ਸ਼ਹਿਦ ਨਾਲੋਂ ਵੀ ਮਿੱਠੀ ਚਾਹ

by Bachiter Singh

ਉਹ ਦੋਵੇਂ ਉਸ ਵੇਲੇ ਤਕਰੀਬਨ ਸੱਤਰ ਕੂ ਸਾਲ ਦੇ ਗੇੜ ਵਿਚ ਹੋਣਗੇ.. ਬੇਔਲਾਦੇ ਸਨ..ਦੱਸਦੇ ਇੱਕ ਨੂੰ ਗੋਦ ਵੀ ਲਿਆ ਸੀ ਪਰ ਉਹ ਵੀ ਅੱਧਵਿਚਾਲੇ ਦਗਾ ਦੇ ਗਿਆ..
ਸਾਰਾ ਪਿੰਡ “ਚਾਚਾ ਚਾਚੀ” ਆਖ ਬੁਲਾਉਂਦਾ ਸੀ..! ਹਰ ਰੋਜ ਨਾਸ਼ਤੇ ਮਗਰੋਂ ਬਾਹਰ ਗਲੀ ਵਿਚ ਡਿਉੜੀ ਲਾਗੇ ਮੰਜਾ ਡਠ ਜਾਂਦਾ..
ਫੇਰ ਹਰੇਕ ਲੰਘਦੇ ਆਉਂਦੇ ਤੇ ਆਥਣ ਵੇਲੇ ਤੱਕ ਖੁਸ਼ੀਆਂ ਖੇੜਿਆਂ ਦੀ ਵਾਛੜ ਪੈਂਦੀ ਰਹਿੰਦੀ…!
ਦੋਵੇਂ ਕੋਲੋਂ ਲੰਘਦੇ ਨੂੰ ਧੱਕੇ ਨਾਲ ਹੀ ਕੋਲ ਬਿਠਾ ਲਿਆ ਕਰਦੇ..
ਫੇਰ ਹਾਲ ਚਾਲ ਮਗਰੋਂ ਕਿੰਨੀ ਦੇਰ ਗੱਲਾਂ ਦਾ ਕਾਫਲਾ ਰਵਾਂ ਰਵੀਂ ਤੁਰਿਆ ਰਹਿੰਦਾ..ਅਗਲਾ ਵੀ ਘੜੀਆਂ ਪਲਾਂ ਵਿਚ ਆਪਣਾ ਢਿਡ੍ਹ ਫਰੋਲ ਆਪਣੇ ਅੰਦਰ ਡੱਕਿਆ ਕਿੰਨਾ ਸਾਰਾ ਗੁਬਾਰ ਕੱਢ ਫੁੱਲਾਂ ਵਾਂਙ ਹੌਲਾ ਹੋ ਕੇ ਆਪਣੇ ਰਾਹੇ ਪੈਂਦਾ! ਇੱਕ ਵਾਰ ਇੰਝ ਹੀ ਮੈਨੂੰ ਕੋਲੋਂ ਲੰਘਦੇ ਜਾਂਦੇ ਨੂੰ ਚਾਚੇ ਹੁਰਾਂ ਵਾਜ ਮਾਰ ਕੋਲ ਬਿਠਾ ਲਿਆ..
ਨਾਲ ਹੀ ਚੁੱਲੇ ਅੱਗੇ ਬੈਠੀ ਚਾਚੀ ਨੂੰ ਗੁੜ ਸੌਂਫ ਤੇ ਅਦਰਕ ਵਾਲੀ ਚਾਹ ਦੇ ਦੋ ਕੱਪ ਬਣਾਉਣ ਲਈ ਆਖ ਦਿੱਤਾ..
ਫੇਰ ਗੱਲਾਂ ਨੇ ਐਸਾ ਰੰਗ ਬੰਨਿਆ ਕੇ ਟਾਈਮ ਦਾ ਪਤਾ ਹੀ ਨਾ ਲੱਗਾ..
ਕੁਝ ਚਿਰ ਮਗਰੋਂ ਮੁਕੁਰਾਹਟਾਂ ਖਿਲਾਰਦੀ ਚਾਚੀ ਚਾਹ ਦੇ ਦੋ ਕੱਪ ਫੜੀ ਕੋਲ ਆ ਗਈ..
ਹੈਂਡਲ ਵਾਲਾ ਕੱਪ ਮੈਨੂੰ ਫੜਾ ਦਿੱਤਾ ਤੇ ਟੁੱਟੇ ਹੈਂਡਲ ਵਾਲਾ ਚਾਚੇ ਵੱਲ ਨੂੰ ਕਰ ਦਿੱਤਾ..ਚਾਚੇ ਹੁਰਾਂ ਨੂੰ ਸ਼ਾਇਦ ਥੋੜੀ ਠੰਡੀ ਕਰ ਕੇ ਪੀਣ ਦੀ ਆਦਤ ਸੀ..ਸੋ ਓਹਨਾ ਆਪਣੇ ਵਾਲਾ ਕੱਪ ਪਾਸੇ ਰੱਖ ਦਿੱਤਾ ਤੇ ਗੱਲਾਂ ਵਾਲਾ ਸਿਲਸਿਲਾ ਮੁੜ ਅੱਗੇ ਤੋਰ ਲਿਆ..! ਮੈਨੂੰ ਪਹਿਲਾ ਘੁੱਟ ਭਰਦਿਆਂ ਹੀ ਸੁੱਝ ਗਈ ਕੇ ਚਾਚੀ ਚਾਹ ਵਿਚ ਗੁੜ ਪਾਉਣਾ ਭੁੱਲ ਗਈ ਸੀ ਪਰ ਜਾਣ ਕੇ ਹੀ ਦੜ ਜਿਹੀ ਵੱਟੀ ਰੱਖੀ ਤੇ ਹੌਲੀ ਹੌਲੀ ਫਿੱਕੀ ਚਾਹ ਦੇ ਘੁੱਟ ਭਰਦਾ ਹੋਇਆ ਦੋਨਾਂ ਦੀਆਂ ਆਪਸ ਵਿਚ ਹੁੰਦੀਆਂ ਗੱਲਾਂ ਸੁਣਦਾ ਰਿਹਾ !

ਘੜੀ ਕੂ ਮਗਰੋਂ ਚਾਚੇ ਨੇ ਆਪਣੇ ਵਾਲੀ ਦਾ ਪਹਿਲਾ ਘੁੱਟ ਭਰਿਆ..ਗੱਲਾਂ ਤੇ ਲਾਲੀ ਜਿਹੀ ਛਾ ਗਈ ਤੇ ਨਾਲ ਹੀ ਉੱਚੀ ਸਾਰੀ ਬੋਲ ਉਠਿਆ..”ਵਾਹ ਬੀ ਵਾਹ ਰੇਸ਼ਮ ਕੁਰੇ ਕਮਾਲ ਹੀ ਕਰ ਤੀ..ਸ਼ਹਿਦ ਨਾਲੋਂ ਵੀ ਮਿੱਠੀ ਚਾਹ ਬਣਾਈ ਏ ਅੱਜ..ਧਰਮ ਨਾਲ ਸੁਆਦ ਹੀ ਆ ਗਿਆ..ਜਿਉਂਦੀ ਵੱਸਦੀ ਰਹੇਂ ਰੱਬ ਲੰਮੀਆਂ ਉਮਰਾਂ ਕਰੇ ”

ਮੈਂ ਕੋਲ ਬੈਠਾ ਫਿੱਕੀ ਚਾਹ ਦੇ ਘੁੱਟ ਭਰਦਾ ਹੋਇਆ ਸੋਚੀ ਜਾ ਰਿਹਾ ਸਾਂ ਕੇ ਇੱਕੋ ਪਤੀਲੇ ਵਿਚ ਬਣੀ ਹੋਈ ਚਾਹ ਦੇ ਦੋ ਵੱਖੋ ਵੱਖ ਕੱਪ..ਇੱਕ ਵਿਚ ਫਿੱਕਾ ਸ਼ਰਬਲ ਪਾਣੀ ਤੇ ਦੂਜੀ ਵਿਚ ਸ਼ਹਿਦ ਨਾਲੋਂ ਵੀ ਮਿੱਠੀ ਚਾਹ..ਇਹ ਕੌਤਕ ਕਿੱਦਾਂ ਵਰਤ ਗਿਆ?

ਫੇਰ ਦੂਜੇ ਹੀ ਪਲ ਖਿਆਲ ਆਇਆ ਕੇ ਚੁੱਲੇ ਕੋਲੋਂ ਦੋ ਕੱਪ ਲੈ ਕੇ ਸਾਡੇ ਵੱਲ ਨੂੰ ਤੁਰੀ ਆਉਂਦੀ ਚਾਚੀ ਦੀ ਇੱਕ ਉਂਗਲ ਚਾਚੇ ਵਾਲੇ ਕੱਪ ਵਿਚ ਡੁੱਬੀ ਹੋਈ ਸੀ..”ਸ਼ਹਿਦ ਵਰਗੀ ਮਿਠਾਸ” ਸ਼ਾਇਦ ਓਸੇ ਉਗਲ ਦੇ ਪੋਟੇ ਰਾਹੀਂ ਕੱਪ ਵਿਚ ਘੁਲ ਗਈ ਹੋਵੇਗੀ! ਦੋਸਤੋ ਇਹ ਓਹਨਾ ਵੇਲਿਆਂ ਦੀ ਗੱਲ ਏ ਜਦੋਂ ਕਿਸੇ ਦੀ ਸਿਫਤ ਭਰੀ ਸਭਾ ਵਿਚ ਖਲੋ ਕੇ ਕਿੰਨੇ ਬੰਦਿਆਂ ਸਾਹਵੇਂ ਉਚੀ ਵਾਜ ਵਿਚ ਕੀਤੀ ਜਾਂਦੀ ਸੀ ਤੇ ਕਿਸੇ ਦਾ ਨੁਕਸ ਗਿਣਾਉਣ ਵੇਲੇ ਉਸਨੂੰ ਭੀੜ ਤੋਂ ਵੱਖ ਕਰ ਅੰਦਰ ਵਾੜ ਅੰਦਰੋਂ ਕੁੰਡਾ ਮਾਰ ਲਿਆ ਜਾਂਦਾ ਸੀ..ਤਾਂ ਕੇ ਹੁੰਦੀ ਗੱਲਬਾਤ ਕਿਸੇ ਤੀਜੇ ਦੇ ਕੰਨੀ ਨਾ ਪੈ ਜਾਵੇ..!

ਫੋਟੋ: ਰਵਨ ਖੋਸਾ

ਅਗਿਆਤ

You may also like