ਐਤਵਾਰ ਦਾ ਦਿਨ ਸੀ। ਮੈਂ ਕੇਸੀ ਇਸ਼ਨਾਨ ਕਰਕੇ ਧੁਪੇ ਕੁਰਸੀ ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸਾਂ। ਸਾਡੀ ਬਰਤਨ ਸਾਫ ਕਰਨ ਵਾਲੀ ਧਿਆਨੋ ਸਫ਼ਾਈ ਕਰਦੀ-ਕਰਦੀ ਬੋਲੀ ਜਾਂਦੀ ਸੀ। ਮੈਂ ਕੀ ਕਰਾਂ, ਕਿੱਥੇ ਜਾਵਾਂ ਮੈਂ ਸਾਰਾ ਦਿਨ ਕੋਠੀਆਂ ਵਿੱਚ ਕੰਮ ਕਰਕੇ ਬੱਚੇ ਪਾਲਾਂ ਅਤੇ ਉਹ ਸ਼ਾਮ ਨੂੰ ਜੋ ਕਮਾਏ, ਉਸ ਦੀ ਸ਼ਰਾਬ ਪੀ ਲਵੇ। ਉਸ ਨੂੰ ਘਰ ਦੇ ਰਾਸ਼ਨ ਦਾ ਕੋਈ ਫ਼ਿਕਰ-ਫਾਕਾ ਨਹੀਂ। ਬੱਚਿਆਂ ਦੀ ਪੜ੍ਹਾਈ ਦਾ ਕੋਈ ਖਿਆਲ ਨਹੀਂ। ਉਸਨੂੰ ਸਿਰਫ਼ ਸ਼ਰਾਬ ਦਾ ਪਤਾ ਹੈ। ਹਰ ਰੋਜ਼ ਸ਼ਾਮ ਨੂੰ ਉਹ ਪੀ ਕੇ ਆਉਂਦਾ ਹੈ ਅਤੇ ਗਾਲਾਂ ਕੱਢਣ ਲੱਗ ਜਾਂਦਾ ਹੈ। ਮੈਂ ਕਰਾਂ ਤਾਂ ਕੀ ਕਰਾਂ। ਜਦੋਂ ਉਹ ਬੋਲ ਹਟੀ ਤਾਂ ਮੈਂ ਆਖਿਆ “ਧਿਆਨੋ ਤੂੰ ਅਜਿਹੇ ਪਤੀ ਨੂੰ ਬਰਦਾਸ਼ਤ ਕਿਉਂ ਕਰਦੀ ਏ। ਜਦੋਂ ਕਿ ਉਸਨੂੰ ਤੇਰਾ ਅਤੇ ਬੱਚਿਆਂ ਦਾ ਕੋਈ ਧਿਆਨ ਨਹੀਂ, ਤੂੰ ਤਲਾਕ ਹੀ ਦੇ ਛੱਡ ਉਸ ਨੂੰ।’ ਮੇਰੀ ਗੱਲ ਸੁਣ ਕੇ ਉਹ ਇਕਦੱਮ ਭੜਕ ਪਈ ‘ਤਲਾਕ ਦੇ ਦਿਆਂ ਤੁਸੀਂ ਆਂਟੀ ਨੂੰ ਤਲਾਕ ਕਿਉਂ ਨਹੀਂ ਦੇ ਦਿੰਦੇ। ਮੈਨੂੰ ਸਲਾਹ ਦੇ ਰਹੇ ਹੋ, ਮੈਂ ਕਿਉਂ ਦਿਆਂ ਤਲਾਕ ਉਸ ਨੂੰ, ਉਹ ਤਾਂ ਮੇਰੇ ਸਿਰ ਦਾ ਸਾਂਈ ਹੈ। ਤਲਾਕ ਦੇ ਕੇ ਮੈਂ ਸ਼ਾਮਲਾਟ ਜ਼ਮੀਨ ਬਣ ਜਾਵਾਂ?
punjabi short stories
‘ਸ਼ਿੰਦਰ! ਕੱਲ ਕਿਉਂ ਨੀ ਆਈ?’
‘ਜੀ ਕੱਲ੍ਹ ਨਾ, ਮੇਰੀ ਬੀਬੀ ਬਾਹਲੀ ਢਿੱਲੀ ਹੋ ਗੀ ਸੀ’
“ਕਿਉਂ? ਕੀ ਹੋਇਆ ਤੇਰੀ ਬੀਬੀ ਨੂੰ?’
ਜੀ ਉਹਦੀ ਨਾ ਬੱਖੀ ’ਚੋਂ ਨਾੜ ਭਰਦੀ ਐ, ਕੱਲ ਮਾਨਸਾ ਦਖਾਉਣ ਜਾਣਾ ਸੀ
‘ਦਿਖਾ ਆਏ ਫੇਰ?’
‘ਨਾ ਜੀ
‘ਕਿਉਂ?’
‘ਜੀ ਕੱਲ੍ਹ ਨਾ ਪੈਸੇ ਨੀ ਹੈਗੇ ਸੀ’
ਫੇਰ?
‘ਜੀ ਅੱਜ ਲੈ ਕੇ ਜਾਉ ਮੇਰਾ ਬਾਪੂ’
ਅੱਜ ਕਿੱਥੋਂ ਆ ਗੇ ਪੈਸੇ?
‘ਜੀ- ਸੀਰ ਆਲਿਆਂ ਦਿਓ ਲਿਆਇਐ ਧਾਰੇ’
ਪਹਿਲੀ ਜਮਾਤ ਵਿਚ ਪੜ੍ਹਦੀ ਸ਼ਿੰਦਰ ਆਪਣੇ ਅਧਿਆਪਕ ਨਾਲ ਸਿਆਣਿਆਂ ਵਾਂਝ ਗੱਲਾਂ ਕਰਦੀ ਹੈ। ਪੱਕਾ ਸਾਂਵਲਾ ਰੰਗ ਪਰ ਨੈਣ-ਨਕਸ਼ ਸੁਹਣੇ, ਆਪਣੀ ਉਮਰ ਦੇ ਬੱਚਿਆਂ ਨਾਲੋਂ ਦੋ ਤਿੰਨ ਸਾਲ ਵੱਡੀ ਤੇ ਸਮਝਦਾਰ ਆਪ ਔਖੀ ਹੋ ਕੇ ਵੀ ਮਾਂ ਨੇ ਪੜਨੇ ਪਾਈ ਹੈ ਕਿ ਧੀ ਚਾਰ ਅੱਖਰ ਉਠਾਉਣ ਜੋਗੀ ਹੋ ਜਾਵੇ।
ਅਗਲੇ ਦਿਨ ਉਹ ਘੰਟਾ ਕੁ ਲੇਟ ਆਉਂਦੀ ਹੈ।
‘ਲੇਟ ਹੋ ਗੀ ਅੱਜ?
ਜੀ, ਅੱਜ ਬੀਬੀ ਫੇਰ ਬਾਹਲੀ ਔਖੀ ਸੀ, ਰੋਟੀਆਂ ਪਕਾ ਕੇ ਆਈ ਆਂ
ਨਾਲੇ ਪਹਿਲਾਂ ਸਾਰਾ ਘਰ ਸੰਭਰਿਆ ….
ਅਧਿਆਪਕ ਕੁੜੀ ਦੇ ਮੂੰਹ ਵੱਲ ਤਕਦਾ ਹੈ।
ਤੂੰ ਰੋਟੀਆਂ ਪਕਾ ਲੈਨੀ ਐ?
ਹਾਂ ਜੀ! ਦਾਲ ਵੀ, ਮੇਰੀ ਬੀਬੀ ਪਈ-ਪਈ ਦੱਸ ਦਿੰਦੀ ਐ ਮੈਂ ਧਰ ਲੈਨੀ ਆਂ।
ਕੁੜੀ ਦੇ ਚਿਹਰੇ ਤੇ ਆਤਮ-ਵਿਸ਼ਵਾਸ ਦਾ ਜਲੌਅ ਦਿਖਾਈ ਦਿੰਦਾ ਹੈ।
ਅੱਜ ਫੇਰ ਤੇਰੀ ਬੀਬੀ ਨੇ ਤੈਨੂੰ ਘਰੇ ਰਹਿਣ ਨੂੰ ਜੀ ਆਖਿਆ?
ਅਧਿਆਪਕ ਦਾ ਜੀਅ ਕਰਦਾ ਹੈ ਕਿ ਕੁੜੀ ਨੂੰ ਛੁੱਟੀ ਦੇ ਦੇਵੇ।
ਨਾ ਜੀ ਅੱਜ ਤਾਂ ਬੀਬੀ ਬਾਪੂ ਨੂੰ ਕਹੀ ਜਾਂਦੀ ਸੀ ਜੇ ਮੈਂ ਮਰ ਵੀ ਗਈ ਤਾਂ ਸ਼ਿੰਦਰ ਨੂੰ ਪੜ੍ਹਨੋਂ ਨਾ ਹਟਾਈ !
ਜਮਾਤ ਵਿਚ ਚਾਲੀ-ਪੰਜਾਹ ਬੱਚਿਆਂ ਦੇ ਸ਼ੋਰ ਦੇ ਬਾਵਜੂਦ ਅਧਿਆਪਕ ਦੇ ਅੰਦਰ ਇੱਕ ਚੁੱਪ ਪੱਸਰ ਜਾਂਦੀ ਹੈ। ਸੁੰਨ ਜਿਹਾ ਹੋਇਆ ਉਹ ਕੁੜੀ ਦੇ ਮੂੰਹ ਵੱਲ ਵੇਖਦਾ ਹੈ। ਕਿੰਨੇ ਹੀ ਨਿੱਕੇ-ਨਿੱਕੇ ਈਸਾ ਸੂਲੀ ਤੇ ਲਟਕ ਰਹੇ ਹਨ!
“ਕੀ ਏ ਬਈ?” ਬਾਹਰ ਵੱਡੇ ਗੇਟ ਤੇ ਖੜੀ ਸੇਲਜ਼ ਗਰਲ ਨੂੰ ਮੈਂ ਰਸੋਈ ਦੀ ਜਾਲੀ ਵਾਲੀ ਖਿੜਕੀ ‘ਚੋਂ ਬਾਹਰ ਝਾਕਦਿਆਂ ਪੁੱਛਿਆ।
“ਮੈਡਮ! ਮੇਰੇ ਕੋਲ ਕੁਝ ਸਾਮਾਨ ਹੈ। ਜ਼ਰਾ ਬਾਹਰ ਆ ਕੇ ਵੇਖ ਲਓ।’’ ਮੈਨੂੰ ਆਵਾਜ਼ ਕੁਝ ਜਾਣੀ-ਪਛਾਣੀ ਜਿਹੀ ਲੱਗੀ।
ਗੈਸ ਬੰਦ ਕਰ ਮੈਂ ਝੱਟ ਬੂਹਾ ਖੋਲ ਕੇ ਬਾਹਰ ਗੇਟ ਕੋਲ ਪੁੱਜ ਗਈ।
ਹੈ! ਸ਼ੰਮੀ ਤੂੰ ਇਹ ਕੀ ? ਆਪਣੇ ਕਾਲਜ ਦੀ ਹੁਸੀਨ ਤੇ ਚੰਚਲ ਦੋਸਤ ਨੂੰ ਬਿਖ਼ਰੀ ਜਿਹੀ ਹਾਲਤ ਵਿਚ ਵੇਖ ਮੈਂ ਹੈਰਾਨ ਪ੍ਰੇਸ਼ਾਨ ਹੋ ਰਹੀ ਸੀ। ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੀ, ਮੈਂ ਉਸ ਦਾ ਹੱਥ ਫੜ ਉਸ ਨੂੰ ਅੰਦਰ ਲੈ ਆਈ।
ਰੀਨਾ! ਦੋ ਕੱਪ ਚਾਹ ਬਣਾਈ। ਆਪਣੀ ਛੋਟੀ ਨਨਾਣ ਨੂੰ ਕਹਿ ਮੈਂ ਉਸ ਨਾਲ ਸੋਫੇ ਤੇ ਹੀ ਬੈਠ ਗਈ।
ਗੱਲ ਸੁਣ! ਤੇਰਾ ਤਾਂ ਕੁਝ ਮਹੀਨੇ ਪਹਿਲਾਂ ਕਿਸੇ ਅਮੀਰ ਮੁੰਡੇ ਨਾਲ ਵਿਆਹ ਹੋ ਗਿਆ ਸੀ ਤੇ ਇਹ ਕੀ? ਮੇਰੀ ਹੈਰਾਨੀ, ਮੇਰੀ ਸਮਝ ਤੇ ਹਾਵੀ ਹੋ ਰਹੀ ਸੀ।
“ਉਹ ਧੋਖੇਬਾਜ਼ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਸੀ।’’ ਮਸਾਂ ਹੀ ਬੋਲ ਸਕੀ ਉਹ।
“ਹੈਂ ਫਿਰ ਕੀ ਹੋਇਆ?”
“ਹੋਣਾ ਕੀ ਸੀ। ਉਸ ਦੀ ਪਹਿਲੀ ਬੀਵੀ ਆਪਣੇ ਜ਼ੋਰੇ-ਹੱਕ ਨਾਲ ਲੈ ਗਈ ਉਸ ਨੂੰ ।”
“ਤੇ ਤੂੰ ਉਸ ਤੇ ਧੋਖਾ-ਦੇਹੀ ਦਾ ਕੇਸ ਕਰ ਦੇਣਾ ਸੀ।” ਮੈਂ ਆਪਣੇ ਇਨਕਲਾਬੀ ਵਿਚਾਰਾਂ ਦਾ ਇਜ਼ਹਾਰ ਕਰਦਿਆਂ ਕਿਹਾ।
‘‘ਕੇਸ?” ਇਕ ਵਿਅੰਗਾਤਮਕ ਜਿਹਾ ਹਾਸਾ ਉਸ ਦੇ ਚਿਹਰੇ ਤੇ ਖਿਲਰ ਗਿਆ।
ਉਸ ਲਈ ਪੈਸਾ ਕਿਥੋਂ ਲਿਆਉਂਦੀ? ਮਾਂ-ਬਾਪ ਦੀ ਗਰੀਬੀ ਨੇ ਹੀ ਤਾਂ ਮੇਰੇ ਅਜਿਹੇ ਨਸੀਬ ਘੜੇ ਸੀ। ਆਪਣੇ ਵਧੇ ਪੇਟ ਵੱਲ ਵੇਖਦਿਆਂ ਉਸ ਦੇ ਰੋਕ-ਰੋਕ ਰੱਖੇ ਹੰਝੂ ਉਸ ਦੀਆਂ ਪੀਲੀਆਂ ਭੂਕ ਗੱਲਾਂ ‘ਤੇ ਰੁੜ੍ਹਨ ਲਈ ਮਜ਼ਬੂਰ ਹੋ ਗਏ।
ਕਮੇਟੀ ਵਲੋਂ ਆਏ ਹਾਊਸ ਟੈਕਸ ਤੇ ਨਜ਼ਰਾਂ ਟਿਕਾਈ ਕਦੇ ਤਾਂ ਉਹ ਆਪਣੇ ਛੋਟੇ ਜਿਹੇ ਘਰ ਬਾਰੇ ਸੋਚਦਾ ਤੇ ਕਦੇ ਟੈਕਸ ਦੀ ਰਕਮ ਦੇ ਅੱਖਰਾਂ ਵੱਲ ਹੈਂਅ ਕੀ ਭੋਰਾ ਕੁ ਥਾਂ ਤੇ ਟੈਕਸ ਲਾ ਤਾ, ਲਾਉਣਾ ਈ ਆ ਤਾਂ ਵੱਡੀਆਂ ਕੋਠੀਆਂ ਵਾਲਿਆਂ ਨੂੰ ਲਾਉਣ- ਸਹੁਰੀ ਦੋਗਲੀ ਨੀਤੀ ਕਹਿੰਦੇ ਕੁਸ਼ ਆ ਕਰਦੇ ਕੁਸ਼ ਆ।
ਨੋਟਿਸ ਤੇ ਲਿਖੀ ਨਿਸਚਿਤ ਮਿਤੀ ਨੂੰ ਉਹ ਆਪਣਾ ਲਿਖਤੀ ਇਤਰਾਜ਼ ਲੈ ਕਮੇਟੀ ਦਫ਼ਤਰ ਗਿਆ। ਲੰਮੀ ਸਾਰੀ ਲਾਈਨ ਵੇਖ ਉਹਨੂੰ ਵੰਨ ਥਰਡ ਦੀ ਥਾਂ ਪੂਰੇ ਦਿਨ ਦੀ ਛੁੱਟੀ ਸਕੂਲੋਂ ਲੈਣ ਦਾ ਖਿਆਲ ਐਵੇਂ ਹੀ ਆਇਆ। ਚਲੋ ਕੰਮ ਬਣ ਜੇ ਛੁਟੀ ਦਾ ਕੀ ਏ। ਸੋਚਦੇ ਉਹਨੂੰ ਵਾਜ ਪਈ ਤਾਂ ਕਮੇਟੀ ਅਫ਼ਸਰ ਦੇ ਰੂ-ਬ-ਰੂ ਹੁੰਦੇ ਆਪਣੀ ਭਰਾਵਾਂ ਦੀ ਸਾਂਝੀ ਥਾਂ ਨੂੰ ਲੱਗੇ ਟੈਕਸ ਦੀ ਗੱਲ ਤੋਰੀ- ਸਾਂਝੀ ਥਾਂ ਜਿਸ ਵਿਚ ਉਹ ਕਈ ਸਾਲਾਂ ਤੋਂ ਰਹਿੰਦੇ ਆ ਰਹੇ ਸਨ। ਚਿਰਾਂ ਤੋਂ ਵਿਹੜਾ ਸਾਂਝਾ ਸੀ। ਕਿਸੇ ਨੇ ਲੋੜ ਹੀ ਨਹੀਂ ਸੀ ਸਮਝੀ ਵਿਚਾਲੇ ਕੰਧ ਦੀ। ਸਾਂਝੇ ਵਿਹੜੇ ਦੀ ਗੱਲ ਸੁਣਕੇ ਅਫਸਰ ਦੇ ਬੋਲ
“ਮਾਸਟਰ ਜੀ ਸਾਡੇ ਰਿਕਾਰਡ ਵਿਚ ਤਾਂ ਰਕਬਾ ਕੱਠਾ ਹੀ ਐ- ਹਾਂ ਜੇ ਵਿਚਾਲੇ ਕੰਧ ਕਰ ਲਵੋ ਤਾਂ ਰਕਬਾ ਅੱਡ ਅੱਡ ਆਊਗਾ- ਨਾਲੇ ਅਸੀਂ ਚੁਬਾਰੇ ਆਲੇ ਨੂੰ ਟੈਕਸ ਲਾਉਣਾ ਏ ਥਾਂ ਭਾਵੇਂ ਥੋੜੀ ਹੋਵੇ ਭਾਵੇਂ ਬਹੁਤੀ।”
‘‘ਪਰ ਇਹ ਨਿਆਂ ਤਾਂ ਨਹੀਂ ਨਾ ਮਾਲਕੋ ”
‘‘ਭਾਵੇਂ ਕੁਝ ਸਮਝ ਲਵੋ ਉਪਰੋਂ ਹੁਕਮ ਏਵੇਂ ਹੀ ਆਏ ਨੇ ਜਨਾਬ ”
“ਅੱਛਾ।” ਉਦਾਸੀ ਜਿਹੀ ਸੋਚ ਵਿਚ ਕੰਧਾਂ ਚੁਬਾਰਾ ਟੈਕਸ ਲੋਕ ਰਾਜ ਦੇ ਅਖੌਤੀ ਚਿਹਰੇ ਸਾਹਮਣੇ ਫਿਰਨ ਲੱਗੇ।
ਸਾਂਝ
ਵਿਦੇਸ਼ ਤੋਂ ਕਈ ਸਾਲਾਂ ਬਾਅਦ ਕਮਾਈ ਕਰਕੇ ਮੁੜੇ ਸੁੱਚਾ ਸਿੰਘ ਨੂੰ ਪਿੰਡ ਨਾਲੋਂ ਜਿਆਦਾ ਆਪਣੇ ਆਪ ਵਿਚ ਆਈ ਤਬਦੀਲੀ ਦਾ ਅਹਿਸਾਸ ਹੋ ਰਿਹਾ ਸੀ। ਏਨਾ ਅਰਸਾ ਮਾਂਬਾਪ ਤੇ ਸਕੇ ਸੰਬੰਧੀਆਂ ਤੋਂ ਦੂਰ ਰਹਿਣ ਨਾਲ ਉਸ ਦਾ ਉਨ੍ਹਾਂ ਪ੍ਰਤੀ ਮੋਹ ਕਈ ਗੁਣਾ ਵਧ ਗਿਆ ਸੀ। ਸੀਰੀ ਰੱਖੇ ਭੱਈਏ ਜਿਸ ਨੂੰ ਹਰ ਗੱਲ ‘ਤੇ ਝਿੜਕ ਦਿਆ ਕਰਦਾ ਸੀ ਅਤੇ ਥੋੜ੍ਹਾ ਬਹੁਤਾ ਵੀ ਗਲਤ ਕੰਮ ਕਰਨ ਤੇ ਚਾਰ ਲਾ ਵੀ ਦਿੰਦਾ ਸੀ, ਨਾਲ ਵਿਸ਼ੇਸ਼ ਤੌਰ ਤੇ ਮੋਹ ਜਾਗ ਪਿਆ ਸੀ।
ਕੱਲ ਦੇਸੀ ਘਿਉ ਨਾਲ ਭਰੀ ਪੀਪੀ ਠੇਡਾ ਵੱਜਣ ਨਾਲ ਭੱਈਏ ਹੱਥੋਂ ਛੁੱਟ ਕੇ ਦੂਰ ਜਾ ਡਿੱਗੀ ਸੀ ਅਤੇ ਸਾਰਾ ਘਿਉ ਜਮੀਨ ਤੇ ਢੇਰੀ ਹੋ ਗਿਆ ਸੀ। ਕੋਲ ਹੀ ਫਿਰਦੇ ਸੁੱਚਾ ਸਿੰਘਦੇ ਭਰਾ ਨੇ ਪੀਪੀ ਵਿਚਲਾ ਘਿਉ ਧਰਤੀ ਤੇ ਡੁੱਲਿਆ ਵੇਖ ਕੇ ਗਾਲਾਂ ਦੀ ਝੜੀ ਲਾ ਦਿੱਤੀ ਤੇ ਕੋਲ ਹੀ ਪਏ ਡੰਡੇ ਨੂੰ ਚੁੱਕ ਕੇ ਗੁੱਸੇ ਨਾਲ ਲਾਲ ਹੋਇਆ ਭਈਏ ਨੂੰ ਕੁੱਟਣ ਆਇਆ ਤਾਂ ਵਰਾਂਡੇ ਵਿਚ ਪੱਖੇ ਥੱਲੇ ਬੈਠੇ ਸੁੱਚਾ ਸਿੰਘ ਨੇ ਭਰਾ ਨੂੰ ਵਰਜਿਆ ਤੇ ਭੱਜ ਕੇ ਆ ਕੇ ਭੱਈਏ ਨੂੰ ਜੱਫੀ ਵਿਚ ਲੈ ਲਿਆ।
ਕਮਲਿਆ! ਤੂੰ ਕੀ ਜਾਣੇ ਇਹਦੇ ਦੁੱਖਾਂ ਨੂੰ? ਮੈਨੂੰ ਪੁੱਛ ਕੇ ਵੇਖ ਦੇਸ਼ਾਂ ਵਿਚ ਕਿਵੇ ‘ਦਿਨ ਕਟੀਆਂ ਕਰੀਦੀਆਂ ਨੇ। ਕਹਿ ਕੇ ਉਸ ਨੇ ਧਾਹ ਹੀ ਤਾਂ ਮਾਰ ਦਿੱਤੀ ਸੀ।
ਰੇਲਵੇ ਸਟੇਸ਼ਨ ਦੇ ਪਲੇਟ-ਫਾਰਮ ਦੇ ਇੱਕ ਬੈਂਚ ਤੇ ਬੈਠੇ ਤਿੰਨ ਨੌਜਵਾਨ ਗੱਡੀ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੇ ਸਾਹਮਣਿਓਂ ਇੱਕ ਅਜੀਬ ਕਿਸਮ ਦਾ ਵਿਅਕਤੀ ਲੰਘਿਆ। ਜਿਸ ਦਾ ਪਹਿਰਾਵਾ ਧਾਰਮਿਕ ਸੀ। ਉਸ ਦਾ ਉੱਚਾ ਲੰਮਾ ਕੱਦ, ਮੋਟਾ ਡਾਹਢਾ ਸਰੀਰ, ਸਰੀਰ ਉਪਰ ਵੱਡਾ ਉੱਚਾ ਪੱਗੜ, ਪੱਗੜ ਉਪਰ ਲੋਹੇ ਦੇ ਚੱਕ, ਲੋਹੇ ਦੀਆਂ ਜੰਜੀਰਾਂ, ਪਾਈਆਂ ਹੋਈਆਂ ਸਨ। ਗਲ ਵਿਚ ਅਨੇਕਾਂ ਲੋਹੇ ਦੇ ਅਸਤਰ ਸ਼ਸ਼ਤਰ, ਹੱਥਾਂ ਵਿਚ ਦੋ ਤਲਵਾਰਾਂ, ਇੱਕ ਛੋਟੀ ਤੇ ਇੱਕ ਵੱਡੀ। ਪਿੱਠ ਪਿੱਛੇ ਲੋਹੇ ਦੀ ਢਾਲ, ਪਿੰਜਣੀਆਂ ਉਪਰ ਪਟੇ ਚਾੜ੍ਹ ਰੱਖੇ ਸਨ। ਇੱਕ ਹੱਥ ਪਾਣੀ ਪੀਣ ਲਈ ਲੋਹੇ ਦਾ ਗਢਵਾ, ਗਲ ਵਿਚ ਲੋਹੇ ਦੇ ਮਣਕਿਆਂ ਵਾਲੀਆਂ ਅਨੇਕਾਂ ਮਾਲਾਵਾਂ, ਅੱਖਾਂ ਉਪਰ ਕਾਲੀਆਂ ਐਨਕਾਂ, ਫੌਜੀਆਂ ਵਾਂਗ ਪਰੇਡ ਕਰਦਾ ਉਹ ਜਾ ਰਿਹਾ ਸੀ।
ਤਿੰਨਾਂ ਵਿੱਚੋਂ ਇੱਕ ਨੌਜਵਾਨ ਨੇ ਸਵਾਲੀਆ ਲਹਿਜੇ ਵਿੱਚ ਪੁੱਛਿਆ, ਇਸ ਵਿਅਕਤੀ ਸਬੰਧੀ ਤੁਹਾਡੀ ਕੀ ਰਾਏ ਹੈ?
ਇਹ ਤਾਂ ਧਾਰਮਿਕ ਵਿਅਕਤੀ ਹੈ। ਆਪਣੇ ਇਸ਼ਟ ਵਿੱਚ ਪੱਕਾ, ਰੱਬ ਦਾ ਪੁਜਾਰੀ, ਦਿੜ ਸੰਕਲਪੀ. ਸਾਧ ਬਿਰਤੀ ਵਾਲਾ, ਫੱਕਰ, ਨਿਰਪੱਖ, ਨਿਰਲੇਪ, ਸਾਦਾ ਗਰੀਬ, ਆਪਣੀ ਧੁਨ ਵਿਚ ਪੱਕਾ ਮਹਾਂ ਯਾਤਰੀ।` ਇੱਕ ਨੋਜਵਾਨ ਦਾ ਉੱਤਰ ਸੀ।
ਪਰ ਪਰ ਮੇਰਾ ਖ਼ਿਆਲ ਹੈ ਦੂਜਾ ਨੌਜਵਾਨ ਬੋਲਿਆ, ਅਜਿਹੇ ਵਿਅਕਤੀ ਕੰਮ-ਚੋਰ, ਵਿਹਲੇ ਰਹਿਕੇ ਖਾਣ ਵਾਲੇ, ਪਲਾਇਣਵਾਦੀ ਹੁੰਦੇ ਹਨ। ਰੱਬ ਦੀਆਂ ਦਿੱਤੀਆਂ ਖਾਣ ਵਾਲੇ, ਵਿਹਲੀ, ਭਰਮੀ, ਨਸ਼ੀਲੇ ਪਦਾਰਥਾਂ ਦੇ ਸ਼ੌਕੀਣ, ਜਿਹੜੇ ਧਾਰਮਿਕ ਪਹਿਰਾਵੇ ਸਦਕੇ ਆਪਣਾ ਹਲਵਾ ਮੰਡਾ ਚਲਾਉਂਦੇ ਹਨ। ਅਜਿਹੇ ਵਿਅਕਤੀ ਧਰਤੀ ਤੇ ਭਾਰ ਹਨ। ਜਿੰਨ੍ਹਾਂ ਨੇ ਕਦੇ ਨਾ ਸਮਾਜ ਦਾ, ਨਾ ਦੇਸ਼ ਕੌਮ ਦਾ ਭਲਾ ਕੀਤਾ ਹੁੰਦਾ ਹੈ।
ਤੀਜਾ ਵਿਅਕਤੀ ਜੋ ਅਜੇ ਤੱਕ ਚੁੱਪ ਸੀ, ਮੁਸਕਰਾ ਕੇ ਕਹਿਣ ਲੱਗਾ, ਦੋਸਤੋ ਮੈਨੂੰ ਤਾਂ ਇੰਝ ਲੱਗਦੈ, ਅਜਿਹੇ ਬੰਦਿਆਂ ਨੂੰ ਧਰਮ ਰਾਜ ਨੇ ਸਜ਼ਾ ਦਿੱਤੀ ਹੋਈ ਹੈ। ਜਿੰਨ੍ਹਾਂ ਨੇ ਆਪਣੇ ਪਿਛਲੇ ਜਨਮ ਵਿਚ, ਭਰੂਣ ਹੱਤਿਆ ਕਰਵਾਈ ਸੀ ਖੇਤਾਂ ਵਿੱਚੋਂ ਹਰੇ ਦਰਖਤ ਕਟਵਾਏ ਸਨ, ਪਿੰਡਾਂ ਦੇ ਟੋਭੇ ਬੰਦ ਕਰਵਾਏ, ਉਨ੍ਹਾਂ ਨੂੰ ਇਸ ਜਨਮ ਵਿਚ ਹਰ ਸਮੇਂ ਪੰਜ ਕਿੱਲੋ ਸਿਰ ਤੇ , ਦਸ ਕਿੱਲੋ ਪਿੱਠ ਤੇ, ਸੱਤ ਕਿੱਲੋ ਹੱਥਾਂ ਵਿਚ ਅਤੇ ਲੱਕ ਦੁਆਲੇ ਚਾਰ ਕਿੱਲੋ ਭਾਰ ਉਠਾਈ ਰੱਖਣਗੇ। ਇਹੋ ਸਜ਼ਾ ਦਾ ਇਹ ਹੁਣ ਭੁਗਤਾਣ ਕਰ ਰਹੇ ਹਨ।
ਤਿੰਨਾਂ ਵਿੱਚੋਂ ਕੌਣ ਸਹੀ ਸੀ। ਸਮਝਣਾ ਮੁਸ਼ਕਲ ਸੀ। ਇਹ ਇੰਨ੍ਹਾਂ ਦੀ ਆਪਣੀ ਆਪਣੀ ਰਾਏ ਸੀ।
ਸੀਰੀ
ਕੁੜੇ ਬਸੰਤ ਕੁਰੇ, ਸੁਣਿਐ ਕੁੱਛ? ਆਹ ਤਾਂ ਰੱਬ ਨੇ ਲੋਹੜਾ ਈ ਮਾਰਿਆ। ਅੰਦਰ ਵੜਦੀ ਗੁਆਂਢਣ ਨੇ ਗੱਲ ਸ਼ੁਰੂ ਕਰਦਿਆਂ ਕਿਹਾ।
ਕੀ ਹੋਇਆ ਭੈਣੇ?
ਬਸੰਤ ਕੌਰ ਦੇ ਗੱਲ ਸਮਝ ਨਾ ਆਈ ਤੇ ਉਸਨੇ ਅੱਗੋਂ ਜਾਨਣਾ ਚਾਹਿਆ।
ਹੋਣਾ ਕੀ ਸੀ, ਸਰਪੰਚ ਨੇ ਵੀਰੂ ਸਾਂਝੀ ਦੇ ਮੁੰਡੇ ਨੂੰ ਨਰਮੇ ਤੇ ਸਪਰੇ ਕਰਨ ਲਾਇਆ ਸੀ। ਉਸਨੂੰ ਦਵਾਈ ਚੜ੍ਹ ਗਈ ਤੇ ਉੱਥੇ ਹੀ ਬੇਹੋਸ਼ ਹੋ ਗਿਆ।
ਹਾਇ! ਹਾਇ! ਫੇਰ ਕੀ ਹੋਇਆ?
ਸਰਪੰਚ ਮੁੰਡੇ ਨੂੰ ਟਰਾਲੀ ‘ਚ ਪਾ ਕੇ ਸ਼ਹਿਰ ਲੈ ਗਿਆ। ਪਰ ਉਹ ਤਾਂ ਵਿਚਾਰਾ ਰਾਹ ਚ ਈ ਪੂਰਾ ਹੋ ਗਿਆ।
ਗੁਆਂਢਣ ਨੇ ਦਰਦ ਭਰੇ ਮਨ ਨਾਲ ਦੱਸਦਿਆਂ ਤੇ ਹਮਦਰਦੀ ਜਤਾਉਂਦਿਆਂ ਕਿਹਾ,
ਵਿਚਾਰੇ ਗਰੀਬ ਨਾਲ ਤਾਂ ਬਹੁਤਾ ਈ ਧੱਕਾ ਹੋਇਆ। ਕੱਲਾ ਕੱਲਾ ਜਵਾਕ ਸੀ ਵੀਰੁ ਦੇ।
ਤਾਂ ਈ ਤਾਂ ਮੈਂ ਨੀ ਅਪਣੇ ਗੁਰਿੰਦਰ ਨੂੰ ਸਪਰੇ ਤੇ ਲੱਗਣ ਦਿੰਦੀ, ਭਾਵੇਂ ਇਹਦਾ ਬਾਪੂ ਕਈ ਵਾਰ ਕਹਿੰਦਾ ਵੀ ਹੁੰਦਾ। ਮੈਂ ਖਹਿੜੇ ਪੈ ਜਾਂਦੀ ਆਂ ਬਈ ਭਈਏ ਥੋੜੇ ਨੇ ਸਪਰੇਆਂ ਨੂੰ। ਰੱਬ ਨਾ ਕਰੇ, ਜੇ ਮੈਂ ਚੰਗੀ ਮਾੜੀ ਹੋ ਜੇ। ਨਾਲੇ ਪੁੱਤ ਕਿਹੜਾ ਲੱਖੀ ਹਜ਼ਾਰੀ ਮਿਲਦੇ ਨੇ
ਬਸੰਤ ਕੌਰ ਨੇ ਆਪਣਾ ਪੱਖ ਦਰਸਾਉਂਦਿਆਂ ਕਿਹਾ।
ਇਨ੍ਹਾਂ ਦੋਹਾਂ ਦੀਆਂ ਗੱਲਾਂ ਸੁਣ ਵਿਹੜੇ ਵਾਲੀ ਕਰਮੋ ਗੋਹਾ ਕੂੜਾ ਕਰਨੋਂ ਰੁਕ ਗਈ। ਉਸਦੀਆਂ ਅੱਖਾਂ ਵਿੱਚੋਂ ਛਮ ਛਮ ਹੰਝੂ ਚੋਣ ਲੱਗੇ। ਕਈ ਸਾਲ ਪਹਿਲਾਂ ਦੀ ਘਟਨਾ ਫਿਰ ਤਾਜ਼ਾ ਹੋ ਗਈ। ਉਸਦਾ ਇਕਲੌਤਾ ਪੁੱਤਰ ਵੀ ਇੰਝ ਹੀ ਅਜਾਈਂ ਮੌਤ ਦੇ ਮੂੰਹ ਜਾ ਪਿਆ ਸੀ। ਘੱਟ ਕੇ ਕਲੇਜਾ ਫੜੀ ਕਰਮੋਂ, ਬਸੰਤ ਕੌਰ ਦੀਆਂ ਗੱਲਾਂ ਸੁਣ ਤੜਪ ਉੱਠੀ। ਉਸਦਾ ਰੋਹ ਆਪ ਮੁਹਾਰੇ ਫੁੱਟ ਪਿਆ
ਜਿਹੜਾ ਮਰ ਗਿਆ, ਉਹ ਕਿਹੜਾ ਕਿਸੇ ਮਾਂ ਦਾ ਪੁੱਤ ਸੀ, ਸੀਰੀ ਈ ਸੀ ਨਾ।
ਸ਼ਾਮ ਦੀ ਰੋਟੀ ਸਾਰਾ ਪਰਿਵਾਰ ਰਸੋਈ ਦੇ ਸਾਹਮਣੇ ਵੱਡੇ ਕਮਰੇ ਵਿਚ ਬੈਠ ਕੇ ਖਾਂਦਾ ਹੈ ਜਿੱਥੇ ਟੀ.ਵੀ. ਰੱਖਿਆ ਹੋਇਆ ਹੈ। ਨੂੰਹ ਤੇ ਪੁੱਤ ਆਪੋ ਆਪਣੇ ਦਫਤਰ ਤੋਂ ਆ ਕੇ ਅਰਾਮ ਕਰਨ ਲੱਗ ਜਾਂਦੇ ਹਨ। ਮਾਂ ਉਨ੍ਹਾਂ ਦੀ ਲੋੜ ਮੁਤਾਬਕ ਪਾਣੀ, ਚਾਹ ਕਦੇ ਦੁੱਧ ਗਰਮ ਕਰਦੀ ਹੈ। ਕਦੇ ਪੋਤਾ-ਪੋਤੀ ਆਪਣੀ ਪਸੰਦ ਦੀਆਂ ਚੀਜ਼ਾਂ ਬਣਵਾਉਂਦੇ ਹਨ। ਮਾਂ ਦਾ ਕੰਮ ਸਾਰਾ ਦਿਨ ਨਹੀਂ ਮੁੱਕਦਾ। ਨੌਕਰ ਰੱਖਣ ਦਾ ਰਿਵਾਜ ਇਸ ਘਰ ਵਿੱਚ ਸ਼ੁਰੂ ਤੋਂ ਹੀ ਨਹੀਂ ਹੈ।
ਸ਼ਨੀਵਾਰ ਨੂੰ ਸਾਰੇ ਜਾਣੇ ਦੇਰ ਰਾਤ ਤੱਕ ਟੀ.ਵੀ. ਤੇ ਚੱਲਦੀ ਫਿਲਮ ਦੇਖਦੇ ਰਹੇ ਇੱਕ ਮਾਂ ਤੋਂ ਸਿਵਾਏ। ਨੂੰਹ, ਰਸੋਈ ਚ ਗੇੜਾ ਜਿਹਾ ਮਾਰਦੀ ਫਿਰ ਟੀ.ਵੀ. ਅੱਗੇ ਆ ਬਹਿੰਦੀ।
ਮਾਂ ਨੇ ਇਕੱਲੀ ਨੇ ਹੀ ਰੋਟੀ ਬਣਾ ਕੇ ਸਭ ਨੂੰ ਖਵਾਈ। ਗਿਆਰਾਂ ਕੁ ਵਜੇ ਫਿਲਮ ਖਤਮ ਹੋਈ।
ਪਾਪਾ ਸੌਣ ਵਾਲੇ ਕਮਰੇ ਵੱਲ ਜਾਂਦਿਆਂ ਆਖਣ ਲੱਗੇ, “ਮੈਨੂੰ ਸਵੇਰੇ ਅੱਠ ਵਜੇ ਤੱਕ ਨਾ ਜਗਾਉਣਾ, ਐਤਵਾਰ ਦੀ ਛੁੱਟੀ ਹੈ, ਰੱਜ ਕੇ ਨੀਂਦ ਲਾਹਵਾਂਗੇ।”
ਨੂੰਹ ਤੇ ਪੁੱਤ ਵੀ ਛੁੱਟੀ ਵਾਲੇ ਦਿਨ ਲੇਟ ਉੱਠਣ ਦੀ ਗੱਲ ਕਰਕੇ ਸੌਣ ਚਲੇ ਗਏ। ਪੋਤਾ ਤੇ ਪੋਤੀ ਬੋਲੇ, “ਸਾਨੂੰ ਵੀ ਛੇਤੀ ਨਾ ਜਗਾਇਓ, ਅਸੀਂ ਕਿਹੜਾ ਕੱਲ ਸਕੂਲ ਜਾਣਾ? ?
ਸਭ ਦੀਆਂ ਗੱਲਾਂ ਸੁਣਦੀ ਮਾਂ ਅਜੇ ਵੀ ਕੰਮ ਵਿੱਚ ਮਸ਼ਰੂਫ ਸੀ ਰਸੋਈ ਵਿਚ ਭਾਂਡਿਆਂ ਦਾ ਢੇਰ ਪਿਆ ਸੀ। ਸੌਣ ਲਈ ਉਸਨੂੰ ਘੰਟਾ ਲੱਗ ਜਾਣਾ ਸੀ। ਤੜਕੇ ਵੀ ਸਾਰਿਆਂ ਤੋਂ ਪਹਿਲਾਂ ਉੱਠਕੇ ਉਸਨੇ ਹੀ ਚਾਹ ਬਨਾਉਣੀ ਸੀ। ਕੰਮ ਕਰਦੀ ਮਾਂ ਨੂੰ ਅਚਾਨਕ ਖਿਆਲ ਆਇਆ ਭਲਾ ਮੈਨੂੰ ਛੁੱਟੀ ਕਿਹੜੇ ਦਿਨ ਹੋਵੇਗੀ?
ਖ਼ਬਰ
ਗਰਮੀ ਦੇ ਸਤਾਏ ਤੇ ਦਿਨ ਭਰ ਦੀ ਹੱਡ ਭੰਨਵੀਂ ਮਿਹਨਤ ਦੇ ਬਕਾਏ ਮਜ਼ਦੂਰ ਝੁੱਗੀਆਂ ਦੇ ਸਾਹਮਣੇ ਤੂਤ ਦੇ ਕੋਲ ਬੈਠੇ ਬੀੜੀਆਂ ਪੀ ਕੇ ਸਰੀਰ ‘ਚ ਥੋੜ੍ਹੀ ਤਾਕਤ ਇਕੱਠੀ ਕਰਨ ਦਾ ਯਤਨ ਕਰ ਰਹੇ ਸਨ। ਬੱਚੇ ਥੋੜਾ ਹੱਟ ਕੇ ਹੀ `ਚ ਖੇਲ ਰਹੇ ਸਨ ਜਿਨ੍ਹਾਂ ਦੇ ਨੰਗੇ ਸਰੀਰ ਭੱਠੇ ਦੀ ਧੂੜ ਨਾਲ ਭਰੇ ਪਏ ਸਨ। ਔਰਤਾਂ ਥਕਾਵਟ ਦੇ ਬਾਵਜੂਦ ਵੀ ਰੋਟੀਆਂ ਪਕਾਉਣ ਦੇ ਆਹਰ `ਚ ਜੁੱਟੀਆਂ ਹੋਈਆਂ ਸਨ।
ਉਨ੍ਹਾਂ ਸੜਕ ਵੱਲੋਂ ਆਉਂਦੀ ਮੋਟਰ ਸਾਈਕਲ ਦੀ ਅਵਾਜ਼ ਸੁਣੀ। ਹਾਲੇ ਉਨ੍ਹਾਂ ਨੇ ਆਉਣ ਵਾਲੇ ਦੋ ਮੋਟਰ ਸਾਈਕਲਾਂ ਤੇ ਬੈਠੇ ਚਾਰ ਸਵਾਰਾਂ ਨੂੰ ਦੇਖਿਆ ਹੀ ਸੀ ਕਿ ਤੜਾਤੜ ਗੋਲੀਆਂ ਚੱਲਣ ਲੱਗ ਪਈਆਂ। ਸਕਿੰਟਾਂ ਵਿਚ ਮਜ਼ਦੂਰਾਂ ਦੇ ਖੂਨ ਦਾ ਛੱਪੜ ਲੱਗ ਗਿਆ, ਸਵਾਰ ਜਿਵੇ ਤੂਫਾਨ ਵਾਂਗੂ ਆਏ ਸਨ, ਧੂੰਏ ਦੇ ਬੱਦਲਾਂ ਵਾਂਗ ਅਲੋਪ ਹੋ ਗਏ।
“ਸਾਰਾ ਕੰਮ ਠੀਕ ਠਾਕ ਹੋਇਆ ਕਿ ਨਹੀਂ!” ਨੇਤਾ ਨੇ ਬਾਹਰੋਂ ਆਏ ਦੋ ਬੰਦਿਆਂ ਕੋਲੋਂ ਪੁੱਛਿਆ।
“ਹਾਂ ਸਾਹਬ! ਬਿਲਕੁਲ। ਸਾਡੇ ਵਾਰੇ ਕਿਸੇ ਨੂੰ ਪਤਾ ਨਹੀਂ ਲੱਗਿਆ। ਅਸੀਂ ਮੁੜਣ ਲਗਿਆਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਗਾਏ ਤੇ ਇਕ ਚਿੱਠੀ ਛੱਡ ਆਏ।” ਇਕ ਨੇ ਵੇਰਵਾ ਦੱਸਿਆ।
‘‘ਸਾਹਬ, ਆਉਂਦਿਆਂ ਅਖ਼ਬਾਰ ਦੇ ਦਫਤਰ ਫੋਨ ਵੀ ਕਰ ਦਿੱਤਾ ਕਿ ਕਾਤਲਾਂ ਦੀ ਜ਼ਿੰਮੇ ਵਾਰੀ ਆਪਣੇ ਸਿਰ ਲੈਂਦੇ ਹਾਂ।”
“ਸ਼ਾਬਾਸ਼! ਮੇਰੇ ਸ਼ੇਰੋ। ਹੁਣ ਦੇਖਿਓ ਡਰਦਿਆਂ ਭਈਆਂ ਯੂ.ਪੀ. ਨੂੰ ਨੱਠ ਜਾਣਾ। ਕਾਰਖਾਨਿਆਂ ਤੇ ਖੇਤਾਂ ਲਈ ਮਜ਼ਦੂਰ ਲੱਭਣੇ ਨਹੀਂ ਤੇ ਲੋਕਾਂ ਇਨ੍ਹਾਂ ਦੇ ਵਿਰੁੱਧ ਹੋ ਜਾਣਾ। ਅਸੀਂ ਇਸਨੂੰ ਚੋਣ ਮੁਦਾ ਬਣਾਵਾਂਗੇ ਤੇ ਅਗਲੀਆਂ ਚੋਣਾਂ ‘ਚ ਆਪਣੀ ਪਾਰਟੀ ਦੀ ਜਿੱਤ ਯਕੀਨੀ ਹੈ। ਮੈਂ ਮੰਤਰੀ ਤਾਂ ਬਣ ਹੀ ਜਾਣਾ ਹੈ, ਤੁਹਾਨੂੰ ਵੀ ਕਾਰਪੋਰੇਸ਼ਨਾਂ ਦੀਆਂ ਚੇਅਰਮੈਨੀਆਂ ਜ਼ਰੂਰ ਦਿਵਾਵਾਂਗਾ। ਮੈਂ ਤੁਹਾਡੀ ਵਫਾਦਾਰੀ ਦੀ ਤਾਰਫੀ ਮਹਾਂ ਮੰਤਰੀ ਕੋਲ ਕਰਾਂਗਾ।” ਸਾਬਕਾ ਮੰਤਰੀ ਆਪਣੀ ਚਾਲ ਦੀ ਕਾਮਯਾਬੀ ‘ਚ ਫੁੱਲਿਆ ਨਹੀਂ ਸੀ ਸਮਾਉਂਦਾ।
ਅਗਲੀ ਸਵੇਰ ਅਖ਼ਬਾਰ ਦੀ ਸੁਰਖੀ ਸੀ, ਅਤਿਵਾਦੀਆਂ ਇਕ ਭੱਠੇ ਦੇ ਮਜ਼ਦੂਰਾਂ ‘ਤੇ ਅੰਧਾਧੁੰਧ ਗੋਲੀਆਂ ਚਲਾ ਕੇ ਬਾਰਾਂ ਮਜ਼ਦੂਰਾਂ ਦੀ ਹੱਤਿਆ ਕਰ ਦਿੱਤੀ ਅਤੇ ਛੇ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ। ਇਸ ਘਟਨਾ ਦੀ ਜ਼ਿੰਮੇਵਾਰੀ ਕੇ.ਐਲ.ਐਫ. ਨੇ ਆਪਣੇ ਸਿਰ ਲਈ ਹੈ।
ਮੁੱਲ
ਗਰੀਬੂ ਦੀ ਮੌਤ ‘ਤੇ ਅਫਸੋਸ ਪ੍ਰਗਟਾਉਣ ਗਏ ਸਰਵਣ ਨੇ ਸੱਥਰ `ਤੇ ਬੈਠੇ ਆਪਣੇ ਭਤੀਜੇ ਨੂੰ ਹੌਲੀ ਜਿਹਾ ਕਿਹਾ, “ਸੁਣਿਐ ਸਰਕਾਰ ਹਾਦਸੇ ‘ਚ ਮਰਨ ਵਾਲਿਆਂ ਨੂੰ ਦੋ-ਦੋ ਲੱਖ ਰੁਪਏ ਦੇ ਰਹੀ ਐ। ਗਰੀਬੂ ਮਰ ਕੇ ਘਰਦਿਆਂ ਨੂੰ ਤਾਂ ਲਖਪਤੀ ਬਣਾ ਗਿਆ।”
“ਨਾ ਚਾਚਾ, ਦੋ ਲੱਖ ਤਾਂ ਹਵਾਈ ਹਾਦਸੇ ‘ਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮਿਲਣੇ ਐ। ਗਰੀਬੂ ਤਾਂ ਰੇਲ ਹਾਦਸੇ ‘ਚ ਮਰਿਐ।”
“ਫੇਰ ਤਾਂ ਪੱਚੀ ਹਜ਼ਾਰ ਈ ਮਿਲੂ। ਮੈਨੂੰ ਯਾਦ ਐ ਪਿਛਲੇ ਮਹੀਨੇ ਗੱਡੀ ‘ਚ ਮਰਨ ਵਾਲਿਆਂ ਨੂੰ ਸਰਕਾਰ ਨੇ ਪੱਚੀ-ਪੱਚੀ ਹਜ਼ਾਰ ਦਿੱਤੇ ਸੀ। ਚਲੋ ਪੱਚੀ ਹਜ਼ਾਰ ਨਾਲ ਮੁੰਡਾ ਕੋਈ ਕੰਮ ਕਰ ਚੁ।” ਸਰਵਣ ਨੇ ਤਸੱਲੀ ਜਿਹੀ ਪ੍ਰਗਟਾਉਂਦਿਆਂ ਕਿਹਾ।
“ਚਾਚਾ, ਇਨ੍ਹਾਂ ਨੂੰ ਤਾਂ ਪੰਜ ਹਜ਼ਾਰ ਈ ਮਿਲੂ। ਗਰੀਬੂ ਪਸੰਜਰ ਗੱਡੀ `ਚ ਮਰਿਐ। ਪੱਚੀ ਹਜ਼ਾਰ ਤਾਂ ਮੇਲ ਗੱਡੀ ’ਚ ਮਰਨ ਵਾਲਿਆਂ ਨੂੰ ਮਿਲੇ ਸੀ।” ਭਤੀਜੇ ਨੇ ਸਰਵਣ ਨੂੰ ਸਮਝਾਉਂਦਿਆਂ ਕਿਹਾ।
ਸੰਨੀ ਇਕ ਲਾਇਕ ਮਾਸਟਰ ਦਾ ਮੁੰਡਾ..ਪੜ੍ਹਾਈ ਵਿਚ ਬਹੁਤ ਹੀ ਹੁਸ਼ਿਆਰ ….ਤੀਸਰੀ ਜਮਾਤ ਤੱਕ ਉਹ ਸਕੂਲ ਵਿਚੋਂ ਅੱਵਲ ਆਉਂਦਾ ਰਿਹਾ। ਫਿਰ ਉਸ ਬਾਰੇ ਮੁਹੱਲੇ ਵਿਚ ਚਰਚਾ ਚਲੀ ਸੰਨੀ ਗੁਰ ਭਗਤ ਹੋ ਗਿਆ ਹੈ। ਸਵੇਰੇ ਸ਼ਾਮ ਆਪਣੇ ਪਿਉ ਨਾਲ ਧਾਰਮਿਕ ਸਥਾਨ ਤੇ ਜਾਣਾ..ਪਾਠ ਕਰਨਾ ਉਸੇ ਕਦੇ ਨਹੀਂ ਸੀ ਖੁੰਝਾਇਆ। ਖੇਡਣਾ ਕੁਦਣਾ ਬੰਦ। ਭਜਨ ਹੀ ਭਜਨ। ਪਾਠ ਹੀ ਪਾਠ।
ਫੇਰ ਸਾਲ ਬਾਅਦ ਸਾਰੇ ਮੁਹੱਲੇ ਵਿਚ ਚਰਚਾ ਛਿੜੀ। ਸੰਨੀ ਨਾਸਤਕ ਹੋ ਗਿਆ ਹੈ। ਪੂਜਾ ਪਾਠ ਭਜਨ ਬੰਦਗੀ ਪ੍ਰਸਿੱਧ ਧਾਰਮਿਕ ਸਥਾਨਾਂ ਦੀ ਸੇਵਾ, ਸਭ ਬੰਦ ਕਰ ਦਿੱਤੀਆਂ ਨੇ …ਆਪਣੇ ਪਿਉ ਨੂੰ ਵੀ ਇਸ ਰਸਤੇ ਤੋਂ ਰੋਕਣ ਲੱਗ ਪਿਆ ਹੈ। ਸਿਰਫ ਪੜ੍ਹਾਈ ਜਾਂ ਖੇਡਣ ਤੋਂ ਬਿਨਾਂ ਹੋਰ ਕੁਝ ਨਹੀਂ ਕਰਦਾ।
“ਸੰਨੀ ਕੀ ਗੱਲ ਬੇਟੇ ਅੱਜ ਕਲ ਬੜੀ ਪੜ੍ਹਾਈ ਕਰ ਰਿਹੈਂ? ਭਜਨ ਬੰਦਗੀ ਛੱਡ ਦਿੱਤੀ??? ਇਕ ਦਿਨ ਉਸਨੂੰ ਆਪਣੇ ਬੂਹੇ ਅੱਗਿਓਂ ਲੰਘਦੇ ਨੂੰ ਮੈਂ ਪੁੱਛਿਆ।
“ਅੰਕਲ ਮੇਰੇ ਡੈਡੀ ਨੇ ਕਿਹਾ ਸੀ ਕਿ ਜੇ ਪ੍ਰਮਾਤਮਾ ਦੀ ਸੱਚੇ ਦਿਲੋਂ ਭਜਨ ਬੰਦਗੀ ਕਰੋ ਗੁਰੂ ਘਰ ਦੀ ਸੇਵਾ ਕਰੋ ਤਾਂ ਗੁਰੂ ਘਰ `ਚੋਂ ਮੂੰਹ ਮੰਗੀਆਂ ਮੁਰਾਦਾਂ ਮਿਲਦੀਆਂ ਹਨ….
ਮੈਂ ਸਾਰਾ ਸਾਲ ਰੱਜ ਕੇ ਭਜਨ ਬੰਦਗੀ ਕੀਤੀ। ਗੁਰੂ ਘਰ ਦੀ ਸੇਵਾ ਕਰਕੇ ਪ੍ਰਮਾਤਮਾ ਤੋਂ ਮੰਗ ਕੀਤੀ ਕਿ ਮੈਂ ਪੰਜਵੀਂ ਵਿੱਚੋਂ ਫਸਟ ਆ ਜਾਵਾਂ ਪਰ ਹੋ ਗਿਆ ਫੇਲ….”
“ਅੱਛਾ…ਫੇਰ ਹੁਣ ਕੀ ਸਲਾਹ ਹੈ?”
“ਸਲਾਹ ਕੀ ਐ ਜਿਹੜਾ ਸਮਾਂ ਮੈਂ ਇਧਰ ਬਰਬਾਦ ਕੀਤਾ ਉਨਾਂ ਸਮਾਂ ਲਾ ਕੇ ਤਾਂ ਮੈਂ ਸਾਰੇ ਪੰਜਾਬ ਵਿੱਚੋਂ ਫਸਟ ਆ ਜਾਵਾਂਗਾ।”
ਕਾਫੀ ਭੀੜ ਹੋਣ ਕਾਰਨ ਬੁੱਢੇ ਕੋਲੋਂ ਸਾਈਕਲ ਨਾ ਸੰਭਾਲਿਆ ਗਿਆ। ਤੇ ਇੱਕ ਛੋਟੀ ਜਿਹੀ ਕੁੜੀ ਦੇ ਜਾ ਲੱਗਾ ਜੋ ਸ਼ਾਇਦ ਸਕੂਲੇ ਜਾ ਰਹੀ ਸੀ। ਭਾਵੇਂ ਸਾਈਕਲ ਜ਼ਿਆਦਾ ਨਹੀਂ ਲੱਗਾ ਸੀ, ਪਰ ਫਿਰ ਵੀ ਉਸ ਕੁੜੀ ਨੇ ਗੁੱਸੇ ਨਾਲ ਬੁੱਢੇ ਵੱਲ ਵੇਖਦੇ ਹੋਏ ਕਿਹਾ, “ਬਦਤਾਮੀਜ਼! ਦਿਸਦਾ ਨਹੀਂ ਤੈਨੂੰ, ਤਾਂ ਐਨਕਾਂ ਲਗਵਾ ਲੈ।” ਪਰ ਬੁੱਢਾ ਚੁੱਪਚਾਪ ਉਸ ਵੱਲ ਵੇਂਹਦਾ ਹੋਇਆ ਮੁਸਕਰਾ ਰਿਹਾ ਸੀ। ਇਕੱਠੇ ਹੋਏ ਲੋਕ ਕਹਿ ਰਹੇ ਸਨ, “ਕਿੱਡੀ ਬਦਮੀਜ਼ ਕੁੜੀ ਹੈ, ਰਤਾ ਨਹੀਂ ਛੋਟੇ ਵੱਡੇ ਦਾ ਕੋਈ ਲਿਹਾਜ਼ ਇਹਨੂੰ।” ਪਰ ਬੁੱਢਾ ਅਜੇ ਵੀ ਅਡੋਲ ਪਿਆ ਮੁਸਕਰਾ ਰਿਹਾ ਸੀ ਤੇ ਆਪ ਮੁਹਾਰੇ ਬੁੜਬੁੜਾ ਰਿਹਾ ਸੀ, “ਤੂੰ ਠੀਕ ਹੀ ਕਿਹਾ ਪੁੱਤ! ਮੇਰੀ ਆਪਣੀ ਪੋਤੀ ਵੀ ਤਾਂ ਅਕਸਰ ਏਦਾਂ ਕਹਿੰਦੀ ਰਹਿੰਦੀ ਏ ਮੈਨੂੰ!”