ਆਖ਼ਰੀ ਸਫ਼ਰ

by Jasmeet Kaur

ਬਸ ਕਾਫੀ ਭਰ ਚੁਕੀ ਸੀ। ਭਾਵੇਂ ਸਾਰੀਆਂ ਸੀਟਾਂ ‘ਤੇ ਸਵਾਰੀਆਂ ਬੈਠੀਆਂ ਸਨ ਪਰ ਹਾਲੇ ਵੀ ਦੋ ਸੀਟਾਂ ਵਾਲੀ ਇਕ ਸੀਟ ਖਾਲੀ ਸੀ। ਕਈ ਸਵਾਰੀਆਂ ਨੇ ਉਸ ਸੀਟ ਦੀ ਕੋਸ਼ਿਸ਼ ਕੀਤੀ ਪਰ ਉਸ ਖਾਲੀ ਪਈ ਸੀਟ ਦੇ ਨਾਲ ਬੈਠਾ ਬਜ਼ੁਰਗ ਸਰਦਾਰ ‘ਸਵਾਰੀ ਬੈਠੀ ਹੈ` ਆਖ ਕੇ ਸਿਰ ਹਿਲਾ ਦਿੰਦਾ।
ਜਿੰਨਾ ਚਿਰ ਬਸ ਨਹੀਂ ਚੱਲੀ, ਸਾਰੀਆਂ ਖੜੀਆਂ ਸਵਾਰੀਆਂ ਸਵਾਰੀ ਬੈਠੀ ਹੈ’ ਸੁਣ ਕੇ ਚੁਪ ਕਰਕੇ ਖੜੀਆਂ ਰਹੀਆਂ। ਕਿਸੇ ਨੇ ਖਾਲੀ ਪਈ ਸੀਟ ‘ਤੇ ਬੈਠਣ ਦੀ ਜ਼ਿਦ ਨਹੀਂ ਕੀਤੀ।
ਬਸ ਤੁਰ ਪਈ। ਖ਼ਾਲੀ ਪਈ ਸੀਟ ‘ਤੇ ਜਿੱਥੇ ਬਜ਼ੁਰਗ ਸਰਦਾਰ ਨੇ ਕੇਵਲ ਇਕ ਝੋਲਾ ਹੀ ਰੱਖਿਆ ਹੋਇਆ ਸੀ, ਕੋਈ ਵੀ ਨਾ ਆ ਕੇ ਬੈਠਿਆ, ਤਾਂ ਕਈ ਸਵਾਰੀਆਂ ਨੇ ਬੈਠਣ ਲਈ ਜਿੱਦ ਕੀਤੀ। ਪਰ ਬਜ਼ੁਰਗ ਦਾ ਇਹੋ ਇੱਕੋ ਉੱਤਰ ਸੀ ਕਿ ਸਵਾਰੀ ਬੈਠੀ ਹੈ। ਜਦੋਂ ਕੋਈ ਪੁੱਛਣ ਕਿ ਸਵਾਰੀ ਕਿੱਥੇ ਹੈ ਤਾਂ ਬਜ਼ੁਰਗ ਉਸ ਵੇਲੇ ਝੋਲੇ ਵੱਲ ਇਸ਼ਾਰਾ ਕਰ ਦੇਂਦਾ। ਅਸਲ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ ਲੱਗ ਰਿਹਾ।
ਕਈ ਸਵਾਰੀਆਂ ਅਬਾ ਤਬਾ ਵੀ ਬੋਲਣ ਲੱਗੀਆਂ। ਨੇੜੇ ਬੈਠੀਆਂ ਸਵਾਰੀਆਂ ਨੇ ਵੀ ਸਰਦਾਰ ਜੀ ਨੂੰ ਨਾਲ ਦੀ ਖਾਲੀ ਪਈ ਸੀਟ ਤੇ ਹੋਰ ਸਵਾਰੀ ਬਹਿ ਜਾਣ ਲਈ ਬੇਨਤੀ ਕੀਤੀ ਪਰ ਸਰਦਾਰ ਜੀ ਨੇ ‘ਸਵਾਰੀ ਬੈਠੀ ਹੈ ਦਾ ਇੱਕ ਹੀ ਨੰਨਾ ਫੜੀ ਰੱਖਿਆ।
ਗੱਲ ਕਾਫੀ ਵਧ ਗਈ। ਸਵਾਰੀਆਂ ਨੇ ਜਬਰਦਸਤੀ ਬੈਠਣ ਦੀ ਕੋਸ਼ਿਸ਼ ਕੀਤੀ ਪਰ ਬਜ਼ੁਰਗ ਨੇ ਕਿਸੇ ਨੂੰ ਬੈਠਣ ਨਹੀਂ ਦਿੱਤਾ। ਜਦੋਂ ਸਵਾਰੀਆਂ ਨੇ ਕੰਡਕਟਰ ਨੂੰ ਇਸ ਬਾਰੇ ਆਖਿਆ ਤਾਂ ਉਹ ਉਸ ਬਜ਼ੁਰਗ ਨਾਲ ਖਹਿਬੜ ਪਿਆ।
ਆਖਰ ਜਦੋਂ ਗੱਲ ਕਾਫੀ ਵਧ ਗਈ ਤਾਂ ਬਜ਼ੁਰਗ ਨੇ ਜੇਬ ਚੋਂ ਦੋ ਟਿਕਟ ਕੱਢ ਕੇ ਕੰਡਕਟਰ ਨੂੰ ਫੜਾ ਦਿੱਤੇ। ਬਜ਼ੁਰਗ ਦੀਆਂ ਅੱਖਾਂ ‘ਚੋਂ ਅੱਥਰੂ ਵਗ ਤੁਰੇ। ਅੱਥਰੂ ਪੂੰਝਦਿਆਂ ਉਸ ਬਜ਼ੁਰਗ ਨੇ ਆਖਿਆ, ਨਾਲ ਦੀ ਸੀਟ ਦਾ ਟਿਕਟ ਮੇਰੀ ਜੀਵਣ ਸਾਥਣ ਦਾ ਹੈ। ਉਹ ਹੁਣ ਇਸ ਦੁਨੀਆਂ ਵਿਚ ਨਹੀਂ ਰਹੀ। ਇਹ ਉਸ ਦੇ ਫੁੱਲ ਨੇ ਜਿਹਨਾਂ ਨੂੰ ਪ੍ਰਵਾਹ ਕਰਨ ਲਈ ਕੀਰਤਪੁਰ ਸਾਹਿਬ ਜਾ ਰਿਹਾ ਹਾਂ। ਇਹ ਮੇਰਾ ਆਪਣੀ ਜੀਵਨ ਸਾਥਣ ਨਾਲ ਆਖ਼ਰੀ ਸਫਰ ਹੈ।
ਸਾਰੀਆਂ ਸਵਾਰੀਆਂ ਦੀਆਂ ਅੱਖਾਂ ਭਰ ਆਈਆਂ। ਸੀਟ ਦਾ ਝਗੜਾ ਖਤਮ ਹੋ ਗਿਆ।

ਮਨਮੋਹਨ ਸਿੰਘ

You may also like