ਕੁਝ ਕਹਿੰਦੇ ਉਹ ਮਰ ਗਿਆ ਸੀ…ਕੁਝ ਕਹਿੰਦੇ ਮਾਰ ਦਿੱਤਾ ਗਿਆ ਸੀ…ਸਰਕਾਰੀ ਤੌਰ ਤੇ ਐਲਾਨ ਕਰ ਦਿੱਤਾ ਗਿਆ ਹੈ ਕਿ ਉਸਨੇ ਆਤਮਘਾਤ ਕਰ ਲਿਆ ਹੈ…..!
ਅੱਜ ਇਸ ਬਸਤੀ ’ਚ ਇਕ ਅਜੀਬ ਜਿਹਾ ਸ਼ੋਰ ਹੈ….ਕੋਈ ਕਹਿੰਦਾ ਹੈ ਉਸਦਾ ਸਿਵਾ ਜਾਗ ਪਿਆ ਹੈ…..ਉਹ ਅੱਜ ਰਾਤੀਂ ਬਸਤੀ ’ਚ ਹੋਕਾ ਦਿੰਦਾ ਰਿਹਾ….ਲੋਕੋ ਜਾਗੋ…..ਲੋਕੋ ਜਾਗੋ……ਡਾਕੂ ਤੁਹਾਡਾ ਮਾਲ ਲੁਟ ਰਹੇ ਨੇ…..!
ਅੱਗ ਦੇ ਭਬੂਕੇ ਵਾਂਗ ਇਹ ਗੱਲ ਸਾਰੇ ਫੈਲ ਗਈ….
‘ਨਹੀਂ….ਨਹੀਂ…ਉਹ ਭੂਤ ਹੈ….।” ਉਹ ਕਹਿੰਦੇ ਹਨ…. ‘ਤੁਹਾਨੂੰ ਚੰਬੜ ਜਾਏਗਾ…ਕਦੀ ਉਮਰ ’ਚ ਆਤਮਘਾਤ ਕਰ ਲੈਣ ਵਾਲਾ ਭੂਤਾਂ ਦੀ ਜੂਨ ਹੀ ਪੈਂਦਾ ਹੈ….
ਕੋਈ ਸਾਇੰਸ ਦਾ ਪੜਾਕੂ ਕਹਿੰਦਾ ਹੈ ਕਿ ….ਇਹ ਤਾਂ ਉਸਦੀਆਂ ਹੱਡੀਆਂ ਦਾ ਫਾਸਫੋਰਸ ਚਮਕ ਰਿਹਾ ਹੈ…
…ਪਰ ਫਾਟਕ ਤੇ ਲਾਲਟੈਨ ਤਾਂ ਅਜ ਫਿਰ ਲਾਲ ਰੰਗ ਦੇ ਪਾਸੇ ਵਾਲੀ ਹੈ…..
ਉਹ ਵੀ ਕਿਧਰੇ ਨਜ਼ਰ ਨਹੀਂ ਆਉਂਦਾ…ਜੋ ਕਹਿੰਦਾ ਹੁੰਦਾ ਸੀ…ਲਾਲ ਰੰਗ ਤਾਂ ਲਹੂ ਦਾ ਹੁੰਦਾ ਹੈ….ਲਹੂ ਜੋ ਕਿਸੇ ਦਾ ਵਹਾਇਆ ਜਾਂਦਾ ਹੈ ਜਾਂ ਕਿਸੇ ਲਈ ਵਹਾਇਆ ਜਾਂਦਾ ਹੈ.ਖੂਨ ਖੂਨ ’ਚ ਫਰਕ ਹੁੰਦਾ ਹੈ….ਖੂਨ ਦਾ ਰੰਗ ਪੀਲਾ ਵੀ ਹੁੰਦਾ ਹੈ….ਲਾਲ ਵੀ……
ਉਸ ਦੀਆਂ ਮੱਥੇ ਵਿਚਲੀਆਂ ਤਿਊੜੀਆਂ ਦਾ ਖੂਨ ਉਸਦੀਆਂ ਅੱਖਾਂ ‘ਚ ਉਤਰ ਆਇਆ ਸੀ….. ਪਤਾ ਨਹੀਂ ਉਹ ਸੱਚਮੁਚ ਹੀ ਭੂਤ ਸੀ…ਇਸ ਬਸਤੀ ਦੀਆਂ ਅੱਖਾਂ ‘ਚੋਂ ਖੂਨ ਖੌਲ ਰਿਹਾ ਸੀ…..ਪਤਾ ਨਹੀਂ ਕਿਉਂ ਇਸ ਬਸਤੀ ਦੇ ਸਾਰੇ ਹੱਥ ਲਾਲ ਸਨ….ਉਸਦਾ ਚਿਹਰਾ ਲਾਲ ਸੀ…
ਅਕਤੂਬਰ 1972