ਇੱਕਲਤਾ

by Manpreet Singh

ਜ਼ਿੰਦਗੀ ਦੇ ਵਿੱਚ ਇੱਕ ਮੌਕਾ ਅਜਿਹਾ ਜ਼ਰੂਰ ਆਉਂਦਾ ਜਦੋਂ ਤੁਸੀਂ ਥਕਾਨ ਮਹਿਸੂਸ ਕਰਨ ਲੱਗਦੇ ਉ। ਜਵਾਨੀ ਤੁਹਾਨੂੰ ਬੀਤ ਗਏ ਵੇਲੇ ਦੀਆਂ ਗੱਲਾਂ ਲੱਗਦੀ ਏ ਤੇ c ਤੁਹਾਨੂੰ ਚੰਗੀ ਲੱਗਣ ਲੱਗ ਪੈਂਦੀ ਏ। ਦਿਲ ਕਰਦਾ ਕਿ ਸਭ ਛੱਡ ਦਿੱਤਾ ਜਾਵੇ ਤੇ ਇੱਕ ਲੰਬਾ ਸਾਹ ਲਿਆ ਜਾਵੇ…….
ਕਾਲਜ ਟੈਮ ਹਰੇਕ ਚਿਹਰੇ ਦੇ ਸਿਆਣੂ ਨੂੰ ਹੁਣ ਸਭ ਧੁੰਦਲਾ ਨਜ਼ਰੀ ਪੈਣ ਲੱਗਦਾ। ਉਹ ਟੈਮ….. ਜੋ ਕਦੇ ਕੈਦ ਨੀ ਹੋ ਸਕਿਆ। ਕਾਲਜ ਟੈਮ ਦੀਆਂ ਸ਼ਰਾਰਤਾਂ, ਦਲੇਰੀਆ ਤੇ ਗਲਤੀਆਂ ਸਭ ਇੱਕੋ ਲਖਤ ਚੇਤਿਆ ਵਿੱਚ ਘੁੰਮਣ ਲੱਗ ਪੈਂਦੀਆ ਨੇ। ਜਦੋਂ ਯਾਰੀਆਂ ਦੇ ਨਫੇ ਨੁਕਸਾਨ ਨਹੀਂ ਸਨ ਕੀਤੇ। ਚਾਹੇ ਹੁਣ ਕਨੇਡਾ ਦੇ ਡਾਲਰ ਜੇਬ ‘ਚ ਲਲਕਰੇ ਮਾਰਦੇ ਨੇ ਪਰ ਚਾਹ ਦੀ ਮੰਗ ਰੱਖਣ ਵਾਲੇ ਕਿਤੇ ਵੀ ਨਹੀਂ ਕੁਸਕਦੇ। ਬੇਗਲਾ, ਡੋਨਟਾ ਚੋਂ ਕਾਲਜ ਦੀ ਕੰਟੀਨ ਦੇ ਪਕਵਾਨਾਂ ਦਾ ਸੁਆਦ ਲੱਭਦੇ ਉ ਪਰ ਜੀਭ ਰੋਸਾ ਰੱਖਦੀ ਏ। ਪਾਣੀ ਵਰਗੇ ਸ਼ੀਸ਼ੇ ਚੋਂ ਬਾਹਰ ਤੱਕਦੇ ਉ……. ਬੱਗੇ ਜੇ ਮੁੰਡਿਆਂ ਦਾ ਇੱਕ ਝੁੰਡ…….. ਤੇ ਅੱਖਾਂ ਦੇ ਬੂਹੇ ਖੁੱਲ ਆਉਂਦੇ ਨੇ।
ਇੱਕ ਸਮਾਂ ਐਸਾ ਜ਼ਰੂਰ ਆਉਂਦਾ ਜਦੋਂ ਤੁਸੀ ਪਿੱਛੇ ਮੁੜਨਾ ਚਾਹੁੰਨੇ ਉ ਪਰ ਸਮਾਂ ਇਜ਼ਾਜਤ ਨਹੀਂ ਦਿੰਦਾ। ਜਿਵੇਂ ਉਦੋਂ ਬਾਪੂ ਨੇ ਨਹੀਂ ਦਿੱਤੀ ਸੀ, ਮੋਟਰਸੈਕਲ ਲੈਣ ਨੂੰ। ਉਹ ਰੋਸੇ ਅੱਜ ਤੁਹਾਡਾ ਹਾਸਾ ਬਣਦੇ ਨੇ ਤੇ ਬਾਪੂ ਦੀ ਹਰ ਰੀਝ ਪੂਰੀ ਕਰਨ ਦੇ ਖੁਆਬ ਬੁਣਦੇ ਉ, ਨਵੀਆਂ ਤੇ ਮਹਿੰਗੀਆਂ ਕਾਰਾਂ ਦੇ ਸੌਦੇ ਮਾਰਨ ਦੀ ਫੜ ਮਾਰਦੇ ਉ। ਅਗਲੇ ਪਲ ਯਾਦ ਆਉਂਦਾ ਏ ਕਿ ਬਾਪੂ ਨੇ ਟਰੈਕਟਰ ਨੀ ਬਦਲਿਆ, ਕਨੇਡਾ ਉਹਦੇ ਲਈ ਮੋਟਰ ਆਲੀ ਖੇਲ ਤੇ ਬਣੇ ਝੰਡੇ ਤੋਂ ਵਧ ਕੇ ਕੁੱਝ ਵੀ ਨਹੀਂ। “ਪੱਕੀ ਕਿ ਕੱਚੀ” ਪਹੀਆਂ ਤੇ ਪਾਥ ਵਾਕਾਂ ਵਿਚਲੀ ਚੋਣ ਤੁਹਾਨੂੰ ਉਲਝਾਈ ਰੱਖਦੀ ਏ। “ਪਿੰਡ ਕਿ ਕਨੇਡਾ” ਤੁਹਾਡਾ ਆਉਣ ਵਾਲਾ ਕੱਲ ਤੁਹਾਡੇ ਬੀਤ ਗਏ ਕੱਲ ਤੇ ਭਾਰੀ ਹੋਣ ਦੇ ਦਾਅਵੇ ਕਰਦਾ ਏ। ਤੁਸੀਂ ਇੱਕੋ ਸਾਹੇ ਬੀਤ ਗਏ ਕੱਲ ਨੂੰ ਗਲ ਨਾਲ ਲਾ ਲੈਨੇ ਉ, ਜਿਵੇਂ ਇਸ ਤੋਂ ਅਨਮੋਲ ਕੁੱਝ ਹੋ ਹੀ ਨਹੀਂ ਸਕਦਾ। ਤੁਹਾਡੇ ਦੋਸਤਾਂ ਦੇ ਮਿਹਣੇ ਸੋਚਾਂ ਦੀ ਵਿਰਲਾਂ ਥਾਣੀਂ ਤੁਹਾਨੂੰ ਅਗਾਂਹ ਵਧੂ ਹੋਣ ਦੀ ਫਿਰ ਨਸੀਹਤ ਦਿੰਦੇ ਨੇ…… ਪਰ…… ਪਰ ਤੁਸੀਂ ਪਿਛੋਕੜ ਦੀ ਉਂਗਲ ਨਹੀਂ ਛੱਡਦੇ। ਅਲਾਰਮ ਦੀ ਆਵਾਜ਼ ਬੇਬੇ ਦੇ ਹੋਕੇ ਅੱਗੇ ਕੰਨ ਪਾੜਵੀਂ ਮਹਿਸੂਸ ਹੁੰਦੀ ਏ। ਹੁਣ ਅਸਾਈਨਮੈਂਟਾ ਦੀ ਡੈਡਲਾਈਨ ਤੁਹਾਨੂੰ ਉਦ ਮਾਸਟਰ ਦੇ ਪੈਰੀ ਹੱਥ ਲਾਉਣ ਦੀ ਅਸਲ ਕਹਾਣੀ ਬਿਆਨ ਕਰਦੀ ਜਾਪਦੀ ਏ। ਤੁਸੀਂ ਕੱਲੇ ਈ ਬੋਲਦੇ ਉ, “ਹੈਂ ਗੱਗੀ ਉਏ !” ਪਰ ਗੱਗੀ ਦਾ ਹੁੰਗਾਰਾ ਨਹੀਂ ਮਿਲਦਾ। ਭਿੱਜੀਆਂ ਅੱਖਾਂ… ਤੇ ਤੁਸੀਂ ਬੁਰਸ਼ਟ ਨੂੰ ਘੁੱਟ ਕੇ ਫੜਦੇ ਉ ਜਿਵੇਂ ਉਹਦੇ ਚੋਂ ਮੋਹ ਨਿਚੋੜ ਕੇ ਪਿੰਡੇ ਤੇ ਮਲਣਾ ਹੋਵੇ। ਉਹ ਬੁਰਸ਼ਟ ਜੋ ਕਾਲਜ ਦੀ ਸਕਿਉਰਿਟੀ ਦੇ ਪੈਸਿਆਂ ਚੋਂ ਛੋਰ ਅਰਗਿਆਂ ਨਾਲ ਬਠਿੰਡਿਉਂ ਖਰੀਦੀ ਸੀ। 
ਘੜੀ ਤੁਹਾਨੂੰ ਹਕੀਕਤ ਨਾਲ ਲਿਆ ਫਿਰ ਖੜਾ ਕਰ ਦਿੰਦੀ ਏ ਤੇ ਤੁਸੀਂ ਭਰੇ ਦਿਲ ਨਾਲ ਫਿਰ ਤੁਰ ਪੈਨੇ ਉ ਸਫਰ ਤੇ। ਉਹ ਸਫਰ…… ਜਿਸਦੇ ਅੰਤ ਦਾ ਤਾਂ ਤੁਹਾਨੂੰ ਨਹੀਂ ਪਤਾ ਪਰ ਸ਼ੁਰੂਆਤ ਅਭੁੱਲ ਏ।

Jashandeep Singh Brar

Jashandeep Singh Brar

You may also like