ਡਾਕ ਬੰਗਲਾ

by Jasmeet Kaur

ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਕਈ ਵਾਰ ਅਧਿਕਾਰੀਆਂ ਨੂੰ ਜੰਗਲ ਵਿਚ ਦੌਰੇ ਤੇ ਜਾਣਾ ਪੈਂਦਾ ਹੈ। ਉਥੇ ਉਹਨਾਂ ਵਾਸਤੇ ਰਹਿਣ ਦਾ ਕੋਈ ਇੰਤਜ਼ਾਮ ਨਹੀਂ ਹੈ। ਇਸ ਲਈ ਇਹ ਚੰਗਾ ਹੋਵੇਗਾ ਕਿ ਜੇਕਰ ਉਥੇ ਇਕ ਡਾਕ ਬੰਗਲਾ ਬਣਵਾ ਦਿੱਤਾ ਜਾਵੇ ਤਾਂ ਕਿ ਜੰਗਲਾਤ ਅਧਿਕਾਰੀਆਂ ਨੂੰ ਉਥੇ ਰਹਿਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ।
ਸਰਕਾਰ ਵੱਲੋਂ ਡਾਕ ਬੰਗਲੇ ਦੀ ਉਸਾਰੀ ਲਈ ਗਰਾਂਟ ਮਨਜ਼ੂਰ ਹੋ ਗਈ। ਕੁਝ ਚਿਰ ਮਗਰੋਂ ਸਰਕਾਰੀ ਕਾਗਜ਼ਾਂ ਵਿਚ ਡਾਕ ਬੰਗਲੇ ਦੀ ਉਸਾਰੀ ਪੂਰੀ ਹੋ ਗਈ।
ਕਈ ਸਾਲ ਲੰਘ ਗਏ। ਪਹਿਲਾ ਜੰਗਲਾਤ ਅਧਿਕਾਰੀ ਆਪਣੀ ਨੌਕਰੀ ਪੂਰੀ ਕਰ ਰੀਟਾਇਰ ਹੋ ਗਿਆ। ਨਵੇਂ ਜੰਗਲਾਤ ਅਧਿਕਾਰੀ ਨੇ ਆ ਕੇ ਚਾਰਜ ਸੰਭਾਲ ਲਿਆ। ਇੱਕ ਦਿਨ ਉਹਨੇ ਸੋਚਿਆ ਕਿ ਚਲੋ ਜੰਗਲ ਦਾ ਦੌਰਾ ਕੀਤਾ ਜਾਵੇ ਅਤੇ ਉਥੇ ਹੀ ਡਾਕ ਬੰਗਲੇ ਵਿਚ ਠਹਿਰਿਆ ਜਾਵੇ।
ਦੌਰੇ ਤੋਂ ਮਗਰੋਂ ਜੰਗਲਾਤ ਅਧਿਕਾਰੀ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਵਾਰ ਬਰਸਾਤ ਜਿਆਦਾ ਹੋਣ ਕਾਰੜ ਡਾਕ ਬੰਗਲੇ ਦੀ ਹਾਲਤ ਖ਼ਸਤਾ ਹੋ ਗਈ ਹੈ, ਇਸ ਲਈ ਉਸ ਦੀ ਮੁਰੰਮਤ ਕਰਾਉਣ ਲਈ ਗਰਾਂਟ ਮਨਜੂਰ ਕੀਤੀ ਜਾਵੇ। ਸਰਕਾਰ ਵੱਲੋਂ ਮੁਰੰਮਤ ਲਈ ਗਰਾਂਟ ਮਨਜੂਰ ਹੋ ਗਈ ਅਤੇ ਡਾਕ ਬੰਗਲੇ ਦੀ ਮੁਰੰਮਤ ਕਰਵਾ ਦਿੱਤੀ ਗਈ।
ਕੁਝ ਚਿਰ ਮਗਰੋਂ ਦੂਜਾ ਜੰਗਲਾਤ ਅਧਿਕਾਰੀ ਤਬਦੀਲ ਹੋ ਗਿਆ। ਨਵੇਂ ਅਧਿਕਾਰੀ ਨੇ ਚਾਰਜ ਸੰਭਾਲਣ ਮਗਰੋਂ ਡਾਕ ਬੰਗਲੇ ਦਾ ਦੌਰਾ ਕੀਤਾ ਅਤੇ ਸਰਕਾਰ ਨੂੰ ਰਿਪੋਰਟ ਪੇਸ਼ ਕੀਤੀ ਕਿ ਮੁਰੰਮਤ ਕਰਾਉਣ ਮਗਰੋਂ ਵੀ ਡਾਕ ਬੰਗਲੇ ਦੀ ਹਾਲਤ ਠੀਕ ਨਹੀਂ ਹੋਈ। ਸੋ ਚੰਗਾ ਹੋਵੇਗਾ ਕਿ ਡਾਕ ਬੰਗਲੇ ਨੂੰ ਢਾਹ ਦਿੱਤਾ ਜਾਵੇ ਅਤੇ ਸਾਰਾ ਮਲਬਾ ਜੰਗਲ ਤੋਂ ਬਾਹਰ ਸੁੱਟ ਦਿੱਤਾ ਜਾਵੇ, ਤੇ ਇਸ ਸਾਰੇ ਖਰਚੇ ਦੀ ਪ੍ਰਵਾਨਗੀ ਦਿੱਤੀ ਜਾਵੇ।
ਸਰਕਾਰ ਵੱਲੋਂ ਮਨਜ਼ੂਰੀ ਆਉਣ ਤੇ ਡਾਕ ਬੰਗਲਾ ਢਾਹ ਦਿੱਤਾ ਗਿਆ ਅਤੇ ਸਾਰਾ ਮਲਬਾ ਜੰਗਲ ਤੋਂ ਬਾਹਰ ਸੁਟਵਾ ਦਿੱਤਾ ਗਿਆ। ਕਾਗਜ਼ੀ ਕਾਰਵਾਈ ਪੂਰੀ ਸੀ। ਨਾ ਡਾਕ ਬੰਗਲਾ ਉਸਾਰਿਆ ਗਿਆ ਸੀ, ਨਾ ਉਸਦੀ ਮੁਰੰਮਤ ਕਰਵਾਈ ਗਈ ਸੀ, ਨਾ ਉਸ ਨੂੰ ਢਾਹ ਕੇ ਉਸਦਾ ਮਲਬਾ ਜੰਗਲ ਤੋਂ ਬਾਹਰ ਸੁੱਟਿਆ ਗਿਆ ਸੀ।

ਮਨਮੋਹਨ ਸਿੰਘ ਢਿੱਲੋਂ

You may also like