ਜਦੋਂ ਸਾਡੇ ਪਿੰਡ ਵਿੱਚ ਬਿਜਲੀ ਆਈ1967 ਸੀ ਸ਼ਾਇਦ, ਤੀਜੀ ‘ਚ ਪੜ੍ਹਦਾ ਹੋਵਾਂਗਾ । ਪੰਜਾਬ ਵਿੱਚ ਲਛਮਣ ਸਿੰਘ ਗਿੱਲ ਦੀ ਸਰਕਾਰ ਸੀ। ਜਿਸਨੇ ਅਕਾਲੀਆਂ ‘ਚੋਂ ਨਿੱਕਲ ਕੇ ਕਾਂਗਰਸ ਦੀ ਹਮਾਇਤ ਨਾਲ ਸਰਕਾਰ ਬਣਾ ਲਈ ਸੀ।ਮਹੰਤ ਰਾਮ ਪ੍ਰਕਾਸ਼ ਮੰਤਰੀ ਸੀ। ਉਹ ਸਾਡੇ ਪਿੰਡ ਪ੍ਰਾਇਮਰੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਣ ਆਇਆ ਸੀ। ਮੰਤਰੀ ਦੇ ਸੁਆਗਤ ਲਈ ਸਮਾਗਮ ਰੱਖਿਆ ਗਿਆ ਸੀ। ਅਸੀ ਵੀ ਉਹ ਦੇਖਣ ਗਏ। ਪਰ ਸਾਡਾ ਧਿਆਂਨ ਸਮਾਗਮ ਵਲ੍ਹ ਘੱਟ , ਰਾਤ ਨੂੰ ਜਗਣ ਵਾਲੀ ਬਿਜਲੀ ਵਲ੍ਹ ਵੱਧ ਸੀ। ਬੜੀ ਖ਼ੁਸ਼ੀ ਸੀ ਕਿ ਹੁਣ ਉਸੇ ਰਾਤ ਸਾਡੇ ਪਿੰਡ ਵੀ ਜਗਮਗ ਹੋਣੀ ਹੈ।ਜਦੋਂ ਛੁੱਟੀਆਂ ਵਿੱਚ ਨਾਨਕੇ ਪਿੰਡ ਜਾਂਦੇ ਸਾਂ ਤਾਂ ਉੱਥੇ ਬਿਜਲੀ ਦੀਆਂ ਜਗਦੀਆਂ ਬੱਤੀਆਂ ਦੇਖਕੇ ਬੜਾ ਦਿਲ ਕਰਦਾ ਸੀ ਕਿ ਕਾਸ਼ ਸਾਡੇ ਪਿੰਡ ਵੀ ਬਿਜਲੀ ਹੁੰਦੀ। ਦੂਜੀ ਵਿੱਚ ਪੜ੍ਹਦੇ ਸਾਂ ਜਦੋਂ ਸਾਡੇ ਪਿੰਡ ਵਲ੍ਹ ਨੂੰ ਵੀ ਖੰਬੇ ਲੱਗਣੇ ਸ਼ੁਰੂ ਹੋ ਗਏ। ਪਿੰਡ ਦੀ ਫਿਰਨੀ ਤੇ ਲੱਗ ਰਿਹਾ ਟ੍ਰਾਂਸਫ਼ਾਰਮਰ ਅਸੀ ਬੜੇ ਚਾਅ ਨਾਲ ਦੇਖਣ ਜਾਂਦੇ। ਬਿਜਲੀ ਵਾਲੇ ਖੰਬੇ ਖੜੇ ਕਰਨ ਵੇਲੇ ਕਈ ਤਰਾਂ ਦੇ ਬੋਲੇ ਬੋਲਦੇ। ਜਿਵੇਂ “ਜ਼ੋਰ ਲਗਾਕੇ ਹਈ ਸ਼ਾਅ” , ਨਾਲ ਕਈ ਕਿਸਮ ਦਾ ਗੰਦ ਮੰਦ ਉਹਨਾਂ ਦੇ ਬੋਲਾਂ ਵਿੱਚ ਸ਼ਾਮਲ ਹੁੰਦਾ। ਘਰ ਆਕੇ ਜੇ ਉਹਦੇ ਚੋਂ ਕੁਛ ਅਸੀ ਵੀ ਗੁਣਗੁਣਾ ਰਹੇ ਹੁੰਦੇ ਤਾਂ ਬੀਬੀ ਤੋਂ ਚਪੇੜ ਪੈ ਜਾਂਦੀ । “ਪਤਾ ਨੀ ਕਿੱਥੋਂ ਸਿੱਖਕੇ ਆਉਂਦੇ ਆ “ਖ਼ੈਰ ਸਾਰੇ ਖੰਬੇ ਲੱਗ ਗਏ ਸਨ ਤਾਰਾਂ ਵੀ ਪਾ ਦਿੱਤੀਆਂ । ਉਸ ਵੇਲੇ ਤੱਕ ਅਸੀਂ ਤੀਸਰੀ ਜਮਾਤ ਵਿੱਚ ਹੋ ਗਏ ਸਾਂ। ਪਿੰਡ ਦੇ ਬਹੁਗਿਣਤੀ ਘਰਾਂ ਵਿੱਚ ਫਿਟਿੰਗ ਹੋ ਗਈ ਸੀ। ਕਿਸੇ ਘਰ ਕਲਿੱਪਾਂ ਵਾਲੀ , ਦੂਜੇ ਘਰ ਲੱਕੜੀ ਦੀ ਫੱਟੀ ਵਾਲੀ ।ਕਾਲੇ ਰੰਗ ਦੀਆਂ ਵੱਡਅਕਾਰ ਸਵਿੱਚਾਂ ਹਰ ਘਰ ਲੱਗ ਗਈਆਂ, ਘਰਾਂ ਵਿੱਚ ਬੱਲਬ ਹੀ ਲੱਗੇ ਸਨ । ਟਿਊਬਾਂ ਪੱਖੇ ਕਿਸੇ ਵਿਰਲੇ ਘਰ ਜਾ ਗੁਰਦੁਆਰਾ ਸਿੰਘ ਸਭਾ ਵਿੱਚ ਲੱਗੇ। ਤਕਰੀਬਨ ਹਰ ਘਰ ਫਿਟਿੰਗ ਜਾਂਗਣੀਵਾਲ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਦੇ ਰਹਿਣ ਵਾਲੇ ਹਰਦੇਵ ਸਿੰਘ ਹੁਣਾਂ ਨੇ ਕੀਤੀ ਸੀ । ਮੀਟਰ ਲੱਗ ਗਏ । ਐਲਾਂਨ ਹੋ ਗਿਆ ਕਿ ਜਿਸ ਦਿਨ ਹਸਪਤਾਲ ਦਾ ਨੀਂਹ ਪੱਥਰ ਰੱਖਣਾ ਹੈ ਉਸੇ ਰਾਤ ਪਿੰਡ ਵਿੱਚ ਲਾਈਟ ਛੱਡੀ ਜਾਵੇਗੀ । ਸੋ ਸਾਰੇ ਪਿੰਡ ਨੂੰ ਬੜਾ ਚਾਅ ਸੀ ।ਰਾਤ ਸੱਤ ਕੁ ਵਜੇ ਅਸੀ ਗੁਰਦੁਆਰਾ ਸਿੰਘ ਸਭਾ ਵਿੱਚ ਸਾਂ, ਚਾਚਾ ਮਹਿੰਦਰ ਸਿੰਘ ਬਰਾਗੀ , ਜੋ ਕਿ ਖ਼ੁਦ ਇਲੈਕਟਰੀਸ਼ਨ ਸਨ , ਨੇ ਮੀਟਰ ਕੋਲ ਜਾਕੇ ਪਤਾ ਨੀ ਕੀ ਕੀਤਾ ਕਿ ਗੁਰੂ-ਘਰ ਵਿੱਚ ਜੱਗਮੱਗ ਹੋ ਗਈ। ਪੱਖੇ ਚੱਲਣ ਲੱਗੇ, ਹਾਜ਼ਰ ਸੰਗਤ ਨੇ ਜ਼ੋਰਦਾਰ ਜੈਕਾਰਾ ਛੱਡਿਆ “ਬੋਲੇ ਸੋ ਨਿਹਾਲ ਸਤਿਸ਼੍ਰੀ ਅਕਾਲ।” ਮੈਨੂੰ ਯਾਦ ਹੈ ਇਕ ਪੱਖਾ ਮਹਿੰਦਰ ਸਿੰਘ ਬਰਾਗੀ ਹੋਰਾਂ ਭੇਟਾ ਕੀਤਾ ਸੀ। ਲਾਈਟ ਜਗਣ ਦੀ ਦੇਰ ਸੀ ਅਸੀ ਘਰ ਨੂੰ ਸ਼ੂਟ ਵੱਟ ਲਈ। ਲਗਦਾ ਸੀ ਕਿ ਘਰ ਵੀ ਬੱਤੀਆਂ ਜਗ ਪਈਆਂ ਹੋਣੀਆਂ। ਪਰ ਜਦੋਂ ਘਰ ਪਹੁੰਚੇ ਸਵਿੱਚਾਂ ਨੂੰ ਬਥੇਰਾ ਉੱਪਰ ਥੱਲੇ ਕੀਤਾ ਪਰ ਲਾਈਟ ਨਾਂ ਮੱਚੀ। ਬੜੀ ਨਿਰਾਸ਼ਾ ਹੋਈ। ਗੁਰੂ ਘਰ ਫੇਰ ਗਏ ਉੱਥੇ ਬੱਤੀਆਂ ਬਲਦੀਆਂ ਪਈਆਂ ਸਨ । ਫੇਰ ਸਾਡੇ ਘਰ ਕਾਹਤੋਂ ਨੀ ਜਗਦੀਆਂ ?ਇੰਨੇ ਨੂੰ ਦੋ ਬਿਜਲੀ ਵਾਲੇ ਆ ਗਏ। ਇਕ ਦਾ ਨਾਂਅ ਜੇ ਮੈਂ ਨਹੀ ਭੁੱਲਦਾ ਸ਼ਾਇਦ ਦਾਣਾ ਆਖਦੇ ਸੀ ਅਤੇ ਦੂਜਾ ਭੌਰੇ ਪਿੰਡ ਦਾ ਸ਼ਾਮ। ਉਹ ਮੀਟਰ ਕੋਲ ਗਏ ਉੱਥੇ ਗਰਿੱਪ ਕੱਢ ਕੇ ਛੋਟੀ ਜਿਹੀ ਤਾਰ ਫਿੱਟ ਕੀਤੀ। ਮੇਨ ਸਵਿੱਚ ਥੱਲੇ ਨੂੰ ਕੀਤੀ , ਕਹਿੰਦੇ “ਲਓ ਫ਼ਿਊਜ਼ ਲੱਗ ਗਿਆ ਹੁਣ ਬਾਲੋ ਬੱਤੀਆਂ”
ਬੱਸ ਜੀ ਸਾਰੇ ਘਰ ਵਿੱਚ ਚਾਨਣ ਹੋ ਗਿਆ । ਜੋ ਅੱਜ ਵੀ ਮੇਰੀਆਂ ਯਾਦਾਂ ਵਿੱਚ ਫੈਲਿਆ ਹੋਇਆ ਹੈ ।ਹੋ ਸਕਦਾ ਨਵੀਂ ਪੀੜ੍ਹੀ ਨੂੰ ਇਹ ਗੱਲ ਕੋਈ ਖ਼ਾਸ ਨਾ ਲੱਗੇ ਪਰ ਸਾਡੇ ਲਈ ਇਹ ਬਹੁਤ ਵੱਡੀ ਗੱਲ ਸੀ, ਕਿਉਂਕਿ ਉਸ ਤੋਂ ਪਹਿਲਾਂ ਅਸੀਂ ਦੀਵੇ ਜਾ ਲਾਲਟੈਣ ਦੀ ਲੋਅ ‘ ਚ ਪੜ੍ਹਦੇ ਰਹੇ ਸਾਂ ।
pind
ਮੇਰਾ ਪਿੰਡ –
ਪਿੰਡ ਦੀ ਜੂਹ ਵਿੱਚ ਵੜ੍ਹਦੇ ਹੀ
ਸਰੀਰ ਵਿੱਚ ਰੂਹ ਆ ਗਈ
ਅੱਡੇ ਤੇ ਉੱਤਰਦੇ ਹੀ ਹਵਾ ਦੇ ਵਰੋਲੇ ਨਾਲ ਅੱਖਾਂ ਵਿੱਚ ਓਹੀ ਮਿੱਟੀ ਪਈ
ਜਿਹਦੇ ਵਿੱਚ ਖੇਡਿਆ ਸੀ ਕਦੇ
ਮਿੱਟੀ ਮੇਰੇ ਨਾਲ ਗੱਲਾਂ ਕਰਦੀ ਜਾਪੀ
ਕਹਿੰਦੀ ਕੋਈ ਨਾ ਰੱਚ ਜਾਵੇਗਾ ਹੌਲੀ ਹੌਲੀ ਫੇਰ ਮੇਰੇ ਵਿੱਚ -ਕਦੇ ਨਹੁੰਆਂ ਨਾਲੋ ਵੀ ਮਾਸ ਅੱਡ ਹੋਏ ਆਂ
ਰਾਹ ਵਿੱਚ ਵੱਡੇ ਛੋਟੇ ਟੱਕਰੇ ਮਿਲੇ ਤਾਂ ਆਪਣੇਪਨ ਤੇ ਆਵਦੀ ਮਿੱਟੀ ਦੀ ਵਾਸ਼ਨਾ ਆਈ
ਸ਼ਾਇਦ ਇਹ ਮਹਿੰਗੇ ਇੱਤਰ-ਫਲੇਲਾਂ ਤੋ ਕਿਤੇ ਚੰਗੀ ਸੀ
ਸੁੱਖ-ਸਾਦ ਤਾਂ ਸ਼ਾਇਦ ਹਮੇਸ਼ਾ ਦੀ ਤਰ੍ਹਾਂ ਚੜ੍ਹਦੀਕਲਾ ਹੀ ਸੀ
ਪਿੰਡ ਦੀ ਜੂਹ ਵਿੱਚ ਵੜ੍ਹਦੇ ਹੀ ਉਹ ਕਾਰਾਂ , ਪੈਸੇ ਦਾ ਹੰਕਾਰ ਮਗਰਲੀ ਫਿਰਨੀ ਤੇ ਰਹਿ ਗਿਆ
ਇਹਨਾਂ ਅੱਗੇ ਤਾਂ ਕੋਈ ਲਕੋਅ ਨਹੀ ਸੀ
ਇਹਨਾਂ ਨੇ ਮੈਨੂੰ ਕੁੜਤੇ ਪਜਾਮੇ ਦੇ ਲੀੜੇ ਵਿੱਚੋ ਬਣੀ ਨਿੱਕਰ ਵਿੱਚ ਵੀ ਵੇਖਿਆ ਸੀ ਤੇ ਇਹਨਾਂ ਨੇ ਮਹਿੰਗੇ ਬਰਾਡਾਂ ਦੇ ਕੱਪੜੇਆਂ ਵਿੱਚ ਵੀ
ਸਭ ਵੱਡੇ ਛੋਟੇ ਗਰੀਬ ਅਮੀਰ ਆਪਣੇ ਹੀ ਤਾਂ ਸੀ
ਸ਼ਾਇਦ ਮੇਰੇ ਨਾਲੋ ਜਿਆਦਾ ਛੇੜੂ ਨੂੰ ਵੀ ਮੇਰੇ ਟਾਇਮਟੇਬਲ ਰਟੇ ਹੋਏ ਸੀ
ਇਸੇ ਲਈ ਜਿਸ ਦਿਨ ਥੋੜ੍ਹਾ ਲੇਟ ਉੱਠਦਾ ਤਾਂ ਪੁੱਛਦਾ ਕੀ ਗੱਲ ਅੱਜ ਲੇਟ ਉੱਠਿਆ
ਜਿੰਦਗੀ ਸ਼ਾਇਦ ਭੱਜ-ਦੌੜ ਵਿੱਚੋ ਨਿਕਲ ਕੇ ਇੱਕ ਆਮ ਜੋਗੀ-ਫਕੀਰ ਵਰਗੀ ਸੀ ਪਿੰਡ ਵਿੱਚ ਜਿਹਦੇ ਲਈ ਹਰ ਘਰ ਆਪਣਾ ਹੀ ਹੁੰਦਾ
ਬੋਹੜ,ਪਿੱਪਲ,ਕਿੱਕਰਾਂ ਤੇ ਬੇਰੀਆਂ ਵੀ ਆਪਣੇ ਜੇ ਜਾਪੇ
ਜਿਹਨਾਂ ਤੇ ਕਦੇ ਪੀਘਾਂ ਪਾਉਦੇ ਰਹੇ ਸੀ
ਪਾਪੜ ਤੇ ਲਾਲ ਰੰਗ ਦੀ ਡੱਕੇ ਆਲੀ ਕੁਲਫੀ ਵੀ ਖੁਰ ਗਈ ਜਾਪੀ
ਜਦੋ ਮੈਨੂੰ ਆਵਾਜ ਵੱਜੀ “ਉੱਠ ਖੜ੍ਹ ਅੱਜ ਲੈਕਚਰ ਲਾਉਣ ਜਾਣਾ ਕਾਲਜ “।
ਇੰਨੇ ਨੂੰ ਭਿੱਜੀਆਂ ਅੱਖਾਂ ਲੈ ਕੇ ਮੈ ਪਿੰਡ ਪਿੱਛੇ ਛੱਡਕੇ ਚੰਡੀਗੜ੍ਹ ਦੇ ਇੱਕ ਕਾਲਜ ਦਾ ਸਟੂਡੈਟ ਬਣ ਗਿਆ ਸੀ
ਇਹ ਸ਼ਾਇਦ ਮਹਿਜ ਇੱਕ ਸੁਪਨਾ ਭਰ ਸੀ ਪਰ ਇਹ ਜਿੰਦਗੀ ਦੀ ਇੱਕ ਅਸਲ ਹਕੀਕਤ ਸੀ ਜਿਸਦੀ ਸੁਰੂਆਤ ਅਭੁੱਲ ਸੀ ਪਰ ਅੰਤ ਸੋਚ ਤੋ ਪਰੇ ।
~Ukkarjeet Dhillon
ਹਾੜ ਦਾ ਮਹੀਨਾ, ਗਰਮੀ ਬਹੁਤ ਪੈ ਰਹੀ ਸੀ।
ਮੀਂਹ ਨਾ ਪੈਣ ਕਰਕੇ ਹਰ ਪਾਸੇ ਅੌੜ ਲਗ ਚੁੱਕੀ ਸੀ। ਪਿੰਡ ਦੇ ਬੰਦਿਅਾ ਨੇ ਪਿੰਡ ਵਿੱਚ ਜੱਗ ਕਰਨ ਦੀ ਵਿੳੁਂਤਬੰਦੀ ਬਣਾੲੀ। ਪਿੰਡ ਵਿੱਚ ਅਲੱਗ ਅਲੱਗ ਮਹਾਪੁਰਸ਼ਾ ਦੇ ਦੋ ਡੇਰੇ ਸਨ। ਪਿੰਡ ਦੇ ਲੋਕ ਅਾਪੋ-ਅਾਪਣੇ ਬਾਬੇ ਦੀ ਸਿਫਾਰਸ਼ ਕਰਦੇ ਕਹਿ ਰਹੇ ਸਨ ਸਾਡੇ ਬਾਬੇ ਦੇ ਅਸ਼ੀਰਵਾਦ ਨਾਲ ਜੱਗ ਕੀਤਾ ਜਾਵੇ। ਫਿਰ ਮੀਂਹ ਪੈ ਜਾਵੇਗਾ। ਪਰ ਕਿਸੇ ਨੇ ਵੀ
ਦੂਸਰੇ ਦੇ ਬਾਬੇ ੳੁਪਰ ਯਕੀਨ ਨਾਂ ਕੀਤਾ। ਗੱਲ ਲੜਾੲੀ ਝਗੜੇ ਤੱਕ ਪਹੁੰਚ ਗੲੀ। ਪਿੰਡ ਦੇ ਲੋਕਾਂ ਨੇ ਅਾਪੋ-ਅਾਪਣੇ ਬਾਬਿਅਾਂ ਦੇ ਨਾਲ ਲਗ ਕੇ ਪਿੰਡ ਵਿਚੋਂ ਜੋ ਤਿੱਲ ਫੁੱਲ ਮਿਲਿਅਾ ੳੁਸ ਦੀ ੳੁਗਰਾਹੀ ਕਰ ਲੲੀ। ੲਿਕੋ ਦਿਨ ਵਿੱਚ ਦੋ ਥਾਵਾਂ ਤੇ ਜੱਗ ਚਲਾ ਦਿੱਤੇ। ਬਾਬੇ ਵੀ ਅਾਸਣ ਲਾ ਕੇ ਜੱਗ ਵਾਲੀ ਥਾਂ ਤੇ ਅਾਪੋ ਅਾਪਣੇ ਸਰਧਾਲੂਅਾਂ ਵਿੱਚ ਬੈਠ ਗੲੇ।
ਜਦੋ ਜੱਗ ਖ਼ਤਮ ਹੋੲਿਅਾ ਤਾਂ ੲਿਕਦਮ ਬੱਦਲੀ ਚੜ ਕੇ ਅਾੲੀ
ਅੱਧੇ ਪਿੰਡ ਵਿੱਚ ਜਲ ਥਲ
ਕਰ ਗੲੀ। ਅੱਧਾ ਪਿੰਡ ਸੁੱਕਾ ਰਹਿ ਗਿਅਾ ਸੀ। ਬਾਬੇ ਅਾਪੋ-ਅਪਣੇ ਡੇਰਿਅਾਂ ਵਿੱਚ ਪਹੁੰਚ ਚੁੱਕੇ ਸਨ। ਹੁਣ ਪਿੰਂਡ ਦੇ ਲੋਕ ਸਾਂਝੇ ਰੂਪ ਵਿੱਚ ੲਿਕੱਠੇ ਬੈਠ ਕੇ ਅੱਧੇ ਪਿੰਡ ਵਿੱਚ ਮੀਂਹ ਨਾ ਪੈਣ ਦਾ ਕਾਰਨ ਲੱਭ ਰਹੇ ਸਨ।
ਸੁਖਵਿੰਦਰ ਸਿੰਘ ਮੁੱਲਾਂਪੁਰ
ਅੱਜ ਬੜੇ ਦਿਨਾਂ ਪਿੱਛੋਂ ਆਪਣੇ ਪਿੰਡ ਜਾਣ ਦਾ ਸਬੱਬ ਬਣਿਆ, ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਸੀ, ਪਰ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਜਿਵੇਂ ਸਾਡੇ ਪਿੰਡ ਦਾ ਸੁਆ ਅਤੇ ਘੱਗਰ, ਦੋਵਾਂ ਦੇ ਵਿਚਕਾਰ ਸੀ ਸਾਡਾ ਛੋਟਾ ਜਿਹਾ ਪਿੰਡ, ਸੂਏ ਅਤੇ ਘੱਗਰ ਦੇ ਹਾਲਾਤ ਅਜਿਹੇ ਹੀ ਸਨ ਜੋ ਅੱਜ ਤੋਂ 10-15 ਸਾਲ ਪਹਿਲਾਂ। ਹੱਥਾਂ ਦੇ ਖਿਡਾਏ ਜਵਾਨ ਹੋ ਚੁੱਕੇ ਸੀ, ਅਤੇ ਜੋ ਜਵਾਨ ਸੀ, ਉਹਨਾਂ ਦੀ ਦਾੜੀ ਵਿੱਚੋਂ ਮੇਰੀ ਦਾੜੀ ਵਾਂਗੂ ਚਿਟੇ ਚਮਕਾਂ ਮਾਰਨ ਲੱਗੇ ਸੀ। ਪਿੰਡ ਵਿੱਚ ਯਾਰਾ ਦੋਸਤਾਂ ਅਤੇ ਕੁੱਝ ਬਜ਼ੁਰਗਾਂ ਨੂੰ ਮਿਲਿਆ, ਕੁੱਝ ਪੁਰਾਣੀਆਂ ਅਤੇ ਬੱਚਪਨ ਦੀਆਂ ਯਾਦਾਂ ਤਾਜਾ ਕੀਤੀਆਂ, ਸ਼ਹਿਰ ਦੀ ਭੱਜ- ਦੌੜ ਦੀ ਜਿੰਦਗੀ ਤੋਂ ਥੱਕੀ ਰੂਹ ਨੂੰ ਕੁੱਝ ਸਕੂਨ ਦਾ ਅਹਿਸਾਸ ਹੋਇਆ।
ਪਿੰਡ ਘੁੰਮਣ ਤੋਂ ਬਆਦ, ਜਦੋਂ ਅਪਣੇ ਜੱਦੀ ਘਰ ਵਾਲੀ ਗਲੀ ਨੂੰ ਮੁੜਿਆ ਤਾਂ ਸਾਡੇ ਪੁਰਾਣੇ ਗਵਾਂਢੀ, ਅਤੇ ਘਰ ਦੀਆਂ ਯਾਦਾਂ ਦਿਮਾਗ ਵਿੱਚ ਇੱਕ ਫ਼ਿਲਮ ਦੀ ਤਰ੍ਹਾਂ ਰਪੀਟ ਹੋਣ ਲੱਗੀਆਂ।
ਲੰਘਿਆ ਸਮਾਂ ਕਦੇ ਵਾਪਿਸ ਨਹੀਂ ਆਉਂਦਾ, ਇਹ ਗੱਲ ਸਾਰੇ ਭਲੀ- ਭਾਂਤੀ ਜਾਣਦੇ ਹਾਂ, ਪਰ ਜਿੰਦਗੀ ਦੇ ਕੁੱਝ ਅਜਿਹੇ ਪਲ ਵੀ ਹੁੰਦੇ ਹਨ ਜਿਨ੍ਹਾਂ ਨੂੰ ਯਾਦ ਕਰਕੇ ਬੰਦਾ ਭਾਵੁਕ ਹੋ ਜਾਂਦਾ ਹੈ।
ਰਾਤ ਦਾ ਸਮਾਂ ਜਦੋਂ ਅਸੀ ਰਲ੍ਹ ਕੇ ਸਮਾਨ ਵਗੈਰਾ ਇਕੱਠਾ ਕਰ ਰਹੇ ਸੀ, ਤਾਂ ਇੰਝ ਲੱਗ ਰਿਹਾ ਸੀ ਕਿ ਘਰ ਦੀਆਂ ਕੰਧਾਂ ਨੂੰ ਵੀ ਜਿਵੇਂ ਪਤਾ ਲੱਗ ਗਿਆ ਸੀ ਕਿ ਸਾਡੇ ਮਾਲਿਕ, ਸਾਡੇ ਤੋਂ ਕੁੱਝ ਛੁਪਾ ਰਹੇ ਹੋਣ,ਪਿੰਡ ਛੱਡਣ ਬਾਰੇ ਅਸੀਂ ਬਹੁਤਾ ਰੌਲਾ ਨਹੀਂ ਸੀ ਪਾਇਆ, ਸਾਨੂੰ ਡਰ ਸੀ ਕਿ ਜੇ ਗਵਾਂਢੀਆਂ ਨੂੰ ਦੱਸਿਆ ਤਾਂ ਪਿੰਡ ਨਾ ਛੱਡਣ ਲਈ ਜਰੂਰ ਕਹਿਣਗੇ, ਅਤੇ ਸਾਨੂੰ ਪਿੰਡ ਛੱਡਣਾ ਔਖਾ ਲੱਗੇਗਾ, ਇਸੇ ਲਈ ਮੈਂ ਬੇਬੇ ਬਾਪੂ ਨੂੰ ਵੀ ਦੋ ਦਿਨ ਪਹਿਲਾਂ ਸ਼ਹਿਰ ਰਿਸਤੇਦਾਰ ਘਰੇ ਛੱਡ ਦਿੱਤਾ ਸੀ, ਮੈਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਜੇ ਉਹ ਭਾਵੁਕ ਹੋ ਗਏ ਤਾਂ ਸਾਂਭਣਾ ਔਖਾ ਹੋ ਜਾਵੇਗਾ।
ਪਰ ਸਾਡੇ ਗਵਾਂਢੀ ਦਿਆਲੇ ਬੁੜ੍ਹੇ ਅਤੇ ਓਹਦੇ ਘਰਵਾਲੀ ਸੀਤੋ ਨੂੰ ਪਤਾ ਨਹੀਂ ਕਿਥੋਂ ਸੂਹ ਮਿਲ ਗਈ, ਰਾਤ ਵੇਲ੍ਹੇ ਹੀ ਸਾਡੇ ਘਰ ਆ ਬੈਠੇ ਸੀਤੋ ਬੁੜੀ ਮੇਰੇ ਗਲ੍ਹ ਲੱਗ ਰੋਣ ਲੱਗ ਪਈ, ਅਸੀ ਦੋਵੇਂ ਜੀਅ ਥੋਡੇ ਸਹਾਰੇ ਦਿਨ ਕੱਟਦੇ ਸੀ, ਤੇਰੇ ਬੇਬੇ ਬਾਪੂ ਨਾਲ ਦੁਖ-ਸੁੱਖ ਸਾਂਝਾ ਕਰ ਲੈਂਦੇ ਸੀ, ਹੁਣ ਸਾਨੂੰ ਕਿਹਨੇ ਪੁੱਛਣਾ ਦਿਆਲੇ ਬੁੜ੍ਹੇ ਦੀਆਂ ਦੋ ਧੀਆਂ ਹੀ ਸਨ, ਜੋ ਵਿਆਹ ਪਿੱਛੋਂ ਆਪਣੇ-ਆਪਣੇ ਘਰ ਸੁੱਖੀ-ਸਾਂਦੀ ਰਹਿ ਰਹੀਆਂ ਸਨ ਜਿਸ ਕਰਕੇ ਉਹ ਦੋਵੇਂ ਜੀਅ ਇਕੱਲੇ ਰਹਿ ਗਏ ਸੀ, ਮੈਂ ਦਿਲਾਸਾ ਦਿੰਦਿਆਂ ਕਿਹਾ ਬੇਬੇ ਹੌਸਲਾ ਰੱਖ ਅਸੀ ਸਾਰੇ ਮਿਲਣ ਆਇਆ ਕਰਾਂਗੇ, ਨਾਲੇ ਪਿੰਡ ਛੱਡਣ ਨੂੰ ਕੀਹਦਾ ਦਿੱਲ ਕਰਦਾ, ਕੁੱਝ ਮਜਬੂਰੀਆਂ ਮਜਬੂਰ ਕਰ ਦਿੰਦੀਆਂ ਹਨ, ਮੈਂ ਲੰਮਾ ਹੋਕਾਂ ਲੈ ਕੇ ਕਿਹਾ ਸੀ, ਦਿਆਲੇ ਬੁੜ੍ਹੇ ਨੇ ਜਾਣ ਲੱਗਿਆ ਇੱਕ ਨਸੀਹਤ ਵੀ ਦਿੱਤੀ ਸੀ ਕਿ ਪੁੱਤਰਾ, ਸ਼ਹਿਰ ਵਿੱਚ ਚਾਦਰ ਦੇਖ ਕਿ ਪੈਰ ਪਸਾਰਿਓ ਪਿੰਡਾਂ ਵਿੱਚ ਸੌ ਪਰਦਾ ਹੁੰਦਾ, ਸੁਣਿਐ ਸ਼ਹਿਰ ਚ ਦੁੱਧ ਦੇ ਨਾਲ-ਨਾਲ ਪਾਣੀ ਵੀ ਮੁੱਲ ਮਿਲਦਾ। ਉਹ ਸਾਰੀ ਰਾਤ ਬੇਚੈਨੀ ਲੱਗੀ ਰਹੀ, ਨੀਂਦ ਨਾ ਆਈ, ਸਵੇਰੇ ਛੇ ਵੱਜਦੇ ਨੂੰ ਬੱਚੇ ਬੱਸ ਚ ਚੜ੍ਹਾਏ,ਸਮਾਨ ਕਿਰਾਏ ਦੀ ਟਰਾਲੀ ਚ ਲਦਿਆ, ਚੇਤਕ ਸਕੂਟਰ ਟਰਾਲੀ ਦੇ ਪਿੱਛੇ ਲਾਇਆ, ਪਿੰਡ ਤੋਂ ਬਾਹਰ ਨਿਕਲਦੇ ਇੱਕ ਪਲ ਲਈ ਲੱਗਿਆ ਜਿਵੇਂ ਕੋਈ ਗੁਨਾਹ ਕਰਕੇ ਜਾ ਰਿਹਾ ਹੋਵਾਂ, ਪਿੰਡ ਦੀਆਂ ਗਲੀਆਂ ਲਾਹਨਤਾਂ ਪਾ ਰਹੀਆਂ ਹੋਣ, ਕਿ ਸਾਡੇ ਵਿੱਚ ਖੇਡਣ ਦਾ ਮੁੱਲ ਤਾਂ ਮੋੜਦਾ ਜਾ।
ਇਹੋ ਸੋਚਾਂ ਸੋਚਦਾ ਹੋਇਆ ਅੱਜ ਫੇਰ ਮੈਂ ਆਪਣੇ ਘਰ ਮੁਹਰੇ ਖੜਾ ਸੀ, ਘਰ ਵੱਲ ਵੇਖਿਆ ਤਾਂ ਇੰਝ ਲੱਗਾ ਜਿਵੇਂ ਸਮੇਂ ਦੇ ਨਾਲ ਇਹ ਵੀ ਆਪਣਾ ਬੁਢਾਪਾ ਹੰਡਾ ਰਿਹਾ ਹੋਵੇ ਘਰ ਵਿੱਚ ਪਈਆਂ ਤਰੇੜਾਂ ਇੰਝ ਲੱਗ ਰਹੀਆਂ ਸਨ ਜਿਵੇਂ ਕਿਸੇ ਬਜ਼ੁਰਗ ਦੇ ਮੂੰਹ ਤੇ ਝੁਰੜੀਆਂ ਪਈਆਂ ਹੋਣ, ਇੱਕ ਪਲ ਲਈ ਮੈਨੂੰ ਲੱਗਿਆ ਜਿਵੇਂ ਮੇਰਾ ਘਰ ਕਹਿ ਰਿਹਾ ਹੋਵੇ ਕਿ ਤੂੰ ਸ਼ਹਿਰ ਜਾ ਕੇ ਮੈਂਨੂੰ ਭੁੱਲ ਹੀ ਗਿਆ ਸੀ, ਮੇਰਾ ਤਾਂ ਤੇਰੇ ਕੋਲ ਸ਼ਹਿਰ ਆਉਣਾ ਮਜਬੂਰੀ ਸੀ ਪਰ ਤੂੰ ਤਾਂ ਆ ਸਕਦਾ ਸੀ,ਅੱਜ ਪਹਿਲੀ ਵਾਰ ਲੱਗਿਆ ਜਿਵੇਂ ਕੋਈ ਬੇਜਾਨ ਚੀਜ ਗੱਲਾਂ ਕਰਦੀ ਹੋਵੇ, ਬਸ ਸਮਝਣ ਦੀ ਲੋੜ ਸੀ।ਘਰ ਵੱਲ ਵੇਖ ਮੇਰੀਆਂ ਅੱਖਾਂ ਭਰ ਆਈਆਂ ਮੈਂ ਕਿੰਨਾ ਚਿਰ ਹੀ ਉੱਥੇ ਖੜਾ ਸੋਚਦਾ ਰਿਹਾ, ਕਿ ਜੇ ਮੈਂ ਵੀ ਇਸ ਨੂੰ ਆਪਣਾ ਦਰਦ ਸਮਝਾ ਸਕਦਾ।
ਭਾਵੇਂ ਮਜਬੂਰੀਆਂ ਸਾਨੂੰ ਜਿੱਥੇ ਮਰਜੀ ਲੈ ਜਾਣ ਪਰ ਪਿੰਡਾ ਵਾਲਿਆਂ ਨੂੰ ਆਪਣੇ ਪਿੰਡ ਭਲਾਉਣੇ ਬਹੁਤ ਔਖੇ ਨੇ।
ਦਵਿੰਦਰ ਸਿੰਘ ਰਿੰਕੂ
ਉਹ ਦੋਵੇਂ ਉਸ ਵੇਲੇ ਤਕਰੀਬਨ ਸੱਤਰ ਕੂ ਸਾਲ ਦੇ ਗੇੜ ਵਿਚ ਹੋਣਗੇ.. ਬੇਔਲਾਦੇ ਸਨ..ਦੱਸਦੇ ਇੱਕ ਨੂੰ ਗੋਦ ਵੀ ਲਿਆ ਸੀ ਪਰ ਉਹ ਵੀ ਅੱਧਵਿਚਾਲੇ ਦਗਾ ਦੇ ਗਿਆ..
ਸਾਰਾ ਪਿੰਡ “ਚਾਚਾ ਚਾਚੀ” ਆਖ ਬੁਲਾਉਂਦਾ ਸੀ..! ਹਰ ਰੋਜ ਨਾਸ਼ਤੇ ਮਗਰੋਂ ਬਾਹਰ ਗਲੀ ਵਿਚ ਡਿਉੜੀ ਲਾਗੇ ਮੰਜਾ ਡਠ ਜਾਂਦਾ..
ਫੇਰ ਹਰੇਕ ਲੰਘਦੇ ਆਉਂਦੇ ਤੇ ਆਥਣ ਵੇਲੇ ਤੱਕ ਖੁਸ਼ੀਆਂ ਖੇੜਿਆਂ ਦੀ ਵਾਛੜ ਪੈਂਦੀ ਰਹਿੰਦੀ…!
ਦੋਵੇਂ ਕੋਲੋਂ ਲੰਘਦੇ ਨੂੰ ਧੱਕੇ ਨਾਲ ਹੀ ਕੋਲ ਬਿਠਾ ਲਿਆ ਕਰਦੇ..
ਫੇਰ ਹਾਲ ਚਾਲ ਮਗਰੋਂ ਕਿੰਨੀ ਦੇਰ ਗੱਲਾਂ ਦਾ ਕਾਫਲਾ ਰਵਾਂ ਰਵੀਂ ਤੁਰਿਆ ਰਹਿੰਦਾ..ਅਗਲਾ ਵੀ ਘੜੀਆਂ ਪਲਾਂ ਵਿਚ ਆਪਣਾ ਢਿਡ੍ਹ ਫਰੋਲ ਆਪਣੇ ਅੰਦਰ ਡੱਕਿਆ ਕਿੰਨਾ ਸਾਰਾ ਗੁਬਾਰ ਕੱਢ ਫੁੱਲਾਂ ਵਾਂਙ ਹੌਲਾ ਹੋ ਕੇ ਆਪਣੇ ਰਾਹੇ ਪੈਂਦਾ! ਇੱਕ ਵਾਰ ਇੰਝ ਹੀ ਮੈਨੂੰ ਕੋਲੋਂ ਲੰਘਦੇ ਜਾਂਦੇ ਨੂੰ ਚਾਚੇ ਹੁਰਾਂ ਵਾਜ ਮਾਰ ਕੋਲ ਬਿਠਾ ਲਿਆ..
ਨਾਲ ਹੀ ਚੁੱਲੇ ਅੱਗੇ ਬੈਠੀ ਚਾਚੀ ਨੂੰ ਗੁੜ ਸੌਂਫ ਤੇ ਅਦਰਕ ਵਾਲੀ ਚਾਹ ਦੇ ਦੋ ਕੱਪ ਬਣਾਉਣ ਲਈ ਆਖ ਦਿੱਤਾ..
ਫੇਰ ਗੱਲਾਂ ਨੇ ਐਸਾ ਰੰਗ ਬੰਨਿਆ ਕੇ ਟਾਈਮ ਦਾ ਪਤਾ ਹੀ ਨਾ ਲੱਗਾ..
ਕੁਝ ਚਿਰ ਮਗਰੋਂ ਮੁਕੁਰਾਹਟਾਂ ਖਿਲਾਰਦੀ ਚਾਚੀ ਚਾਹ ਦੇ ਦੋ ਕੱਪ ਫੜੀ ਕੋਲ ਆ ਗਈ..
ਹੈਂਡਲ ਵਾਲਾ ਕੱਪ ਮੈਨੂੰ ਫੜਾ ਦਿੱਤਾ ਤੇ ਟੁੱਟੇ ਹੈਂਡਲ ਵਾਲਾ ਚਾਚੇ ਵੱਲ ਨੂੰ ਕਰ ਦਿੱਤਾ..ਚਾਚੇ ਹੁਰਾਂ ਨੂੰ ਸ਼ਾਇਦ ਥੋੜੀ ਠੰਡੀ ਕਰ ਕੇ ਪੀਣ ਦੀ ਆਦਤ ਸੀ..ਸੋ ਓਹਨਾ ਆਪਣੇ ਵਾਲਾ ਕੱਪ ਪਾਸੇ ਰੱਖ ਦਿੱਤਾ ਤੇ ਗੱਲਾਂ ਵਾਲਾ ਸਿਲਸਿਲਾ ਮੁੜ ਅੱਗੇ ਤੋਰ ਲਿਆ..! ਮੈਨੂੰ ਪਹਿਲਾ ਘੁੱਟ ਭਰਦਿਆਂ ਹੀ ਸੁੱਝ ਗਈ ਕੇ ਚਾਚੀ ਚਾਹ ਵਿਚ ਗੁੜ ਪਾਉਣਾ ਭੁੱਲ ਗਈ ਸੀ ਪਰ ਜਾਣ ਕੇ ਹੀ ਦੜ ਜਿਹੀ ਵੱਟੀ ਰੱਖੀ ਤੇ ਹੌਲੀ ਹੌਲੀ ਫਿੱਕੀ ਚਾਹ ਦੇ ਘੁੱਟ ਭਰਦਾ ਹੋਇਆ ਦੋਨਾਂ ਦੀਆਂ ਆਪਸ ਵਿਚ ਹੁੰਦੀਆਂ ਗੱਲਾਂ ਸੁਣਦਾ ਰਿਹਾ !
ਘੜੀ ਕੂ ਮਗਰੋਂ ਚਾਚੇ ਨੇ ਆਪਣੇ ਵਾਲੀ ਦਾ ਪਹਿਲਾ ਘੁੱਟ ਭਰਿਆ..ਗੱਲਾਂ ਤੇ ਲਾਲੀ ਜਿਹੀ ਛਾ ਗਈ ਤੇ ਨਾਲ ਹੀ ਉੱਚੀ ਸਾਰੀ ਬੋਲ ਉਠਿਆ..”ਵਾਹ ਬੀ ਵਾਹ ਰੇਸ਼ਮ ਕੁਰੇ ਕਮਾਲ ਹੀ ਕਰ ਤੀ..ਸ਼ਹਿਦ ਨਾਲੋਂ ਵੀ ਮਿੱਠੀ ਚਾਹ ਬਣਾਈ ਏ ਅੱਜ..ਧਰਮ ਨਾਲ ਸੁਆਦ ਹੀ ਆ ਗਿਆ..ਜਿਉਂਦੀ ਵੱਸਦੀ ਰਹੇਂ ਰੱਬ ਲੰਮੀਆਂ ਉਮਰਾਂ ਕਰੇ ”
ਮੈਂ ਕੋਲ ਬੈਠਾ ਫਿੱਕੀ ਚਾਹ ਦੇ ਘੁੱਟ ਭਰਦਾ ਹੋਇਆ ਸੋਚੀ ਜਾ ਰਿਹਾ ਸਾਂ ਕੇ ਇੱਕੋ ਪਤੀਲੇ ਵਿਚ ਬਣੀ ਹੋਈ ਚਾਹ ਦੇ ਦੋ ਵੱਖੋ ਵੱਖ ਕੱਪ..ਇੱਕ ਵਿਚ ਫਿੱਕਾ ਸ਼ਰਬਲ ਪਾਣੀ ਤੇ ਦੂਜੀ ਵਿਚ ਸ਼ਹਿਦ ਨਾਲੋਂ ਵੀ ਮਿੱਠੀ ਚਾਹ..ਇਹ ਕੌਤਕ ਕਿੱਦਾਂ ਵਰਤ ਗਿਆ?
ਫੇਰ ਦੂਜੇ ਹੀ ਪਲ ਖਿਆਲ ਆਇਆ ਕੇ ਚੁੱਲੇ ਕੋਲੋਂ ਦੋ ਕੱਪ ਲੈ ਕੇ ਸਾਡੇ ਵੱਲ ਨੂੰ ਤੁਰੀ ਆਉਂਦੀ ਚਾਚੀ ਦੀ ਇੱਕ ਉਂਗਲ ਚਾਚੇ ਵਾਲੇ ਕੱਪ ਵਿਚ ਡੁੱਬੀ ਹੋਈ ਸੀ..”ਸ਼ਹਿਦ ਵਰਗੀ ਮਿਠਾਸ” ਸ਼ਾਇਦ ਓਸੇ ਉਗਲ ਦੇ ਪੋਟੇ ਰਾਹੀਂ ਕੱਪ ਵਿਚ ਘੁਲ ਗਈ ਹੋਵੇਗੀ! ਦੋਸਤੋ ਇਹ ਓਹਨਾ ਵੇਲਿਆਂ ਦੀ ਗੱਲ ਏ ਜਦੋਂ ਕਿਸੇ ਦੀ ਸਿਫਤ ਭਰੀ ਸਭਾ ਵਿਚ ਖਲੋ ਕੇ ਕਿੰਨੇ ਬੰਦਿਆਂ ਸਾਹਵੇਂ ਉਚੀ ਵਾਜ ਵਿਚ ਕੀਤੀ ਜਾਂਦੀ ਸੀ ਤੇ ਕਿਸੇ ਦਾ ਨੁਕਸ ਗਿਣਾਉਣ ਵੇਲੇ ਉਸਨੂੰ ਭੀੜ ਤੋਂ ਵੱਖ ਕਰ ਅੰਦਰ ਵਾੜ ਅੰਦਰੋਂ ਕੁੰਡਾ ਮਾਰ ਲਿਆ ਜਾਂਦਾ ਸੀ..ਤਾਂ ਕੇ ਹੁੰਦੀ ਗੱਲਬਾਤ ਕਿਸੇ ਤੀਜੇ ਦੇ ਕੰਨੀ ਨਾ ਪੈ ਜਾਵੇ..!
ਫੋਟੋ: ਰਵਨ ਖੋਸਾ
ਮੱਝ ਨੂੰ ਬਾਹਰ ਕੱਢ ਕੇ, ਖੁਰਲੀ ਵਿਚ ਤੂੜੀ ਦਾ ਛਟਾਲਾ ਰਲਾਉਂਦਿਆ ਘੁੱਦੂ ਨੇ ਮੱਝ ਦੀਆਂ ਨਾਸਾਂ ਵਿਚੋਂ ਉਡਦੀ ਹਵਾੜ ਨੂੰ ਤੱਕਿਆ ਤੇ ਧਾਰ ਕੱਢਣ ਲਈ ਬਾਲਟੀ ਲਿਆਉਣ ਵਾਸਤੇ ਆਵਾਜ਼ ਦਿੱਤੀ । ਫਿਰ ਮੱਝ ਦੇ ਪਿੰਡੇ ‘ਤੇ ਪਾਈ ਗੋਹੇ ਨਾਲ ਲਿੱਬੜੀ ਪਾਟੀ ਦਰੀ ਨੂੰ ਸੂਤ ਕੀਤਾ ਤੇ ਪਾਲੇ ਨਾਲ ਕੰਬਦੇ ਅੰਗਾਂ ਨੂੰ ਕਾਬੂ ਵਿਚ ਕਰਨ ਦੀ ਕੋਸ਼ਿਸ਼ ਕਰਦਾ ਧੁੰਦ ਵਿਚੋਂ ਦੂਰ ਚੜ੍ਹਦੇ ਸੂਰਜ ਵੱਲ ਵੇਖਣ ਲੱਗਾ । ਪਰ ਧੁੰਦ ਤਾਂ ਸੂਰਜ ਨੂੰ ਇੰਝ ਨੱਪ ਕੇ ਬੈਠੀ ਸੀ, ਜਿਵੇਂ ਕੋਈ ਤਕੜਾ ਭਲਵਾਨ ਮਾੜੇ ਭਲਵਾਨ ਦੀ ਗਿੱਚੀ ‘ਤੇ ਗੋਡਾ ਦਿੱਤੀ ਬੈਠਾ ਹੋਵੇ । ਘੁੱਦੂ ਦਾ ਹੱਥ ਸਹਿਜੇ ਹੀ ਉਸ ਦੀ ਧੌਣ ‘ਤੇ ਚਲਾ ਗਿਆ । ਕਈ ਸਾਲ ਪਹਿਲਾਂ ਭਲਵਾਨੀ ਕਰਦਿਆਂ; ਉਸ ਨੇ ਆਪਣੇ ਉਸਤਾਦ ਜਿੰਦੇ ਪੱਧਰੀ ਵਾਲੇ ਦੇ ਅਤੇ ਹੋਰ ਭਲਵਾਨਾਂ ਦੇ ਗੋਡਿਆਂ ਦੀ ਮਾਰ ਜ਼ੋਰ ਕਰਦਿਆਂ ਤੇ ਘੁਲਦਿਆਂ ਝੱਲੀ ਸੀ । ਉਂਝ ਵੀ ਉਸ ਦੀ ਵਿਸ਼ੇਸ਼ਤਾ ਢਾਹੁਣ ਨਾਲੋਂ ਢਹਿਣ ਵਿਚ ਸੀ । ਇਸੇ ਲਈ ਹੀ ਤਾਂ ਉਹਨਾਂ ਦੇ ਪਿੰਡ ਦੇ ਬਾਬੇ ‘ਝਰਲ’ ਨੇ ਉਹਨੂੰ ਮਖੌਲ ਨਾਲ ਕਿਹਾ ਸੀ, “ਉਏ ਧਰਮਿਆ ! ਭੈਣ ਦੇਣਿਆ ਕਿੱਡਾ ਤੇਰਾ ਸਰੀਰ ਆ । ਜੇ ਰੋਜ਼ ਢਹਿਣ ਦਾ ਹੀ ਕੰਮ ਫੜਨਾ ਸੀ ਤਾਂ ਏਦੂੰ ਚੰਗਾ ਸੀ ਕੰਜਰਾ ! ਤੇਰੇ ਸਰੀਰ ‘ਚੋਂ ਮੋਛੇ ਕਰਕੇ ਦੋ ਬੰਦੇ ਬਣ ਜਾਂਦੇ । ਇਕ ਹਲ ਵਾਹਿਆ ਕਰਦਾ ਤੇ ਇਕ ਪੱਠੇ ਪਾਉਂਦਾ । ਰੱਬ ਵੀ ਸਹੁਰੇ ਨੂੰ ਟਕੇ ਦੀ ਅਕਲ ਨੀਂ …” ਤੇ ਸਾਰੇ ਭਰਾਵਾਂ ‘ਚੋਂ ਛੋਟਾ ਧਰਮ ‘ਘੁੱਦੂ’ ਹੀ ਰਹਿ ਗਿਆ ਸੀ । ਹੁਣ ਉਹ ਨਾ ਭਲਵਾਨ ਸੀ ਤੇ ਨਾ ਹੀ ਧੌਣ ਤੇ ਕਿਸੇ ਗੋਡੇ ਦਾ ਡਰ । ਪਰ ਫਿਰ ਵੀ ਉਹਨੂੰ ਲੱਗਾ ਉਹਦੀ ਧੌਣ ਜਿਵੇਂ ਪੀੜ ਕਰਦੀ ਹੋਵੇ । ਉਸ ਦੀ ਧੌਣ ‘ਤੇ ਇਹ ਕਿਸ ਦਾ ਗੋਡਾ ਸੀ !
ਮੱਝ ਚੋਣ ਲਈ ਭਾੜਾ ਤੇ ਬਾਲਟੀ ਲਈ ਆਉਂਦੀ ਭੈਣ ਬਚਨੋ ; ਜਿਹੜੀ ਮਾਂ ਦੇ ਮਰਨ ਤੇ ਜਿਸ ਦਿਨ ਦੀ ਸਹੁਰਿਓਂ ਆਈ ਸੀ, ਇੱਥੇ ਹੀ ਸੀ– ਘੁੱਦੂ ਨੂੰ ਬਾਲਟੀ ਫੜਾ ਕੇ ਪੱਠਿਆਂ ‘ਤੇ ਆਟਾ ਧੂੜਣ ਲੱਗੀ ।
ਘੁੱਦੂ ਮੱਝ ਦੇ ਪਿੰਡੇ ‘ਤੇ ਥਾਪੀ ਮਾਰ ਕੇ ਹੇਠਾਂ ਬਹਿ ਗਿਆ ।
” ਹੈਂ ਵੀਰਾ ਵੇਖੇਂ ਨਾ ! ਦੋਵੇਂ ਵੱਡੇ ਭਾਊ ਆਉਣ ਈ ਵਾਲੇ ਨੇ …. ਵੱਡਾ ਭਾਊ ਰਾਤ ਦਾ ਕਰਮ ਸੂੰਹ ਕੋਲ ਅੱਡੇ ਤੇ ਆ ਗਿਆ ਹੋਣਾ …ਵੇਖੇਂ ਨਾ …ਤੂੰ ਜਿਹੜਾ ਸਾਬ੍ਹ ਕਤਾਬ ਬਣਦਾ…ਉਹਨਾਂ ਨਾਲ ਨਬੇੜ ਲੈ …ਵੇਖੇਂ ਨਾ ….ਮਾਂ ਦਾ ਕੱਠ ਵੀ ਕਰਨਾ ਹੋਇਆ …ਉਹਦੇ ਫੁੱਲ ਵੀ ਹਰਦਵਾਰ ਲੈ ਕੇ ਜਾਣੇ ਆਂ …ਸਿਆਣਿਆਂ ਆਖਿਆ ਲੇਖਾ ਮਾਵਾਂ ਧੀਆਂ ਦਾ …ਵੇਖੇਂ ਨਾ ….”
ਘੁੱਦੂ ਨੂੰ ਬੜੀ ਖਿਝ ਆਈ ।
“ਇਹ ਆਗੀ ਵੱਡੀ ਬੇਬੇ ਮਿਨੂੰ ਮੱਤਾਂ ਦੇਣ ਵਾਲੀ ।”
ਉਹ ਆਪ ਤੋਂ ਛੋਟੀ ਬਚਨੋ ਬਾਰੇ ਸੋਚਦਾ ਜ਼ਹਿਰੀ ਥੁੱਕ ਅੰਦਰ ਲੰਘਾ ਗਿਆ, “ਕਲ੍ਹ ਦੀ ਭੂਤਨੀ…..”
ਬਚਨੋ ਬੋਲੀ ਜਾ ਰਹੀ ਸੀ, “ਵੇਖੇਂ ਨਾ …ਮੈਨੂੰ ਪਤਾ ਤੇਰਾ ਹੱਥ ਤੰਗ ਆ ….ਪਰ ਇਹ ਕੰਮ ਵੀ ਅਕਸਰ ਕਰਨੇ ਹੋਏ । ਮੈਂ ਤਾਂ ਵੱਡਿਆਂ ਨੂੰ ਵੀ ਆਖਿਆ ਸੀ ….ਤ੍ਹਾਡਾ ਸਰਦੈ….ਤ੍ਹਾਡਾ ਹੱਥ ਖੁੱਲ੍ਹੈ …..ਕੋਈ ਨੀਂ ..ਉਹ ਅੱਗੋਂ ਆਂਹਦੇ ਅਸੀਂ ਖਾਣ ਲਈ ਦਾਣੇ ਈ ਖੜਦੇ ਆਂ ।…ਜ਼ਮੀਨ ਵੀ ਇਹ ਮੁਖਤ ‘ਚ ਵਾਹੀ ਜਾਂਦੈ ….ਵੇਖੇਂ ਨਾ ….ਸਾਰੇ ਤੇਰੇ ਭਾਈਏ ਅਰਗੇ ਕਿਵੇਂ ਹੋ ਜਾਣ..ਸਾਰੇ ਮੁਲਖ ਤੇ ਭੈਣਾਂ ਆਪਣਾ ਹਿੱਸਾ ਲਈ ਜਾਂਦੀਆਂ ਪਰ ਉਹਨੇ ਕਦੀ ਇਕ ਵਾਰ ਵੀ ਨਹੀਂ ਆਖਿਆ ….”
ਘੁੱਦੂ ਜਿਵੇਂ ਗਲ ਵਿਚ ਡੱਕਾ ਦਿੱਤੀ ਬੈਠਾ ਸੀ, ਚੀਕ ਹੀ ਪਿਆ, “ਓ ਤੂੰ ਵੀ ਲੈ ਜਾਹ ਤੇ ਉਹ ਵੀ ਲੈ ਜਾਣ …..ਜ਼ਮੀਨ ਸਹੁਰੀ ਨੇ ਵੜਾ ਮੈਨੂੰ ਕਾਰੂੰ ਪਾਤਸ਼ਾਹ ਬਣਾ ‘ਤਾ।”
ਉੱਚੀ ਚੀਕਵੀਂ ਆਵਾਜ਼ ਸੁਣ ਕੇ ਜ਼ੋਰ ਨਾਲ ਥਣ ਨੱਪਿਆ ਜਾਣ ਕਰਕੇ ਮੱਝ ਭੁੜ੍ਹਕ ਪਈ । ਘੁੱਦੂ ਚਿੱਤੜਾਂ ਪਰਨੇ ਡਿੱਗ ਪਿਆ । ਬਚਾਉਂਦਿਆਂ ਵੀ ਥੋੜ੍ਹਾ ਕੁ ਦੁੱਧ ਡੁੱਲ੍ਹ ਹੀ ਗਿਆ । ਉਸ ਉਠ ਕੇ ਫੌੜਾ ਚੁੱਕ ਲਿਆ ਤੇ ਮੱਝ ‘ਤੇ ‘ਕਾੜ੍ਹ ! ਕਾੜ੍ਹ !!’ ਵਰ੍ਹ ਪਿਆ ।
” ਵੇਖੇਂ ਨਾ …ਸਿੱਧਿਆਂ ਨੂੰ ਪੁੱਠਾ ਆਉਂਦੈ …” ਬੁੜਬੁੜਾਉਂਦੀ ਬਚਨੋਂ ” ਫੂੰ ਫੂੰ ” ਕਰਦੀ ਬਾਲਟੀ ਫੜ ਕੇ ਤੁਰ ਗਈ ।
” ਇਹਨੇ ਬੇਜ਼ਬਾਨ ਨੇ ਤੇਰਾ ਕੀ ਵਿਗਾੜਿਆ ?” ਚੌਂਕੇ ‘ਚੋਂ ਉਠ ਕੇ ਘੁੱਦੂ ਦੀ ਪਤਨੀ ਰਤਨੀ ਚੀਕੀ,” ਹੋਰਨਾਂ ਦਾ ਸਾੜ ਵਿਚਾਰੇ ਪਸ਼ੂ ਤੇ ਕਿਓਂ ਕੱਢਦਾ ਫਿਰਦਾਂ ….”
ਮੱਝ ਡਰ ਕੇ ਖੁਰਲੀ ਦੇ ਇਕ ਬੰਨੇ ਕੰਨ ਖੜੇ ਕਰਕੇ, ਡੈਂਬਰੀਆਂ ਅੱਖਾਂ ਨਾਲ ‘ਖਿਮਾ ਯਾਚਨਾ’ ਦੀ ਮੁਦਰਾ ਵਿਚ ਖੜੀ ਕੰਬੀ ਜਾ ਰਹੀ ਸੀ ।
ਦੂਰੋਂ ਮੋਟਰ ਸਾਈਕਲ ਦੀ ਆਵਾਜ਼ ਸੁਣਾਈ ਦਿੱਤੀ । ਘੁੱਦੂ ਡੰਗਰਾਂ ਦੀਆਂ ਖੁਰਲੀਆਂ ਵਿਚ ਐਵੇਂ ਹੱਥ ਮਾਰਨ ਲੱਗ ਪਿਆ । ਕੁੱਤਿਆਂ ਦੇ ਭੌਂਕਣ ਦੇ ਨਾਲ –ਨਾਲ ਆਵਾਜ਼ ਨੇੜੇ ਆਉਂਦੀ ਗਈ ਤੇ ਥੋੜ੍ਹੀ ਦੇਰ ਬਾਅਦ ਮੋਟਰ ਸਾਈਕਲ ਉਹਨਾਂ ਦੇ ਦਰਵਾਜ਼ੇ ਅੱਗੇ ਆ ਖੜੋਤਾ । ਰਤਨੀ ਨੇ ਸਿਰ ‘ਤੇ ਪੱਲਾ ਲੈਂਦਿਆਂ ਡਿਓਢੀ ਦਾ ਦਰਵਾਜ਼ਾ ਖੋਲ੍ਹਿਆ । ਉਹਦੇ ਦੋਵੇਂ ਜੇਠ ਸਵਰਨ ਸਿੰਘ ਤੇ ਕਰਮ ਸਿੰਘ ਸਨ । ਉਹਨਾਂ ਮੋਟਰ ਸਾਈਕਲ ਡਿਓਢੀ ਵਿਚੋਂ ਲੰਘਾ ਕੇ ਕੱਚੇ ਵਿਹੜੇ ਵਿਚ ਖੜਾ ਕਰ ਦਿੱਤਾ । ਵੱਡੇ ਸਵਰਨ ਸਿੰਘ ਨੇ ਆਪਣੀਆਂ ਅੱਖਾਂ ਤੋਂ ਐਨਕਾਂ ਲਾਹੀਆਂ, ਰੁਮਾਲ ਨਾਲ ਉਹਨਾਂ ਨੂੰ ਸਾਫ਼ ਕੀਤਾ ਤੇ ਫਿਰ ਦਸਤਾਨੇ ਪਹਿਨੇ ਹੱਥਾਂ ਨਾਲ ਉਵਰਕੋਟ ਤੋਂ ਸਿਲ੍ਹ ਨੂੰ ਪੂੰਝਦਾ ਡਿਓਢੀ ਵਿਚ ਪਏ ਆਪਣੇ ਪਿਓ ਬਿਸ਼ਨ ਸਿੰਘ ਦੇ ਬਿਸਤਰੇ ਵੱਲ ਵਧਿਆ । ਛੋਟੇ ਕਰਮ ਸਿੰਘ ਨੇ ਲੋਈ ਦੀ ਬੁੱਕਲ ਤੇ ਤਿੱਲੇ ਵਾਲੀ ਜੁੱਤੇ ਹੇਠਾਂ ਲੱਗਾ ਗੋਹਾ ਉਤਾਰਨ ਲਈ ਪੈਰ ਨੂੰ ਚੌਂਤਰੇ ਦੀ ਵੱਟ ਨਾਲ ਘਸਾਉਂਦਿਆਂ ਬਚਨੋ ਵੱਲ ਮੂੰਹ ਕੀਤਾ “ਘੁੱਦੂ ਕਿਥੇ ਆ ?”
ਬਚਨੋ ਨੇ ਬੁੱਕਲ ‘ਚੋਂ ਬਾਂਹ ਕੱਢ ਕੇ ਡੰਗਰਾਂ ਵੱਲ ਕੀਤੀ ; ਜਿਥੇ ਮੋਟਰ ਸਾਈਕਲ ਦੇ ਖੜਾਕ ਨਾਲ ਕਿੱਲਾ ਪੁਟਾ ਗਏ ਵਹਿੜਕੇ ਨੂੰ ਘੁੱਦੂ ਫੜ ਰਿਹਾ ਸੀ ।
“ਓ ਆ ਭਈ ਭਲਵਾਨਾ ! ਰਤਾ ਮਸ਼ਵਰਾ ਕਰ ਲੀਏ । ਭਾ ਜੀ ਹੁਰਾਂ ਤੋਂ ਵੀ ਰੋਜ ਰੋਜ ਨੂੰ ਛੁੱਟੀ ਨੀਂ ਆਇਆ ਜਾਂਦਾ ….. ਮੈਨੂੰ ਵੀ ਸੌ ਕੰਮ ਰਹਿੰਦੇ ਨੇ …..ਨਾਲੇ ਬੁੱਢੜੀ ਦੇ ਫੁੱਲ ਜੇ ਤੂੰ ਜਾਣਾ ਤੂੰ ਸਹੀ ….ਤੇ ਜੇ ਮੈਂ ਜਾਣਾਂ ਤਾਂ ਸਹੀ ….ਗੰਗਾ ਪਾ ਆਈਏ ….”
” ਆਉਨਾਂ ” ਘੁੱਦੂ ਨੇ ਬੇਪ੍ਰਵਾਹੀ ਨਾਲ ਜਵਾਬ ਦਿੱਤਾ ਤੇ ਪੁੱਟੇ ਹੋਏ ਕਿੱਲੇ ਨਾਲ ਬੱਝਾ ਵਹਿੜਕਾ ਦਾ ਰੱਸਾ ਖੋਲ੍ਹਦਾ ਆਪਣੇ ਮੁੰਡੇ ਨੂੰ ਕਹਿਣ ਲੱਗਾ, “ਓ ਕਾਕੂ ਮੰਜਾ ਕੱਢ ਕੇ ਬਾਪੂ ਆਵਦੇ ਕੋਲ ਡਿਓਢੀ ‘ਚ ਡਾਹ”
ਇਸ ਤੋਂ ਪਹਿਲਾਂ ਕਿ ਕਾਕੂ ਮੰਜਾ ਲਿਆਉਂਦਾ, ਬੁੱਢੇ ਬਿਸ਼ਨ ਸਿੰਘ ਨੇ ਕਿਹਾ, “ਕਾਕੂ ਖੁਰਸੀ ਲੈ ਆ” ਤੇ ਉਹ ਸਿੱਧਾ ਹੋ ਕੇ ਇਕ ਪਾਸੇ ਨੂੰ ਖਿਸਕ ਕੇ ਬੈਠ ਗਿਆ ਤੇ ਸਵਰਨ ਸਿੰਘ ਲਈ ‘ਓਨਾ ਚਿਰ’ ਬੈਠਣ ਲਈ ਮੰਜੀ ਤੇ ਥਾਂ ਖਾਲੀ ਕਰ ਦਿੱਤੀ । ਪਰ ਸਵਰਨ ਸਿੰਘ ਪੱਗ ਦਾ ਪੱਲਾ ਠੀਕ ਕਰਦਾ ਮੰਜੀ ਲਾਗੇ ਦਾੜ੍ਹੀ ਪਲੋਸਣ ਲੱਗਾ ।
ਸਵਰਨ ਸਿੰਘ ਤਿੰਨਾਂ ਭਰਾਵਾਂ ‘ਚੋਂ ਸਭ ਤੋਂ ਵੱਡਾ ਤੇ ਪੜ੍ਹਿਆ ਲਿਖਿਆ ਸੀ । ਆਪਣੀ ਹਿੰਮਤ ਨਾਲ ਪੜ੍ਹ ਕੇ ਉਹ ਓਵਰਸੀਅਰ ਲੱਗ ਗਿਆ ਸੀ ਤੇ ਚੰਗੀ ‘ਕਮਾਈ’ ਕਰਦਾ ਸੀ । ਉਹ ਸ਼ਹਿਰ ਹੀ ਕੋਠੀ ਪਾ ਕੇ ਰਹਿ ਰਿਹਾ ਸੀ । ਇਕੋ ਇਕ ਧੀ ਉਸ ਨੇ ਚੰਗੇ ਘਰ ਵਿਆਹ ਲਈ ਸੀ । ਦੋਵੇਂ ਮੁੰਡੇ ਵੀ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਸਨ । ਚੰਗੇ ਤੇ ਵੱਡੇ ਲੋਕਾਂ ਨਾਲ ਉਹਦਾ ਸੰਪਰਕ ਸੀ; ਲੈਣ ਦੇਣ ਸੀ; ਮਿਲਵਰਤਣ ਸੀ । ਉਹਦਾ ਇਕ ਆਪਣਾ ਹੀ ਵਿਸ਼ੇਸ਼ ਦਾਇਰਾ ਬਣ ਚੁੱਕਾ ਸੀ । ਪਿੰਡ ਉਸ ਦਾ ਆਉਣ ਜਾਣ ਘੱਟ ਹੀ ਸੀ । ਜਿਹੜੀ ਦੋ – ਢਾਈ ਕਿੱਲੇ ਜ਼ਮੀਨ ਉਸ ਦੇ ਹਿੱਸੇ ਆਉਂਦੀ ਸੀ, ਉਹ ਘੁੱਦੂ ਹੀ ਵਾਹੁੰਦਾ ਸੀ ਤੇ ਉਹ ਬਕੌਲ ਉਸ ਦੇ, ” ਖਾਣ ਲਈ ਸਾਲ ਦੇ ਦਾਣੇ ਹੀ ਖੜਦਾ ਸੀ ।” ਆਪਣੇ ਅੰਗਾਂ – ਸਾਕਾਂ ਤੇ ਯਾਰਾਂ – ਦੋਸਤਾਂ ਵਿਚ ਉਹ ਇਹੋ ਹੀ ਕਹਿੰਦਾ ਕਿ ਉਸ ਨੇ ਜ਼ਮੀਨ ਘੁੱਦੂ ਨੂੰ ਮੁਫ਼ਤ ਹੀ ਦਿੱਤੀ ਹੋਈ ਹੈ ।
ਕਾਕੂ ਕੁਰਸੀ ਲੈ ਆਇਆ । ਲੋਹੇ ਦੀ ਇਹ ਇਕੋ ਕੁਰਸੀ ਬੜੇ ਸਾਲਾਂ ਤੋਂ ਉਹਨਾਂ ਦੇ ਘਰ ਸੀ । “ਪੁੱਤ ! ਖੁਰਸੀ ਤੇ ਕੱਪੜਾ ਫੇਰ ਲੈ ਜ਼ਰਾ ” ਬੁੱਢੜੇ ਬਿਸ਼ਨ ਸਿੰਘ ਨੇ ਆਪਣੀ ਉੱਡੇ ਰੰਗ ਵਾਲੀ, ਖੱਦਰ ਦੇ ਅਮਰੇ ਦੀ ਰਜਾਈ ਨੂੰ ਠੀਕ ਕੀਤਾ ਤੇ ਆਪਣੇ ਕੇਸਾਂ ਦੀ ਜਟੂਰੀ ਕਰਕੇ ਕੰਬਦੇ ਹੱਥਾਂ ਨਾਲ ਮੈਲੀ ਪੱਗ ਸਿਰ ‘ਤੇ ਲਪੇਟਣ ਲੱਗਾ । ਬਿਸ਼ਨ ਸਿੰਘ ਜਦੋਂ ਵੀ ਸਵਰਨ ਸਿੰਘ ਦੇ ਸਾਹਮਣੇ ਹੁੰਦਾ ਸੀ, ਉਹਦੀ ਅਵਸਥਾ ਇੰਝ ਹੀ ਹੁੰਦੀ ਜਿਵੇਂ ਕੋਈ ਜੱਟ ਤਹਿਸੀਲਦਾਰ ਦੇ ਸਾਹਮਣੇ ਖੜਾ ਹੋਵੇ । ਉਹ ਉਸ ਨੂੰ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਲੱਗਦਾ; ਜਿਹੜੀ ਡਾਢੀ ਸਾਫ਼ ਵਧੀਆ ਤੇ ਚੀਕਣੀ ਹੋਵੇ । ਜਿਸਦੇ ਖ਼ਬਰੇ ਗੁੱਡੀਆਂ ਤੇ ਬਾਵੇ ਬਣਦੇ ਹਨ । ਸਵਰਨ ਦੇ ਰਹਿਣ ਸਹਿਣ ਤੇ ਉਸ ਦੀ ਪੋਚਾ – ਪੋਚੀ ਦੇ ਸਾਹਮਣੇ ਉਹ ਆਪਣੇ ਆਪ ਨੂੰ ਡਾਢਾ ਖੁਰਦਰਾ ਜਿਹਾ ਮਹਿਸੂਸ ਕਰਦਾ । ਇਸ ਲਈ ਸ਼ਹਿਰ ਜਾ ਕੇ ਉਹ ਕਦੀ ਵੀ ਸਵਰਨ ਦੇ ਘਰ ਦੇ ਕੂਲੇ ਜਿਹੇ ਮਾਹੌਲ ਵਿਚ ਬਹੁਤੀ ਦੇਰ ਨਹੀਂ ਸੀ ਟਿਕ ਸਕਿਆ । ਉਸ ਨੂੰ ਲੱਗਦਾ, ਜਿਵੇਂ ਉਹਦੇ ਪੈਰ ਉਸ ਘਰ ਵਿਚ ਠੀਕ ਤਰ੍ਹਾਂ ਨਾ ਉਠ ਰਹੇ ਹੋਣ । ਉਹਦੀ ਨੂੰਹ ਤੇ ਪੋਤਰੇ ਪੋਤਰੀਆਂ ਉਹਨੂੰ ਜਿਵੇਂ ਘੂਰ ਘੂਰ ਵੇਖਦੇ ਹੋਣ । ਉਹਨੂੰ ਲੱਗਦਾ ਜਿਵੇਂ ਕੋਈ ਮਿੱਟੀ ਦੇ ਘੁਰਨਿਆਂ ਵਿਚ ਖੇਡਦੇ ਸਹੇ ਨੂੰ ਸੰਗਮਰਮਰ ਦੀ ਗੁਫਾ ਵਿਚ ਛੱਡ ਆਇਆ ਹੋਵੇ ।
ਕਾਕੂ ਨੇ ਕੁਰਸੀ ਸਾਫ਼ ਕਰ ਦਿੱਤੀ । ਬਿਸ਼ਨ ਸਿੰਘ ਸਵਰਨ ਨੂੰ ਇਕ – ਵਚਨ ਜਾਂ ਬਹੁ – ਵਚਨ ਵਿਚ ਸੰਬੋਧਨ ਕਰਨ ਦੀ ਦੋ -ਚਿੱਤੀ ਵਿਚ ਹੀ ਸੀ ਕਿ ਸਵਰਨ ਕੁਰਸੀ ‘ਤੇ ਬੈਠ ਗਿਆ ।
ਅਜਿਹੇ ਸਮੇਂ ਬਿਸ਼ਨ ਸਿੰਘ ਕਈ ਵਾਰ ਆਪਣੇ ਆਪ ‘ਚ ਡਾਢਾ ਕੱਚਾ ਜਿਹਾ ਹੁੰਦਾ । ਉਹਦਾ ਆਪਣਾ ਆਪ ਹੁੰਗਾਰਾ ਉਠਦਾ, ‘”ਇਹ ਕਿਹੜਾ ਵੈਸਰਾਏ ਦਾ ਬੀ ਐ ਮੇਰਾ ਮੁੰਡਾ ਈ ਐ …ਮੈਂ ਕਿਓਂ …?”
ਕਰਮ ਸਿੰਘ ਆਪ ਹੀ ਮੰਜਾ ਚੁੱਕ ਕੇ ਡਿਓਢੀ ਵਿਚ ਲੈ ਆਇਆ । ਉਹ ਘੁੱਦੂ ਤੋਂ ਦੋ ਸਾਲ ਵੱਡਾ ਸੀ । ਪੜ੍ਹਾਈ ਵਲੋਂ ਲਾਪਰਵਾਹ ਤੇ ਸ਼ਰਾਰਤਾਂ ‘ਚ ਨੰਬਰ ਇਕ । ਉਹ ਸੰਤੀ ਮਹਿਰੀ ਦੇ ਬਾਲਣ ਵਿਚ ਬਸਤਾ ਲੁਕਾ ਕੇ ਹਾਣੀਆਂ ਨਾਲ ਖਿਦੋ – ਖੂੰਡੀ ਖੇਡਣ ਨਿਕਲ ਜਾਂਦਾ ਤੇ ਛੁੱਟੀ ਹੋਣ ਸਮੇਂ ਬਸਤਾ ਚੁੱਕ ਘਰ ਜਾ ਵੜਦਾ । ਛੋਟਾ ਹੋਣ ਕਰਕੇ ਘੁੱਦੂ ਉਹਦੇ ਨਾਲ ਰਹਿੰਦਾ । ਇੱਕਠੇ ਹੀ ਉਹ ਸਕੂਲ ਗਏ ਤੇ ਇੱਕਠੇ ਹੀ ਪੜ੍ਹਾਈ ਛੱਡ ਕੇ ਉਹ ਘਰ ਦੇ ਕੰਮ ਵਿਚ ਪਿਓ ਦੀ ਮਦਦ ਕਰਾਉਣ ਲੱਗ ਪਏ ।
ਜਵਾਨੀ ਚੜ੍ਹਦਿਆਂ ਹੀ ਕਰਮਾ ਤਾਂ ਪਾਂਡੀ ਬਣ ਕੇ ਸਮਗਲਿੰਗ ਦਾ ਮਾਲ ਢੋਣ ਲੱਗ ਪਿਆ ਤੇ ਘੁੱਦੂ ਜਿਸਮ ਦਾ ਤਾਜ਼ਾ ਤੇ ਹੱਡਾਂ ਪੈਰਾਂ ਦਾ ਖੁਲ੍ਹਾ ਹੋਣ ਕਰਕੇ ਭਲਵਾਨੀ । ਕਰਮੇ ਦਾ ਪਾਂਡੀ ਹੋਣਾ ਤਾਂ ਸੁਕਾਰਥੇ ਆਇਆ । ਹੌਲੀ ਹੌਲੀ ਉਹਨੇ ਬਲੈਕ ਦੇ ਮਾਲ ਵਿਚ ਆਪਣਾ ਹਿੱਸਾ – ਪੱਤੀ ਰੱਖਣਾ ਸ਼ੁਰੂ ਕਰ ਦਿੱਤਾ । ਅੱਜ ਹੋਰ – ਕੱਲ੍ਹ ਹੋਰ । – ਤੇ ਕਰਮਾ ਵੀ ਲਾਗਲੇ ਕਸਬੇ ਦੇ ਚੌੰਕ ਵਿਚ ਆਪਣਾ ਮਕਾਨ ਬਣਵਾ ਕੇ ਠਾਠ ਨਾਲ ਰਹਿ ਰਿਹਾ ਸੀ । ਡੇਅਰੀ ਤੇ ਮੁਰਗੀ- ਖਾਨਾ ਖੋਲ੍ਹ ਰੱਖਿਆ ਸੀ । ਉਹਦੇ ਘਰ ਪੂਰੀ ਲਹਿਰ ਬਹਿਰ ਸੀ ।
ਤੇ ਭਲਵਾਨੀ ਕਰਦਾ ਕਰਦਾ ਧਰਮ ਸਿੰਘ ਘੁੱਦੂ ਦਾ ਘੁੱਦੂ ਹੀ ਰਹਿ ਗਿਆ ਸੀ । ਪਿਓ ਵਾਲੀ ਹਲ ਤੇ ਜੰਘੀ ਉਸ ਦੇ ਹੱਥ ਵਿਚ ਸੀ । ਬਾਬੇ ‘ਝਰਲ’ ਨੇ ਭਾਵੇਂ ਮਖੌਲ ਵਿਚ ਹੀ ਉਹਦੇ ਦੋ ਬੰਦੇ ਬਣ ਜਾਣ, ਇਕ ਦੇ ਹਲ ਵਾਹੁਣ ਦੂਜੇ ਦੇ ਪੱਠੇ ਪਾਉਣ ਦੀ ਗੱਲ ਕੀਤੀ ਸੀ – ਪਰ ਘੁੱਦੂ ਸੱਚੀਂ ਹੀ ਵਾਹੀ ਵਿਚ ਦੂਣੇ ਜ਼ੋਰ ਨਾਲ ਲੱਗਾ ਰਿਹਾ ਸੀ । ਉਹ ਆਪਣੇ ਵੱਲੋਂ ਤਾਂ ਤੇਜ਼ ਦੌੜਨ ਦਾ ਬਹੁਤ ਯਤਨ ਕਰਦਾ, ਪਰ ਸੁਪਨੇ ਵਿਚ ਡਰ ਕੇ ਭੱਜਣ ਵਾਲਿਆਂ ਵਾਂਗ, ਉਸ ਦਾ ਹਰ ਚੁੱਕਿਆ ਪੈਰ ਅੱਗੇ ਧਰੇ ਜਾਣ ਦਾ ਨਾਂ ਹੀ ਨਹੀਂ ਸੀ ਲੈਂਦਾ । ਜਿਵੇਂ ਕੋਈ ਗੈਬੀ ਸ਼ਕਤੀ ਉਹਦੇ ਲੱਕ ਨੂੰ ਜੱਫਾ ਮਾਰੀ ਪਿਛਾਂਹ ਖਿੱਚੀ ਲਿਜਾ ਰਹੀ ਸੀ ।
ਵਹਿੜਕੇ ਦਾ ਕਿੱਲਾ ਗੱਡਦਿਆਂ ਘੁੱਦੂ ਜਿਓਂ ਹੀ ਕਿੱਲੇ ਨੂੰ ਸੱਟ ਮਾਰ ਰਿਹਾ ਸੀ ਉਹਨੂੰ ਲੱਗ ਰਿਹਾ ਸੀ ਜਿਵੇਂ ਇਹ ਸੱਟ ਉਹਦੇ ਆਪਣੇ ਸਿਰ ਵਿਚ ਵੱਜੀ ਹੋਵੇ ਅਤੇ ਉਹ ਹਰ ਸੱਟ ਨਾਲ ਹੀ ਧਰਤੀ ਦੇ ਅੰਦਰ ਨਿਘੱਰਦਾ ਜਾ ਰਿਹਾ ਹੋਵੇ । ਮਨ ਹੀ ਮਨ ਉਹ ਦੋਹਾਂ ਭਰਾਵਾਂ ਬਾਰੇ ਸੋਚ ਕੇ ਉਹ ਝੁੰਜਲਾ ਉਠਿਆ ਤੇ ਤੀਜੀ ਭੈਣ ਬਚਨੋ ! ….ਉਫ ! ਇਹ ਕੇਹੇ ਰਿਸ਼ਤੇ ਸਨ ।
ਵੱਡੇ ਤੇ ਉਸ ਨੂੰ ਖਿਝ ਸੀ ਕਿ ਉਹ ਅੰਗਾ – ਸਾਕਾਂ ਦੇ ਸਾਹਮਣੇ ਉਹ ਘੁੱਦੂ ਨੂੰ ਯਤੀਮ ਜਿਹਾ ਬਣਾ ਕੇ ਪੇਸ਼ ਕਰਦਾ ਸੀ । ਦਾਣੇ ਲਿਜਾ ਕੇ ਵੀ ਜ਼ਮੀਨ ਬਾਰੇ ਇੰਝ ਕਹਿੰਦਾ ਸੀ; ਜਿਵੇਂ ਘੁੱਦੂ ਨੂੰ ਦਾਨ ਕਰ ਦਿੱਤੀ ਹੋਵੇ । ਜ਼ਮੀਨ ਘੁੱਦੂ ਤੋਂ ਛੱਡੀ ਨਹੀਂ ਸੀ ਜਾਂਦੀ ਜਾਂ ਛੱਡਿਆਂ ਉਸ ਦਾ ਗੁਜ਼ਾਰਾ ਨਹੀਂ ਸੀ ਹੁੰਦਾ । ਪਰ ਏਦਾਂ ‘ਮੁਫਤ ਦੇ ਅਹਿਸਾਨ’ ਹੇਠਾਂ ਉਸ ਤੋਂ ਦੱਬਿਆਂ ਵੀ ਨਹੀਂ ਸੀ ਜਾਂਦਾ । ਤੇ ਕਰਮ ਸਿੰਘ ਤਾਂ ਬਰਾਬਰ ਦਾ ਹਿੱਸਾ ਵੀ ਵੰਡ ਕੇ ਲੈ ਜਾਂਦਾ ਸੀ; ਪਰ ਇਹ ਵੀ ਇਤਰਾਜ਼ ਕਰਦਾ ਸੀ ਕਿ ਘੁੱਦੂ ਦੇ ਹੱਥਾਂ ਵਿਚ ਬਰਕਤ ਨਹੀਂ । ਉਹਨੂੰ ਹਿੱਸੇ ਵਿਚੋਂ ਕੁਝ ਨਹੀਂ ਬਚਦਾ । ਅਜੇ ਕਲ੍ਹ ਮਾਂ ਦੇ ਫੁੱਲ ਚੁਣਦਿਆਂ ਉਹ ਆਪਣੇ ਭਣਵੱਈਏ ਨੂੰ ਕਹਿ ਰਿਹਾ ਸੀ,” ਭਾਈਆ ! ਐਤਕੀਂ ਮੇਰੀ ਸਲਾਹ ਏ ਪਿੰਡ ਆਲੀ ਦੋ ਕਿੱਲੇ ਆਪ ਹੀ ਟਰੈਕਟਰ ਨਾਲ ਵਾਹ ਕੇ ਮੱਝਾਂ ਲਈ ਪੱਠੇ ਨਾ ਬੀਜ ਛੱਡਾਂ ? ਇਸ ‘ਚੋਂ ਬਚਦਾ ਬਚਾਉਂਦਾ ਤਾਂ ਅੱਗੇ ਕੁਛ ਨ੍ਹੀ ।”
“ਮਾੜੀ ਗੱਲ ਨ੍ਹੀਂ …ਮਾੜੀ ਗੱਲ ਨੀਂ …ਚੰਗਾ ਰਹੇਗਾ …” ਬਚਨੋਂ ਦੇ ਘਰ ਵਾਲਾ ਬੋਲਿਆ ਸੀ ।
ਘੁੱਦੂ ਨੂੰ ਪਤਾ ਸੀ ਕਿ ਉਹ ਉਸ ਨੂੰ ਸੁਣਾ ਕੇ ਗੱਲਾਂ ਕਰ ਰਹੇ ਹਨ । ਉਹ ਅੰਦਰੋਂ ਅੰਦਰ ਭਰਿਆ ਪੀਤਾ ਬੈਠਾ ਸੀ । ਬੋਲਿਆ ਕੁਝ ਨਹੀਂ । ਜ਼ਮੀਨ ਤਾਂ ਅੱਗੇ ਹੀ ਥੋੜ੍ਹੀ ਸੀ; ਜੋ ਇਹ ਦੋ ਕਿੱਲੇ ਵੀ ਹੱਲ ਹੇਠੋਂ ਨਿਕਲ ਗਈ ? ਉਸ ਨੂੰ ਫਿਕਰ ਸੀ ਆਪ ਤਾਂ ਉਹ ਗੱਲ ਕਰਨੋਂ ਝਿਜਕਦਾ ਸੀ । ਲਾ ਪਾ ਕੇ ਵਿਚਲਾ ਬੰਦਾ ਭੈਣ – ਭਣਵੱਈਆ ਸੀ ਜਾਂ ਪਿਓ; ਜਿਨ੍ਹਾਂ ਨੂੰ ਉਹ ਆਪਣਾ ਦੁੱਖ ਦੱਸ ਸਕਦਾ ਸੀ । ਉਹਨਾਂ ਦੀ ਮੱਦਦ ਮੰਗ ਸਕਦਾ ਸੀ । ਪਰ ਭਣਵੱਈਆ ਤਾਂ ਉਸ ਦੇ ਸਾਹਮਣੇ ਕਰਮ ਸਿੰਘ ਨੂੰ ਜ਼ਮੀਨ ਛੁਡਾ ਲੈਣ ਲਈ ਕਹਿ ਰਿਹਾ ਸੀ । ਤੇ ਭੈਣ ਬਚਨੋਂ ਨੇ ਉਸ ਦੀ ਮੱਦਦ ਕੀ ਕਰਨੀ ਸੀ । ਉਸ ਨੂੰ ਤਾਂ ਅੱਗੇ ਹੀ ਇਤਰਾਜ਼ ਰਹਿੰਦਾ ਸੀ ਕਿ ਵੱਡੇ ਭਰਾ – ਭਰਜਾਈ ਉਸ ਨਾਲ ਚੰਗਾ ਵਰਤਦੇ ਸਨ । ਉਸ ਨਾਲ ਦੁੱਖ – ਸੁੱਖ ਵੰਡਾਉਣ ਆਉਂਦੇ ਜਾਂਦੇ ਸਨ । ਔਖੇ ਸੌਖੇ ਵੇਲੇ ਕੰਮ ਵੀ ਆਉਂਦੇ ਸਨ । ਸਾਲ ਛਿਮਾਹੀ ਸੂਟ ਵੀ ਬਣਾ ਦਿੰਦੇ ਸਨ । ਪਰ ਘੁੱਦੂ ਸੀ ਔਖੇ ਵੇਲੇ ਤਾਂ ਮੱਦਦ ਤਾਂ ਕੀ ਕਰਨੀ ਸੀ ਉਹਨੂੰ ਮਿਲਣ ਤਾਂ ਕੀ ਜਾਣਾ ! ਜੇ ਕਿਧਰੇ ਸਾਲ ਛਿਮਾਹੀ ਉਹਦਾ ਮੁੰਡਾ ਆ ਗਿਆ ਤਾਂ ਉਸ ਬਾਰੇ ਕਹਿੰਦੀ: “ਹਾਇਆ ! ਏਨਾ ਨਮੋਹਾ ! ….ਮੁੰਡਾ ਹੋਣ ਤੇ ਉਹੋ ਜਿਹੜੇ ਚਾਰ ਪਰੋਲੇ ਜਿਹੇ ਦਿੱਤੇ ਸੀ ਬੱਸ ….ਮੇਰੀ ਜ਼ਬਾਨ ਸੜ ਜੇ, ਜੇ ਕਿਤੇ ਮੁੰਡੇ ਨੂੰ ਦੋ ਟਾਕੀਆਂ ਬਣਾ ਕੇ ਦਿੱਤੀਆਂ ਹੋਣ ਜਾਂ ਛਿਲੜ ਹੀ ਹੱਥ ਤੇ ਰੱਖਿਆ ਹੋਵੇ । ਵੇਖੋ ਨਾ …ਅਸੀਂ ਕਿਤੇ ਇਹਦੇ ਪੈਸੇ ਲੀੜਿਆਂ ਤੇ ਤਾਂ ਨੀਂ ਬੈਠੇ …ਪਰ ਫਿਰ ਵੀ ਭੈਣ – ਭਰਾ ਦਾ ਹੰਮਾ ਹੁੰਦਾ …ਵੇਖੇਂ ਨਾ ….’ਤੇ ਉਹ ਅੱਖਾਂ ਤੇ ਚੁੰਨੀ ਫੇਰਨ ਲੱਗ ਪੈਂਦੀ ।
ਘੁੱਦੂ ਬਚਨੋਂ ‘ਤੇ ਅੰਦਰੋਂ ਅੰਦਰ ਭੁੱਜਿਆ ਪਿਆ ਸੀ । ਉਸ ਦਿਨ ਮਾਂ ਦਾ ਸਸਕਾਰ ਕਰਨ ਤੋਂ ਪਹਿਲਾਂ ਇਸ਼ਨਾਨ ਕਰਾਉਣ ਵੇਲੇ ਮਾਂ ਦੇ ਕੰਨਾਂ ਵਿਚ ਪਈਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਵਿਚਕਾਰਲੀ ਭਰਜਾਈ ਨੂੰ ਫੜਾ ਦਿੱਤੀਆਂ । ਉਹ ਜਿਵੇਂ ਵਾਲੀਆਂ ਤੇ ਲੱਤ ਫੇਰਦੀ ਰਹੀ ਸੀ । ਇਕ ਪਲ ਉਹਨੂੰ ਮਾਂ ਤੇ ਖਿਝ ਵੀ ਆਈ । ਪਰ ਫਿਰ ਮਾਂ ਦਾ ਝੁਰੜੀਆਂ ਭਰਿਆ ਚਿਹਰਾ ਤੇ ਡੂੰਘੀਆਂ ਚਮਕਦੀਆਂ ਅੱਖਾਂ ਯਾਦ ਆਉਣ ਤੇ ਉਹ ਮਾਂ ਦੇ ਪਿਆਰ ਵਿਚ ਭਿੱਜ ਗਿਆ । ਇਕੋ ਮਾਂ ਹੀ ਸੀ, ਜਿਸ ਨੇ ਉਹਨੂੰ ਅੰਤਾਂ ਦਾ ਪਿਆਰ ਕੀਤਾ ਸੀ । ਸਦਾ ਉਹਦੇ ਹੱਕ ਵਿਚ ਡੱਟ ਕੇ ਬੋਲੀ ਸੀ । ਜਿਹੜੀ ਗੱਲ, ਜਿਹੜੀ ਭਾਸ਼ਾ ਵਿਚ ਜਿੰਨੇ ਜ਼ੋਰ ਉਹ ਕਹਿਣਾ ਚਾਹੁੰਦਾ ਹੁੰਦਾ, ਉਹਦੀ ਮਾਂ ਉਹ ਗੱਲ ਉਸ ਨਾਲੋਂ ਜ਼ੋਰਦਾਰ ਅੰਦਾਜ਼ ਵਿਚ ਕਿਹਾ ਕਰਦੀ । ਉਹੋ ਹੀ ਸੀ; ਜਿਹੜੀ ਘੁੱਦੂ ਬਾਰੇ ਕਹਿੰਦੀ ਸੀ, ” ਇਹ ਤਾਂ ਮੇਰਾ ਲੋਲ੍ਹੜ ਪੁੱਤ ਏ, ਭੋਲਾ ਭਾਲਾ, ਸ਼ਿਵਾਂ ਵਰਗਾ ..ਤੁਸੀਂ ਤਾਂ ਸਭ ਕਾਂਟੇ ਓ ….”
ਘੁੱਦੂ ਨੂੰ ਅਫ਼ਸੋਸ ਸੀ ਕਿ ਉਹ ਮਰਦੀ ਹੋਈ ਮਾਂ ਦੇ ਕੋਲ ਨਹੀਂ ਸੀ । ਸਾਰੀ ਉਮਰ ਮਾਂ ਉਹਦੇ ਕੋਲ ਰਹੀ ਪਰ ਮਰਨ ਸਮੇਂ ਉਸ ਕੋਲੋਂ ਚਲੀ ਗਈ । ਦੋ ਮਹੀਨੇ ਹੋਏ ਉਸ ਨੂੰ ਅਚਾਨਕ ਬੁੱਲਾ ਵੱਜ ਗਿਆ ਤੇ ਪਾਸਾ ਮਾਰਿਆ ਗਿਆ ।
ਸਵਰਨ ਸਿੰਘ ਮਾਂ ਦਾ ਪਤਾ ਕਰਨ ਆਇਆ ਤਾਂ ਉਹ ਮਾਂ ਦੇ ਵਰਜਦਿਆਂ ਵੀ ਉਸ ਨੂੰ ਆਪਣੇ ਨਾਲ ਸ਼ਹਿਰ ਲੈ ਗਿਆ ਤਾਂ ਕਿ ਉਸ ਨੂੰ ਵੱਡੇ ਹਸਪਤਾਲ ਵਿਚ ਦਾਖਲ ਕਰਵਾ ਕੇ ਇਲਾਜ ਕਰਵਾ ਸਕੇ ।
ਲਗਪਗ ਡੇਢ ਮਹੀਨਾ ਇਲਾਜ ਚਲਦਾ ਰਿਹਾ, ਪਰ ਬੁੱਢੜਾ ਤੇ ਕਮਜ਼ੋਰ ਸਰੀਰ ਬੀਮਾਰੀ ਦੀ ਮਾਰ ਨਾ ਝੱਲ ਸਕਿਆ ।
ਤੇ ਰਹਿ ਗਿਆ ਸੀ ਬਾਕੀ ਬੁੱਢੜਾ ਬਿਸ਼ਨ ਸਿੰਘ । ਜਿਹੜਾ ਉਸ ਦੀਆਂ ਔਖਿਆਈਆਂ ਨੂੰ ਸਮਝਦਾ ਸੀ । ਉਸ ਦੀ ਤੰਗੀ, ਜਿਸ ਦੀ ਆਪਣੀ ਤੰਗੀ ਸੀ । ਉਸ ਨੇ ਆਪ ਜੁ ਸਾਰੀ ਉਮਰ ਕਿਸਾਨ ਦੀ ਜੂਨ ਭੋਗੀ ਸੀ । ਪਰ ਉਹ ਵਿਚਾਰਾ ਏਨਾ ਨਿਰਮਾਣ ਤੇ ਦੱਬੂ ਜੱਟ ਸੀ ਜਾਂ ਇੰਜ ਕਹਿ ਲਈਏ ਕਿ ਉਹਦੇ ਵੱਡੇ ਪੁੱਤਾਂ ਦੇ ਪੈਸੇ ਦਾ ਜਬ੍ਹਾ ਉਸ ਤੇ ਕੁਝ ਇੰਝ ਬੈਠਾ ਸੀ ਕਿ ਉਹ ਉਭਾਸਰ ਕੇ ਕੋਈ ਗੱਲ ਉਹਨਾਂ ਨੂੰ ਕਹਿ ਹੀ ਨਹੀਂ ਸਕਦਾ ।
” ਓ ਆ ਮਾਂ ਦਿਆ ਸ਼ਿਵ ਜੀ ! ……ਹੈਥੇ ਕਿੱਲੇ ਨੂੰ ਈ ਠੱਕ ਠੱਕ ਕਰੀ ਜਾਨੈਂ …ਅਸੀਂ ਹੋਰ ਵੀ ਕੰਮ ਕਰਨੈਂ…….” ਕਰਮ ਸਿੰਘ ਨੇ ਘੁੱਦੂ ਨੂੰ ਆਵਾਜ਼ ਮਾਰੀ ।
ਘੁੱਦੂ ਮਿੱਟੀ ਨਾਲ ਲਿੱਬੜੇ ਹੱਥ ਤੇੜ ਦੀ ਚਾਦਰ ਨਾਲ ਪੂੰਝਦਾ ਉਠ ਖੜ੍ਹਾ ਹੋਇਆ ਤੇ ਹੌਲੀ ਹੌਲੀ ਤੁਰਦਾ ਡਿਓਢੀ ਵਿਚ ਆਣ ਕੇ ਉਨ੍ਹਾਂ ਕੋਲ ਖੜ੍ਹਾ ਹੋ ਗਿਆ ।
“ਬਹਿ ਜਾ”, ਕਰਮ ਸਿੰਘ ਨੇ ਘੁੱਦੂ ਨੂੰ ਮੰਜੇ ਤੇ ਬੈਠ ਜਾਣ ਲਈ ਇਸ਼ਾਰਾ ਕੀਤਾ । ਬਚਨੋਂ ਵੀ ਬੁੱਕਲ ਸਵਾਰਦੀ ਪਿਓ ਦੀ ਪੁਆਂਦੀ ਆ ਬੈਠੀ ।
” ਬਜ਼ੁਰਗਾ ! ਭਾ ਜੀ ਰਾਤੀਂ ਮੇਰੇ ਕੋਲ ਆਗੇ ਸੀ । ਅਸੀਂ ਤਾ ਤ੍ਹਾਡੇ ਨਾਲ ਮਸ਼ਵਰਾ ਕਰਨ ਆਏ ਆਂ……”
“ਕਰੋ ਪੀ ਮਸ਼ਵਰਾ …ਜਿਹੜਾ ਕਰਨਾ …ਕੀ ਗੱਲ ਐ …” ਬਿਸ਼ਨ ਸਿੰਘ ਨੇ ਹੌਲੀ ਜਿਹੀ ਦਾੜ੍ਹੀ ਖੁਰਕੀ ।
” ਵੇਖ ਸਲਾਹ ਨਾਲ ਰਲਕੇ –ਆਪੋਂ ਵਿਚ ਅਸੀਂ ਜਿਹੜੀ ਗੱਲ ਕਰਾਂਗੇ …ਉਹਦੇ ਨਾਲ ਦੀ ਰੀਸ ਨੀਂ …..” ਕਰਮ ਸਿੰਘ ਇਕ ਪਲ ਰੁਕਿਆ ਤੇ ਸਾਰਿਆਂ ਦੇ ਚਿਹਰਿਆਂ ਵੱਲ ਤੱਕਿਆ ।
ਫਿਰ ਖੰਘੂਰਾ ਮਾਰ ਕੇ ਬੋਲਿਆ, ” ਗੱਲ ਤਾਂ ਇਹ ਹੈ ਕਿ ਮਾਂ ਦਾ ਕੱਠ ਕਰਨਾ ਗੱਜ ਵੱਜ ਕੇ ….ਸਾਰੇ ਅੰਗ – ਸਾਕ ਸੱਦਣੇ ਨੇ …ਬੁੱਢੜੀ ਕਰਮਾਂ ਆਲੀ ….ਦੋਹਤਿਆਂ ਪੋਤਿਆਂ ਵਾਲੀ ਹੋ ਕੇ …ਉਮਰ ਭੋਗ ਕੇ ਗਈ ਆ ….ਉਹਨੂੰ ਵੱਡਿਆਂ ਕਰਨਾ ….ਹੈਂ ਕੀ ਸਲਾਹ ਐ ?”
“ਪੁੱਤ ! ਮੇਰੀ ਸਲਾਹ ਕੀ ਹੋਣੀ ਐ ….ਪਰ ਸਾਡੇ ਅਰਗੇ ਛੋਟੇ ਬੰਦਿਆਂ ਨੂੰ ਕਾਹਦਾ ਵੱਡਾ ਕਰਨਾ ਹੋਇਆ …” ਬਿਸ਼ਨ ਸਿੰਘ ਦੀ ਟੁੱਟਵੀਂ ਆਵਾਜ਼ ਸੀ ।
“ਮੈਂ ਵੀ ਕਰਮ ਸਿੰਘ ਨੂੰ ਕਿਹਾ ਕਿ ਇਹ ਫਜ਼ੂਲ ਖਰਚੀ ਐ …ਇਹ ਮੰਨਦਾ ਨੀਂ …” ਸਵਰਨ ਸਿੰਘ ਨੇ ਰਾਇ ਦਿੱਤੀ ।
“ਓ ਭਾ ਜੀ ! ਭਾਈਚਾਰਾ ਕੀ ਆਖੂ ! ਚੰਗੇ ਭਲੇ ਪੁੱਤ ਕਮਾਉਂਦੇ …ਪੈਸੇ ਵਾਲੇ …. ਕੀ ਮਰੀ ਪੈਗੀ …ਤੁਹਾਡੇ ਪੜ੍ਹਿਆਂ ਲਿਖਿਆਂ ਲਈ ਹਊ ਫਜੂਲ ਖਰਚੀ ….ਨਾਲੇ ਤੁਹਾਨੂੰ ਕੀ …ਤੁਸੀਂ ਤਾਂ ਸ਼ਹਿਰ ਰਹਿਣਾ । ਏਥੇ ਮਿਹਣੇ ਤਾਂ ਸਾਨੂੰ ਵੱਜਣੇ ਨੇ ….”ਕਰਮ ਸਿੰਘ ਅਜੇ ਬੋਲ ਹੀ ਰਿਹਾ ਸੀ ਕਿ ਬਚਨੋ ਉਹਦੀ ਗੱਲ ਟੁੱਕ ਕੇ ਬੋਲ ਪਈ:
“…ਹਾਹੋ ਨਹੀਂ ਨਹੀਂ ਭਾ ਜੀ, ਤੁਸੀਂ ਵੀ ਕਿਹੋ ਜਿਹੀਆਂ ਗੱਲਾਂ ਕਰਦੇ ਓ …” ਬਚਨੋ ਸਵਰਨ ਸਿੰਘ ਨੂੰ ਤਿੱਖੀ ਹੋ ਕੇ ਪਈ, ” ਭਾਊ ਕਰਮ ਸਿੰਘ ਠੀਕ ਆਂਹਦਾ ਏ ….ਉਧਰ ਮੇਰੇ ਸਹੁਰੇ ਤਾਂ ਤਿਆਰੀਆਂ ਵੀ ਕੱਸੀ ਬੈਠੇ ਹੋਣੇ ਨੇ …ਮੈਨੂੰ ਤਾਂ ਦਰਾਣੀਆਂ ਜੇਠਾਣੀਆਂ ਛਿੱਬੀਆਂ ਦੇ ਦੇ ਮਾਰ ਛੱਡਣਾ ….”
ਘੁੱਦੂ ਨੂੰ ਪਤਾ ਸੀ; ਬਿਸ਼ਨ ਸਿੰਘ ਦੇ ਰਾਹੀਂ ਗੱਲ ਉਸ ਨਾਲ ਹੋ ਰਹੀ ਸੀ । ਉਸ ਦਾ ਜੀਅ ਕੀਤਾ ਬਚਨੋਂ ਦੇ ਵੱਟ ਕੇ ਚੁਪੇੜ ਮਾਰੇ । ਸਵਰਨ ਸਿੰਘ ਠੀਕ ਕਹਿ ਰਿਹਾ ਸੀ ਕਿ ਇਹ ਫ਼ਜ਼ੂਲ ਖਰਚੀ ਹੈ । ਘੁੱਦੂ ਨੂੰ ਆਪਣਾ ਘਰ ਦਿਸ ਰਿਹਾ ਸੀ “ਵੇਖੋ ਭਾਈ ! ਮੈਂ ਪਿੱਛੇ ਤਾਂ ਨਹੀਂ ਹਟਦਾ । ਜਿੰਨਾ ਖ਼ਰਚ ਮੇਰੇ ਹਿੱਸੇ ਆਉਂਦਾ, ਦੱਸ ਦਿਓ ਅਟਾ ਸਟਾ …ਪਰ ਮੇਰਾ …” ਸਵਰਨ ਸਿੰਘ ਬੋਲਿਆ ।
ਘੁੱਦੂ ਨੂੰ ਆਸ ਸੀ ਕਿ ਸਵਰਨ ਸਿੰਘ ਇਸ ਦੇ ਵਿਰੋਧ ਵਿਚ ਡਟੇਗਾ । ਪਰ ਉਹਦੇ ਸਹਾਰੇ ਦੀ ਲੱਜ ਛੇਤੀ ਹੀ ਉਹਦੇ ਹੱਥੋਂ ਡਿੱਗ ਪਈ ਤੇ ਉਹ ਸੋਚਾਂ ਤੇ ਫ਼ਿਕਰਾਂ ਦੇ ਖੂਹ ਵਿਚ ਧੜੰਮ ਡਿੱਗ ਪਿਆ । ਉਹ ਧੁਖ ਰਿਹਾ ਸੀ ਤੇ ਉਹਦੇ ਅੰਦਰ ਹੀ ਅੰਦਰ ਧੂਆਂ ਇੱਕਠਾ ਹੋ ਰਿਹਾ ਸੀ ।
“ਪੰਜ ਸੱਤ ਹਜ਼ਾਰ ਤਾਂ ਸਹਿਜੇ ਲੱਗ ਜੁ । ਨਾਲੇ ਭਾਜੀ ਹੁਰੀਂ ਕਹਿੰਦੇ ਆ, ਸਤਾਈ ਸੌ ਰੁਪੈਆ ਮਾਂ ਦੀ ਬੀਮਾਰੀ ਤੇ ਇਹਨਾ ਖਰਚ ਕੀਤਾ । ਆਪਾਂ ਤਿੰਨਾਂ ਨੂੰ ਨੌ ਨੌ ਸੌ ਆਉਂਦਾ….” ਕਰਮ ਸਿੰਘ ਸਾਰੇ ਖ਼ਰਚ ਦਾ ਵਿਸਥਾਰ ਦੱਸ ਰਿਹਾ ਸੀ ।
ਮਾਂ ਦੀ ਬੀਮਾਰੀ ਦਾ ਖ਼ਰਚ ਵੰਡੇ ਜਾਣ ਦੀ ਗੱਲ ਸੁਣ ਘੁੱਦੂ ਨੂੰ ਧੱਕਾ ਲੱਗਾ । ਉਹ ਦੰਦਾ ਵਿਚ ਬੁੱਲ੍ਹ ਟੁੱਕਣ ਲੱਗਾ । ਉਹਨੂੰ ਸੁੱਝ ਨਹੀਂ ਸੀ ਰਹੀ, ਕੀ ਕਹੇ – ਕੀ ਨਾ ਕਹੇ ?
” ਮਾਂ ਦੀ ਬੀਮਾਰੀ ਤੇ ਖ਼ਰਚ ਕਰਤਾ । ਫਿਰ ਕੀ ਐ ? ਇਹਨੇ ਵਿਚਾਰੇ ਨੇ ਸਾਰੀ ਉਮਰ ਉਹਨੂੰ ਰੋਟੀ ਵੀ ਤਾਂ ਖਵਾਈ ਹੈ ।” ਬਿਸ਼ਨ ਸਿੰਘ ਨੇ ਹਿੰਮਤ ਕਰਕੇ ਜਿਵੇਂ ਗੱਲ ਕਹਿ ਹੀ ਦਿੱਤੀ ।
“ਲੈ ਵੇਖੇਂ ਨਾ ਬਾਪੂ….ਆਹ ਰਈ ਨ੍ਹੀ ਠੀਕ … ਜੇ ਇਹਨੇ ਰੋਟੀ ਖਵਾਈ ਤਾਂ ਸਾਰੀ ਉਮਰ ਗਲੱਮ ਵੀ ਤਾਂ ਇਹਦਾ ਈ ਕਰਦੀ ਰਹੀ ਐ । ਇਹਦੇ ਨਿਆਣੇ ਸਾਂਭੇ, ਗੂੰਹ ਮੂਤ ਧੋਤਾ …” ਬਚਨੋਂ ਬੁੱਕਲ ‘ਚੋਂ ਹੱਥ ਕੱਢ ਕੇ ਪੰਜਾ ਹਿਲਾ ਹਿਲਾ ਗੱਲਾਂ ਕਰ ਰਹੀ ਸੀ,” ਵੇਖੋ ਨਾ ਮਾਂ ਪਿਓ ਦੇ ਹਿੱਸੇ ਦੀ ਜੈਦਾਦ ਵੀ ਤਾਂ ਫਿਰ ਇਹੋ ਖਾਂਦਾ ਸੀ …” ” …ਤੂੰ ਤੂੰ ਚੁੱਪ ਵੀ ਕਰ । ਵੱਡੀ ਵਕੀਲਣੀ ਆ ‘ਗੀ ।” ਘੁੱਦੂ ਚਮਕ ਕੇ ਪਿਆ ।
ਉਹਦੀਆਂ ਨਾਸਾਂ ਫ਼ਰਕ ਰਹੀਆਂ ਸਨ । ਏਨੀ ਠੰਡ ਵਿਚ ਵੀ ਉਹਦਾ ਮੱਥਾ ਭੱਖ ਰਿਹਾ ਸੀ ।
” ਲੈ … ਮੈਂ ਨ੍ਹੀ ਬਹਿੰਦੀ ਵੇਖੇਂ ਨਾ ਇਹਨੂੰ ਤਾਂ ਮੈਂ ਜ਼ਹਿਰ ਲੱਗਦੀ ਆਂ ਨਿਰ੍ਹੀ ..ਵੇਖੇਂ ਨਾ ..ਲੈ ਮੈਂ ਨ੍ਹੀ ਬਹਿੰਦੀ …” ਬਚਨੋਂ ਹੱਥ ਮਾਰਦੀ ਗੁੱਸੇ ਵਿਚ ਉਬਲਦੀ ਤੁਰ ਗਈ ।
ਤਣਾਓ ਵਾਲਾ ਮਾਹੌਲ ਬਣ ਜਾਣ ਕਰਕੇ ਕਰਮ ਸਿੰਘ ਨੇ ਗੱਲ ਟਾਲਣੀ ਚਾਹੀ ਕਿ ਬਚਨੋਂ ਮੂੰਹ ਭੁਆਂ ਕੇ ਫਿਰ ਬੋਲ ਪਈ ।
“ਵੇਖੇਂ ਨਾ ….ਮੇਰਾ ਹਿੱਸਾ ਵੀ ਆ ਜ਼ਮੀਨ ‘ਚ …ਤੂੰ ਬਹੁਤਾ ਆਇਆਂ ….ਵਕੀਲਿਨੀ ਤਾਂ ਵਕੀਲਿਨੀ ਸਹੀ …”
“ਚੱਲੋ ਛੱਡੋ ! ਬਾਕੀ ਗੱਲਾਂ ਫਿਰ ਕਰ ਲਾਂਗੇ ….ਸ਼ਾਂਤ ਹੋਵੋ …” ਤੇ ਕਰਮ ਸਿੰਘ ਐਤਕੀਂ ਸਿੱਧਾ ਘੁੱਦੂ ਨੂੰ ਸੰਬੋਧਨ ਹੋਇਆ, ” ਭਾਜੀ ਕੋਲ ਟੈਮ ਨ੍ਹੀ …ਬੁਢੱੜੀ ਦੇ ਫੁੱਲ ਦੱਸ ਤੂੰ ਗੰਗਾ ਲੈ ਕੇ ਜਾਣੇ ਜਾਂ ਮੈਂ …”
ਦੋ ਮਿੰਟ ਘੁੱਦੂ ਚੁੱਪ ਕਰਕੇ ਬੈਠਾ ਰਿਹਾ । ਉਹਦੇ ਅੰਦਰ ਅਨੇਕਾਂ ਵਿਚਾਰ ਇਕ ਦੂਸਰੇ ਨੂੰ ਲਿਤਾੜਦੇ ਹੋਏ, ਕੱਟ – ਵੱਢ ਕੇ ਭੱਜੇ ਜਾ ਰਹੇ ਸਨ ।
ਪਲ ਭਰ ਲਈ ਬਾਹਰਲੀ ਧੁੰਦ ਜਿਵੇਂ ਉਹਦੇ ਅੰਦਰ ਪਸਰ ਗਈ ਸੀ । ਉਹ ਸੁੰਨ ਹੋਇਆ ਗੁੰਮ ਸੁੰਮ ਬੈਠਾ ਰਿਹਾ । ਤੇ ਫਿਰ ਜਿਵੇਂ ਉਹਦਾ ਧੁਖਦਾ ਅੰਦਰ ਮੱਚ ਪਿਆ ਹੋਵੇ । ਉਹ ਇਕ ਦਮ ਉਠ ਕੇ ਖੜੋ ਗਿਆ ।
“ਵੇਖੋ ਜੀ ! ਤੁਹਾਡੇ ਤੋਂ ਕੋਈ ਗੁੱਝੀ ਛਿਪੀ ਗੱਲ ਨ੍ਹੀ….ਆਪਾਂ ਆਂ ਮਰੜੇ….ਆਪਣੇ ਤੋਂ ਤਾਂ ਅਜੇ ਨ੍ਹੀ ਜੇ ਇਹ ਗੰਗਾ ਗੁੰਗਾ ਪੁੱਗਦੀਆਂ …।” ਉਹ ਪਲ ਭਰ ਲਈ ਰੁਕਿਆ । ਸੰਘ ‘ ਚ ਰੁਕਿਆ ਥੁੱਕ ਝਟਕ ਕੇ ਬੋਲਿਆ,” ਜੇ ਬਹੁਤੀ ਗੱਲ ਐ …ਤਾਂ ਬੁੱਢੜੀ ਦੇ ਫੁੱਲ ਤੁਸੀਂ ਗੰਗਾ ਪਾ ਆਓ …ਤੇ ਐਹ ਬੁੱਢੜਾ ਬੈਠਾ ਤੁਹਾਡੇ ਸਾਹਮਣੇ ਜਿਓਂਦਾ ਜਾਗਦਾ …” ਉਸ ਬਿਸ਼ਨ ਸਿੰਘ ਵੱਲ ਇਸ਼ਾਰਾ ਕੀਤਾ – “ਇਹਦੇ ਮੈਂ ‘ਕੱਲਾ ਈ ਗੰਗਾ ਪਾ ਆਊਂ …”
ਤਿੰਨੇ ਪਿਓ – ਪੁੱਤ ਹੈਰਾਨ ਹੋਏ ਉਸ ਦੇ ਮੂੰਹ ਵੱਲ ਵੇਖ ਰਹੇ ਸਨ । ਪਰ ਉਹ ਰੁਕਿਆ ਨਹੀਂ ।
“…ਸੱਚੀ ਗੱਲ ਆ …ਅਜੇ ਆਪਣੀ ਪੁੱਜਤ ਨ੍ਹੀ …ਤੇ ਜੇ ਇਹ ਸੌਦਾ ਵੀ ਨ੍ਹੀ ਮਨਜ਼ੂਰ ਤਾਂ ਸਰਦਾਰ ਜੀ …ਔਹ ਕਿੱਲੀ ‘ ਤੇ ਮੇਰੇ ਤੀਜੇ ਹਿੱਸੇ ਦੇ ਫੁੱਲ ਲਿਆ ਕੇ ਟੰਗ ਦਿਓ …ਜਦੋਂ ਮੇਰੀ ਪਹੁੰਚ ਪਈ …ਮੈਂ ਆਪੇ ਪਾ ਆਊਂ …”
ਤੇ ਉਹ ਉਹਨਾਂ ਦੇ ਵਿਹੰਦਿਆਂ ਵਿਹੰਦਿਆਂ ਮੂੰਹ ਘੁੱਟ ਕੇ ਅੰਦਰ ਤੁਰ ਗਿਆ ।
ਵਰਿਆਮ ਸਿੰਘ ਸੰਧੂ
ਬੰਦ ਦਰਵਾਜਾ
ਜੁਲਾਈ ਦੀ ਅੱਗ ਵਰ੍ਹਾਉ਼ਂਦੀ ਸ਼ਾਮ ਨੂੰ ਜਦੋਂ ਨਰਿੰਦਰ ਨੇ ਘਰ ਪੈਰ ਰੱਖਿਆ ਤਾਂ ਉਸਨੂੰ ਇਉਂ ਲੱਗਦਾ ਸੀ ਕਿ ਹੁਣ ਡਿੱਗਾ ਕਿ ਹੁਣ ਡਿੱਗਾ। ਉਹ ਲਾਬੀ ਵਿੱਚ ਬੈਠ ਗਿਆ, ਫਿਰ ਉੱਠ ਕੇ ਪੱਖੇ ਦਾ ਸਵਿੱਚ ਦੱਬਿਆ ਤਾਂ ਕੁੱਝ ਸੋਖਾ ਸਾਹ ਆਇਆ। ਚਾਰ ਚੁਫੇਰੇ ਨਿਗ੍ਹਾ ਮਾਰੀ ਕੋਈ ਨਹੀਂ ਦਿੱਸਿਆ। ਉਸਨੇ ਆਵਾਜ਼ ਮਾਰੀ ‘ਗੁੱਡੀ, ਗੁੱਡੀ ਪੁੱਤ ਪਾਣੀ ਲੈ ਕੇ ਆ।’
ਪਰ ਕੋਈ ਜਵਾਬ ਨਹੀਂ।
“ਉਏ ਮਨੀ ਕਿੱਥੇ ਹੋ ਸਾਰੇ”
ਉਹ ਇਕ ਵਾਰ ਫਿਰ ਚੀਕਿਆ ਪਰ ਅਵਾਜ਼ ਕੋਠੀ ਵਿਚ ਗੂੰਜ ਕੇ ਰਹਿ ਗਈ। ਉਹ ਸਮਝ ਗਿਆ, ਬੱਚੇ ਖੇਡਣ ਗਏ ਨੇ ਤੇ ਸ਼੍ਰੀਮਤੀ ਜੀ ਆਂਢ-ਗੁਆਂਢ ਦੇ ਦੌਰੇ ਤੇ ਹੈ। ਫਿਰ ਉਹ ਖੁਦ ਹੀ ਔਖਾ-ਸੌਖਾ ਉੱਠ ਕੇ ਰਸੋਈ ਵਿਚ ਗਿਆ। ਫਰਿੱਜ ਵਿਚੋਂ ਪਾਣੀ ਵਾਲੀ ਬੋਤਲ ਕੱਢੀ ਤੇ ਮੂੰਹ ਲਾ ਕੇ ਹੀ ਪਾਣੀ ਪੀਣ ਲੱਗ ਪਿਆ। ਇੰਨੇ ਚ ਸ਼੍ਰੀਮਤੀ ਜੀ ਕੱਛ ਵਿਚ ਕੱਪੜੇ ਦੇਈ ਅੰਦਰ ਆਏ ਤੇ ਕਿਹਾ, “ਕਿੰਨੀ ਵਾਰ ਕਿਹਾ ਗਲਾਸ ਵਿਚ ਪਾਣੀ ਪੀਆ ਕਰੋ। ਬੱਚਿਆ ਨੂੰ ਕੀ ਸਮਝਾਓਗੇ।”
ਨਰਿੰਦਰ ਦਾ ਮਨ ਕੀਤਾ ਬੋਤਲ ਚਲਾ ਕੇ ਕੰਧ ਨਾਲ ਮਾਰੇ ਤੇ ਪੁੱਛੇ ਕਿ ਕੋਈ ਕੰਜਰ ਗਲਾਸ ਵਿਚ ਪਾਣੀ ਦੇਵੇ ਤਾਂ ਹੀ ਉਹ ਪੀਵੇ ਪਰ ਔਖਾ ਜਿਹਾ ਝਾਕਣ ਤੋਂ ਬਿਨਾਂ ਉਹ ਕੁਝ ਨਾ ਬੋਲ ਸਕਿਆ ਤੇ ਚੁੱਪ-ਚਾਪ ਬੋਤਲ ਰਸੋਈ ਦੀ ਸੈਲਫ ਤੇ ਰੱਖ ਕੇ ਮੁੜ ਲਾਬੀ ਵਿਚ ਆ ਬੈਠਿਆ।
“ਅੱਜ ਬਿਜਲੀ ਦਾ ਬਿੱਲ ਭਰਨ ਦੀ ਆਖਰੀ ਮਿਤੀ ਸੀ, ਪੈ ਗਿਆ ਨਾ ਜੁਰਮਾਨਾ, ਥੋਡੇ ਕਿੱਥੇ ਯਾਦ ਰਹਿੰਦਾ” ਸ਼੍ਰੀਮਤੀ ਜੀ ਦਾ ਭਾਸਣ ਉਹਦੇ ਕੰਨਾਂ ਵਿਚ ਸ਼ੀਸ਼ੇ ਵਾਂਗੂ ਉਤਰਿਆ।
ਮਾਤਾ ਜੀ ਵਾਲੇ ਕਮਰੇ ਦਾ ਦਰਵਾਜਾ ਸਾਹਮਣੇ ਬੰਦ ਪਿਆ ਸੀ। “ਚਾਹ ਪਿਓਗੇ ਤਾਂ ਬਣਾਵਾਂ” ਸ਼੍ਰੀਮਤੀ ਜੀ ਨੇ ਅੱਧਾ ਸਵਾਲ ਕੀਤਾ।“ਨਹੀਂ, ਮੈਂ ਕਚਹਿਰੀ ਤੋਂ ਹੁਣੇ ਪੀ ਕਿ ਆਇਆ,” ਨਰਿੰਦਰ ਨੇ ਬੁਝੇ ਮਨ ਨਾਲ ਕਿਹਾ। ਉਹਦਾ ਮਨ ਉਛਲ ਆਇਆ। ਸਾਹਮਣੇ ਕੰਧ ਤੇ ਲੱਗੀ ਮਾਂ ਦੀ ਤਸਵੀਰ ਉਹਨੂੰ ਲੱਗਿਆ ਉਸ ਵੱਲ ਹੀ ਦੇਖ ਰਹੀ ਹੋਵੇ।
ਉਸ ਦਿਨ ਵੀ ਕਚਹਿਰੀ ਤੇ ਜ਼ਮੀਨ ਦੀ ਤਰੀਕ ਭੁਗਤ ਕੇ ਹਲਕਾਨ ਹੋਇਆ ਨਰਿੰਦਰ ਜਦੋਂ ਇਸੇ ਤਰ੍ਹਾਂ ਲਾਬੀ ਵਿਚ ਆ ਕੇ ਬੈਠਿਆ ਸੀ ਤਾ ਮਾਂ ਖੂਡੀ ਲਈ ਗਲਾਸ ਤੇ ਬੋਤਲ ਲੈ ਕੇ ਆਈ। ਪਿਆਰ ਨਾਲ ਸਿਰ ਤੇ ਹੱਥ ਫੇਰਿਆ ਤੇ ਕਿਹਾ, “ਲੈ ਪੁੱਤ ਪਾਣੀ ਪੀ, ਥੱਕ ਗਿਆ ਹੋਵੇਗਾ।” ਫਿਰ ਕਿੰਨਾ ਚਿਰ ਉਹ ਮੁਕੱਦਮੇ ਦੀਆ ਗੱਲਾਂ ਕਰਦਾ ਆਪਣੇ ਮਨ ਦਾ ਭਾਰ ਲਾਹੁੰਦਾ ਰਿਹਾ ਤੇ ਅੰਤ ਵਿਚ ਮਾਂ ਨੇ ਕਿਹਾ, “ਕੋਈ ਨਹੀਂ ਪੁੱਤ ਜੇ ਕਰਮਾਂ ਵਿਚ ਹੋਈ ਤਾਂ ਜ਼ਮੀਨ ਮਿਲ ਜਾਊ। ਬਾਹਲਾ ਫਿਕਰ ਨਹੀਂ ਕਰੀਦਾ, ਜ਼ਮੀਨਾਂ ਬੰਦੇ ਨਾਲ ਨੇ, ਬੰਦੇ ਜ਼ਮੀਨਾਂ ਨਾਲ ਨਹੀਂ।”
ਉਸਨੂੰ ਯਾਦ ਆਇਆ ਜਦੋਂ ਉਹ ਕੋਠੀ ਪਾਉਣ ਲੱਗਿਆ ਸੀ ਤਾਂ ਉਸਦੀ ਅਧਿਆਪਕ ਪਤਨੀ ਤੋਂ ਉਸ ਨੇ ਕੋਠੀ ਦਾ ਨਕਸ਼ਾ ਤਿਆਰ ਕਰਵਾ ਕੇ ਮਾਂ ਨੂੰ ਦਿਖਾਇਆ। ਸਭ ਲਈ ਵੱਖਰੇ-ਵੱਖਰੇ ਕਮਰੇ, ਇਕ ਕਮਰਾ ਮਾਂ ਲਈ ਵੀ ਸੀ, ਪਿਛਲੇ ਪਾਸੇ।
“ਭਾਈ ਮੈ ਤਾਂ ਤੇਰੇ ਪਿਉ ਦੇ ਮਕਾਨ ਵਿਚ ਰਹੂੰ ਜਿਹੜਾ ਵਿਚਾਰਾ ਮਰਨ ਤੋਂ ਪਹਿਲਾ ਪਾ ਗਿਆ ਸੀ।” ਫਿਰ ਕੁਝ ਸਮੇਂ ਬਾਅਦ ਮਾਂ ਨੇ ਕਿਹਾ, “ਚੰਗਾ ਐ ਭਾਈ ਨਕਸ਼ਾ” ਤੇ ਫਿਰ ਉਹ ਚੁੱਪ ਕਰ ਗਈ।ਨਰਿੰਦਰ ਦੇ ਮਨ ਨੂੰ ਗੱਲ ਖਟਕ ਗਈ। ਉਸਨੇ ਇਕ ਦਿਨ ਇਕੱਲੀ ਬੈਠੀ ਮਾਂ ਨੂੰ ਪੁੱਛਿਆ, ਮਾਂ ਤੈਨੂੰ ਨਵੀਂ ਕੋਠੀ ਦੀ ਖੁਸ਼ੀ ਨਹੀਂ, ਤਾਂ ਉਹਦਾ ਜਵਾਬ ਸੀ, “ਪੁੱਤਾ ਨੂੰ ਵਧਦੇ ਦੇਖ ਕੇ ਕਿਹੜੀ ਮਾਂ ਖੁਸ਼ ਨਹੀਂ ਹੋਵੇਗੀ।” ਬਹੁਤਾ ਜੋਰ ਦੇਣ ਤੇ ਉਨ੍ਹਾਂ ਕਿਹਾ, “ਪੁੱਤ ਜੇ ਮੇਰੇ ਮਨ ਦੀ ਪੁੱਛਦਾ ਐ ਤਾਂ ਗਲੀ ਵਾਲਾ ਕਮਰਾ ਮੈਨੂੰ ਦੇ ਦਿਓ ਭਾਈ। ਜਿਹਦਾ ਇਕ ਬਾਰ ਬਾਹਰ ਖੁੱਲ੍ਹਦਾ ਹੋਵੇ।” ਨਰਿੰਦਰ ਨੇ ਕਿਹਾ, “ਉਹ ਕਿਉਂ ਮਾਂ?” ਤਾਂ ਮਾਂ ਨੇ ਮਨ ਦੀ ਗੰਢ ਖੋਲ੍ਹਦੇ ਹੋਏ ਕਿਹਾ, “ਭਾਈ ਤੁਸੀਂ ਤਾਂ ਬਣਗੇ ਸ਼ਹਿਰੀ, ਪਰ ਆਪਣੇ ਸਾਰੇ ਸਾਕ-ਸਕੀਰੀਆਂ ਵਾਲੇ ਪਿੰਡਾਂ ਵਾਲੇ ਨੇ। ਕੋਈ ਮੇਰੇ ਕੋਲ ਆਊ ਕੋਈ ਜਾਊ। ਥੋਡਾ ਪੜ੍ਹਿਆ-ਲਿਖਿਆ ਦਾ ਪਤਾ ਨਹੀਂ ਕਦੋਂ ਨੱਕ-ਬੁੱਲ੍ਹ ਕੱਢਣ ਲੱਗ ਪਓ।” ਨਰਿੰਦਰ ਇਹ ਸੁਣ ਕੇ ਹੱਸ ਪਿਆ ਤੇ ਫਿਰ ਕੋਠੀ ਬਣਾਉਂਦੇ ਸਮੇਂ ਉਨ੍ਹਾਂ ਨੇ ਮਾਤਾ ਦੀ ਇੱਛਾ ਪੂਰੀ ਕੀਤੀ। ਭਾਵੇਂ ਆਰਕੀਟੈਕਟ ਤੇ ਸ਼੍ਰੀਮਤੀ ਜੀ ਬਹੁਤੇ ਇਸਦੇ ਹੱਕ ਵਿਚ ਨਹੀਂ ਸਨ।
ਜਦੋਂ ਨਰਿੰਦਰ ਡਿਊਟੀ ਤੋਂ ਮੁੜਦਾ ਤਾਂ ਦੇਖਦਾ ਮਾਤਾ ਵਾਲੇ ਕਮਰੇ ਵਿਚ ਰੌਣਕਾਂ ਲੱਗੀਆਂ ਹੁੰਦੀਆ। ਗਲੀ ਗੁਆਂਢ ਦੀਆਂ ਚਾਚੀਆਂ-ਤਾਈਆਂ ਮਾਤਾ ਕੋਲ ਦੁੱਖ-ਸੁੱਖ ਫਰੌਲਦੀਆਂ। ਬਹੁਆਂ ਤੇ ਕੁੜੀਆਂ ਆਪਣਾ ਦੁੱਖ-ਸੁੱਖ ਕਰਦੀਆਂ। ਕੰਮ ਵਾਲੀ ਇੰਦੂ ਮਾਂ ਜੀ, ਮਾਂ ਜੀ ਕਰਦੀ ਮਾਂ ਦੀਆਂ ਲੱਤਾਂ ਘੁੱਟ ਰਹੀ ਹੁੰਦੀ। ਘਰ ਦਾ ਕਾਮਾ ਮੋਹਨ ਆਪਣੀ ਕਬੀਲਦਾਰੀ ਦੀਆਂ ਗੁੰਝਲਾਂ ਸੁਲਝਾਉਣ ਵਿਚ ਮਾਂ ਦੀ ਮੱਦਦ ਲੈ ਰਿਹਾ ਹੁੰਦਾ।ਗੁੱਡੀ ਤੇ ਮਨੀ ਆਪਣੀ ਮਾਂ ਤੋਂ ਪੂੰਝਾਂ ਛੁਡਾ ਕੇ ਦਾਦੀ ਨਾਲ ਲਾਡ ਲਡਾਉਂਦੇ। ਬਾਕੀ ਸਾਰੀ ਕੋਠੀ ਦੇ ਕਮਰਿਆਂ ਦੇ ਦਰਵਾਜੇ ਘੱਟ ਹੀ ਖੁੱਲ੍ਹਦੇ। ਗਰਮੀ ਵਿਚ ਏ.ਸੀ. ਤੇ ਸਰਦੀ ਵਿਚ ਹੀਟਰ ਕਾਰਨ ਬਾਕੀ ਕੋਠੀ ਇਉਂ ਲੱਗਦੀ ਜਿਵੇਂ ਸੁੰਨੀ ਹੋਵੇ। ਕਦੇ ਦੂਰੋਂ ਨੇੜਿਓਂ ਕੋਈ ਨਾ ਕੋਈ ਮਾਸੀ, ਭੂਆ, ਮਾਮੀ ਜਾਂ ਫੁੱਫੜ ਮਾਂ ਕੋਲ ਬੈਠਾ, ਗੱਲਾਂ ਮਾਰੀ ਜਾਂਦਾ ਦਿਸਦਾ। ਗੁੱਡੀ ਦੀ ਨਾਨੀ ਵੀ ਕਈ-ਕਈ ਦਿਨ ਰਹਿੰਦੀ ਤਾਂ ਦੋਵੇਂ ਮਾਈਆ ਆਪਣੇ ਗੁਰਮਤੇ ਮਾਰਦੀਆ ਰਹਿੰਦੀਆਂ। ਇੰਝ ਲੱਗਦਾ ਸੀ ਜਿਵੇਂ ਮਾਂ ਦਾ ਕਮਰਾ ਕੋਠੀ ਦਾ ਦਿਲ ਹੋਵੇ ਜਿਸ ਦਾ ਕੰਮ ਸਦਾ ਧੜਕਦੇ ਰਹਿਣਾ ਹੋਵੇ।
ਨਰਿੰਦਰ ਦੇ ਚੇਤੇ ਵਿਚ ਆਇਆ ਕਿ ਆਂਢ-ਗੁਆਂਢ ਵਿਆਹ ਹੁੰਦਾ ਤਾਂ ਮੈਂ ਸੋਹਣੇ ਕੱਪੜੇ ਪਾ ਕੇ ਤਿਆਰ ਹੋ ਜਾਂਦੀ ਤੇ ਗੜਕਦੀ ਆਵਾਜ਼ ਵਿਚ ਕਹਿੰਦੀ, “ਭਾਈ ਨਰਿੰਦਰ ਪੰਜ ਸੌ ਰੁਪਏ ਤੇ ਸੂਟ ਕੁੜੀ ਨੂੰ ਦਿਉ ਪੁੰਨ ਹੁੰਦਾ। ਸ਼੍ਰੀਮਤੀ ਜੀ ਨੂੰ ਵੀ ਉਨ੍ਹਾਂ ਨੇ ਆਪਣੇ ਹਿਸਾਬ ਨਾਲ ਢਾਲ ਲਿਆ ਸੀ। ਭੈਣ ਆਉਂਦੀ ਤਾਂ ਮਾਂ ਤੋਂ ਚਾਅ ਨਾ ਚੁੱਕਿਆ ਜਾਂਦਾ। ਕਿਧਰੇ ਬਿਸਕੁਟ ਬਣਦੇ ਕਿਧਰੇ ਖੋਆ ਨਿਕਲਦਾ। ਦੋਹਤੇ-ਦੋਹਤੀਆਂ ਲਈ ਨਿੱਕ ਸੁੱਕ ਲਿਆ ਕੇ ਮਾਂ ਉਨ੍ਹਾਂ ਨੂੰ ਪੂਰਾ ਮਾਣ ਕਰਦੀ। ਫਿਰ ਸਰੀਕਾਂ ਨਾਲ ਜਦੋਂ ਜ਼ਮੀਨ ਦਾ ਝਗੜਾ ਚੱਲਿਆ ਤਾਂ ਮਾਂ ਨੇ ਕਿਹਾ, “ਪੁੱਤ ਹਥਿਆਰ ਕੋਲ ਰੱਖਿਆ ਕਰ ਨਾਲ ਦਾ ਬੰਦਾ ਤਾਂ ਭੀੜ ਪਈ ਤੋਂ ਭੱਜ ਜਾਊ ਪਰ ਏਹਨੇ ਤਾਂ ਤੇਰਾ ਸਾਥ ਦੇਣਾ।”
ਫਿਰ ਇਕ ਦਿਨ ਮਾਂ ਹੱਥੋਂ ਰੇਤ ਦੇ ਕਿਣਕਿਆਂ ਵਾਂਗ ਕਿਰ ਗਈ।ਐਤਵਾਰ ਦਾ ਦਿਨ ਸੀ, ਨਰਿੰਦਰ ਰੋਟੀ ਖਾਣ ਬੈਠਾ ਤਾਂ ਮਾਂ ਸਲਾਦ ਕੱਟ ਕੇ ਲੈ ਆਈ ਅਤੇ ਕਹਿੰਦੀ “ਪੁੱਤ ਸਲਾਦ ਤੂੰ ਲੈ ਕੇ ਹੀ ਨਹੀਂ ਆਇਆ।ਆਹ ਲੈ ।” ਰੋਟੀ ਖਾ ਕੇ ਨਰਿੰਦਰ ਜਦੋਂ ਕਮਰੇ ਵਿਚੋਂ ਬਾਹਰ ਆਇਆ ਤਾਂ ਸਾਹਮਣੇ ਕਮਰੇ ਵਿਚ ਬੈਠੀ ਮਾਂ ਤੇ ਨਿਗਾਹ ਪਈ। ਮਾਂ ਨੇ ਇਸਾਰੇ ਨਾਲ ਕੋਲ ਬੁਲਾ ਕੇ ਕਿਹਾ, “ਪੁੱਤ ਸਾਹ ਨਹੀਂ ਆਉਂਦਾ।” ਮਾਂ ਨੂੰ ਫਟਾਫਟ ਕਾਰ ਵਿਚ ਪਾ ਕੇ ਜਦੋਂ ਉਹ ਹਸਪਤਾਲ ਪੁੱਜਿਆ ਤਾਂ ਮਾਂ ਦਿਲ ਦੇ ਦੌਰੇ ਕਾਰਨ ਦੂਸਰੀ ਦੁਨੀਆ ਵਿਚ ਜਾ ਚੁੱਕੀ ਸੀ। ਹੁਣ ਮਾਂ ਵਾਲੇ ਕਮਰੇ ਦੀ ਵਰਤੋਂ ਘੱਟ ਗਈ ਸੀ। ਦਰਵਾਜਾ ਕਦੇ ਕਦੇ ਖੁੱਲ੍ਹਦਾ।
ਉਹਨੇ ਸਿਰ ਚੁੱਕ ਕੇ ਦੇਖਿਆ ਤਾਂ ਸ਼੍ਰੀਮਤੀ ਕੋਲ ਆ ਬੈਠੀ ਸੀ। ਉਹ ਆਪਣੀ ਚੁੰਨੀ ਤੇ ਗੋਟਾ ਲਾਉਣ ਵਿਚ ਮਗਨ ਹੋਈ ਪਈ ਸੀ। ਉਸਨੇ ਮਨ ਤੇ ਕਾਬੂ ਪਾਕੇ ਪੁੱਛਿਆ, “ਭੂਆ ਜੀ ਕਿੰਨਾ ਚਿਰ ਹੋ ਗਿਆ ਆਏ ਨਹੀਂ, ਮਾਸੀ ਤੇ ਭੈਣ ਜੀ ਵੀ ਨਹੀਂ ਆਏ।” ਸ਼੍ਰੀਮਤੀ ਜੀ ਨੇ ਬੇਧਿਆਨੀ ਨਾਲ ਜਵਾਬ ਦਿੱਤਾ, “ਪਤਾ ਨਹੀਂ, ਕਿਉਂ ਨਹੀਂ ਆਏ।” ਨਰਿੰਦਰ ਨੇ ਫਿਰ ਕਿਹਾ, “ਇਉਂ ਲੱਗਦਾ ਜਿਵੇਂ ਸਾਰੇ ਘਰ ਦਾ ਰਾਹ ਹੀ ਭੁੱਲ ਗਏ ਹੋਣ।” ਸ਼੍ਰੀਮਤੀ ਜੀ ਨੇ ਚੌਕ ਦੇ ਸਿਰ ਉਪਰ ਚੁੱਕਦੇ ਹੋਏ ਤਲਖੀ ਕਿਹਾ, “ਹਾਏ-ਹਾਏ ਤੁਹਾਡੀ ਤਬੀਅਤ ਠੀਕ ਹੈ, ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਏ। ਭਲਾ ਅੱਜਕਲ ਕਿਹਦੇ ਕੋਲ ਟਾਈਮ ਹੈ ਇਉਂ ਆਉਣ ਜਾਣ ਦਾ।” ਨਰਿੰਦਰ ਦੀਆਂ ਨਜ਼ਰਾਂ ਮਾਂ ਦੇ ਕਮਰੇ ਦੇ ਬੰਦ ਦਰਵਾਜੇ ਵਲ ਆਪਣੇ ਆਪ ਉੱਠ ਗਈਆਂ ਤੇ ਉਸ ਨੂੰ ਲੱਗਿਆ ਕਿੰਨੇ ਰਿਸ਼ਤੇ ਅਤੇ ਸੰਬੰਧ ਇਸ ਬੰਦ ਦਰਵਾਜੇ ਪਿੱਛੇ ਉਸ ਦੀ ਜਿੰਦਗੀ ਵਿਚੋਂ ਮਨਫੀ ਹੋ ਗਏ ਹਨ।
ਭੁਪਿੰਦਰ ਸਿੰਘ ਮਾਨ
ਕੱਲ੍ ਰਾਤ ਸੁਪਨੇ ਚ ਧਾਲਾ ਬਾਈ ਮਿਲਿਆ…
ਸੂਏ ਦੀ ਪਰਲੀ ਪਾੰਧੀ ਤੇ ਕਾਹਲੀ ਚ ਤੁਰਿਆ ਜਾੰਦਾ ਉੱਚਾ ਹੱਥ ਕਰਦਿਆੰ ਬੋਲਿਆ,”ਚੰਗਾ ਮੱਲਾ….ਚੱਲਿਆ ਮੈੰ ਹੁਣ…..ਰੱਬ ਰਾਖਾ,,
ਉ ਬਾਈ…. ਖੜਜੀੰ ,,ਜਾਈੰ ਨਾੰ ਹਾਲੇ .. ਆੰਉਨੈ ਮੈੰ ..ਪੁਲੀ ਉਤੋੰ ਦੀ ਹੋ ਕੇ….ਮੈੰ ਬਾਈ ਕੰਨੀ ਦੇਖਦਾ ਪੁਲੀ ਵੱਲ ਨੂੰ ਵਾਹੋਦਾਹੀ ਹੋ ਲਿਆ , ਪਰ ਮੇਰੇ ਦੇਖਦੇ ਦੇਖਦੇ ਬਾਈ ਪਾੰਧੀ ਦੇ ਨੀਵੇੰ ਪਾਸੇ ਖੜੀ੍ ਬੇਰੀ ਉਹਲੇ ਹੋ ਗਿਆ ਤੇ ਮੁੜਕੇ ਨੀ ਦਿਖਿਆ…
ਧਾਲਾ ਬਾਈ ਸਾਡੇ ਨਾਲ ਦੇ ਪਿੰਡ ਦਾ ਮਿਹਨਤ ਮਜ਼ਦੂਰੀ ਕਰਨ ਵਾਲਾ ਸਿੱਧਾ ਸਾਦਾ ਬੰਦਾ ਸੀ, ਦਿਹਾੜੀ ਤੇ ਕੰਮ ਕਰ ਰੁੱਖੀ ਮਿੱਸੀ ਛਕਦਿਆੰ ਸਦਾ ਰੱਬ ਦਾ ਸ਼ੁਕਰਗੁਜ਼ਾਰ ਰਹਿੰਦਾ
ਬਾਈ ਕੋਲ ਇੱਕ ਹੋਰ ਹੁੰਨਰ ਵੀ ਸੀ … ਬਾਈ ਟੋਕਰੇ ਟੋਕਰੀਆੰ ਬਣਾੰਉਣੇ ਜਾਣਦਾ ਸੀ
ਹਰੇਕ ਸਾਲ ਪੱਤਝੜ ਦੀ ਰੁੱਤ ਚ ਲੋਕ ਤੂਤ ਟਾਹਲੀਆੰ ਨਿੰਮਾੰ ਛਾੰਗਦੇ, ਤੂਤਾੰ ਦੀਆੰ ਲੰਬੀਆੰ ਛਿਟੀਆੰ ਟੋਕਰੇ ਬਣਾਉਣ ਦੇ ਕੰਮ ਆੰਉਦੀਆੰ ਤੇ ਿੲਹਨਾੰ ਦਿਨਾੰ ਚ ਬਾਈ ਦੇ ਰੁਝੇਵੇੰ ਵਧ ਜਾੰਦੇ ,ਅਸੀੰ ਵੀ ਚੜਦੇ੍ ਸਿਆਲ ਤੂਤ ਛਾੰਗਦੇ ਤੇ ਧਾਲੇ ਬਾਈ ਨੂੰ ਸੁਨੇਹਾ ਦੇ ਦਿੰਦੇ ਬਾਈ ਘਰ ਆਕੇ 2-3 ਦਿਨ ਲਾਕੇ ਵੱਡੇ ਛੋਟੇ ਟੋਕਰੇ ਟੋਕਰੀਆੰ ਬਣਾੰਉਦਾ ਅਖੀਰ ਚ ਰੋਟੀਆੰ ਵਾਲਾ ਛਾਬਾ ਵੀ ਬਣਾਅ ਦਿੰਦਾ ਇਹਨਾੰ 2-3 ਦਿਨਾੰ ਚ ਚਾਹ ਪੀਣ ਜਾੰ ਰੋਟੀ ਖਾਣ ਮਗਰੋੰ ਮੈੰ ਬਾਈ ਤੋੰ ਤਿੱਖੀ ਚੁੰਝ ਆਲਾ ਪਰਨਾ ਬੰਨਣਾ੍ ਸਿੱਖਦਾ … ਬਾਈ ਦਾ ਉਹਨਾੰ ਟੈਮਾੰ ਚ ਬੰਨਿਆੰ ਪਰਨਾੰ ਹੁਣ ਆਲੇ੍ ਐਮੀ ਵਿਰਕ ਦੇ ਅਰਦਾਸ ਫਿਲਮ ਚ ਬੰਨੇ੍ ਡੱਬੀਆੰ ਵਾਲੇ ਪਰਨੇ ਨੂੰ ਮਾਤ ਪਾੰਉਦਾ ਹੁੰਦਾ ਸੀ ….
ਬਾਈ ਨੇ ਜ਼ਿੰਦਗੀ ਚ ਕਦੇ ਕੋਈ ਗਿਲਾ ਸ਼ਿਕਵਾ ਨੀ ਸੀ ਕੀਤਾ…ਸਦਾ ਖੁਸ਼ ਰਹਿੰਦਾ ਨੇੜੇ ਤੇੜੇ ਦੇ ਸਾਰੇ ਮੇਲੇ ਦੇਖਦਾ, ਟੂਰਨਾਮੈੰਟਾੰ ਉੱਤੇ ਵੀ ਹਾਜ਼ਰੀ ਲੁਆੰਉਦਾ ..ਕਈ ਸਾਲਾੰ ਪਹਿਲਾੰ ਦੀ ਗੱਲ ਐ..ਛਪਾਰ ਦਾ ਮੇਲਾ ਆ ਗਿਆ ਸੀ ,10 ਵਾਲੀ ਬੱਸ ਜਗਰਾਵਾੰ ਤੋ ਆ ਕੇ ਮੰਡੀ ਅਹਿਮਦਗੜ੍ ਨੂੰ ਜਾੰਦੀ ਹੁੰਦੀ ਸੀ , ਮੇਲੇ ਵਾਲੇ ਇਹਨਾੰ 2-3 ਦਿਨਾੰ ਚ ਇਸ ਬੱਸ ਚੜਨ੍ ਵਾਲੀਆੰ ਸਵਾਰੀਆੰ ਚੋੰ ਬਹੁਤਿਆੰ ਦੇ ਪਾਏ ਨਵੇੰ ਲੀੜੇ ਤੇ ਚਿਹਰਿਆੰ ਤੇ ਝਲਕਦੇ ਚਾਅ ਤੋੰ ਆਪੇ ਪਤਾ ਲੱਗ ਜਾੰਦਾ ਸੀ ਕਿ ਮੇਲਾ ਦੇਖਣ ਜਾ ਰਹੇ ਨੇ .ਪੁੱਛਣ ਦੱਸਣ ਦੀ ਲੋੜ ਨੀ ਸੀ ਪੈੰਦੀ..
ਸਾਡੇ ਪਿੰਡ ਬੱਸ ਅੱਡੇ ਤੇ ਅਸੀੰ ਵੀ ਉਸ ਦਿਨ ਬੱਸ ਉਡੀਕ ਰਹੇ ਸੀ ਦੂਰੋੰ ਆਉਦੀ ਬੱਸ ਦੇਖਦੇ ਹੀ ਸਭਨਾ ਨੇ ਉੰਠ ਕੇ ਲੀੜੇ ਝਾੜਦਿਆੰ ਤਿਆਰੀ ਕਸ ਲਈ , ਧਾਲਾ ਬਾਈ ਆਪਣੇ ਪਿੰਡੋੰ ਚੜਕੇ ਬੱਸ ਦੀ ਖਿੜਕੀ ਵਾਲੇ ਪਾਸੇ ਬੈਠਾ ਬਾਹਰ ਨੂੰ ਦੇਖਦਾ ਆ ਰਿਹਾ ਸੀ ਸਾਡੇ ਕੰਨੀ ਦੇਖਕੇ ਖੁਸ਼ ਹੁੰਦਿਆੰ ਮੁਸਕੁਰਾਇਆ
ਬਿਸਕੁਟੀ ਕੁੜਤਾ , ਨੀਲੀ ਪੱਗ ਬੰਨੀ੍ ਜਾਨੀ ਬਣਿਆੰ ਬੈਠਾ ਸੀ ….ਸਭ ਸਵਾਰੀਆੰ ਚੜਨ੍ ਮਗਰੋੰ ਕਨੈਕਟਰ ਨੇ ਬੱਸ ਤੋਰਨ ਵਾਲੀ ਸੀਟੀ ਮਾਰੀ ਪਰ ਨਾਲ ਹੀ ਪਿੰਡ ਦੇ ਰਾਹ ਵੱਲ ਦੇਖਕੇ ਬੱਸ ਰੋਕਣ ਵਾਲੀ ਸੀਟੀ ਫੇਰ ਮਾਰ ਦਿੱਤੀ , ਰਾਹ ਵੱਲ ਦੇਖਿਆ , ਪਿੰਡ ਵੱਲੋੰ ਪੂਰਨ ਮਧਰਾ ਵਾਹੋ ਦਾਹ ਸੈਕਲ ਭਜਾਈ ਅੱਡੇ ਵੱਲ ਨੂੰ ਆ ਰਿਹਾ ਸੀ ,ਕੈਰੀਅਰ ਤੇ ਬੈਠੀ ਪੂਰਨ ਦੀ ਘਰ ਵਾਲੀ ਪਿਛਿਉੰ ਬਾਹਰ ਨੂੰ ਗਿੱਚੀ ਕੱਢਕੇ ਦੇਖਦੀ “ਖੜਜੋ ਭਾਈ” ਵਾਲਾ ਹੱਥ ਹਿਲਾਅ ਰਹੀ ਸੀ , ਦੇਖਦੇ ਦੇਖਦੇ ਸੈਕਲ ਦਾ ਬੰਬੂਕਾਟ ਬਣਾਈ ਆਉਦਾ ਪੂਰਨ ਅੱਡੇ ਤੇ ਪਹੁੰਚ ਗਿਆ ਇੱਕ ਤਾੰ ਪੂਰਨ ਦਾ ਮਧਰਾ ਕੱਦ, ਸੈਕਲ ਤੇ ਚੜੇ੍ ਹੋਏ ਤੋੰ ਹੇਠਾੰ ਪੈਰ ਨਾੰ ਲੱਗਣ, ਦੂਜਾ ਸੈਕਲ ਤੇਜ਼, ਤੇ ਘਰ ਵਾਲੀ ਨੂੰ ਮੇਲੇ ਜਾਣ ਦੀ ਕਾਹਲੀ, ਪੂਰਨ ਦੇ ਬਰੇਕਾੰ ਲਾਉਣ ਤੋੰ ਪਹਿਲਾੰ ਈ ਉਹ ਛਾਲ ਮਾਰਕੇ ਉੱਤਰੀ ਤੇ ਬੱਸ ਦੀ ਪਿਛਲੀ ਖਿੜਕੀ ਨੂੰ ਜਾ ਚਿੰਬੜੀ ….ਤੇ ਝਟਕੇ ਨਾਲ ਪੂਰਨ ਦੀ ਗੱਡੀ ਦਾ ਹੈੰਡਲ ਡੋਲ ਗਿਆ ਤੇ ਪੂਰਨ ਸਣੇ ਸੈਕਲ ਅੱਡੇ ਦੇ ਨੀੰਹ ਪੱਥਰ ਵਾਲੇ ਚਬੂਤਰੇ ਚ ਵੱਜ ਕੇ ਟੋਏ ਚ ਜਾ ਡਿੱਗਿਆ…ਬੱਸ ਚ ਬੈਠੇ ਕਈਆੰ ਦਾ ਤੇ ਬਾਹਰ ਖੜੇ ਦੋ ਕੁ ਜਣਿਆੰ ਦਾ ਧਿਆਨ ਉਧਰ ਹੋਇਆ….ਦੇਖੀੰ ਪੂਰਨਾੰ ਦੇਖੀੰ ..ਸੱਟ ਤਾੰ ਨੀ ਲੱਗੀ?? ਦੋ ਕੁ ਜਣੇ ਪੂਰਨ ਨੂੰ ਚੁੱਕਣ ਨੂੰ ਆਹੁਲੇ੍ ..ਪੂਰਨ ਦੀ ਘਰ ਵਾਲੀ ਉਦੋੰ ਨੂੰ ਬੱਸ ਚ ਚੜ੍ ਗਈ ਸੀ ,,ਤੇ ਪੂਰਨ ਕੰਨੀ ਦੇਖਦੀ ਮਾੜੀ ਮਾੜੀ ਹਸਦੀ ਬੋਲੀ…ਹੀ ਹੀ..ਹੀ ਹੀ ਦੇਖੀੰ ਸੱਟ ਤਾੰ ਨੀ ਲੱਗੀ….ਸੱਟ ਤਾੰ ਨੀ ਲੱਗੀ???
ਧਾਲਾ ਬਾਈ ਮੂਹਰਲੀ ਸੀਟ ਤੇ ਬੈਠਾ ਧੀਮੀ ਆਵਾਜ਼ ਚ ਬੋਲਿਆ…”ਸੱਟ ਦਾ ਕੀ ਐ…ਇਹ ਆਪੇ ਦੇ ਲੂ ਸੇਕ ਜਾ ਕੇ ਘਰ..ਤੂੰ ਮੇਲੇ ਜਾਹ….
ਮੈੰ ਬਾਈ ਨਾਲ ਜਾ ਕੇ ਬੈਠ ਗਿਆ ਸੀ ਮੇਰੇ ਵੱਲ ਦੇਖਦਾ ਤੇ ਮੁਸਕੁਰਾੰਉਦਾ ਹੌਲੀ ਫੇਰ ਬੋਲਿਆ,”ਆਪੇ ਹਟਜੂ ਸੱਟ ਉਹਦੀ..ਤੂੰ ਦੇਖ ਅਪਣਾ ਮੇਲਾ ਜਾਕੇ …
ਕੀ ਪਤਾ ਬਾਈ ਕਿਤੇ ਹੋਰ ਚੱਲੀ ਹੋਵੇ …ਮੈੰ ਕਿਹਾ!!!
ਲੈ..ਚੱਲੀ ਐ ਕਿਤੇ ਹੋਰ … ਸ਼ੈਕਲ ਤੋੰ ਛਾਲ ਤਾੰ ਦੇਖ ਕਿਮੇ ਮਾਰਕੇ ਆਈ ਐ !!ਮੇਲੇ ਜਾੰਣ ਦੇ ਚਾਅ ਚ…ਮਧਰਾ ਵਚਾਰਾ ਔਹ ਪਿਐ ਡਿਗਿਆ ਰੇਲ ਦੇ ਕੰਨ ਅੰਗੁੂੰ….
ਧਾਲਾ ਬਾਈ ਧੀਮਾ ਧੀਮਾ ਬੋਲਦਾ ਤਵਾ ਲਾ ਰਿਹਾ ਸੀ , ਮੇਰਾ ਹਾਸਾ ਨੀ ਸੀ ਰੁਕਦਾ ਤੇ ਨਾਲ ਹੈਰਾਨੀ ਵੀ ਹੋ ਰਹੀ ਸੀ … ਕਿ ਬਿਨਾ ਪੁੱਛੇ ਦੱਸੇ ਬਾਈ ਨੂੰ ਸਭ ਪਤਾ ਸੀ ਕਿ ਕੌਣ ਕਿੱਥੇ ਜਾ ਰਿਹੈ..
ਪਿਛਲੇ ਸਿਆਲ ਚ ਦੇਸੋੰ ਛੁੱਟੀਆੰ ਕੱਟਕੇ ਐਤਵਾਰ ਦੇ ਦਿਨ ਮੈੰ ਪਿੰਡੋੰ ਤੁਰਿਆ..
ਸੂਆ ਟੱਪਕੇ ਸੁਧਾਰ ਵਾਲੀ ਸੜਕ ਤੇ ਚੜਨੋ੍ੰ ਪਹਿਲਾੰ ਖੱਬੇ ਪਾਸੇ ਧਾਲਾ ਬਾਈ ਦਿਖਿਆ..ਜੱਗੇ ਨਾਲ ਉਹਨਾੰ ਦੇ ਕਣਕ ਵਾਲੇ ਖੇਤ ਚ ਵੱਟਾੰ ਪੁਆ ਰਿਹਾ ਸੀ.. ਮੈੰ ਬਾਈ ਨੂੰ ਦੇਖ ਕੇ ਰੁਕ ਗਿਆ ਤੇ ਮਿਲਣ ਲਈ ਗੱਡੀਉੰ ਉੱਤਰ ਖੇਤ ਨੂੰ ਜਾੰਦੀ ਡੰਡੀ ਤੁਰ ਪਿਆ। ਮੈਨੂੰ ਦੇਖ ਕੇ ਵੱਟਾੰ ਪਾਉੰਦਾ ਬਾਈ ਜਿੰਦਾ ਛੱਡਕੇ ਮੇਰੇ ਵੱਲ ਨੂੰ ਆੳੰਦਾ ਉੱਚੀ ਆਵਾਜ਼ ਚ ਬੋਲਿਆ,” ਛੁੱਟੀਆੰ ਮੁੱਕ ਵੀ ਗੀਆੰ ਮੱਲਾ… ਹਾਲੇ ਹੁਣ ਕੁ ਜੇ ਤਾੰ ਆਇਆ ਸੀ …ਮੁੜ ਚੱਲਿਆ ???
ਆਹੋ ਬਾਈ ਜਾਣਾ ਈ ਪੈਣੇ ਹੁਣ ਤਾੰ … ਮੈੰ ਬਾਈ ਦੇ ਪੈਰੀੰ ਹੱਥ ਲਾਉਣ ਨੂੰ ਆਹੁਲਿਆ …
ਜਿਉੰਦਾ ਰਹਿ, ਰੱਬ ਲੰਬੀਆੰ ਉਮਰਾੰ ਦੇਵੇ , ਰੰਗ ਭਾਗ ਲੱਗੇ ਰਹਿਣ…
ਬਾਈ ਨੇ ਹਰੇਕ ਵਾਰੀ ਦੀ ਤਰਾੰ ਅਸੀਸਾੰ ਦਾ ਮੀੰਹ ਵਰਾਹ ਦਿੱਤਾ ਸੀ… ਬਾਈ ਨੂੰ ਘੁੱਟਕੇ ਜੱਫੀ ਪਾਉੰਦਿਆੰ ਦੋਨਾੰ ਦੀਆੰ ਅੱਖਾੰ ਧੁੰਦਲੀਆੰ ਹੋ ਚੱਲੀਆੰ ਸੀ..
ਚੰਗਾ ਬਾਈ ਫੇਰ … ਤਕੜਾ ਰਹੀੰ …
ਬਾਈ ਨੇ ਗੀਝੇ ਚ ਹੱਥ ਪਾਇਆ ਦੋ ਤਿੰਨ ਕਾਗਜ਼ ਨਿਕਲੇ …ਦੂਜੇ ਗੀਝੇ ਚੋੰ ਹੱਥ ਬਾਹਰ ਕੱਢਿਆ ..ਬਾਈ ਦੀ ਮੁੱਠੀ ਲਾਲ ਪੀਲੇ ਪੱਕੇ ਬੇਰਾੰ ਨਾਲ ਭਰੀ ਹੋਈ ਸੀ..
ਮੈਨੂੰ ਪਤਾ ਸੀ ਕਿ ਬਾਈ ਮੈਨੂੰ ਜਾਣ ਲੱਗੇ ਨੂੰ 10-20 ਰੁ: ਪਿਆਰ ਵਜੋੰ ਦੇਣੇ ਲੋਚਦਾ ਸੀ ਪਰ ਬਾਈ ਦੀਆੰ ਤੰਗੀਆੰ ਤੁਰਸ਼ੀਆੰ ਵੀ ਮੈਨੂੰ ਭੁੱਲੀਆੰ ਨੀ ਸੀ ..
ਬੱਲੇ ਬਾਈ ਬੇਰ … ਆਹ ਸਾਰੇ ਈ ਦੇਦੇ ਹੁਣ ਬੱਸ ਜਾੰਣ ਲੱਗੇ ਨੂੰ , ਉੱਥੇ ਨੀ ਮਿਲਦੇ ਿੲਹ…
ਮੈੰ ਬਾਈ ਦਾ ਧਿਆੰਨ ਮੋੜਦਿਆੰ ਬੇਰ ਲੈ ਕੇ ਜੇਬ੍ ਚ ਪਾਉੰਦਿਆੰ ਫਤਿਹ ਬੁਲਾਈ ਤੇ ਗੱਡੀ ਤੁਰ ਪਈ …ਤੁਰੀ ਜਾੰਦੀ ਗੱਡੀ ਚੋੰ 2-3 ਵਾਰੀ ਪਿੱਛੇ ਮੁੜਕੇ ਦੇਖਿਆ , ਬਾਈ ਹਾਲੇ ਵੀ ਮੱਥੇ ਕੋਲ ਖੱਬੇ ਹੱਥ ਦਾ ਛੱਜਾ ਬਣਾਈ ਖੜਾ ਜਾੰਦੀ ਗੱਡੀ ਨੂੰ ਦੇਖੀ ਜਾ ਰਿਹਾ ਸੀ
ਕੱਲ ਸੁਪਨੇ ਚ ਬਾਈ ਨੂੰ ਮਿਲਕੇ ਸਵੇਰੇ ਪਿੰਡ ਫੋਨ ਕੀਤਾ , ਖਬਰ ਮਿਲੀ ..ਮਿਹਨਤ ਮਜ਼ਦੂਰੀ ਕਰਕੇ ਰੁੱਖੀ ਮਿੱਸੀ ਖਾਕੇ ਸਦਾ ਖੁਸ਼ ਰਹਿੰਦਾ ਬਾਈ ਜ਼ਿੰਦਗੀ ਦਾ ਪੰਧ ਪੂਰਾ ਕਰ ਗਿਆ ਸੀ , ਤੇ ਪਿੱਛੇ ਕਿੰਨੀਆੰ ਈ ਰੰਗਦਾਰ ਯਾਦਾੰ ਛੱਡ ਗਿਆ ਸੀ …ਬਾਈ ਦੇ ਆਖਰੀ ਵਾਰੀ ਦਿੱਤੇ ਬੇਰਾੰ ਚੋੰ 5-7 ਬੇਰ ਬਚਾਅ ਕੇ ਮੈੰ ਇਧਰ ਲਿਆ ਕੇ ਇੱਕ ਕੱਚ ਦੀ ਸ਼ੀਸ਼ੀ ਚ ਪਾ ਕੇ ਰੱਖੇ ਹੋਏ ਸੀ , ਅੱਜ ਅਲਮਾਰੀ ਚੋੰ ਸ਼ੀਸ਼ੀ ਕੱਢ ਕੇ ਦੇਖੀ ਸੁੱਕ ਕੇ ਗਿਟਕਾੰ ਬਣ ਗਏ ਨੇ ਪਰ ਲਾਲ ਸੁਨਿਹਰੀ ਭਾਅ ਮਾਰਦੇ ਮੇਰੇ ਵਾਸਤੇ ਮੋਤੀਆੰ ਦਾ ਖਜ਼ਾਨੇ ਤੋੰ ਵੀ ਵੱਧ ਨੇ
ਤੇ ਦੂਰ ਬੇਰੀ ਕੋਲ ਖੜਾ੍ ਬਾਈ ਹਸਦਿਆੰ ਉੱਚੀ ਬੋਲ ਮਾਰਦੈ….
“”ਇਹ ਦੁਨੀਆੰ ਚਲੋ ਚਲੀ ਦਾ ਮੇਲਾ ..ਮੱਲਾ***
ਹੁਣ ਤਾਂ 25 ਸਾਲ ਤੋਂ ਉੱਤੇ ਸਮਾਂ ਹੋ ਗਿਆ ਸੀ ਕਾਟੀ ਨੂੰ ਮਿਲਿਆਂ , ਉਦੋਂ ਕਾਟੀ ਸਾਡੇ ਘਰ ਮੇਰੀ ਮਾਤਾ ਨਾਲ ਘਰ ਦੇ ਕੰਮਾਂ ਚ ਹੱਥ ਵਟਾਉਣ ਆ ਜਾਇਆ ਕਰਦੀ ਸੀ ! ਮੈਂ ਅੱਠਵੀਂ ਚ ਪੜਦਾ੍ ਸੀ ਤੇ ਕਾਟੀ 10ਵੀਂ ਕਰਕੇ ਹਟਗੀ ਸੀ ਮੈਥੋਂ 2ਕੁ ਸਾਲ ਵੱਡੀ ਸੀ ,ਸਾਡੀ ਗੁਆਂਢਣ ਤੇਜੋ ਚਾਚੀ ਕਾਟੀ ਦੀ ਭੂਆ ਲਗਦੀ ਸੀ, ਛੋਟੀ ਹੁੰਦੀ ਤੋਂ ਇੱਥੇ ਹੀ ਰਹੀ ਸੀ ,ਜਦੋਂ ਮੈਂ ਸ਼ਾਮ ਨੂੰ ਸਕੂਲੋਂ ਆਉਂਦਾ, ਮੈਂ ਤੇ ਕਾਟੀ ਦੋਵੇਂ ਮੈ੍ਸਾਂ ਵਾਸਤੇ ਮਸ਼ੀਨ ਤੇ ਬਰਸੀਣ ਜਾਂ ਹਾੜਾਂ ਚ ਚਰ੍ੀ ਦਾ ਟੋਕਾ ਕਰਦੇ,ਅਸੀਂ ਵਾਰੀ ਵਾਰੀ ਮਸ਼ੀਨ ਗੇੜਦੇ ਮੈਂ ਮਸ਼ੀਨ ਗੇੜਦਾ,ਕਾਟੀ ਰੁੱਗ ਲਾਉਂਦੀ ਜਦੋਂ ਮੈਂ ਥੱਕ ਜਾਂਦਾ ਤਾਂ ਕਾਟੀ ਮਸ਼ੀਨ ਗੇੜਨ ਲਗਦੀ ਤੇ ਮੈਂ ਰੁੱਗ ਲਾਉਣ ਲਗਦਾ
ਕਦੇ ਕਾਟੀ ਤੋਂ ਵੱਧ ਰੁੱਗ ਲੱਗ ਜਾਂਦਾ ,ਮੈਥੋਂ ਮਸ਼ੀਨ ਗੇੜ ਨਾਂ ਹੁੰਦੀ ਮੈਂ ਜ਼ੋਰ ਲਾਉਂਦਾ ਪਰ ਮਸ਼ੀਨ ਦਾ ਚੱਕਰ ਹੌਲੀ ਹੌਲੀ ਚਲਦਾ ਚਲਦਾ ਰੁਕ ਜਾਂਦਾ,ਮੈਂ ਰੌਲਾ੍ ਪਾਉਣ ਲਗਦਾ ਕਾਟੀ ਮੈਂਨੂੰ ਸਾਹੋ ਸਾਹ ਹੋਇਆ ਦੇਖ ਕੇ ਹਸਦੀ ਮੇਰੇ ਨਾਲ ਆ ਕੇ ਜੋਰ ਲੁਆਉਣ ਲਗਦੀ,ਅਸੀਂ ਦੋਵੇਂ ਰਲ੍ ਕੇ ਮਸ਼ੀਨ ਗੇੜਦੇ ਤੇ ਭਾਰਾ ਰੁੱਗ ਕੱਢ ਲੈ਼ਦੇ
ਜਦ ਕਾਟੀ ਮਸ਼ੀਨ ਗੇੜਦੀ ਤਾਂ ਮੈਂ ਵੀ ਕਦੇ ਕਦੇ ਜਾਂਣ ਕੇ ਭਾਰਾ ਰੁੱਗ ਲਾ ਦਿੰਦਾ , ਪਰ ਕਾਟੀ ਮੇਰੇ ਤੋਂ ਵੱਡੀ ਤੇ ਤਕੜੀ ਵੀ ਸੀ ਉਹ ਸਾਰਾ ਜੋਰ ਲਾ ਦਿੰਦੀ ਪਰ ਅਖੀਰ ਥੱਕ ਜਾਂਦੀ ਤੇ ਮੈਂਨੂੰ ਆ ਕੇ ਨਾਲ ਜੋਰ ਲੁਆਉਣ ਨੂੰ ਕਹਿੰਦੀ ,ਇਉਂ ਅਸੀਂ ਦੋਵੇਂ ਲੜਦੇ ਝਗੜਦੇ ,ਹਸਦੇ ਟੋਕਾ ਕਰ ਲੈਂਦੇ
ਸਮਾਂ ਲੰਘਦਾ ਗਿਆ, 10ਵੀਂ ਜਮਾਤ ਤੱਕ ਆਉਂਦਿਆਂ ਮੈਂ ਅਪਣੇ ਆਪ ਨੂੰ ਵੱਡਾ ਤੇ ਤਕੜਾ ਸਮਝਣ ਲੱਗ ਪਿਆ ਸੀ , ਹੁਣ ਟੋਕਾ ਕਰਦੇ ਸਮੇਂ ਵਾਹ ਲਗਦੀ ਮੈਂ ਇਕੱਲਾ ਹੀ ਮਸ਼ੀਨ ਗੇੜਦਾ ਕਾਟੀ ਰੁੱਗ ਲਾਈ ਜਾਂਦੀ ਤੇ ਮੈਂ ਪਸੀਨੋ ਪਸੀਨਾ ਹੋਇਆ ਜੁਟਿਆ ਰਹਿੰਦਾ ਪਰ ਕਦੇ ਕਦੇ ਕਾਟੀ ਫੇਰ ਜਾਂਣ ਕੇ ਵੱਧ ਰੁੱਗ ਲਾ ਦਿੰਦੀ ਮੇਰਾ ਚਲਦਾ ਚੱਕਰ ਹੌਲੀ ਹੋਣ ਲਗਦਾ ਤਾਂ ਕਾਟੀ ਹਸਦੀ ਮੈਂਨੂੰ ਆਖਦੀ “ਥੱਕ ਚੱਲਿਆ ਦੀਪਿਆ!!ਲੁਆਂਮਾਂ ਜੋਰ ਆ ਕੇ??ਪਰ ਮੈਂ ਬਿਨਾਂ ਕੁਛ ਬੋਲੇ ਮੁਸਕਾਂਉਦਾ ਹੋਰ ਜੋਰ ਲਾਉਣ ਲਗਦਾ ਚੱਕਰ ਹੋਰ ਹੌਲੀ ਹੁੰਦਾ ਦੇਖ ਕਾਟੀ ਹਸਦੀ ਹਸਦੀ ਆ ਲਗਦੀ !!
ਸਾਰਾ ਟੋਕਾ ਕਰਨ ਮਗਰੋਂ ਮੈਂ ਅਪਣਾ ਪਰਨਾ ਲਾਹ ਕੇ ਮੱਥੇ ਤੇ ਗਰਦਣ ਤੋਂ ਪਸੀਨਾ ਪੂੰਝਦਾ ਮਸ਼ੀਨ ਵਾਲੇ ਛਤੜੇ ਤੋਂ ਬਾਹਰ ਆਉਂਦਾ ਐਨੇ ਨੂੰ ਕਾਟੀ ਨਲਕਾ ਗੇੜਨ ਜਾ ਲਗਦੀ ਤੇ ਪਿੱਤਲ੍ ਦਾ ਠੰਡੇ ਪਾਣੀ ਦਾ ਗਲਾਸ ਮੈਨੂੰ ਨਲਕੇ ਕੋਲ੍ ਨਿੰਮ ਥੱਲੇ ਖੜੇ੍ ਨੂੰ ਲਿਆ ਫੜਾਉਂਦੀ , ਕਾਟੀ ਹੱਥੋਂ ਲੈ ਕੇ ਪੀਤਾ ਪਾਣੀ ਅੰਦਰ ਠਾਰਦਾ ਜਾਂਦਾ ,ਕਾਟੀ ਦੀਆਂ ਹਸਦੀਆਂ ਅੱਖਾਂ ਜਿਵੇਂ ਪਾਣੀ ਚ ਦੋ ਡਲ੍ੀਆਂ ਮਿਸ਼ਰੀ ਦੀਆਂ ਵੀ ਪਾ ਜਾਂਦੀਆਂ
ਸਿਆਲ੍ ਦੀ ਰੁੱਤ ਸੀ,ਕਾਟੀ ਮਾਤਾ ਨਾਲ ਬਾਹਰਲੇ ਚੁੱਲੇ੍ ਚੌਂਕੇ ਆਲੇ੍ ਅੋਟੇ ਚ ਬੈਠੀ ਖੋਏ ਦੀਆਂ ਪਿੰਨੀਆਂ ਵੱਟਦੀ ਗੱਲੀਂ ਪਈ ਹੋਈ ਸੀ
“”ਭੂਆ!! ਪਸ਼ਮ ਲਿਆ ਦੀਂ ਸ਼ਹਿਰੋਂ ਕਿਸੇ ਦਿਨ…ਮੈਂ ਬੁਣਤੀ ਸਿੱਖੀ ਐ ਇਕ ਵਧੀਆ ਜੀ !!ਸਵੈਟਰ ਬੁਣ ਦੂੰਗੀ ਦੀਪੇ ਦਾ ਇੱਕ…ਕੋਟੀ ਕਹੇਂ ਤਾਂ ਕੋਟੀ ਬੁਣ ਦੂੰਗੀ ..ਊਂ ਤਾਂ ਦਸਤਾਨੇ ਵੀ ਚਾਹੀਦੇ ਨੇ ,ਤੜਕੇ ਟਿਊਸ਼ਨ ਪੜਨ੍ ਜਾਂਦੇ ਦੇ ਹੱਥ ਠਰਦੇ ਹੋਣਗੇ , ਮੈਂ ਪਰਾਂ੍ ਕੰਧ ਨਾਲ ਧੁੱਪੇ ਬੈਠ ਕੇ ਪੜਦਾ੍ ਵਿੱਚ ਵਿੱਚ ਉਹਨਾਂ ਦੀਆਂ ਗੱਲਾਂ ਸੁਣੀ ਜਾਂਦਾ ਸੀ ,ਕਾਟੀ ਦੀ ਭੂਆ ਵਿਹੜੇ ਅੰਦਰ ਆਈ , ਪਿੰਨੀਆਂ ਵੱਟਦੀ ਕਾਟੀ ਨੂੰ ਦੇਖਦੀ ਮੈਨੂੰ ਕਹਿਣ ਲੱਗੀ “ਦੇਖ ਲੈ ਪਾੜਿ੍ਆ!ਕੁੜੀ ਤੇਰਾ ਕਿੰਨਾ ਖਿਆਲ ਰੱਖਦੀ ਐ …ਮੈ ਉਠ ਕੇ ਕੋਲ ਆਉਂਦਿਆ ਚਾਚੀ ਨੂੰ ਮੱਥਾ ਟੇਕਦਾਂ ਕਿਹਾ ,ਜਿਉਂਦਾ ਰਹਿ ਦੀ ਅਸੀਸ ਦਿੰਦਿਆਂ ਫੇਰ ਮਾਤਾ ਵੱਲ ਮੁੜਦਿਆਂ ਬੋਲੀ,”ਸਾਕ ਲੈ ਲਾ ਕਾਟੀ ਦਾ ਪਾੜੇ੍ ਨੂੰ…ਮੌਜ ਕਰੀਂ ਮੁੜ ਕੇ ਨੂੰਹ ਦੇ ਸਿਰ ਤੇ ਛੱਡ ਕੇ ਸਾਰਾ ਕੰਮ ….ਮੈਂ ਦੇਖਿਆ ,ਕਾਟੀ ਮੂੰਹ ਚ ਚੁੰਨੀ ਦਾ ਪੱਲਾ ਲੈ ਕੇ ਸੰਗਦੀ ਮੁਸਕੁਰਾਅ ਰਹੀ ਸੀ , ਮੈਂ ਵੀ ਮੂੰਹ ਪਰਾਂ੍ ਨੂੰ ਘੁਮਾਅ ਲਿਆ ਸੀ ਹਾਸਾ ਮੇਰਾ ਵੀ ਨੀ ਸੀ ਰੁਕਦਾ…..ਸੁਨੱਖੀ , ਸਰੂ ਵਰਗੀ ਲੰਬੀ ਕਾਮੀ ਕੁੜੀ ਕਾਟੀ ਮੇਰੇ ਵਰਗੇ ਸਿਧਰੇ ਦੇ ਕਰਮਾਂ ਚ”???
ਪਰ ਕਾਟੀ ਵਿਚਾਰੀ ਦਾ ਸਰੂ ਕੱਦ ਘਰਦਿਆਂ ਦੀਆਂ ਦੇ ਮੇਚ ਕਿੱਥੋਂ ਆਉਣਾ ਸੀ ?ਕਾਟੀ ਦੀ ਭੂਆ ਕੋਲ ਲੈਣ ਦੇਣ ਨੂੰ ਕੁਛ ਨੀ ਸੀ ਤੇ ਮਾਤਾ ਉੱਚੀਆਂ ਆਸਾਂ ਦਾ ਸੰਸਾਰ ਬੁਣੀ ਬੈਠੀ ਸੀ ,ਘਰਦਿਆਂ ਦੀਆਂ ਹਸਰਤਾਂ ਅਸਮਾਨ ਤੇ..ਕਾਟੀ ਦੀ ਹਕੀਕਤ ਜ਼ਮੀਨ ਤੇ..ਕਾਟੀ ਦਾ ਸੁਪਨਿਆਂ ਦਾ ਸਵੈਟਰ ਤਾਂ ਬਿਨਾ ਬੁਣਿਆਂ ਹੀ ਉਧੜ ਗਿਆ ਸੀ
ਦਸਵੀਂ ਤੋਂ ਬਾਅਦ ਮੈਂ ਹੋਸਟਲ ਚਲਿਆ ਗਿਆ ਤੇ ਭੂਆ ਨੇ ਕਾਟੀ ਦਾ ਵਿਆਹ ਕਰ ਦਿੱਤਾ,
ਹੋਰ ਸਮਾਂ ਲੰਘਿਆ ਤੇ ਘਰਦਿਆਂ ਦੀਆਂ ਸਧਰਾਂ ਤੇ ਕੈਨੇਡਾ ਦੇ ਸੁਨਿਹਰੀ ਸੁਪਨੇ ਭਾਰੂ ਹੋ ਗਏ ਕਨੇਡੇ ਆ ਕੇ ਸ਼ੁਰੂ ਸ਼ੁਰੂ ਚ ਬੜੇ ਝਟਕੇ ਲੱਗੇ ਸਟੋਰ ਚ ਸ਼ੈਲਫਾਂ ਭਰਨ ਦਾ ਪਹਿਲਾ ਕੰਮ ਮਿਲਿਆ ਤੜਕੇ ਸਾਢੇ ਚਾਰ ਵਜੇ ਉੱਠ ਕੇ ਕੰਮ ਤੇ ਜਾਂਣ ਤੋਂ ਪਹਿਲਾਂ ਜਦੋਂ ਠੰਡੇ ਦੁੱਧ ਨਾਲ 2-3 ਬਿਸਕੁਟ ਖਾਣ ਲਗਦਾ ਤਾਂ ਕਾਟੀ ਦੀਆਂ ਵੱਟੀਆਂ ਖੋਏ ਦੀਆਂ ਪਿੰਨੀਆਂ ਯਾਦ ਆਉਂਦੀਆਂ ਕਦੇ ਕਦੇ ਮਨ ਕਰਦਾ ਘਰਦਿਆਂ ਨੂੰ ਦੱਸਾਂ ..ਪਰ ਕੀ ਦਸਦਾ ???
ਫੇਰ ਟਰੱਕ ਚਲਾਉਂਣ ਦਾ ਕੰਮ ਮਿਲਿਆ ਤੇ ਐਨੇ ਸਾਲਾਂ ਬਾਅਦ ਟੋਕੇ ਵਾਲੀ ਮਸ਼ੀਨ ਦੀ ਇਕੱਲੇ ਨੂੰ ਹਥੜੀ ਘਮਾਂਉਣੀ ਪਈ …ਮੈਂ ਹਰ ਰੋਜ ਸ਼ਾਮ ਨੂੰ ਕੰਮ ਸ਼ੁਰੂ ਕਰਦਾ ਰੇਲਵੇ ਦੇ ਗੋਦਾਮ ਵਿੱਚੋਂ ਜਾ ਕੇ ਟਰੱਕ ਨਾਲ ਕੰਨਟੇਨਰ ਖਿੱਚ ਕੇ ਲਿਆਉਣੇ ਹੁੰਦੇ ਰੇਲਵੇ ਲੈਨ ਦੇ ਨਾਲ ਨਾਲ ਲੰਬੀ ਕਤਾਰ ਚ ਕੰਨਟੇਨਰ ਖੜੇ੍ ਹੁੰਦੇ ਮੈਂ ਇੱਕ ਇੱਕ ਕਰਕੇ ਟਰੱਕ ਨਾਲ ਜੋੜ ਕੇ ਲਈ ਆਉਂਦਾ ਸਵੇਰੇ ਤੜਕੇ ਤੱਕ ਇਸੇ ਤਰਾਂ ਕੰਮ ਚੱਲੀ ਜਾਂਦਾ
ਜਦ ਕੰਨਟੇਨਰ ਨੂੰ ਟਰੱਕ ਨਾਲ ਜੋੜਨਾ ਹੁੰਦਾ,ਤਾਂ ਉਸ ਦੇ ਅਗਲੇ ਹਿੱਸੇ ਦੇ ਹੇਠਾਂ ਟਰੱਕ ਲੈ ਜਾ ਕੇ ਕੰਨਟੇਨਰ ਦੇ ਅਗਲੇ ਪਾਸੇ ਲੱਗੀ ਹਥੜੀ ਘੁਮਾਅ ਕੇ ਉਸ ਨੂੰ ਟਰੱਕ ਨਾਲ ਜੋੜ ਲਿਆ ਜਾਂਦਾ ਤੇ ਬਾਹਰ ਦੂਜੀ ਇਮਾਰਤ ਨੂੰ ਲੈ ਤੁਰਦਾ ਪਰ ਕੋਈ ਕੋਈ ਕੰਨਟੇਨਰ ਬਹੁਤ ਉੱਚਾ ਕਰਕੇ ਖੜਾ੍ਇਆ ਹੁੰਦਾ ਜਦ ਉਸ ਦੇ ਹੇਠਾਂ ਟਰੱਕ ਜਾਂਦਾ ਤਾਂ ਉਹ ਟਰੱਕ ਨਾਲ ਨਾ ਜੁੜਦਾ ਕਈ ਵਾਰੀ ਤਾਂ ਗਿੱਠ ਡੇਢ ਗਿੱਠ ਉੱਚਾ ਖੜਾ੍ 60-65 ਹਜ਼ਾਰ ਪੌਂਡ ਭਾਰਾ ਕੰਨਟੇਨਰ ਨੀਵਾਂ ਕਰਨ ਲਈ ਉਹਦੀ ਹਥੜੀ ਘੁਮਾਂਉਦਿਆਂ ਇਉਂ ਜੋਰ ਲਗਦਾ ਜਿਵੇਂ ਚਰ੍ੀ ਭਰੀ ਹੋਈ ਪੂਰੀ ਰੇੜ੍ੀ ਦਾ ਟੋਕਾ ਕਰਨਾ ਹੋਵੇ
ਅੱਧੀ ਰਾਤ ਦਾ ਸਮਾਂ ,ਚਾਰੇ ਪਾਸੇ ਸੁੰਨਸਾਨ ,ਠੰਡੀ ਸ਼ੂਕਦੀ ਹਵਾ ਰੇਲਵੇ ਗੁਦਾਮ ਦੀਆਂ ਬੱਤੀਆਂ ਵੀ ਠੰਡ ਨਾਲ ਸੁੰਗੜੀਆਂ ਸੁੰਗੜੀਆਂ ਜਗਦੀਆਂ
ਮੈਂ ਹਥੜੀ ਘੁਮਾਂਉਦਾ ਥੱਕ ਜਾਂਦਾ , ਥੋੜਾ ਚਿਰ ਸਾਹ ਲੈਂਦਾ ਟਰੱਕ ਚ ਜਾ ਕੇ ਪਲਾਸਟਿਕ ਦੀ ਬੋਤਲ ਚੋਂ ਪਾਣੀ ਦੀਆਂ ਘੁੱਟਾਂ ਭਰਦਾ ,ਕਾਟੀ ਹੱਥੋਂ ਸਾਲਾਂ ਬੱਧੀ ਪਿੱਤਲ ਦੇ ਗਲਾਸ ਚ ਪੀਤੇ ਸ਼ਰਬਤ ਵਰਗੇ ਪਾਣੀ ਨੂੰ ਯਾਦ ਕਰਦਾ ਆ ਕੇ ਫੇਰ ਹਥੜੀ ਘੁਮਾਂਉਣ ਲਗਦਾ ਕਾਟੀ ਨੂੰ ਮਸ਼ੀਨ ਗੇੜਦੀ ਨੂੰ ਲਾਏ ਭਾਰੇ ਰੁੱਗ ਹੁਣ ਐਥੇ ਮੈਂਨੂੰ ਇਕੱਲੇ ਨੂੰ ਕੁਤਰਨੇ ਪੈ ਰਹੇ ਸੀ , ਐਥੇ ਤਾਂ ਰੌਲਾ ਵੀ ਨੀ ਸੀ ਪਾ ਸਕਦਾ !ਕੀਹਨੇ ਸੁਣਨਾ ਸੀ??ਮਨ ਵਿੱਚ ਸੋਚਦਾ …ਹੁਣ ਤਾਂ ਕਾਟੀ ਦੇ ਨਿਆਂਣੇ ਵੀ ਵਡੇ ਹੋਗੇ ਹੋਣਗੇ ਪਿਛਲੀ ਵਾਰੀ ਦੇਸ਼ ਗਏ ਨੂੰ ਪਤਾ ਲੱਗਿਆ ਸੀ ਕਿ ਕਾਟੀ ਦਾ ਪਰੌ੍ਣਾ ਫੌਜ ਚੋਂ ਪੈਨਸ਼ਨ ਆ ਗਿਆ ਸੀ ,ਕਾਟੀ ਦੇ ਗਭਰੂ ਹੋਏ ਮੁੰਡੇ ਸਾਰਾ ਕੰਮ ਕਰ ਲੈਂਦੇ ਹੋਣਗੇ ..ਸੁਰਤੀ ਦੂਰ ਪਿੰਡ ਉਪੜ ਜਾਂਦੀ ਇਉਂ ਲਗਦਾ ਜਿਵੇਂ ਹੁਣ ਵੀ ਕਾਟੀ ਮੈਂਨੂੰ ਸਾਹੋ ਸਾਹ ਹੋਏ ਨੂੰ ਦੇਖ ਕੇ ਹਸਦੀ ਹਸਦੀ ਕਿਧਰੋਂ ਆਊਗੀ ਤੇ ਮੇਰੇ ਨਾਲ ਲੱਗ ਭਾਰਾ ਰੁੱਗ ਕੁਤਰਾਉਣ ਲੱਗੂਗੀ ….
ਇਉਂ ਸੋਚਾਂ ਚ ਡੁੱਬਿਆ ਹਥੜੀ ਫੇਰੀ ਜਾਂਦਾ , ਜੋਰ ਲੁਆਂਉਦੀ ਹਥੜੀ ਹੌਲੀ ਹੌਲੀ ਹਲਕੀ ਚੱਲਣ ਲਗਦੀ ਕਿਉਂਕਿ ਭਾਰਾ ਰੁੱਗ ਕੁਤਰਿਆ ਗਿਆ ਹੁੰਦਾ …ਕੰਨਟੇਨਰ ਨੀਂਵਾਂ ਹੋ ਕੇ ਟਰੱਕ ਨਾਲ ਜੁੜ ਗਿਆ ਹੁੰਦਾ……
ਟਰੱਕ ਚ ਚਲਦੀ ਟੇਪ ਚੋਂ ਗੀਤ ਦੇ ਬੋਲ ਕੰਨੀਂ ਪੈਂਦੇ….
ਮੁੰਡਿਆਂ ਦੇ ਵਿੱਚੋਂ ਤੂੰ ਵੀ ਸਿਰ ਕੱਢਵਾਂ….
ਵੇ ਰੂਪ ਮੇਰੇ ਤੇ ਵੀ ਦੂਣ ਸਵਾਇਆ…..
ਸਾਰੇ ਮੇਲੇ ਵਿੱਚ ਤੈਂਨੂੰ ਰਹੀ ਲੱਭਦੀ…..
ਵੇ ਚੀਰੇ ਵਾਲਿਆ ਨਜ਼ਰ ਨਾਂ ਆਇਆ….
ਸੁਣਦਿਆਂ ਮੇਰੇ ਚਿਹਰੇ ਤੇ ਮੁਸਕਾਂਨ ਆ ਜਾਂਦੀ:):):):):):):)