ਮੇਲੇ ਵਿਚ ਸੱਜੀਆਂ ਹੋਈਆਂ ਦੁਕਾਨਾਂ ਤੇ ਪਈਆਂ ਰੰਗ ਬਿਰੰਗੀਆਂ ਵੰਗਾਂ ਦੇਖ ਮਿੰਦੋ ਦਾ ਦਿਲ ਵੀ ਲਲਚਾ ਰਿਹਾ ਸੀ ਪਰ ਰੋਜ ਲੋਕ ਦੇ ਘਰਾਂ ਦਾ ਗੋਹਾ ਕੂੜਾ ਕਰਦਿਆਂ ਤੇ ਭਾਂਡੇ ਮਾਂਜਦੇਆ ,ਹੱਥਾਂ ਦੀ ਨਰਮੀ ਤਾਂ ਕਿਤੇ ਗੁਆਚ ਗਈ ਸੀ …ਪਰ ਦਿਲ ਦਾ ਚਾਅ ਅੱਜ ਜ਼ਿਆਦਾ ਹਾਵੀ ਹੋ ਗਿਆ ਸੀ ਤੇ ਮੈਲੀ ਜਿਹੀ ਲੀਰੋ ਲੀਰ ਹੋਈ ਚੁੰਨੀ ਦੇ ਇਕ ਲੱੜ ਨਾਲ ਬੰਨੇ ਦਸਾਂ ਦਸਾਂ ਦੇ ਕੁਝ ਨੋਟਾਂ ਚੋ ਦੋ ਨੋਟ ਕੱਢੇ ਤੇ ਦੋਵੇ ਹੱਥਾਂ ਵਿਚ ਥੋੜੀਆਂ ਥੋੜੀਆਂ ਚੂੜੀਆਂ ਪੁਆ ਲਈਆਂ ਤੇ ਚਾਅ ਨਾਲ ਛਣਕਾ ਕੇ ਦੇਖੀਆਂ ਤੇ ਦਿਲ ਖੁਸ਼ੀ ਨਾਲ ਨੱਚ ਉਠਿਆ ..
ਕਿੰਨੀਆ ਮਾਸੂਮ ਹੁੰਦੀਆਂ ਨੇ ਨਾ ਕੁਝ ਸੱਧਰਾਂ ,ਛੋਟੀ ਜਿਹੀ ਚੀਜ ਮਿਲੇ ਤੇ ਵੀ ਨੱਚ ਉਠਦੀਆਂ ਨੇ …..
ਤੁਰਦੀ ਜਾਂਦੀ ਦੇ ਹੱਥੀਂ ਪਾਈਆਂ ਵੰਗਾਂ ਦੀ ਛਣਕਾਰ ਜਦੋ ਕੰਨਾਂ ਚ ਪੈ ਰਹੀ ਸੀ ਤਾਂ ਮੰਨ ਕੀਤੇ ਦੂਰ ਉਡਾਰੀ ਮਾਰ ਗਿਆ ਤੇ ਬਚਪਨ ਚੇਤੇ ਆ ਗਿਆ ਜਦ ਨਾਨੀ ਨੇ ਇਸੇ ਤਰਾਂ ਮੇਲੇ ਚੋ ਚੂੜੀਆਂ ਖਰੀਦ ਕੇ ਦਿਤੀਆਂ ਸੀ ਤੇ ਦੋਨੋ ਨਿੱਕੇ ਨਿੱਕੇ ਹੱਥਾਂ ਵਿਚ ਪਈਆਂ ਵੰਗਾਂ ਛਣਕਾ ਛਣਕਾ ਸਾਰਿਆਂ ਨੂੰ ਦਿਖਾਂਦੀ ਫਿਰਦੀ ਸੀ ….ਹੁਣ ਨਾ ਤਾ ਨਾਨੀ ਰਹੀ ਸੀ ਤੇ ਨਾ ਹੀ ਮਾਂ ਜੋ ਉਸ ਦੀਆਂ ਰੀਝਾਂ ਪੂਰੀਆਂ ਕਰਦੀ…ਮਾਂ ਤਾਂ ਉਸ ਨੂੰ ਡੋਲੀ ਪਾਉਣ ਤੋਂ ਪਹਿਲਾਂ ਹੀ ਸਿਵਿਆਂ ਦੇ ਰਾਹ ਪੈ ਗਈ ਤੇ ਬਾਪ ਨੇ ਵੀ ਸਿਰੋਂ ਬੋਝ ਲਾਹੁਣ ਲਈ ਬਿਨਾ ਕੁਝ ਦੇਖੇ ਪੁੱਛੇ ਵਿਆਹ ਦਿਤਾ …
ਸਿਰੇ ਦਾ ਸ਼ਰਾਬੀ ਤੇ ਐਬੀ ਨਿਕਲਿਆ ਉਸ ਦਾ ਘਰਵਾਲਾ ਅਕਸਰ ਹੱਥ ਚੁੱਕਣ ਤੋਂ ਵੀ ਗੁਰੇਜ ਨਾ ਕਰਦਾ ….ਸੱਸ ਸਹੁਰੇ ਨੇ ਸੋਚਿਆ ਸੀ ਕਿ ਵਿਆਹ ਤੋਂ ਬਾਦ ਸੁਧਰ ਜਾਉ ਪਰ ਕੁਝ ਵੀ ਠੀਕ ਨਾ ਹੁੰਦਾ ਦੇਖ ਅੱਡ ਕਰਤਾ …ਕੰਮ ਕੋਈ ਕਰਦਾ ਨੀ ਸੀ ,ਉਲਟਾ ਮਿੰਦੋ ਜੋ ਵੀ ਘਰਾਂ ਚੋ ਕੰਮ ਕਰ ਕੇ ਕਮਾ ਕੇ ਲਿਆਉਂਦੀ ,ਕੁੱਟ ਮਾਰ ਕੇ ਖੋਹ ਲੈਂਦਾ ਤੇ ਸ਼ਰਾਬ ਚ ਉਡਾ ਦਿੰਦਾ …ਉਸ ਦੇ ਦਿਲ ਦੇ ਹਰ ਚਾਅ ਤੇ ਅਰਮਾਨ ਨੂੰ ਜਿਵੇ ਜੰਗਾਲ ਲਗ ਗਿਆ ਸੀ …..
ਆਪਣੇ ਘਰ ਵਾਲਾ ਮੋੜ ਮੁੜ ਕੇ ਘਰ ਦੇ ਸਾਹਮਣੇ ਪਹੁੰਚੀ ਤਾਂ ਘਰਵਾਲੇ ਨੂੰ ਘਰੇ ਦੇਖ ਚੁਪਚਾਪ ਵੰਗਾਂ ਨੂੰ ਚੁੰਨੀ ਨਾਲ ਲੁਕੋ ਅੰਦਰ ਰਸੋਈ ਵਿਚ ਜਾ ਵੜੀ ..ਕੁਝ ਦੇਰ ਪੀੜ੍ਹੀ ਤੇ ਬੈਠੀ ਆਪਣੀਆਂ ਵੰਗਾਂ ਨੂੰ ਛਣਕਾ ਛਣਕਾ ਦੇਖੀ ਜਾ ਰਹੀ ਸੀ ਤੇ ਖੁਸ਼ ਹੋ ਰਹੀ ਸੀ ਕਿਉਂਕਿ ਕੁਝ ਅਧੂਰੀਆਂ ਰੀਝਾਂ ਚੋ ਇਕ ਮਸੀ ਤਾਂ ਪੂਰੀ ਹੋਈ ਸੀ …”ਅੱਜ ਰੋਟੀ ਮਿਲਜੂ ਕੇ ਨਹੀਂ??” ਬਾਹਰ ਮੰਜੇ ਤੇ ਪਿਆ ਉਸ ਦਾ ਘਰਵਾਲਾ ਸ਼ਰਾਬ ਦੀ ਨਸ਼ੇ ਵਿਚ ਉੱਚੀ ਉੱਚੀ ਬੋਲ ਰਿਹਾ ਸੀ ….”ਬਣਾਉਣ ਲਗੀ ਆ ਬਸ ” ਏਨਾ ਕਹਿ ਉਹ ਛੇਤੀ ਛੇਤੀ ਖੁਦ ਨੂੰ ਸੰਭਾਲ ਰੋਟੀ ਟੁਕ ਕਰਨ ਲਗ ਪਈ ….”ਕੁੱਤੀ ਰੰਨ ,ਪਤਾ ਨੀ ਕਿਥੇ ਅਵਾਰਾਗਰਦੀ ਕਰਦੀ ਆਈ ਆ ???ਏਨਾ ਨੀ ਪਤਾ ਕਿ ਖਸਮ ਨੇ ਰੋਟੀ ਵੀ ਖਾਣੀ ਹੁੰਦੀ ਆ “ਇਹ ਵਾਕ ਮਿੰਦੋ ਦੇ ਕੰਨਾਂ ਨਾਲ ਟਕਰਾਏ ਪਰ ਗੁੱਸਾ ਬੇਬਸੀ ਬਣ ਅੱਖਾਂ ਚੋ ਵਹਿ ਤੁਰਿਆ ..ਇਹ ਤਾ ਰੋਜ ਦਾ ਹੀ ਕੰਮ ਹੋ ਗਿਆ ਸੀ …
ਤੜਾਕ ….ਘਰਵਾਲੇ ਵਲੋਂ ਉਸ ਦੀ ਖਬੀ ਗੱਲ ਤੇ ਮਾਰੀ ਚਪੇੜ ਨੇ ਉਸ ਨੂੰ ਸਿਧ ਮੁੰਧੇ ਮੂੰਹ ਤਵੇ ਤੇ ਸਿੱਟ ਦੇਣਾ ਸੀ ਜੇ ਖੁਦ ਨੂੰ ਨਾ ਸੰਭਾਲਦੀ ….”ਇਹ ਵੰਗਾਂ ਕਿਥੋਂ ਆਇਆ ??ਦੱਸ ਕਮਜਾਤੇ???ਕਿਹੜੇ ਯਾਰ ਨੂੰ ਦਿਖਾਲਦੀ ਆ ਆਹ ਹਾਰ ਸ਼ਿੰਗਾਰ,ਮੈਂ ਪੈਸੇ ਮੰਗਾਂ ਤਾ ਤੈਨੂੰ ਦੰਦਲਾਂ ਪੈ ਜਾਂਦੀਆਂ ???”
ਜਦੋ ਇਸ ਨਾਲ ਵੀ ਸਬਰ ਨਾ ਆਇਆ ਤਾਂ ਉਸ ਨੇ ਕੋਲ ਪਿਆ ਘੋਟਣਾ ਚੱਕਿਆ ਤੇ ਦੋਨੋ ਹੱਥਾਂ ਵਿਚ ਹੀ ਵੰਗਾਂ ਬੇਰਹਿਮੀ ਨਾਲ ਭੰਨ ਦਿਤੀਆਂ ,ਨਾਲ ਹੀ ਇਕ ਹੋਰ ਚਪੇੜ ਨੇ ਮਿੰਦੋ ਦੀਆ ਗੱਲਾਂ ਸੇਕ ਦਿਤੀਆਂ …ਥੱਪੜਾਂ ਤੇ ਮੁੱਕਿਅਾਂ ਦੀ ਬਰਸਾਤ ਜਿਹੀ ਹੋ ਗਈ ਉਸ ਤੇ ….ਕੁਝ ਦੇਰ ਮਗਰੋਂ, ਥੱਕ ਹਾਰ ਮੰਜੇ ਤੇ ਜਾ ਪਿਆ ਤੇ ਘਰ ਵਿਚ ਉਸ ਦੇ ਘੁਰਾੜਿਆਂ ਦੀ ਅਵਾਜ ਗੂੰਜਣ ਲਗ ਪਈ ….ਇਕ ਵਹਿਸ਼ੀ , ਖੁਦ ਨੂੰ ਮਰਦ ਹੋਣ ਦਾ ਭਰਮ ਪਾਲ ਆਰਾਮ ਨਾਲ ਸੋ ਰਿਹਾ ਸੀ ਤੇ ਇਕ ਮਜਲੂਮ ਔਰਤ ਹੋਕੇ ਭਰਦੀ ਹੋਈ ਟੂੱਟੀਆਂ ਹੋਇਆ ਵੰਗਾਂ ਦੇ ਰੂਪ ਚ ਜਿਵੇ ਆਪਣੀਆਂ ਖਿਲਰੀਆਂ ਹੋਈਆਂ ਸੱਧਰਾਂ ਦੇ ਟੁਕੜੇ ਇਕੱਠੇ ਕਰ ਰਹੀ ਸੀ ….ਜਿਨ੍ਹਾਂ ਵਿੱਚੋ ਕੁਝ ਵੀਣੀ ਵਿਚ ਖੂਬ ਗਏ ਸਨ ਪਰ ਜਖਮੀ ਤੇ ਲਹੂਲੁਹਾਣ ਅਸਲ ਵਿਚ ਉਸ ਦੀ ਰੂਹ ਹੋ ਗਈ ਸੀ …..
ਗੁਲਜਿੰਦਰ ਕੌਰ