ਪਰਾਈਆਂ ਪੀੜਾਂ

by Sandeep Kaur

ਸ਼ਹਿਰ ਵਿੱਚ ਸਕੂਟਰ ਉਤੇ ਜਾ ਰਹੀ ਅੱਧਖੜ ਜਿਹੀ ਜੋੜੀ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ ਸੀ। ਲੋਕਾਂ ਨੇ ਦੋਵਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾ ਦਿੱਤਾ ਸੀ। ਪਤੀ ਦੇ ਵਧੇਰੇ ਸੱਟਾਂ ਸਨ ਪਰ ਉਹ ਹੋਸ਼ ਵਿੱਚ ਸੀ। ਪਤਨੀ ਘੱਟ ਸੱਟਾਂ ਨਾਲ ਵੀ ਬੇਹੋਸ਼ ਸੀ।
ਡਾਕਟਰਾਂ ਨੇ ਮੁਢਲੀ ਸਹਾਇਤਾ ਦੇਕੇ ਦੋਵਾਂ ਦੇ ਪਟੀਆਂ ਕਰਕੇ ਇਲਾਜ ਆਰੰਭ ਕਰ ਦਿੱਤਾ ਸੀ।ਰਿਸਤੇਦਾਰ ਅਤੇ ਜਾਣ ਪਹਿਚਾਣ ਵਾਲੇ ਹਸਪਤਾਲ ਵਿੱਚ ਇਕੱਠੇ ਹੋ ਰਹੇ ਸਨ।
‘ਮੇਰੀ ਘਰ ਵਾਲੀ ਦਾ ਕੀ ਹਾਲ ਏ?? ਪਤੀ ਨੂੰ ਆਪਣੇ ਨਾਲੋਂ ਪਤਨੀ ਦਾ ਵਧੇਰੇ ਫਿਕਰ ਸੀ।
‘ਉਹ ਠੀਕ ਏ, ਤੁਸੀਂ ਚੁੱਪ ਰਹੋ। ਨਰਸ ਨੇ ਨਸੀਹਤ ਕੀਤੀ।
‘ਮੈਨੂੰ ਕੁਝ ਨੀ ਹੁੰਦਾ ਤੁਸੀਂ ਉਸ ਦਾ ਫਿਕਰ ਕਰੋ। ਪਤੀ ਦਾ ਪਤਨੀ ਵੱਲ ਹੀ ਧਿਆਨ ਸੀ।
‘ਉਸ ਨੂੰ ਹੋਸ਼ ਆ ਗਈ ਏ, ਉਹ ਠੀਕ ਏ।” ਦੂਜੀ ਨਰਸ ਨੇ ਆਉਂਦਿਆਂ ਹੀ ਤਸੱਲੀ ਕਰਾ ਦਿੱਤੀ ਸੀ।
“ਉਸ ਨੂੰ ਦੱਸ ਦਿਓ, ਮੈਂ ਠੀਕ ਹਾਂ, ਮੇਰਾ ਫਿਕਰ ਨਾ ਕਰੇ। ਪਤੀ ਨੇ ਦਰਦ ਵਿੱਚ ਚੀਸ ਵੱਟਕੇ ਅੱਖਾਂ ਮੀਟ ਲਈਆਂ। ਪਤੀ ਨੇ ਅੱਖਾਂ ਖੋਲਕੇ ਆਸੇ ਪਾਸੇ ਵੇਖਿਆ, ਜਿਵੇਂ ਕਿਸੇ ਨੂੰ ਲੱਭ ਰਿਹਾ ਹੋਵੇ।
‘ਚੰਗਾ ਫਿਰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖੀਂ, ਤੇ ਨਾਲੇ ਜਮੀਨ ਠੇਕੇ ਚੜ੍ਹਾ ਦਿਓ।” ਉਹ ਪਰਾਈਆਂ ਪੀੜਾਂ ਵਿੱਚ ਪੀੜ ਮੁਕਤ ਹੋ ਗਿਆ।

You may also like