ਪੱਲਾ ਝਾੜ

by Sandeep Kaur

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਪੈ ਜਾਣ ਪਿੱਛੋਂ, ਮਨਮੋਹਕ ਕੀਰਤਨ ਹੋ ਰਿਹਾ ਸੀ। ਸਾਰੀ ਸੰਗਤ ਅਨੰਦ ਵਿੱਚ ਝੂਮ ਰਹੀ ਸੀ। ਘਰ ਵਾਲਾ ਪ੍ਰੇਮੀ ਉਸ ਦਾਤੇ ਦਾ ਲੱਖ ਲੱਖ ਸ਼ੁਕਰ ਕਰ ਰਿਹਾ ਸੀ, ਜਿਸ ਨੇ ਪੁੱਤਰ ਦੀ ਦਾਤ ਬਖਸ਼ ਕੇ ਅੱਜ ਸੰਗਤ ਦੇ ਜੋੜੇ ਝਾੜਣ ਦਾ ਮੌਕਾ ਦਿੱਤਾ ਸੀ।
ਰਸ ਭਿੰਨਾ ਕੀਰਤਨ ਚਲ ਰਿਹਾ ਸੀ। ਸ਼ਬਦ ਦੀ ਧਾਰਨਾ ਪਕੇ ਰਾਗੀ ਸਿੰਘ ਦਸ ਰਿਹਾ ਸੀ ਕਿ ਅੰਮ੍ਰਿਤਦਾਤ ਛਕਕੇ ਸਭ ਦੁੱਖਾਂ, ਕਲੇਸ਼ਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਗੁਰੂ ਵਾਲੇ ਹੋਕੇ ਸਭ ਦਾਤਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਕਾਮ, ਕਰੋਧ, ਲੋਭ, ਮੋਹ, ਹੰਕਾਰ ਜਿਹੇ ਵੈਰੀਆਂ ਨੂੰ ਮੁੱਠੀ ਵਿੱਚ ਬੰਦ ਕੀਤਾ ਜਾ ਸਕਦਾ ਹੈ।
ਕੀਰਤਨ ਸਮਾਪਤ ਕਰਦਿਆਂ ਹੀ ਰਾਗੀਆਂ ਨੇ ਨੋਟਾਂ ਸਮੇਤ ਬਾਜੇ ਬੰਨ ਲਏ ਸਨ। ਅਰਦਾਸ ਅਰੰਭ ਹੋਣ ਤੋਂ ਪਹਿਲਾਂ ਹੀ ਗੁਰੂ ਦੇ ਲੜ ਲਾਉਣ ਵਾਲੇ ਗੁਰੂ ਤੋਂ ਪੱਲਾ ਝਾੜਕੇ ਕਾਰ ਵਿੱਚ ਜਾ ਬੈਠੇ ਸਨ।

You may also like