ਜਾਤੀ

by Jasmeet Kaur

ਸੇਠ ਨੇ ਟੇਲਰ ਮਾਸਟਰ ਸੁਰਜੀਤ ਨੂੰ ਆਪਣੀ ਕੋਠੀ ’ਚ ਬੁਲਾ ਕੇ ਲਿਆਉਣ ਲਈ ਪਹਿਲਾਂ ਨੌਕਰ ਭੇਜਿਆ ਸੀ ਤੇ ਜਦੋਂ ਸੁਰਜੀਤ ਨੇ ਨਾਂਹ ਦਾ ਜਵਾਬ ਦੇ ਕੇ ਨੌਕਰ ਉਹਨੀਂ ਪੈਰੀਂ ਮੋੜ ਦਿੱਤਾ ਤਾਂ ਹੁਣ ਸੇਠ ਗਰਮੋ-ਗਰਮੀ ਹੋਇਆ ਖੁਦ ਉਸ ਦੀ ਦੁਕਾਨ ਤੇ ਆ ਧਮਕਿਆ ਹੈ। “ਓਏ ਸੀਤੇ….ਤੂੰ ਨੌਕਰ ਨੂੰ ਕਿਹੜੇ ਮੂੰਹ ਨਾਲ ਮੋੜਿਆ…ਤੇਰਾ ਪਿਓ ਤੇ ਤਾਇਆ ਤਾਂ ਹੁਣ ਤਾਂਈ ਸਾਡੀ ਦੁਕਾਨ ਦੇ ਥੜਿਆਂ ਤੇ ਬਹਿ ਕੇ ਮਸ਼ੀਨਾਂ ਚਲਾਉਂਦੇ ਰਹੈ ਐ- ਤੂੰ ਪਤਾ ਨੀ ਕੀ ਲਾਟ ਸਾਹਿਬ ਬਣ ਗਿਆ…।
ਸੇਠ ਅਜੇ ਹੋਰ ਵੀ ਗਰਮੀ ਦਿਖਾਉਂਦਾ ਜੇ ਸੁਰਜੀਤ ਆਪਣੇ ਅੰਦਰ ਉਠੇ ਰੋਹ ਨੂੰ ਬਾਹਰ ਨਾ ਕੱਢਦਾ। ‘ਗੱਲ ਸੁਣ ਗੱਲ…ਉਹ ਸਾਰੀ ਉਮਰ ਤੁਹਾਡੀਆਂ ਖੁਸ਼ਾਮਦਾਂ ਕਰਦੇ ਮਰਗੇ- ਹੁਣ ਅਸੀਂ ਵੀ ਮਰੀਏ…ਉਹ ਤੁਹਾਡੀਆਂ ਜੁੱਤੀਆਂ ਵਾਲੇ ਥਾਂ ਥੜਿਆਂ ਤੇ ਹੀ ਬਹਿੰਦੇ ਸੀ, ਸਿਰ ਤੇ ਤਾਂ ਨੀ ਸੀ ਬਹਿੰਦੇ…ਨਾਲੇ ਕੱਛੇ ਤੋਂ ਲੈ ਕੇ ਕੋਟ ਤੱਕ, ਸਾਰੇ ਟੱਬਰ ਦੇ ਕੱਪੜੇ ਮੁਫ਼ਤੋ-ਮੁਫਤੀ ਸਿਉਂਦੇ- ਨਾਲੇ ਅਹਿਸਾਨ ਮੰਨਦੇ। |
ਭਾਫਾਂ ਛੱਡਦੇ ਸੇਠ ਦੇ ਸਿਰ ਸੌ ਘੜਾ ਪਾਣੀ ਦਾ ਮੁਧ ਗਿਆ ਹੈ। ਉਹ ਸ਼ਰਮਿੰਦਗੀ ਨਾਲ ਲਥ-ਪਥ ਹੋਇਆ, ਮੇਚ ਦੇਣ ਲੱਗ ਪਿਆ ਹੈ।
“ਅੱਛਾ ਕੋਟ ਦਾ ਲਏਗਾ ਕੀ ਕੁਸ਼?’
‘ਪੰਝੱਤਰ ਰੁਪਏ।’
“ਸਾਡੀ ਕੋਈ ਪੁਰਾਣੀ ਲਿਹਾਜ ਵੀ ਰੱਖੇਗਾ ਕਿ ਜਮਾਂ ਈ ਜੜ੍ਹਾਂ ‘ਚੋਂ ਪੱਟੇਗਾ?’
“ਸੇਠ ਸਾਹਿਬ ਦੇ ਲਿਹਾਜ ਹੈ ਤਾਂ ਪੰਜ ਹਜ਼ਾਰ ਰੁਪਈਆ ਘਰ ਪਾਉਣ ਨੂੰ ਦਿਓ…ਨਾਲੇ ਵਿਆਜ ਨੀ ਦੇਣਾ…ਜਦੋਂ ਲਿਹਾਜ ਤਾਂ ਆਪਣੀ ਹੈ ਹੀ ਨੋਟ ਦੀ ਵੀ ਕੋਈ ਲੋੜ ਨੀ ਪੈਣੀ?’
ਸੇਠ ਨੇ ਸੁਰਜੀਤ ਦੇ ਮੂੰਹ ਵੱਲ ਕੌੜ ਨਿਗਾਹਾਂ ਨਾਲ ਦੇਖਿਆ ਜਿਵੇਂ ਉਸਦੀ ਕੋਈ ਵਾਹ ਨਾ ਚਲਦੀ ਹੋਵੇ। ਤੇ ਫੇਰ ਉਸ ਨੂੰ ਕਰਚ ਕਰਚ ਕੈਂਚੀ ਚਲਾਉਂਦੇ ਦੇਖ, ਬਿਨਾਂ ਕੁਝ ਬੋਲਿਆਂ, ਕੋਟ ਦਾ ਕੱਪੜਾ ਥਾਂ ਰੱਖ ਖਿਸਕਣ ਦੀ ਕੀਤੀ ਹੈ।

ਰਾਮ ਪ੍ਰਤਾਪ

You may also like