਤੇ ਮੈਂ ਵੇਖਣ ਵਾਲਿਆਂ ਦੇ ਡਰੋਂ ਪੱਥਰ ਬਣੀ ਇਉਂ ਵੇਖਦੀ ਰਹੀ ਸੀ ਜਿਵੇਂ ਮੇਰਾ ਉਹ ਕੁਝ ਨਹੀਂ ਹੁੰਦਾ। ਜਿਵੇਂ ਪਿਆਰ ਦੇ ਗਲ ਲਗਕੇ ਮਿਲਣਾ ਪਾਪ ਹੋਵੇ।
ਮੇਰੇ ਨਾਲ ਬੈਠੀ ਅਨਪੜ੍ਹ ਗਰੀਬਣੀ ਜਿਹੀ ਜ਼ਨਾਨੀ ਨੇ ਵਗਦੇ ਅੱਥਰੂ ਵੇਖ ਲਏ ਸਨ। ਬੋਲੀ-ਏ ਬੀਬੀ! ਤੂੰ ਉੱਤਰ ਕੇ ਇਹਦੇ ਨਾਲ ਕੋਈ ਗੱਲ ਕਰ ਲੈ। ਕਿਸੇ ਨੂੰ ਕੋਈ ਦੁਖ ਹੁੰਦੈ ਤਦੇ ਰੋਂਦਾ ਏ। ਮੈਨੂੰ ਆਪਣੇ ਨਾਲੋਂ ਉਹ ਅਨਪੜ੍ਹ ਮੰਗਤੀ ਜਿਹੀ ਚੰਗੀ ਲੱਗੀ। ਜਿਸਨੂੰ ਬਿਨਾਂ ਜਾਣ-ਪਛਾਣ ਤੋਂ ਵੀ ਤਰਸ ਆਇਆ ਸੀ।
ਮੈਂ ਤੁਰੀ ਜਾਂਦੀ ਗੱਡੀ ਵਿੱਚੋਂ ਉਹਨੂੰ ਇਉਂ ਵੇਖਿਆ ਸੀ ਜਿਵੇਂ ਮੇਰੀ ਅੱਧੀ ਆਤਮਾ ਪਿੱਛੇ ਰਹਿ ਗਈ ਹੋਵੇ। ਪਰ ਅੱਗੇ ਜਿਸ ਅੱਧ ਕੋਲ ਮੇਰੇ ਜਿਸਮ ਦਾ ਰਾਤ ਹੋਣ ਤੱਕ ਪੁਜਣਾ ਜਰੂਰੀ ਸੀ, ਉਹ ਮੇਰੇ ਸਿਰ ਉਤੇ ਲਾਲ ਲਕੀਰ ਬਣਕੇ ਬੈਠਾ ਹੋਇਆ ਹੈ। ਤੇ ਮੈਂ ਸੋਚਦੀ ਹਾਂ, ਕੀ ਆਪਣੀ ਇੱਛਾ ਅਨੁਸਾਰ ਕੋਈ ਪਲ ਨਾ ਜਿਉਂ ਸਕਣਾ ਹੀ ਜ਼ਿੰਦਗੀ ਹੈ?
punjabi stories
ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਕਈ ਵਾਰ ਅਧਿਕਾਰੀਆਂ ਨੂੰ ਜੰਗਲ ਵਿਚ ਦੌਰੇ ਤੇ ਜਾਣਾ ਪੈਂਦਾ ਹੈ। ਉਥੇ ਉਹਨਾਂ ਵਾਸਤੇ ਰਹਿਣ ਦਾ ਕੋਈ ਇੰਤਜ਼ਾਮ ਨਹੀਂ ਹੈ। ਇਸ ਲਈ ਇਹ ਚੰਗਾ ਹੋਵੇਗਾ ਕਿ ਜੇਕਰ ਉਥੇ ਇਕ ਡਾਕ ਬੰਗਲਾ ਬਣਵਾ ਦਿੱਤਾ ਜਾਵੇ ਤਾਂ ਕਿ ਜੰਗਲਾਤ ਅਧਿਕਾਰੀਆਂ ਨੂੰ ਉਥੇ ਰਹਿਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ।
ਸਰਕਾਰ ਵੱਲੋਂ ਡਾਕ ਬੰਗਲੇ ਦੀ ਉਸਾਰੀ ਲਈ ਗਰਾਂਟ ਮਨਜ਼ੂਰ ਹੋ ਗਈ। ਕੁਝ ਚਿਰ ਮਗਰੋਂ ਸਰਕਾਰੀ ਕਾਗਜ਼ਾਂ ਵਿਚ ਡਾਕ ਬੰਗਲੇ ਦੀ ਉਸਾਰੀ ਪੂਰੀ ਹੋ ਗਈ।
ਕਈ ਸਾਲ ਲੰਘ ਗਏ। ਪਹਿਲਾ ਜੰਗਲਾਤ ਅਧਿਕਾਰੀ ਆਪਣੀ ਨੌਕਰੀ ਪੂਰੀ ਕਰ ਰੀਟਾਇਰ ਹੋ ਗਿਆ। ਨਵੇਂ ਜੰਗਲਾਤ ਅਧਿਕਾਰੀ ਨੇ ਆ ਕੇ ਚਾਰਜ ਸੰਭਾਲ ਲਿਆ। ਇੱਕ ਦਿਨ ਉਹਨੇ ਸੋਚਿਆ ਕਿ ਚਲੋ ਜੰਗਲ ਦਾ ਦੌਰਾ ਕੀਤਾ ਜਾਵੇ ਅਤੇ ਉਥੇ ਹੀ ਡਾਕ ਬੰਗਲੇ ਵਿਚ ਠਹਿਰਿਆ ਜਾਵੇ।
ਦੌਰੇ ਤੋਂ ਮਗਰੋਂ ਜੰਗਲਾਤ ਅਧਿਕਾਰੀ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਵਾਰ ਬਰਸਾਤ ਜਿਆਦਾ ਹੋਣ ਕਾਰੜ ਡਾਕ ਬੰਗਲੇ ਦੀ ਹਾਲਤ ਖ਼ਸਤਾ ਹੋ ਗਈ ਹੈ, ਇਸ ਲਈ ਉਸ ਦੀ ਮੁਰੰਮਤ ਕਰਾਉਣ ਲਈ ਗਰਾਂਟ ਮਨਜੂਰ ਕੀਤੀ ਜਾਵੇ। ਸਰਕਾਰ ਵੱਲੋਂ ਮੁਰੰਮਤ ਲਈ ਗਰਾਂਟ ਮਨਜੂਰ ਹੋ ਗਈ ਅਤੇ ਡਾਕ ਬੰਗਲੇ ਦੀ ਮੁਰੰਮਤ ਕਰਵਾ ਦਿੱਤੀ ਗਈ।
ਕੁਝ ਚਿਰ ਮਗਰੋਂ ਦੂਜਾ ਜੰਗਲਾਤ ਅਧਿਕਾਰੀ ਤਬਦੀਲ ਹੋ ਗਿਆ। ਨਵੇਂ ਅਧਿਕਾਰੀ ਨੇ ਚਾਰਜ ਸੰਭਾਲਣ ਮਗਰੋਂ ਡਾਕ ਬੰਗਲੇ ਦਾ ਦੌਰਾ ਕੀਤਾ ਅਤੇ ਸਰਕਾਰ ਨੂੰ ਰਿਪੋਰਟ ਪੇਸ਼ ਕੀਤੀ ਕਿ ਮੁਰੰਮਤ ਕਰਾਉਣ ਮਗਰੋਂ ਵੀ ਡਾਕ ਬੰਗਲੇ ਦੀ ਹਾਲਤ ਠੀਕ ਨਹੀਂ ਹੋਈ। ਸੋ ਚੰਗਾ ਹੋਵੇਗਾ ਕਿ ਡਾਕ ਬੰਗਲੇ ਨੂੰ ਢਾਹ ਦਿੱਤਾ ਜਾਵੇ ਅਤੇ ਸਾਰਾ ਮਲਬਾ ਜੰਗਲ ਤੋਂ ਬਾਹਰ ਸੁੱਟ ਦਿੱਤਾ ਜਾਵੇ, ਤੇ ਇਸ ਸਾਰੇ ਖਰਚੇ ਦੀ ਪ੍ਰਵਾਨਗੀ ਦਿੱਤੀ ਜਾਵੇ।
ਸਰਕਾਰ ਵੱਲੋਂ ਮਨਜ਼ੂਰੀ ਆਉਣ ਤੇ ਡਾਕ ਬੰਗਲਾ ਢਾਹ ਦਿੱਤਾ ਗਿਆ ਅਤੇ ਸਾਰਾ ਮਲਬਾ ਜੰਗਲ ਤੋਂ ਬਾਹਰ ਸੁਟਵਾ ਦਿੱਤਾ ਗਿਆ। ਕਾਗਜ਼ੀ ਕਾਰਵਾਈ ਪੂਰੀ ਸੀ। ਨਾ ਡਾਕ ਬੰਗਲਾ ਉਸਾਰਿਆ ਗਿਆ ਸੀ, ਨਾ ਉਸਦੀ ਮੁਰੰਮਤ ਕਰਵਾਈ ਗਈ ਸੀ, ਨਾ ਉਸ ਨੂੰ ਢਾਹ ਕੇ ਉਸਦਾ ਮਲਬਾ ਜੰਗਲ ਤੋਂ ਬਾਹਰ ਸੁੱਟਿਆ ਗਿਆ ਸੀ।
ਇਕ ਮੁੰਡੇ ਨੇ ਜਿਹੜਾ ਕਿ ਮਾਸਟਰ ਦਾ ਗੁਆਂਢੀ ਹੈ ਆ ਕੇ ਕਿਹਾ ਹੈ,‘‘ਮਾਸਟਰ ਜੀ ਤੁਹਾਡੀ ਬੀਵੀ ਦਮ ਤੋੜ ਗਈ।
ਮਾਸਟਰ ਜੀ! ਧੁਨ ਵਜਾਉਂਦੇ ਵਜਾਉਂਦੇ ਕਿਉਂ ਰੁਕ ਗਏ ਹੋ? ਟਵਿਸਟ ਕਰ ਰਹੇ ਮੁੰਡਿਆਂ ਵਿੱਚੋਂ ਇੱਕ ਨੇ ਵਾਲਾਂ ਵਿਚ ਕੰਘੀ ਫੇਰਦਿਆਂ ਸਵਾਲ ਕੀਤਾ।
ਬੈਂਡ ਮਾਸਟਰ ਸੋਚ ਰਿਹਾ ਹੈ ਵਿਆਹ ਦਾ ਕੰਮ ਹੈ, ਵਿਚੇ ਛੱਡ ਕੇ ਨਹੀਂ ਜਾਇਆ ਜਾ ਸਕਦਾ। ਪਾਰੋ ਦਾ ਬਾਲਣ-ਫੂਕਣ ਕਰਨ ਲਈ ਵੀ ਤਾਂ ਪੈਸੇ ਚਾਹੀਦੇ ਹਨ। ਲਾਲਿਆਂ ਨੇ ਪੈਸੇ ਤਾਂ ਕੰਮ ਪੂਰਾ ਹੋ ਜਾਣ ਤੋਂ ਬਾਅਦ ਦੇਣੇ ਨੇ। ਮੁੰਡੇ ਨੇ ਫਿਰ ਮਾਸਟਰ ਨੂੰ ਹਲੂਣਿਆ ਹੈ। ਮਾਸਟਰ ਨੇ ਧੁਨ ਵਜਾਉਣੀ ਸ਼ੁਰੂ ਕਰ ਦਿੱਤੀ। ਧੁਨ ਵਜਦੀ ਰਹੀ, ਉਹ ਨੱਚਦੇ ਰਹੇ। ਧੁਨ ਵਜਦੀ ਰਹੀ !
ਰਾਖੇ
ਰਾਮੂ ਰਿਕਸ਼ਾ ਚਾਲਕ ਸੀ। ਉਹ ਮੁਸ਼ਕਿਲ ਨਾਲ ਹੀ ਇੰਨਾਂ ਕਮਾਉਂਦਾ ਸੀ ਜਿੰਨੇ ਨਾਲ ਆਪਣੇ ਟੱਬਰ ਦਾ ਢਿੱਡ ਭਰ ਸਕੇ।
ਆਪਣੇ ਬੱਚਿਆਂ ਦੀਆਂ ਰੀਝਾਂ ਪੂਰੀਆਂ ਕਰਨ ਲਈ ਉਸ ਕੋਲ ਪੈਸੇ ਨਹੀਂ ਸਨ। ਉਸ ਛੋਟੀ ਬੱਚੀ ਨਿੱਮੀ ਸੀ- ਇਕ ਦਿਨ ਨਵ-ਵਿਆਹੀ ਕੁੜੀ ਦੀ ਲਾਲ ਚੁੰਨੀ ਵੇਖ ਕੇ ਜ਼ਿਦ ਕਰਨ ਲੱਗ ਪਈ ਕਿ ਉਸਨੂੰ ਵੀ ਉਹੋ ਜਿਹੀ ਲਾਲ ਚੁੰਨੀ ਚਾਹੀਦੀ ਹੈ।
ਮਾਪੇ ਬੱਚਿਆਂ ਦੀ ਰੀਝ ਪੂਰੀ ਕਰਨ ਲਈ ਆਪਣੀ ਵਾਹ ਲਾਉਂਦੇ ਹਨ। ਪਰ ਕਈ ਵਾਰੀ ਉਹ ਬੇਵਸ ਵੀ ਹੋ ਜਾਂਦੇ ਹਨ। ਇਸ ਲਈ ਰਾਮੂੰ ਦੂਸਰੇ ਦਿਨ ਘਰੋਂ ਸਵਖਤੇ ਹੀ ਚੱਲ ਪਿਆ ਤਾਂ ਜੋ ਨਿੰਮੀ ਲਈ ਲਾਲ ਚੁੰਨੀ ਪ੍ਰੀਦਣ ਲਈ ਵੱਧ ਤੋਂ ਵੱਧ ਪੈਸੇ ਕਮਾ ਸਕੇ।
ਤ੍ਰਿਕਾਲਾਂ ਨੂੰ ਜਦੋਂ ਰਾਮੂੰ ਆਪਣੇ ਸੁਪਨਿਆਂ ਵਿਚ ਮਗਨ ਘਰ ਨੂੰ ਆ ਰਿਹਾ ਸੀ ਤਾਂ ਚੌਕ ਵਿੱਚ ਖੜੇ ਸਿਪਾਹੀ ਨੇ ਉਸ ਤੋਂ ਸਾਰੇ ਦਿਨ ਦੀ ਕਮਾਈ ਇਹ ਕਹਿ ਕੇ ਖੋਹ ਲਈ ਕਿ ਉਸਨੇ ਕਈ ਦਿਨਾਂ ਤੋਂ ਉਸਨੂੰ ਸਲਾਮ ਨਹੀਂ ਕੀਤਾ।
ਨਿੰਮੀ ਦੀ ਜਦੋਂ ਉਸਨੂੰ ਯਾਦ ਆਈ ਤਾਂ ਉਹ – ਇਹ ਸੋਚ ਕੇ ਉਦਾਸ ਹੋ ਗਿਆ ਜੇ ਕੌਮ ਦੇ ਰਾਖਿਆਂ ਦਾ ਇਹ ਹਾਲ ਹੈ ਤਾਂ ਗਰੀਬ ਵਿਚਾਰੇ ਕਿਵੇਂ ਜੀਉਣਗੇ।
ਦੋ ਪਰਿਵਾਰਾਂ ਵਿਚ ਵਿਆਹ ਦੀ ਗੱਲ ਬਾਤ ਚੱਲ ਰਹੀ ਸੀ। ਲੜਕਾ ਸਿੰਚਾਈ ਵਿਭਾਗ ਵਿਚ ਕਿਸੇ ਚੰਗੀ ਥਾਂ ਤੇ ਲੱਗਿਆ ਹੋਇਆ ਸੀ ਅਤੇ ਲੜਕੀ ਕਿਸੇ ਬੈਂਕ ਵਿਚ ਸਰਵਿਸ ਕਰਦੀ ਸੀ। ਲੜਕੀ ਵਾਲਿਆਂ ਰਿਸ਼ਤੇ ਲਈ ਹਾਂ ਕਰ ਦਿੱਤੀ ਪਰ ਨਾਲ ਹੀ ਉਹਨਾਂ ਲੜਕੇ ਵਾਲਿਆਂ ਨੂੰ ਇਕ ਸ਼ਰਤ ਮੰਨਣ ਲਈ ਆਖਿਆ। ਲੜਕੀ ਵਾਲਿਆਂ ਇਹ ਸ਼ਰਤ ਰੱਖੀ ਕਿ ਉਹਨਾ ਦੀ ਲੜਕੀ ਘਰ ਦਾ ਕੰਮ ਕਾਰ ਨਹੀਂ ਕਰਿਆ ਕਰੇਗੀ। ਇੱਥੋਂ ਤੱਕ ਕਿ ਪਾਣੀ ਦਾ ਗਿਲਾਸ ਵੀ ਮੰਜੇ ਉੱਤੇ ਬੈਠਿਆਂ ਨੌਕਰ ਦਿਆ ਕਰੇਗਾ।
ਲੜਕੇ ਵਾਲਿਆਂ ਉਹਨਾਂ ਦੀ ਸ਼ਰਤ ਤੇ ਵਿਚਾਰ ਕਰਨ ਮਗਰੋਂ ਇਹ ਸੁਨੇਹਾ ਭੇਜਿਆ ਕਿ ਦਾਜ ਵਿਚ ਇਕ ਸ਼ੋਅ ਕੇਸ ਜਰੂਰ ਦੇਣ ਦੀ ਕ੍ਰਿਪਾ ਕਰਨੀ। ਦਫਤਰੋਂ ਪਰਤਣ ਤੇ ਤੁਹਾਡੀ ਲੜਕੀ ਨੂੰ ਸ਼ੋਅ ਕੇਸ ਵਿਚ ਸਜਾ ਦਿੱਤਾ ਜਾਇਆ ਕਰੇਗਾ।
ਜਾਤੀ
ਸੇਠ ਨੇ ਟੇਲਰ ਮਾਸਟਰ ਸੁਰਜੀਤ ਨੂੰ ਆਪਣੀ ਕੋਠੀ ’ਚ ਬੁਲਾ ਕੇ ਲਿਆਉਣ ਲਈ ਪਹਿਲਾਂ ਨੌਕਰ ਭੇਜਿਆ ਸੀ ਤੇ ਜਦੋਂ ਸੁਰਜੀਤ ਨੇ ਨਾਂਹ ਦਾ ਜਵਾਬ ਦੇ ਕੇ ਨੌਕਰ ਉਹਨੀਂ ਪੈਰੀਂ ਮੋੜ ਦਿੱਤਾ ਤਾਂ ਹੁਣ ਸੇਠ ਗਰਮੋ-ਗਰਮੀ ਹੋਇਆ ਖੁਦ ਉਸ ਦੀ ਦੁਕਾਨ ਤੇ ਆ ਧਮਕਿਆ ਹੈ। “ਓਏ ਸੀਤੇ….ਤੂੰ ਨੌਕਰ ਨੂੰ ਕਿਹੜੇ ਮੂੰਹ ਨਾਲ ਮੋੜਿਆ…ਤੇਰਾ ਪਿਓ ਤੇ ਤਾਇਆ ਤਾਂ ਹੁਣ ਤਾਂਈ ਸਾਡੀ ਦੁਕਾਨ ਦੇ ਥੜਿਆਂ ਤੇ ਬਹਿ ਕੇ ਮਸ਼ੀਨਾਂ ਚਲਾਉਂਦੇ ਰਹੈ ਐ- ਤੂੰ ਪਤਾ ਨੀ ਕੀ ਲਾਟ ਸਾਹਿਬ ਬਣ ਗਿਆ…।
ਸੇਠ ਅਜੇ ਹੋਰ ਵੀ ਗਰਮੀ ਦਿਖਾਉਂਦਾ ਜੇ ਸੁਰਜੀਤ ਆਪਣੇ ਅੰਦਰ ਉਠੇ ਰੋਹ ਨੂੰ ਬਾਹਰ ਨਾ ਕੱਢਦਾ। ‘ਗੱਲ ਸੁਣ ਗੱਲ…ਉਹ ਸਾਰੀ ਉਮਰ ਤੁਹਾਡੀਆਂ ਖੁਸ਼ਾਮਦਾਂ ਕਰਦੇ ਮਰਗੇ- ਹੁਣ ਅਸੀਂ ਵੀ ਮਰੀਏ…ਉਹ ਤੁਹਾਡੀਆਂ ਜੁੱਤੀਆਂ ਵਾਲੇ ਥਾਂ ਥੜਿਆਂ ਤੇ ਹੀ ਬਹਿੰਦੇ ਸੀ, ਸਿਰ ਤੇ ਤਾਂ ਨੀ ਸੀ ਬਹਿੰਦੇ…ਨਾਲੇ ਕੱਛੇ ਤੋਂ ਲੈ ਕੇ ਕੋਟ ਤੱਕ, ਸਾਰੇ ਟੱਬਰ ਦੇ ਕੱਪੜੇ ਮੁਫ਼ਤੋ-ਮੁਫਤੀ ਸਿਉਂਦੇ- ਨਾਲੇ ਅਹਿਸਾਨ ਮੰਨਦੇ। |
ਭਾਫਾਂ ਛੱਡਦੇ ਸੇਠ ਦੇ ਸਿਰ ਸੌ ਘੜਾ ਪਾਣੀ ਦਾ ਮੁਧ ਗਿਆ ਹੈ। ਉਹ ਸ਼ਰਮਿੰਦਗੀ ਨਾਲ ਲਥ-ਪਥ ਹੋਇਆ, ਮੇਚ ਦੇਣ ਲੱਗ ਪਿਆ ਹੈ।
“ਅੱਛਾ ਕੋਟ ਦਾ ਲਏਗਾ ਕੀ ਕੁਸ਼?’
‘ਪੰਝੱਤਰ ਰੁਪਏ।’
“ਸਾਡੀ ਕੋਈ ਪੁਰਾਣੀ ਲਿਹਾਜ ਵੀ ਰੱਖੇਗਾ ਕਿ ਜਮਾਂ ਈ ਜੜ੍ਹਾਂ ‘ਚੋਂ ਪੱਟੇਗਾ?’
“ਸੇਠ ਸਾਹਿਬ ਦੇ ਲਿਹਾਜ ਹੈ ਤਾਂ ਪੰਜ ਹਜ਼ਾਰ ਰੁਪਈਆ ਘਰ ਪਾਉਣ ਨੂੰ ਦਿਓ…ਨਾਲੇ ਵਿਆਜ ਨੀ ਦੇਣਾ…ਜਦੋਂ ਲਿਹਾਜ ਤਾਂ ਆਪਣੀ ਹੈ ਹੀ ਨੋਟ ਦੀ ਵੀ ਕੋਈ ਲੋੜ ਨੀ ਪੈਣੀ?’
ਸੇਠ ਨੇ ਸੁਰਜੀਤ ਦੇ ਮੂੰਹ ਵੱਲ ਕੌੜ ਨਿਗਾਹਾਂ ਨਾਲ ਦੇਖਿਆ ਜਿਵੇਂ ਉਸਦੀ ਕੋਈ ਵਾਹ ਨਾ ਚਲਦੀ ਹੋਵੇ। ਤੇ ਫੇਰ ਉਸ ਨੂੰ ਕਰਚ ਕਰਚ ਕੈਂਚੀ ਚਲਾਉਂਦੇ ਦੇਖ, ਬਿਨਾਂ ਕੁਝ ਬੋਲਿਆਂ, ਕੋਟ ਦਾ ਕੱਪੜਾ ਥਾਂ ਰੱਖ ਖਿਸਕਣ ਦੀ ਕੀਤੀ ਹੈ।
ਸਵੇਰੇ ਦਸ ਵਜਦਿਆਂ ਹੀ ਉਹ ਦਫਤਰ ਆਇਆ ਤੇ ਆਉਂਦਿਆਂ ਸਾਰ ਇਕ ਲੰਮੀ ਘੰਟੀ ਮਾਰੀ- ਚਪੜਾਸੀ ਨਸ ਕੇ ਅੰਦਰ ਦਾਖਲ ਹੋਇਆ।
ਦਫਤਰ ਦੇ ਸਾਰੇ ਅਮਲੇ ਨੂੰ ਬੁਲਾਓ! ਹੁਕਮ ਹੋਇਆ।
ਇਕ ਕਹਿਰਾਂ ਦੀ ਹਵਾ ਸਾਰੇ ਦਫਤਰ ‘ਚ ਜ਼ਹਿਰੀਲੇ ਮੁਸ਼ਕ ਵਾਂਗ ਘੁੰਮ ਗਈ। ਇਸ ਅਫ਼ਸਰ ਨੂੰ ਇਸ ਦਫ਼ਤਰ ਵਿਚ ਬਦਲ ਕੇ ਆਇਆਂ ਥੋੜੇ ਹੀ ਦਿਨ ਹੋਏ ਸਨ। ਅੱਠਾਂ ਦਿਨਾਂ ਵਿਚ ਦੋ ਵਾਰੀ ਨਿੱਕੀਆਂ-ਨਿੱਕੀਆਂ ਗੱਲਾਂ ਤੇ ਦਫਤਰ ਦੇ ਦੋ ਸੀਨੀਅਰ ਕਲਰਕਾਂ ਨੂੰ ਨੋਟਿਸ ਦਿੱਤੇ ਜਾ ਚੁੱਕੇ ਸਨ।
ਆਖਰ ਕੀ ਕੋਤਾਹੀ ਹੋ ਗਈ ਹੋਵੇਗੀ? ਅੱਜ ਕਿਸੇ ਦੇ ਪਿੜ-ਪੱਲੇ ਨਹੀਂ ਸੀ ਪੈ ਰਿਹਾਸਭ ਇਕ ਦੂਜੇ ਤੋਂ ਪੁੱਛਦੇ ਇਕ ਦੂਜੇ ਵਲ ਘੂਰ-ਘੂਰ ਦੇਖਦੇ, ਅਫਸਰ ਦੇ ਕਮਰੇ ਵਿਚ ਇਕੱਠੇ ਹੋ ਗਏ।
ਅਫ਼ਸਰ ਦੇ ਚਿਹਰੇ ਤੇ ਕੁਝ ਚਮਕ ਸੀ। ਉਸਨੇ ਇਕ ਬੰਡਲ ਜਿਹਾ ਖੋਲਿਆ- ਕੁਝ ਕਿਤਾਬਾਂ ਕੱਢੀਆਂ ਗਈਆਂ, ਚਪੜਾਸੀ ਨੂੰ ਹੁਕਮ ਹੋਇਆ- ਸਭ ਨੂੰ ਇੱਕ ਇੱਕ ਵੰਡ ਦੇ ਅਤੇ ਆਖਰੀ ਤੂੰ ਆਪ ਰੱਖ ਲਵੀਂ।
ਕਿਤਾਬਾਂ ਜਿਹੀਆਂ ਦੀ ਗਿਣਤੀ, ਅਮਲੇ ਦੀ ਗਤੀ ਜਿੰਨੀ ਹੀ ਸੀ, ਸਮੇਤ ਤਿੰਨਾਂ ਚਪੜਾਸੀਆਂ ਦੇ ਜਿਨ੍ਹਾਂ ਵਿਚ ਦੋ ਤਾਂ ਕੋਰੇ ਅਨਪੜ੍ਹ ਸਨ। ਵੰਡ-ਵੰਡਾਈ ਮੁਕੰਮਲ ਹੋ ਗਈ।
‘ਇਨਾਂ ਨੂੰ ਕੀ ਕਰਨੈ ਜਨਾਬ?’
ਇਕ ਕਲਰਕ ਨੇ ਹਿੰਮਤ ਕੀਤੀ।
ਹੁਣੇ ਦਸਦਾਂ!
ਫਿਰ ਇਕ ਦਮ ਚੁੱਪ ਛਾ ਗਈ।
ਹਾਂ! ਸਾਰੇ ਇਸਦਾ ਸਫਾ ਨੰਬਰ 39 ਕੱਢੋ- ਇਹ ਵਾਲਾ ਉਸਨੇ ਆਪਣੇ ਹੱਥ ਵਾਲੀ ਕਿਤਾਬ ਜਿਹੀ ਦਾ ਉਹ ਸਫਾ ਕੱਢੇ ਕੇ ਵਿਖਾਉਂਦਿਆਂ ਕਿਹਾ। ਇਸ ਨੂੰ ਸਾਰੇ ਆਪਣੇ ਘਰੀਂ ਲੈ ਜਾਓ ਤੇ ਇਸ ਨੂੰ ਜ਼ਰੂਰ ਪੜਣਾ- ਇਨ੍ਹਾਂ ਦੀ ਕੀਮਤ ਤੁਹਾਡੀਆਂ ਤਨਖਾਹਾਂ ‘ਚੋਂ ਕੱਟ ਲਈ ਜਾਵੇਗੀ।
ਰਸਾਲੇ ਦੇ ਇਸ ਸਫੇ ਤੇ ਇਸ ਅਫਸਰ ਦੀ ਮੂਰਤ ਸਮੇਤ ਕਹਾਣੀ ਛਪੀ ਸੀ।
ਬਸ ਕਾਫੀ ਭਰ ਚੁਕੀ ਸੀ। ਭਾਵੇਂ ਸਾਰੀਆਂ ਸੀਟਾਂ ‘ਤੇ ਸਵਾਰੀਆਂ ਬੈਠੀਆਂ ਸਨ ਪਰ ਹਾਲੇ ਵੀ ਦੋ ਸੀਟਾਂ ਵਾਲੀ ਇਕ ਸੀਟ ਖਾਲੀ ਸੀ। ਕਈ ਸਵਾਰੀਆਂ ਨੇ ਉਸ ਸੀਟ ਦੀ ਕੋਸ਼ਿਸ਼ ਕੀਤੀ ਪਰ ਉਸ ਖਾਲੀ ਪਈ ਸੀਟ ਦੇ ਨਾਲ ਬੈਠਾ ਬਜ਼ੁਰਗ ਸਰਦਾਰ ‘ਸਵਾਰੀ ਬੈਠੀ ਹੈ` ਆਖ ਕੇ ਸਿਰ ਹਿਲਾ ਦਿੰਦਾ।
ਜਿੰਨਾ ਚਿਰ ਬਸ ਨਹੀਂ ਚੱਲੀ, ਸਾਰੀਆਂ ਖੜੀਆਂ ਸਵਾਰੀਆਂ ਸਵਾਰੀ ਬੈਠੀ ਹੈ’ ਸੁਣ ਕੇ ਚੁਪ ਕਰਕੇ ਖੜੀਆਂ ਰਹੀਆਂ। ਕਿਸੇ ਨੇ ਖਾਲੀ ਪਈ ਸੀਟ ‘ਤੇ ਬੈਠਣ ਦੀ ਜ਼ਿਦ ਨਹੀਂ ਕੀਤੀ।
ਬਸ ਤੁਰ ਪਈ। ਖ਼ਾਲੀ ਪਈ ਸੀਟ ‘ਤੇ ਜਿੱਥੇ ਬਜ਼ੁਰਗ ਸਰਦਾਰ ਨੇ ਕੇਵਲ ਇਕ ਝੋਲਾ ਹੀ ਰੱਖਿਆ ਹੋਇਆ ਸੀ, ਕੋਈ ਵੀ ਨਾ ਆ ਕੇ ਬੈਠਿਆ, ਤਾਂ ਕਈ ਸਵਾਰੀਆਂ ਨੇ ਬੈਠਣ ਲਈ ਜਿੱਦ ਕੀਤੀ। ਪਰ ਬਜ਼ੁਰਗ ਦਾ ਇਹੋ ਇੱਕੋ ਉੱਤਰ ਸੀ ਕਿ ਸਵਾਰੀ ਬੈਠੀ ਹੈ। ਜਦੋਂ ਕੋਈ ਪੁੱਛਣ ਕਿ ਸਵਾਰੀ ਕਿੱਥੇ ਹੈ ਤਾਂ ਬਜ਼ੁਰਗ ਉਸ ਵੇਲੇ ਝੋਲੇ ਵੱਲ ਇਸ਼ਾਰਾ ਕਰ ਦੇਂਦਾ। ਅਸਲ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ ਲੱਗ ਰਿਹਾ।
ਕਈ ਸਵਾਰੀਆਂ ਅਬਾ ਤਬਾ ਵੀ ਬੋਲਣ ਲੱਗੀਆਂ। ਨੇੜੇ ਬੈਠੀਆਂ ਸਵਾਰੀਆਂ ਨੇ ਵੀ ਸਰਦਾਰ ਜੀ ਨੂੰ ਨਾਲ ਦੀ ਖਾਲੀ ਪਈ ਸੀਟ ਤੇ ਹੋਰ ਸਵਾਰੀ ਬਹਿ ਜਾਣ ਲਈ ਬੇਨਤੀ ਕੀਤੀ ਪਰ ਸਰਦਾਰ ਜੀ ਨੇ ‘ਸਵਾਰੀ ਬੈਠੀ ਹੈ ਦਾ ਇੱਕ ਹੀ ਨੰਨਾ ਫੜੀ ਰੱਖਿਆ।
ਗੱਲ ਕਾਫੀ ਵਧ ਗਈ। ਸਵਾਰੀਆਂ ਨੇ ਜਬਰਦਸਤੀ ਬੈਠਣ ਦੀ ਕੋਸ਼ਿਸ਼ ਕੀਤੀ ਪਰ ਬਜ਼ੁਰਗ ਨੇ ਕਿਸੇ ਨੂੰ ਬੈਠਣ ਨਹੀਂ ਦਿੱਤਾ। ਜਦੋਂ ਸਵਾਰੀਆਂ ਨੇ ਕੰਡਕਟਰ ਨੂੰ ਇਸ ਬਾਰੇ ਆਖਿਆ ਤਾਂ ਉਹ ਉਸ ਬਜ਼ੁਰਗ ਨਾਲ ਖਹਿਬੜ ਪਿਆ।
ਆਖਰ ਜਦੋਂ ਗੱਲ ਕਾਫੀ ਵਧ ਗਈ ਤਾਂ ਬਜ਼ੁਰਗ ਨੇ ਜੇਬ ਚੋਂ ਦੋ ਟਿਕਟ ਕੱਢ ਕੇ ਕੰਡਕਟਰ ਨੂੰ ਫੜਾ ਦਿੱਤੇ। ਬਜ਼ੁਰਗ ਦੀਆਂ ਅੱਖਾਂ ‘ਚੋਂ ਅੱਥਰੂ ਵਗ ਤੁਰੇ। ਅੱਥਰੂ ਪੂੰਝਦਿਆਂ ਉਸ ਬਜ਼ੁਰਗ ਨੇ ਆਖਿਆ, ਨਾਲ ਦੀ ਸੀਟ ਦਾ ਟਿਕਟ ਮੇਰੀ ਜੀਵਣ ਸਾਥਣ ਦਾ ਹੈ। ਉਹ ਹੁਣ ਇਸ ਦੁਨੀਆਂ ਵਿਚ ਨਹੀਂ ਰਹੀ। ਇਹ ਉਸ ਦੇ ਫੁੱਲ ਨੇ ਜਿਹਨਾਂ ਨੂੰ ਪ੍ਰਵਾਹ ਕਰਨ ਲਈ ਕੀਰਤਪੁਰ ਸਾਹਿਬ ਜਾ ਰਿਹਾ ਹਾਂ। ਇਹ ਮੇਰਾ ਆਪਣੀ ਜੀਵਨ ਸਾਥਣ ਨਾਲ ਆਖ਼ਰੀ ਸਫਰ ਹੈ।
ਸਾਰੀਆਂ ਸਵਾਰੀਆਂ ਦੀਆਂ ਅੱਖਾਂ ਭਰ ਆਈਆਂ। ਸੀਟ ਦਾ ਝਗੜਾ ਖਤਮ ਹੋ ਗਿਆ।
ਪੰਜ ਚਾਰ ਆਦਮੀਆਂ ਸਮੇਤ ਸਕੂਲਾਂ ਦੇ ਉਦਘਾਟਨ ਲਈ ਚੰਦਾ ਇਕੱਠਾ ਕਰਦਾ ਸਰਪੰਚ ਸੁਰੈਣੇ ਕੋਲ ਅਪੜਦਿਆਂ ਬੋਲਿਆ “ਕਿਉਂ ਫਿਰ ਸੁਰੈਣ ਸਿਆਂ ਕੀ ਸਲਾਹ ਐ ਜੇ ਨਾਲ ਈ ਆ ਸਕੂਲ ਦਾ ਜੂੜ ਜਿਹਾ ਵਢਾ ਦੇਈਏ?”
‘ਸਰਦਾਰ ਆਪਾਂ ਕਿਹੜਾ ਤੇਰੇ ਤੋਂ ਬਾਹਰ ਆਂ ਪਰ ਇਹਨਾਂ ਵੀ ਪਹਿਲਿਆਂ ਵਾਂਗ ਰੱਖਣਾ ਪੱਥਰ ਈ ਐ। ਮੋਢੇ ਤੋਂ ਕਹੀ ਉਤਾਰ ਜ਼ਮੀਨ ਤੇ ਰੱਖਦਿਆਂ ਸੁਰੈਣਾ ਬੋਲਿਆ।
‘ਕੰਮ ਤਾਂ ਰੈਣਿਆਂ ਪਹਿਲਾਂ ਵੀ ਹੋ ਜਾਣਾ ਸੀ, ਇਹ ਤਾਂ ਸਾਲੀ ਸਰਕਾਰ ਈ ਬਦਲਗੀ ਨਹੀਂ ਤਾਂ !
ਆਪਣੇ ਵੱਲੋਂ ਸਰਪੰਚ ਨੇ ਸਫਾਈ ਪੇਸ਼ ਕੀਤੀ।
‘ਸਰਦਾਰਾ ਜੇ ਬੁਰਾ ਨਾ ਮੰਨੇ ਕੱਟਦੇ ਇਹ ਵੀ ਨੀ, ਨਾਲੇ ਜੇ ਲੱਗਦੇ ਹੱਥ ਕਾਮਰੇਡਾਂ ਤੋਂ ਵੀ !’
ਉਹ ਮੰਦਰ ਚ ਉਤਰੇ ਹਰਦੁਆਰ ਵਾਲੇ ਜੋਤਸ਼ੀ ਤੋਂ ਪੁੱਛ ਲੈਣ ਗਈ ਕਿਉਂਕਿ ਕਈ ਦਿਨਾਂ ਤੋਂ ਉਸ ਦੇ ਪਤੀ ਦੇਵ ਨੂੰ ‘ਕੁੱਝ’ ਬਣਿਆ ਨਹੀਂ ਸੀ ਭਾਵ ਦਫਤਰ `ਚ ਕੋਈ ਚੰਗੀ ਅਸਾਮੀ ਨਹੀਂ ਸੀ ਫਸੀ।
ਜੋਤਸ਼ੀ ਨੇ ਪੁੱਛ ਵੀ ਦਿੱਤੀ ਤੇ ਹੱਥ ਵੀ ਦੇਖਿਆ। ਆਦਤ ਅਨੁਸਾਰ ਘਰ ਵੀ ਪੂਰਾ ਕਰ ਦਿੱਤਾ। ਉਸ ’ਚੋਂ ਆਉਂਦੀਆਂ ਅਮੀਰੀ ਲਪਟਾਂ ਸੁੰਘ ਕੇ ਲਟਬੌਰਾ ਹੋਇਆ ਜੋਤਸ਼ੀ ਚਾਹੁੰਦਾ ਹੋਇਆ ਵੀ ਆਪਣੇ ਸਟੈਂਡਰਡ ਰੇਟ ਤੋਂ ਵੱਧ ਦਾਣ-ਦੱਖਣਾ ਨਾ ਮੰਗ ਸਕਿਆ।
ਉਹ ਵਾਪਸ ਪਰਤ ਰਹੀ, ਆਪਣੀ ਸਾਥਣ ਨੂੰ ਕਹਿ ਰਹੀ ਸੀ, ਲੈ ਅਸੀਂ ਐਡੇ ਅਫਸਰ ਹੋ ਕੇ ਸਵਾ ਰੁਪਈਆ ਦਿੰਦੇ ਚੰਗੇ ਲੱਗਦੇ ਸੀ, ਹੁਣ ਕੱਲ ਨੂੰ ਆਵਾਂਗੇ, ਪੰਡਿਤ ਜੀ ਲਈ ਫਲ ਲੈ ਕੇ ਨਾਲੇ ਸਵਾ ਗਿਆਰਾਂ ਦਾਨ ਵਜੋਂ ਦੇਵਾਂਗੇ।
ਸ਼ਹਿਰ ਵਿਚ ਇਕ ਲੱਕੜ ਦਾ ਪੁੱਲ ਹੈ ਜੋ ਰੇਲਵੇ ਲਾਈਨਾਂ ਨੂੰ ਪਾਰ ਕਰਨ ਲਈ ਬਣਿਆ ਹੈ। ਪੈਦਲ ਲੋਕ ਤਾਂ ਅਸਾਨੀ ਨਾਲ ਇਕ ਪਾਸਿਉਂ ਦੂਜੇ ਪਾਸੇ ਚਲੇ ਜਾਂਦੇ ਹਨ ਪਰ ਜਿਨ੍ਹਾਂ ਕੋਲ ਸਾਇਕਲ ਹੁੰਦੇ ਹਨ, ਉਨ੍ਹਾਂ ਲਈ ਮੁਸ਼ਕਿਲ ਹੋ ਜਾਂਦੀ ਹੈ। ਇਸੇ ਲਈ ਕਈ ਨੌਜਵਾਨ ਇਕ ਪਾਸਿਓ ਸਾਇਕਲ ਚੁੱਕ ਕੇ ਦੂਜੇ ਪਾਸੇ ਲੈ ਜਾਣ ਦਾ ਕੰਮ ਕਰਦੇ ਹਨ ਅਤੇ ਦਸ ਪੰਦਰਾਂ ਪੈਸੇ ਸਾਇਕਲ ਛੱਡਣ ਦਾ ਕਿਰਾਇਆ ਲੈ ਕੇ ਆਪਣੀ ਦਿਹਾੜੀ ਬਣਾਉਂਦੇ ਹਨ।
ਇਕ ਸਿਪਾਹੀ ਸਾਇਕਲ ਸੁਆਰ ਆਇਆ ਤੇ ਇੱਕ ਮੁੰਡੇ ਨੂੰ ਕਿਹਾ, “‘ਚਲ, ਮੇਰਾ ਸਾਇਕਲ ਚੱਕ ਓਏ।
ਸਿਪਾਹੀ ਦੇ ਬੋਲ, ਹਾਕਮਾਨਾ ਸਨ। ਮੁੰਡੇ ਨੇ ਇਕ ਨਜਰ ਭਰਕੇ ਸਿਪਾਹੀ ਵੱਲ ਵੇਖਿਆ ਅਤੇ ਸਾਈਕਲ ਚੁਕ ਕੇ ਪੌੜੀਆਂ ਚੜ੍ਹਨ ਲੱਗ ਪਿਆ। ਪੁਲ ਪਾਰ ਹੋ ਗਿਆ, ਸਿਪਾਹੀ ਨੇ ਸਾਇਕਲ ਫੜਿਆ ਤੇ ਪੈਡਲ ਤੇ ਪੈਰ ਧਰ ਲਿਆ।
“ਸਾਹਿਬ ਪੈਸੇ!”
‘ਕਾਹਦੇ?”
‘‘ਜੀ ਕਿਰਾਇਆ।”
‘‘ਚਲ ਸਾਲਾ!” ਤੇ ਸਿਪਾਹੀ ਸਾਇਕਲ ਸਵਾਰ ਹੋ ਗਿਆ।
ਉਹ ਅਰਥ-ਸ਼ਾਸਤਰ ਦੀ ਐਮ.ਏ.ਸੀ.। ਉਹ ਕਈ ਸਾਲਾਂ ਤੋਂ ਨੌਕਰੀ ਦੀ ਤਲਾਸ਼ੀ ਵਿਚ ਸੀ ਪਰ ਨੌਕਰੀ ਨਹੀਂ ਮਿਲ ਰਹੀ ਸੀ।
ਉਸ ਨੇ ਕੋਸ਼ਿਸ਼ ਕਰਕੇ ਇਕ ਮੰਤਰੀ ਦੀ ਸਿਫਾਰਸ਼ ਲੱਭੀ।
ਉਸ ਨੇ ਇੰਟਰਵਿਊ ਵਾਲੇ ਦਿਨ ਸਬੰਧਤ ਅਫਸਰ ਨੂੰ ਮੰਤਰੀ ਦੀ ਚਿੱਠੀ ਅਤੇ ਆਪਣੇ ਸਰਟੀਫਿਕੇਟ ਦਿਖਾ ਦਿੱਤੇ।
ਅਫਸਰ ਨੇ ਸਰਟੀਫਿਕੇਟ ਦੇਖ ਕੇ ਤਸੱਲੀ ਪ੍ਰਗਟ ਕੀਤੀ ਤੇ ਕਿਹਾ- ਹੋ ਸਕਦਾ ਏ ਤੁਹਾਡੀ ਮੈਰਿਟ ਬਣ ਹੀ ਜਾਏ।
ਕੁਝ ਦਿਨਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਅਸਾਮੀ ਤੇ ਕੋਈ ਹੋਰ ਉਮੀਦਵਾਰ ਰੱਖ ਲਿਆ ਗਿਆ ਹੈ।
ਉਹ ਅਫਸਰ ਕੋਲ ਗਿਆ ਤੇ ਪੁੱਛਿਆ- ਕਿਉਂ ਜੀ, ਮੇਰੀ ਮੈਰਿਟ ਨਹੀਂ ਬਣੀ ਸੀ?
ਅਫਸਰ ਮੁਸਕਰਾ ਕੇ ਬੋਲਿਆ- ਤੁਹਾਡੀ ਮੈਰਿਟ ਤਾਂ ਬਣ ਗਈ ਸੀ ਪਰ ਮੰਤਰੀ ਦੀ ਮੈਰਿਟ ਨਹੀਂ ਬਣੀ ਸੀ। ਜਿਹੜਾ ਉਮੀਦਵਾਰ ਰੱਖਿਆ ਗਿਆ ਹੈ ਉਸਦੀ ਮੁੱਖ ਮੰਤਰੀ ਅਤੇ ਦੋ ਹੋਰ ਮੰਤਰੀਆਂ ਦੀ ਸਿਫਾਰਸ਼ ਸੀ। ਮੰਤਰੀਆਂ ਦੀ ਮੈਰਿਟ ਵਿਚ ਤੁਹਾਡਾ ਮੰਤਰੀ ਤੀਸਰੇ ਨੰਬਰ ਤੇ ਆਉਂਦਾ ਹੈ।