ਦੀਵਾਲੀ ਦੀ ਰਾਤ ਸੀ। ਦੀਵੇ ਬੁੱਝ ਚੁੱਕੇ ਸਨ। ਸਾਹਿਤਕਾਰ ਦੋਸਤਾਂ ਦੀ ਇੱਕ ਪਾਰਟੀ, ਫਿੱਟ ਛੱਟ ਮੂੰਹ ਲਾਕੇ, ਜੂਏ ਦੀ ਰਸਮ ਪੂਰੀ ਕਰਨ ਵਿੱਚ ਰੁੱਝੀ ਹੋਈ ਸੀ। ਖੇਡ ਪੂਰੇ ਜੋਬਨ ਉੱਤੇ ਸੀ, ਦਾਅ ਉਤੇ ਦਾਅ ਲੱਗ ਰਹੇ ਸਨ। ਹਾਰਾਂ ਜਿੱਤਾਂ ਹੋ ਰਹੀਆਂ ਸਨ। ਇੱਕ ਸਰੇਸ਼ਟ ਬੁੱਧੀਜੀਵੀ ਲਗਾਤਾਰ ਹਾਰ ਰਿਹਾ ਸੀ। ਉਹ ਦੁਖੀ ਹੋਣ ਦੇ ਨਾਲ ਨਾਲ ਉਦਾਸ ਅਤੇ ਚਿੰਤਾਤੁਰ ਵੀ ਸੀ। ਉਹ ਕਰ ਕੁਝ ਨਹੀਂ ਸੀ ਸਕਦਾ। ਸਾਰੇ ਸਾਥੀਆਂ ਦੇ ਮਖੌਲਾਂ ਦਾ ਕੇਂਦਰ ਬਿੰਦੂ ਵੀ ਉਹੀ ਬਣਿਆ ਹੋਇਆ ਸੀ।
ਸਰੇਸ਼ਟ ਬੁੱਧੀਜੀਵੀ ਨੇ ਆਪਣਾ ਘੋਖਵਾਂ ਹੱਥ ਜੇਬ ਵਿੱਚ ਪਾਇਆ ਅਤੇ ਜੋ ਕੁਝ ਵੀ ਜੇਬ ਵਿਚੋਂ ਨਿਕਲਿਆ ਆਖਰੀ ਦਾਅ ਉੱਤੇ ਲਾ ਦਿੱਤਾ। ਤਾਸ਼ ਦੀ ਸੀਰਣੀ ਵੰਡੀ ਗਈ ਅਤੇ ਦਾਅ ਦੀ ਸਾਰੀ ਰਕਮ ਕਿਸੇ ਹੋਰ ਦੀ ਝੋਲੀ ਵਿੱਚ ਜਾ ਡਿੱਗੀ। ਜਿੱਤਣ ਵਾਲਾ ਜਿੱਤ ਦੀ ਖੁਸ਼ੀ ਵਿੱਚ ਕਹਿਣ ਲੱਗਾ, “ਹੁਣ ਦਰੋਪਤੀ ਨੂੰ ਵੀ ਦਾਅ ਉੱਤੇ ਲਾ ਵੇਖ
‘‘ਯੁਧਿਸ਼ਟਰ ਦਾ ਰੋਲ ਤਾਂ ਮੈਂ ਨਹੀਂ ਕਰ ਸਕਦਾ, ਹਾਂ ਭੀਮ ਦਾ ਕਰਕੇ ਵੇਖ ਲੈਂਦਾਂ ਹਾਂ।’ ਇਹ ਕਹਿਕੇ, ਦੂਜਿਆਂ ਦੇ ਰੋਕਦਿਆਂ ਵੀ, ਉਸ ਨੇ ਕਹਿਣ ਵਾਲੇ ਦੇ ਦੋ ਚਾਰ ਜੜ ਦਿੱਤੀਆਂ। ਉਹ ਭੀਮ ਬਣਿਆ ਮਸਤ ਹਾਥੀ ਦੀ ਚਾਲ ਚੱਲਦਾ ਬੂਹਿਓ ਬਾਹਰ ਹੋ ਗਿਆ।
moral stories in punjabi
ਰਮੇਸ਼ ਨੇ ਸੀਮਾ ਨੂੰ ਕਿਹਾ ਕਿ ਉਹ ਉਸ ਨਾਲ ਸ਼ਾਦੀ ਕਰਵਾ ਲਵੇਗਾ ਪਰ ਜੇ ਉਹ ਆਪਣਾ ਗਰਭ ਗਿਰਾ ਲਵੇ। ਸੀਮਾ ਕਿਸੇ ਵੀ ਹਾਲਤ ‘ਚ ਰਮੇਸ਼ ਨੂੰ ਪ੍ਰਾਪਤ ਕਰਨਾ ਚਾਹੁੰਦੀ ਸੀ ਕਿਉਂਕਿ ਉਹ ਉਸਨੂੰ ਬੇਹਦ ਪਿਆਰ ਕਰਦੀ ਸੀ। ਉਸਦੇ ਪੇਟ `ਚ, ਭਾਵੇਂ ਰਮੇਸ਼ ਦਾ ਹੀ ਬੱਚਾ ਸੀ ਪਰ ਉਹ ਗਰਭ ਗਿਰਾਉਣ ਲਈ ਤਿਆਰ ਹੋ ਗਈ।
| ਗਰਭ ਗਿਰਾਕੇ ਉਹ ਜਦ ਰਮੇਸ਼ ਨੂੰ ਮਿਲੀ ਤਾਂ ਉਹ ਖਿੜ ਖਿੜਾਕੇ ਹਸ ਪਿਆ। ਸੀਮਾ ਹੈਰਾਨ ਸੀ। ਉਹ ਬੋਲਿਆ, “ਸੀਮਾ ਹੁਣ ਤੂੰ ਮੈਨੂੰ ਸ਼ਾਦੀ ਲਈ ਮਜ਼ਬੂਰ ਨਹੀਂ ਕਰ ਸਕਦੀ। ਇਹ ਬੱਚਾ ਹੀ ਸਬੂਤ ਸੀ ਜੋ ਨਸ਼ਟ ਹੋ ਚੁੱਕਾ ਹੈ। ਮੈਂ ਤੇਰੇ ਨਾਲ ਸ਼ਾਦੀ ਨਹੀਂ ਕਰਵਾ ਸਕਦਾ….!
ਮਾਮੇ ਦੇ ਮੁੰਡੇ ਦੇ ਵਿਆਹ ‘ਤੇ ਜਾਣ ਵੇਲੇ ਬਾਪੂ ਨੂੰ ਆਖਿਆ ਸੀ,ਪਾਪਾ ਥੋਡੇ ਸਹੁਰਿਆਂ ‘ਚ ਪਹਿਲਾ ਵਿਆਹ ਏ, ਸਵਾ ਲਵੋ ਨਵੇਂ ਪੈਂਟ-ਕੋਟ, ਐਵੇਂ ਨਾ ਕੰਜੂਸੀਆਂ ਕਰੀ ਜਾਇਆ ਕਰੋ! “ਓਏ ਪੁੱਤਰਾ, ਇਹ ਸਜਣਾ-ਧਜਣਾ ਥੋਨੂੰ ਜਵਾਨਾਂ ਨੂੰ ਸੋਹਦਾ, ਸਾਡਾ ਕੀ ਏ ਬੁੱਢਿਆਂ-ਠੇਰਿਆਂ ਦਾ ਤੇ ਬਾਪੂ ਨੇ ਪੁਰਾਣੇ ਸਫਾਰੀ ਸੂਟ ‘ਚ ਈ ਵਿਆਹ ਭੁਗਤਾ ਦਿੱਤਾ। “ਤੁਸੀ ਤਾਂ ਲੁਧਿਆਣਾ ਨੀ ਟੱਪੇ ਹੋਣੇ !ਐਤਕੀ ਥੋਨੂੰ ਸ਼ਿਮਲੇ ਲੈ ਕੇ ਜਾਣਾ ਘੁਮਾਉਣ, ਯਾਰ ਬਾਪੂ!” ਮਜ਼ਾਕ ਕਰ ਲਈਦਾ ਸੀ ਉਹਨਾਂ ਨਾਲ। ਚੌੜ ਪਿਆਂ ਨੇ ਕਈ ਵਾਰ ‘ਤੂੰ-ਤਾਂ’ ਵੀ ਕਹਿ ਜਾਣਾ। ਜਦੋਂ ਪਾਪੇ ਨੇ ਕੋਈ ਚੀਜ਼ ਖਰੀਦਣੀ ਹੁੰਦੀ ਤਾਂ ਬੜੀ ਨਿਰਖ-ਪਰਖ ਕਰਨੀ। ਅਸੀਂ ਭੈਣਾਂ-ਭਰਾਵਾਂ ਨੇ ਕਹਿਣਾ” ਬਾਪੂ ਆਪਣਾ ਸੀ ਬੀ ਆਈ ‘ਚ ਹੋਣਾ ਚਾਹੀਦਾ ਸੀ।
ਕੰਮ ਤੋਂ ਘਰ ਅਤੇ ਘਰੇ ਕੰਮ ‘ਤੇ ਇਹੋ ਸੀ ਉਹਨਾਂ ਦਾ ਰੁਟੀਨ, ਸ਼ੁੱਧ ਸਾਕਾਹਾਰੀ, ਸ਼ਰਾਬ ਸਾਰੀ ਉਮਰ ਜੀਭ ‘ਤੇ ਨਹੀਂ ਧਰ ਕੇ ਦੇਖੀ ਹੋਣੀ।ਬੜੀ ਬਲੈਕ ਐਂਡ ਵਾਈਟ ਸੀ ਜ਼ਿੰਦਗੀ ਉਹਨਾਂ ਦੀ! ਛੋਟੀ ਉਮਰੇ ਕਬੀਲਦਾਰੀ ਮੋਢਿਆਂ ‘ਤੇ ਪੈ ਗਈ ਸੀ। ਤਿੰਨ ਭੈਣਾਂ ਦਾ ਵਿਆਹ ਕਰਕੇ ਫਿਰ ਆਪਣੇ ਬਾਰੇ ਸੋਚਿਆ ਸੀ। ਰਿਸ਼ਤੇਦਾਰੀਆਂ ‘ਚ ਕਿਵੇਂ ਨਿਭੀਦਾ ਕੋਈ ਉਹਨਾਂ ਤੋਂ ਸਿੱਖਦਾ।
ਕੁਝ ਹਵਾਵਾਂ ਵਗਦੀਆਂ ਨਹੀਂ ਪਰ ਹੁੰਝ ਕੇ ਸਭ ਕੁਝਲੈ ਜਾਂਦੀਆਂ ਨੇ।ਮੈਸਵ ਹਾਰਟ ਅਟੈਕ ਨੇ ਸਾਨੂੰ ਤਿੰਨ ਨਹੀਂ ਗਿਣਨ ਦਿੱਤੇ ਕਿ ਸਾਡੀ ਫੁੱਲਾਂ ਦੀ ਕਿਆਰੀ ‘ਤੇ ਹੋਣੀ ਨੇ ਤਵੀਆਂ ਫੇਰ ਦਿੱਤੀਆਂ। ਕਿਸੇ ਨੇ ਦੋ ਮਹੀਨਿਆਂਤੋ ਛੇੜਿਆ ਨਹੀਂ ਸੀ, ਕੱਲ ਨਿੱਕੀ ਵਿਹੜੇ ‘ਚ ਖੜ੍ਹਾ ਕੇ ਨਾਲੇ ਤਾਂਪਾਪੇ ਦਾ ਸੈਕਲ ਸਾਫ਼ ਕਰੀ ਜਾਵੇ ਤੇ ਨਾਲੇ ਰੋਈ ਜਾਵੇ।ਤੇ ਸ਼ਾਮੀ ਇੱਕ ਰਕਸ਼ੇ ਵਾਲਾ ਦੋ ਹਜ਼ਾਰ ਰੁਪਈਆ ਮੋੜਨ ਆਇਆ ਹੱਥ ਜੋੜ ਕੇ ਕਹਿੰਦਾ, ‘ਭਾਈ ਸਾਬ ਨੇ ਬੜੇ ਔਖੇ ਵੇਲੇ ਮਦਦ ਕੀਤੀ ਸੀ, ਮਸਾਂ-ਮਸਾਂ ਐਸੇ ਇਨਸਾਨ ਪੈਦਾ ਹੁੰਦੇ।
ਧਰਤੀ ਆਪਣੇ ਧੁਰੇ ਤੋਂ ਹਿੱਲ ਗਈ ਲੱਗਦੀ ਏ, ਡੇਢ ਸੌ ਦੀ ਸਪੀਡ ‘ਤੇ ਜਾਂਦੀ ਗੱਡੀ ਦਾ ਪਹੀਆ ਲਹਿ ਗਿਆ ਏ, ਪਤਾ ਈ ਨੀ ਲੱਗਦਾ ਪਿਆ ਬਾਪੁ ਬਿਨਾਂ ਹੁਣ ਚੱਲੂਗਾ ਕਿਵੇ ! ਨੌਜਵਾਨ ਪੀੜੀ ਨੂੰ ਇੱਕ ਬਿਮਾਰੀ ਏ, ਸਮਝ ਮੇਲਾ ਵਿੱਝੜਣ ਤੋਂ ਬਾਅਦ ਆਉਂਦੀ ਏ, ਉਦੋ ਨੂੰ ਮੌਕਾ ਹੱਥੋਂ ਖੁੰਝ ਚੁੱਕਿਆ ਹੁੰਦਾ ਏ।ਮਾਪੇ ਪੁਰਾਣੇ ਖਿਆਲਾਤ ਦੇ ਲੱਗਦੇ ਨੇ ਅਸਲ ਹਕੀਕਤ ਉਦੋ ਪਤਾ ਲੱਗਦੀ ਏ ਜਦੋਂ ਉਹਨਾਂ ਦੀ ਜੁੱਤੀ ‘ਚ ਪੈਰ ਪਾਉਣਾ ਪੈਂਦਾ ਏ।
ਸੌ ਹੱਥ ਰੱਸਾ ਤੇ ਸਿਰੇ ‘ਤੇ ਗੰਢ, ਬੱਸ, ਏਨਾ ਈ ਕਹਾਂਗਾ, ਜੀਹਦੇ ਹੈਗੇ ਆ ਕਦਰ ਕਰ ਲੋ। ਜਿਉਂਦਿਆਂ-ਜਾਗਦਿਆਂ ਦੀ, ਮਗਰੋ ਨਹੀਂ ਕੰਧਾਂ ‘ਚ ਟੱਕਰਾਂ ਮਾਰਨ ਦਾ ਕੋਈ ਫੈਦਾ ਨੀ!
ਮੈਂ ਮਾਨਸਾ ਜਿਲ੍ਹੇ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਜਨਮੀ ਕੁੜੀ ਆ , ਮੇਰਾ 1988 ਦਾ ਜਨਮ ਆ , ਮੈਂ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਪੜੀ ਫੇਰ ਮਾਨਸਾ ਨਹਿਰੂ ਕਾਲਜ ਵਿੱਚ ਬੀ ਏ ਕੀਤੀ, ਜਦੇ ਦੂਜੇ ਸਾਲ ਵਿੱਚ ਸੀ , ਇੱਕ ਮੁੰਡੇ ਨੇ ਮੇਰਾ ਪਿੱਛਾ ਕਰਿਆ ਕਰਨਾ , ਮੈਂ ਕਾਫੀ ਅੱਕ ਗਈ ਸੀ ਉਸ ਤੋਂ । ਉਹਨੇ ਕਾਫੀ ਦੁਖੀ ਕਰਲੇਆ ਸੀ , ਮੈਂ ਆਪਣੀ ਸਹੇਲੀ ਨਾਲ ਗੱਲ ਕੀਤੀ ਤੇ ਉਹਨੇ ਮੁੰਡੇ ਨੂੰ ਸਿੱਧਾ ਜਾਕੇ ਆਖ ਦਿੱਤਾ ਕਿ ਇਸ ਕੁੜੀ ਨੂੰ ਤੰਗ ਨਾਂ ਕਰ ਬਹੁਤ ਸ਼ਰੀਫ ਕੁੜੀ ਆ , ਅੱਗੋਂ ਆਖਦਾ , 12 ਕਿੱਲੇ ਆਉਂਦੇ ਆ ਰੋਡ ਤੇ ਮੈਂ ਤੇ ਇਸੇ ਨਾਲ ਵਿਆਹ ਕਰਵਾਉਣਾ ਆ , ਅੱਗੋਂ ਮੇਰੀ ਸਹੇਲੀ ਕਹਿ ਆਈ , ਆਇਆ ਵੱਡਾ ਆਸ਼ਕ ਕੰਮ ਤੇਰੇ ਚਵਲਾ ਵਾਲੇ ਆ ਕਦੇ ਕਿੱਥੇ ਖੜ ਜਾਂਦਾ ਕਦੇ ਕਿੱਥੇ ।
ਪਰ ਉਹ ਫੇਰ ਨਾ ਹਟਿਆ ਮੇਰੀ ਸਹੇਲੀ ਨੇ ਮਹੀਨੇ ਕੁ ਬਾਹਦ ਜਾਕੇ ਫੇਰ ਕਲਾਸ ਲਾਤੀ ਅੱਗੋਂ ਫੇਰ ਆਖਦਾ 12 ਕਿੱਲੇ ਜਮੀਨ ਆ ਮੈਂ ਤੇ ਵਿਆਹ ਕਰਵਾਉਣਾ ਇਸ ਨਾਲ , ਮੇਰੀ ਸਹੇਲੀ ਆਖਦੀ, ਹੁਣ ਮਗਰ ਆਇਆ ਨਾਂ ਸਾਬ ਲਾਲੀ ਮੇਰੇ ਭਰਾ ਵੀ ਵੈਲੀ ਆ , ਉਹ ਸੱਚੀ ਮਗਰ ਆਉਣੋਂ ਹੱਟ ਗਿਆ ,ਪਰ ਜਦੇ ਉਹ ਕਾਲਜ ਆਉਂਦਾ ਅਸੀਂ ਉਹਦੇ ਵੱਲ ਵੇਖ ਕੇ ਹੱਸ ਪੈਂਦੀਆ ਆਗਿਆ 12 ਕਿਲਿਆ ਵਾਲਾ ।
ਵੱਕਤ ਬੀਤ ਗਿਆ , ਕਦੇ ਕਦੇ ਸਾਡੀ ਹੈਲੋ ਹਾਏ ਹੁੰਦੀ ਮੇਰੇ ਮਨ ਵਿੱਚ ਉਸਦੇ ਲਈ ਵਧੀਆ ਇੱਜਤ ਬਣ ਗਈ ਸੀ, ਉਸਨੇ ਕਦੇ ਤੰਗ ਨਹੀਂ ਕੀਤਾ ਸੀ ਪਹਲੇ ਦੋ ਮਹੀਨੇ ਛੱਡ ਕੇ , ਕਾਲਜ ਬਾਹਦ ਉਹ ਗਾਇਬ ਹੀ ਹੋ ਗਿਆ , ਸਾਡੇ ਘਰ ਇੱਕ ਦਿਨ ਰਿਸ਼ਤਾ ਆਇਆ , ਵਿਚੋਲਾ ਆਖਦਾ ਵਧੀਆ ਜਮੀਨ ਜਾਇਦਾਤ ਆ ਕੁੜੀ ਰਾਜ ਕਰੂੰਗੀ , ਮੁੰਡੇ ਨੂੰ 12 ਕਿੱਲੇ ਜਮੀਨ ਆਉਂਦੀ ਆ , ਜਦੋ ਮੁੰਡੇ ਦੀ ਫੋਟੋ ਵਿਖਾਈ ਮੇਰੀਆਂ ਲੱਤਾਂ ਕੰਬਨੇ ਨਾ ਹਟਣ , ਇਹ ਉਹੀ ਮੁੰਡਾ ਸੀ , ਜਦੋ ਇੰਗੇਜਮੇਂਟ ਹੋਈ ਮੈਂ ਸਹਿਮੀ ਜਿਹੀ ਉਸ ਕੋਲ ਜਾਕੇ ਬਹਿ ਗਈ । ਹੁਣ ਸਾਡੇ ਵਿਆਹ ਨੂੰ 10 ਸਾਲ ਹੋ ਚੱਲੇ , ਮੇਰੀ ਸਹੇਲੀ ਜਦੇ ਵੀ ਮੈਨੂੰ ਮਿਲਣ ਆਉਂਦੀ ਐ , ਮੇਰੇ ਪਤੀ ਉਸਨੂੰ ਛੇੜਦੇ ਆ , ਕਿਤੇ ਤੇਰੇ ਵੈਲੀ ਵੀਰ ਤੇ ਨਹੀਂ ਆਏ ਤੇਰੇ ਨਾਲ ਮੈਨੂੰ ਡਰ ਲੱਗਦਾ।
ਹੱਸਦੇ ਖੇਡ ਦੇ ਜਿੰਦਗੀ ਸੋਹਣੀ ਬੀਤ ਰਹੀ ਆ , ਮੈਨੂੰ ਕਦੇ-ਕਦੇ ਆਖਦੇ ਆ ਤੂੰ ਮੈਨੂੰ ਉਦੋਂ ਹਾਂ ਕਰ ਦਿੰਦੀ ਜਿੰਦਗੀ ਉਹ ਦਿਨ ਆਪਣੇ ਵਧੀਆ ਹੋਣੇ ਸੀ ਮੈਂ ਕਹਿ ਦਿੰਦੀ ਆ , ਕੀ ਪਤਾ ਜੇ ਉਦੋਂ ਗੱਲ ਕਰਦੇ ਅੱਜ ਗੱਲ ਕਰਨ ਜੋਗੇ ਨਾਂ ਰਹਿੰਦੇ।
ਮੈਂ ਬਚਪਨ ਤੋਂ ਹੀ ਆਪਣੇ ਡੈਡੀ ਨਾਲ ਰਹੀ , ਜਦੋ ਮੈਂ 6-7 ਸਾਲਾਂ ਦੀ ਸੀ, ਉਹਨਾਂ ਹੀ ਮੈਨੂੰ ਸਕੂਲ ਪੜਨ ਲਾਇਆ ਸਹਿਰ ਵਿੱਚ ਉਹ ਸਰਕਾਰੀ ਜੇਬ ਕਰਦੇ ਸੀ , ਮੇਰੇ ਤੋਂ ਛੋਟੇ ਭਰਾ ਦੋਨੇ ਮੰਮੀ ਕੋਲ ਰਹਿਕੇ ਪਿੰਡ ਪੜਦੇ ਸੀ, ਮੈਂ ਜਦੋਂ 10 ਕੁ ਸਾਲ ਦੀ ਸੀ ਉਦੋਂ ਤੋਂ ਹੀ ਡੇਡੀ ਨਾਲ ਖਾਣਾ ਬਣਾਉਣਾ । ਹੋਲੀ-ਹੋਲੀ 14 ਵੇ ਸਾਲ ਵਿੱਚ ਆਕੇ ਪੂਰਾ ਖਾਣਾ ਆਪ ਬਣਾਉਣ ਲੱਗੀ , ਰਸੋਈ ਦਾ ਕੰਮ ਮੈਂ ਕਰਦੀ , ਹਮੇਸ਼ਾ ਡੈਡੀ ਬੜੇ ਪਿਆਰ ਨਾਲ ਮੇਰਾ ਸਿਰ ਪਲੋਸਦੇ , ਅਸੀਂ ਸਰਕਾਰੀ ਕਵਾਟਰ ਵਿੱਚ ਰਹਿੰਦੇ ਸੀ, ਮੈਂ ਕਦੇ ਪਿੰਡ ਆਉਂਦੀ , ਮੇਰਾ ਘੱਟ ਹੀ ਦਿਲ ਲਗਦਾ ਮੰਮੀ ਨਾਲ ਘੱਟ ਹੀ ਮੋਹ ਸੀ ਮੇਰਾ , ਸੋ ਮੈਂ 12 ਜਮਾਤਾਂ ਸਹਿਰ ਰਹਿਕੇ ਕਰੀਆ ਫੇਰ ਅੱਗੇ ਦੀ ਪੜਾਈ ਵੀ ਉੱਥੇ ਹੀ ,
ਸਹਿਰ ਵਿੱਚ ਰਹਿਕੇ ਅਸੀਂ ਜਾਤ-ਪਾਤ ਤੋਂ ਉਪਰ ਉੱਠ ਗਏ ਸੀ , ਮਤਲਬ ਸਾਰੇ ਨੌਕਰੀ ਵਾਲੇ ਇਨਸਾਨਾਂ ਨੂੰ ਉਹਨਾਂ ਦੀ ਨੌਕਰੀ ਦੇ ਹਿਸਾਬ ਨਾਲ ਜਾਣਿਆ ਜਾਂਦਾ ਸੀ ਨਾਕੇ ਕਿਸੇ ਜਾਤ ਦੇ ਹਿਸਾਬ ਨਾਲ , ਮੈਂ ਜਿਸ ਮੁੰਡੇ ਨੂੰ ਪਸੰਦ ਕਰਦੀ ਸੀ, ਕਦੇ ਉਸਨੂੰ ਬੁਲਾ ਕੇ ਵੀ ਨਹੀਂ ਵੇਖਿਆ ਸੀ , ਮੈਂ ਆਪਣੇ ਮਾਪਿਆਂ ਦੀ ਇੱਜਤ ਦਾ ਹਮੇਸ਼ਾ ਖਿਆਲ ਰੱਖਿਆ , ਆਪਣੇ ਆਪ ਨੂੰ ਸਟੈਂਡ ਕਰਨ ਦੀ ਸੋਚੀ
ਬੱਸ ਉਹ ਵਧੀਆ ਲੱਗਦਾ ਸੀ , ਸਾਡੀ ਹੀ ਸੋਸਾਇਟੀ ਵਿੱਚ ਰਹਿੰਦਾ ਸੀ ਉਹ, ਮੈਂ ਕਦੇ-ਕਦੇ ਜਦੋ ਸ਼ਾਮ ਨੂੰ ਸੈਰ ਕਰਨ ਜਾਂਦੀ ਉਹ ਮਿਲਦਾ ਪਰ ਸਾਡੀ ਕਦੇ ਗੱਲ ਨਹੀਂ ਹੋਈ, ਮਿਲਣ ਦਾ ਮਤਲਬ ਇੰਨਾ ਹੀ ਸੀ ਕਿ ਇੱਕ ਦੂਜੇ ਨੂੰ ਵੇਖ ਲੈਣਾ
ਜਦੇ ਡੈਡੀ ਜੀ ਦੀ ਸਰਵਿਸ ਖਤਮ ਹੋਈ , ਅਸੀਂ ਪਿੰਡ ਵਾਲੇ ਘਰ ਰਹਿਣ ਲਗੇ , ਤੇ ਉਸ ਮੁੰਡੇ ਨੇ ਮੈਨੂੰ facebook ਤੇ add ਕਰਿਆ ਅਸੀ hello hi ਕਰਨ ਲਗੇ , ਗੱਲ ਹੋਣ ਲਗੀ ਵਧੀਆ ਤਰੀਕੇ ਨਾਲ , ਚਲੋ ਅਸੀਂ ਇੱਕ ਦੂਜੇ ਦੇ ਨੇੜੇ ਆ ਗਏ , ਉਸਦੇ ਡੈਡੀ ਮੇਰੇ ਡੈਡੀ ਦੇ ਸੀਨੀਅਰ ਆਫ਼ਿਸਰ ਸੀ , ਅਸੀ ਦੋ ਸਾਲ ਵਧੀਆ ਗੱਲ ਕੀਤੀ , ਫੇਰ ਮੇਰੇ ਲਈ ਰਿਸ਼ਤੇ ਆਉਣ ਲਗੇ । ਮੁੰਡੇ ਨੇ ਆਪਣੇ ਘਰ ਗੱਲ ਕਰ ਲਈ ਤੇ ਉਹਨਾਂ ਦੇ ਡੈਡੀ ਨੇ ਮੇਰੇ ਡੈਡੀ ਕੋਲ ਰਿਸ਼ਤਾ ਮੰਗ ਲਿਆ , ਮੇਰੇ ਡੈਡੀ ਨੇ ਕਿਹਾ ਮੈਂ ਘਰ ਸਲਾਹ ਕਰਕੇ ਦੱਸ ਦਿੰਦਾ , ਮੰਮੀ ਨੇ ਕਹਤਾ ਜਿਵੇਂ ਚੰਗਾ ਲਗੇ ਕਰੋ , ਪਰ ਮੇਰੇ ਚਾਰੇ ਨੇ ਕਿਹਾ ਅਸੀ ਕੁੜੀ ਦਾ out off cast ਕਰਨਾ ਹੀ ਨਹੀਂ , ਚਾਚੇ ਨੇ ਦੋ ਚਾਰ ਹੋਰ ਰਿਸ਼ਤੇਦਾਰਾ ਨੂੰ ਕਰਤਾ ਕੇ ਇਹਨਾ ਨਾਲ ਮਿਲਣਾ ਵਰਤਣਾ ਬੰਦ ਕਰੋ ।
ਸਾਡੇ ਘਰ ਕਿੰਨੇ ਦਿਨ ਬਹਿਸ ਬਾਜੀ ਚੱਲਦੀ ਰਹੀ, ਚਾਚੇ ਹੁਣੀ ਕਹਿਣ ਇਹੋ ਜਿਹੇ ਕੰਜਰਾਂ ਦੇ ਕਰਨ ਦੇ ਨਾਲੋਂ ਤੁਸੀਂ ਕੁੜੀ ਨੇ ਮਾਰ ਦਵੇ ਗੱਲ ਖਤਮ , ਉਹ ਗੱਲ ਗੱਲ ਤੇ ਮੈਨੂੰ ਅਹਿਸਾਸ ਕਰਵਾਉਂਦੇ ਕੇ ਜਿਸ ਮੁੰਡੇ ਨਾਲ ਮੇਰਾ ਵਿਆਹ ਹੋਣਾ ਉਹ ਮੁੰਡਾ ਨੀਵੀਂ ਜਾਤ ਦਾ ਆ , ਮੇਰੇ ਡੈਡੀ ਕਹਿਣ ਸਾਰੀ ਉਮਰ ਕੁੜੀ ਨੂੰ ਮੈਂ ਮੁੰਡਿਆਂ ਵਾਂਗ ਪਾਲਿਆ ਇਹਨੇ 15 ਸਾਲ ਮੈਨੂੰ ਖਾਣਾ ਬਣਾਕੇ ਖਿਲਾਇਆ ਮੈਂ ਕਿਵੇਂ ਆਪਣੀ ਧੀ ਦਾ ਮਾੜਾ ਸੋਚ ਲਵਾਂ । ਜੇ ਤੁਸੀਂ ਉਥੇ ਕਰਨਾ ਅਸੀਂ ਨਹੀਂ ਆਉਣਾ , ਚਲੋ ਡੈਡੀ ਨੇ ਰਿਸ਼ਤੇ ਲਈ ਹਾਮੀ ਭਰ ਦਿੱਤੀ , ਸਾਡਾ ਵਿਆਹ ਹੋ ਗਿਆ ਕੋਈ ਆਇਆ ਨਹੀਂ ਆਇਆ ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਡੈਡੀ ਜੀ ਨੇ ਕਿਹਾ
ਅਸੀ 6 ਸਾਲ ਤੋਂ ਇੱਕ ਵਧੀਆ ਜ਼ਿੰਦਗੀ ਜੀਅ ਰਹੇ ਆ , ਹੁਣ ਵੀ ਅਸੀਂ ਇੱਕ ਦੂਜੇ ਨੇ ਇੱਕ ਦੂਜੇ ਦੀ ਸ਼ਖ਼ਸੀਅਤ ਨਾਲ ਜਾਣਦੇ ਆ , ਸਾਡਾ ਪਿਆਰ ਉਮਰਾਂ ਨਾਲ ਹੋਰ ਵੀ ਗੂੜਾ ਹੋ ਰਿਹਾ ਆ ।
ਸ਼ਹਿਰ ਦੀ ਸੜਕ ਕੰਢੇ ਕੂੜਾਦਾਨ ਕੋਲ ਕੱਪੜੇ ਵਿੱਚ ਲਪੇਟਿਆ ਸਜਾਇਆ ਬੱਚਾ ਰੋ ਰਿਹਾ ਸੀ। ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸਨ। ਹਰ ਇੱਕ ਇਸ ਬੱਚੇ ਬਾਰੇ ਸੋਚ ਰਿਹਾ ਸੀ।
‘ਕਿਸੇ ਕੁਆਰੀ ਦਾ ਹੋਵੇਗਾ।” ਇੱਕ ਬੋਲਿਆ। ‘ਬਦਨਾਮੀ ਤੋਂ ਡਰਦੀ ਇੱਥੇ ਸੁੱਟ ਗਈ ਹੋਵੇਗੀ। ਦੂਜੇ ਦਾ ਵਿਚਾਰ ਸੀ
‘ਹੋਰ ਉਹ ਵਿਚਾਰੀ ਕਰ ਵੀ ਕੀ ਸਕਦੀ ਸੀ।’ ਤੀਜਾ ਮਾਂ ਦੇ ਹੱਕ ਵਿੱਚ ਭੁਗਤ ਗਿਆ ਸੀ।
‘ਇਸ ਦੇ ਤਾਂ ਜਮਾਦਰੂ ਦੰਦ ਹਨ ਇਹ ਤਾਂ ਕੁਸਣੀ ਬੱਚਾ ਲੱਗਦਾ ਏ। ਕਿਸੇ ਨੇ ਰੋਦੇ ਬੱਚੇ ਦੇ ਦੰਦ ਵੇਖ ਲਏ ਸਨ ਅਤੇ ਉਸਨੇ ਇਸ ਦੇ ਸੁੱਟਣ ਦੇ ਕਾਰਨ ਵੱਲ ਸੰਕੇਤ ਕਰ ਦਿੱਤਾ ਸੀ।
‘ਕਿੰਨਾ ਸੋਹਣਾ ਮੁੰਡਾ ਏ।” ਕਿਸੇ ਹੋਰ ਦੀ ਨਜ਼ਰ ਨੇ ਬੱਚੇ ਦਾ ਮੁੱਲ ਵਧਾ ਦਿੱਤਾ ਸੀ।
ਸਾਰਿਆਂ ਦੀ ਆਗਿਆ ਨਾਲ ਕਿਸੇ ਨੇ ਮੁੰਡੇ ਨੂੰ ਚੁੱਕ ਲਿਆ ਸੀ ਅਤੇ ਉਹ ਆਪਣੀ ਕਾਰ ਵੱਲ ਜਾ ਰਿਹਾ ਸੀ।
ਜਿੰਨੇ ਮੁੰਹ ਸਨ ਹਾਲੀ ਵੀ ਉਨੀਆਂ ਹੀ ਗੱਲਾਂ ਹੋ ਰਹੀਆਂ ਸਨ ਪਰ ਬੱਚਾ ਹੁਣ ਚੁੱਪ ਸੀ।
ਹੁਸ਼ਿਆਰ ਸਿੰਘ ਸ਼ਹਿਰ ਦਾ ਇੱਕ ਸਧਾਰਨ ਜਿਹਾ ਆਦਮੀ ਸੀ। ਪਰ ਆਪਣੀ ਹੁਸ਼ਿਆਰੀ ਕਰਕੇ ਸਾਰੇ ਸ਼ਹਿਰ ਵਿੱਚ ਪ੍ਰਸਿੱਧ ਸੀ। ਉਹ ਆਪਣੇ ਆਪ ਨੂੰ ਲੋਕਾਂ ਦਾ ਸੇਵਕ ਕਿਹਾ ਕਰਦਾ ਸੀ ਅਤੇ ਕਈ ਲੋਕ ਉਸ ਨੂੰ ਵਿਚੋਲਾ ਜਾ ਏਜੰਟ ਵੀ ਕਹਿੰਦੇ ਸੁਣੇ ਗਏ ਸਨ।
ਉਸ ਨੇ ਆਪਣੇ ਪੈਰ ਦੂਰ ਤੱਕ ਪਸਾਰੇ ਹੋਏ ਸਨ। ਹਰ ਮਹਿਕਮੇ ਵਿੱਚ ਉਸ ਦੇ ਸੈਲ ਸਨ। ਸ਼ਹਿਰ ਦੇ ਕਮੇਟੀ ਦਫਤਰ ਨੂੰ ਤਾਂ ਉਹ ਆਪਣੇ ਘੜੇ ਦੀ ਮੱਛੀ ਸਮਝਦਾ ਸੀ। ਉਹ ਹਰ ਬੰਦੇ ਦਾ ਹਰ ਕਿਸਮ ਦਾ ਕੰਮ ਕਰਵਾ ਦਿੰਦਾ ਸੀ। ਆਪਣੀ ਸਾਰੀ ਫੀਸ ਉਹ ਪਹਿਲਾਂ ਲੈਂਦਾ ਸੀ। ਅੱਜ ਤਕ ਕਦੇ ਵੀ ਕਿਸੇ ਨੇ ਇਹ ਨਹੀਂ ਕਿਹਾ ਸੀ ਕਿ ਉਸ ਦਾ ਕੰਮ ਨਹੀਂ ਹੋਇਆ। ਸੱਜਣ ਸਿੰਘ ਦਾ ਕੰਮ ਤਾਂ ਭਾਵੇਂ ਛੋਟਾ ਹੀ ਸੀ ਪਰ ਹੋ ਨਹੀਂ ਰਿਹਾ ਸੀ। ਕਮੇ ਟੀ ਦੇ ਦਫਤਰ ਵਿੱਚੋਂ ਉਸ ਨੂੰ ਕਿਸੇ ਰਿਸਤੇਦਾਰ ਦੀ ਮੌਤ ਦਾ ਸਰਟੀਫਿਕੇਟ ਚਾਹੀਦਾ ਸੀ, ਜਿਸਦੀ ਵਿਰਾਸਤ ਦੇ ਚੱਕਰ ਵਿੱਚ ਖਾਸ ਜਰੂਰਤ ਸੀ। ਉਸ ਨੇ ਹੁਸ਼ਿਆਰ ਸਿੰਘ ਨਾਲ ਗੱਲ ਕੀਤੀ। ਉਸ ਨੇ ਆਪਣੀ ਫੀਸ ਜੇਬ ਵਿੱਚ ਪਾਈ ਤੇ ਸਾਮੀ ਨੂੰ ਕਹਿ ਦਿੱਤਾ ਕਿ ਕੱਲ ਦਸ ਵਜੇ ਕਮੇਟੀ ਦਫਤਰ ਵਿੱਚ ਜਾ ਕੇ ਆਪਣਾ ਸਰਟੀਫਿਕੇਟ ਇਹ ਕਹਿ ਕੇ ਹਾਸਲ ਕਰ ਲਵੇ ਕਿ ਉਸ ਨੂੰ ‘ਉਪਰਲੇ ਅਫਸਰ ਨੇ ਭੇਜਿਆ ਏ।
ਦੂਜੇ ਦਿਨ ਸੱਜਣ ਸਿੰਘ ਨੇ ਦਫਤਰ ਜਾਕੇ ਉਪਰਲੇ ਸ਼ਬਦ ਦੁਹਰਾਏ ਅਤੇ ਕਲਰਕ ਨੇ ਸਰਟੀਫਿਕੇਟ ਉਸ ਦੇ ਹੱਥ ਫੜਾ ਦਿੱਤਾ।
ਫੌਜੀ ਪੈਨਸਨਰ ਗੁਲਜ਼ਾਰ ਸਿੰਘ ਨੇ ਬੜੇ ਲੋਕਾਂ ਦੇ ਕੰਮ ਕੀਤੇ ਸਨ। ਉਸ ਦੇ ਦਰ ਤੋਂ ਕੋਈ ਸਵਾਲੀ ਖਾਲੀ ਨਹੀਂ ਮੁੜਿਆ ਸੀ। ਉਸਦੇ ਬਚਨ ਦੀ ਕੋਈ ਆਸ ਨਹੀਂ ਸੀ। ਉਸਦੇ ਦਿਲੀ ਰੋਗ ਨੂੰ ਤੁਰੰਤ ਉਪਰੇਸ਼ਨ ਦੀ ਲੋੜ ਸੀ। ਸਾਰੇ ਪ੍ਰਬੰਧ ਹੋ ਗਏ ਸਨ, ਖੂਨ ਵਲੋਂ ਕੰਮ ਅਟਕਿਆ ਪਿਆ ਸੀ। ਸਕੂਲ ਦੀ ਇੱਕ ਪ੍ਰਿੰਸੀਪਲ ਫਰਿਸ਼ਤਾ ਬਣਕੇ ਆ ਪੁੱਜੀ। ਉਸ ਨੇ ਖੂਨ ਵੀ ਦਿੱਤਾ ਅਤੇ ਹੋਰ ਖੂਨ ਦਾਨੀ ਵੀ ਤਿਆਰ ਕੀਤੇ।
ਸਫਲ ਉਪਰੇਸ਼ਨ ਪਿੱਛੋਂ ਬਜ਼ੁਰਗ ਆਪਣੇ ਘਰ ਆਰਾਮ ਕਰ ਰਿਹਾ ਸੀ, ਜਦੋਂ ਪ੍ਰਿੰਸੀਪਲ ਉਸ ਦੇ ਘਰ ਦਾ ਬੂਹਾ ਖੋਲ੍ਹ ਕੇ ਅੰਦਰ ਲੰਘ ਆਈ। ਬਾਬੇ ਦੀਆਂ ਖੁਸ਼ੀ ਵਿੱਚ ਅੱਖਾਂ ਭਰ ਆਈਆਂ ਅਤੇ ਉਸ ਨੇ ਕੁੜੀ ਦੇ ਹੱਥ ਨੂੰ ਆਪਣੇ ਮੁਰੰਮਤ ਹੋਏ ਦਿਲ ਉੱਤੇ ਰੱਖਕੇ ਪੁੱਛਿਆ।
‘ਸਵਾਲੀ ਨੂੰ ਤਾਂ ਦਾਨੀ ਦੇ ਘਰ ਜਾਣਾ ਹੀ ਪੈਂਦਾ ਏ। ਦਾਨੀ ਦਾ ਸਵਾਲੀ ਦੇ ਘਰ ਆਉਣਾ ਅੱਜ ਪਹਿਲੀ ਵਾਰ ਵੇਖਿਆ ਏ।”
“ਨਹੀਂ ਬਜ਼ੁਰਗੋ, ਲੋਕ ਸੇਵਾ ਦਾ ਤਾਂ ਮੈਨੂੰ ਝੱਲ ਜਿਹਾ ਏ।
‘ਝੱਲ ਤਾਂ ਬਣਿਆ ਰਹੇ। ਇਸ ਅਜਬ ਖੂਨ ਦੇ ਮੇਲ ਤੋਂ ਕਿਹੜਾ ਰਿਸਤਾ ਬਣਾਉਣਾ ਚਾਹੋਗੇ??
“ਮੈਨੂੰ ਅੰਕਲ-ਬੇਟੀ ਚੰਗਾ ਲੱਗਦਾ ਏ। ਅੰਕਲ ਜੀ ਤੁਸੀਂ ਮੇਰੇ ਪੁੱਤਰ ਦੇ ਵਿਆਹ ਉੱਤੇ ਆਵੋਗੇ ਨਾ।”
ਜਰੂਰ, ਆਪਣੇ ਪੋਤਰੇ ਦੇ ਜਨਮ ਅਤੇ ਛਟੀ ਉੱਤੇ ਵੀ ਸੁਨੇਹਾ ਦੇਣਾ ਨਾ ਭੁੱਲ ਜਾਵੀਂ।”
ਅੰਕਲ ਨੇ ਭਵਿੱਖ ਦੀ ਨਵੀਂ ਆਸ ਵੀ ਦਿਲ ਧੜਕਾ ਦਿੱਤੀ ਸੀ।
ਦੇਸ਼ ਪੰਜਾਬ ਦੇ ਮਾਲਵਾ ਖੇਤਰ ਦਾ ਇੱਕ ਨਿੱਕਾ ਜਿਹਾ ਪਿੰਡ , ਪਿੰਡ ਦੀ ਅੱਧੀ ਨਾਲੋਂ ਜਿਆਦਾ ਆਬਾਦੀ ਖੇਤੀ ਕਰਦੀ ਤੇ ਨਾਲ ਦੇ ਸ਼ਹਿਰ ਜਾਕੇ ਮਜਦੂਰੀ ਕਰਦੀ , ਮੈਂ 10 ਜਮਾਤਾਂ ਪਿੰਡ ਦੇ ਸਰਕਾਰੀ ਸਕੂਲ ਕਰੀਆ , ਉਦੋਂ ਸਾਡੇ ਪਿੰਡ 10 ਵੀ ਤੱਕ ਹੀ ਸਕੂਲ ਸੀ , ਮੈਂ ਸ਼ਾਮੀ ਆਪਣੇ ਵੀਰੇ ਨਾਲ ਜਿੱਦ ਕਰਕੇ ਮੱਝਾਂ ਚਰਾਉਣ ਚਲੀ ਜਾਂਦੀ । ਟਿੱਬੇਆ ਵਿੱਚ ਵਸਿਆ ਸਾਡਾ ਪਿੰਡ , ਉਥੇ ਨਰਮੇ ਕਪਾਹ ਦੀ ਰੁੱਤੇ ਆਮ ਬੰਨਿਆ ਤੇ ਖਾਨ ਨੂੰ ਚਿੱਬੜ ਮਿਲ ਜਾਂਦੇ, 12 ਜਮਾਤਾਂ ਸਹਿਰ ਪਾਸ ਕੀਤੀਆ , ਮੇਰੇ ਡੈਡੀ ਰਾਜਗਿਰੀ ਦਾ ਕੰਮ ਕਰਦੇ , ਸਾਡੇ ਕੋਲ ਆਪਣੀ ਜਮੀਨ ਸਿਰਫ ਅੱਧਾ ਕੂ ਕਿੱਲਾ ਹੀ ਸੀ, ਘਰ ਦਾ ਖਰਚ ਦੁੱਧ ਪਾਕੇ ਜਾਂ ਡੈਡੀ ਦੀ ਮਜਦੂਰੀ ਨਾਲ ਚੱਲਦਾ। ਮੈਂ ਆਪਣੇ ਡੈਡੀ ਵੱਲ ਵੇਖ ਕੇ ਲਾਚਾਰ ਹੋ ਜਾਂਦੀ ਇਹੀ ਲਚਾਰੀ ਮੈਂ ਆਪਣੇ ਵੀਰੇ ਦੀਆਂ ਅੱਖਾਂ ਵਿੱਚ ਵੇਖਦੀ।
ਜਦੇ ਕਦੇ ਬਹੁਤਾ ਮੀਂਹ ਪੈਂਦਾ ਪਿੰਡ ਦੀਆਂ ਗਲੀਆਂ ਦਾ ਪਾਣੀ ਸਾਡੇ ਅੰਦਰ ਤੱਕ ਆ ਜਾਂਦਾ , ਤੇ ਅਸੀਂ ਮਾਵਾਂ-ਧੀਆਂ ਬਾਟੇ ਲੇ ਬਾਹਰ ਨੂੰ ਪਾਣੀ ਕੱਢ ਦੀਆਂ , ਮੇਰਾ ਵੀਰਾ ਅਕਸਰ ਡੇਡੀ ਨਾਲ ਲੜਾਈ ਕਰਦਾ ਕੇ ਸਾਰੀ ਉਮਰ ਲੰਘ ਗਈ ਤੇਰੀ ਲੋਕਾਂ ਦੇ ਘਰ ਬਣਾਉਂਦੇ ਆਪਣਾ ਘਰ ਕਦ ਬਣਾਉਣਾ । ਮੇਰਾ ਵੀਰਾ ਗਰੀਬੀ ਤੋਂ ਤੰਗ ਆਕੇ ਮਰ ਗਿਆ , ਉਹਨੇ ਸਾਈਕਲ ਦੀ ਜਿੱਦ ਕੀਤੀ ਸੀ , ਪਰ ਡੈਡੀ ਨੇ ਮਨਾ ਕਰ ਦਿੱਤਾ , ਉਸਦੇ ਨਾਲ ਦੇ ਸਾਰੇ ਮੁੰਡੇ ਸਾਈਕਲ ਤੇ ਸਕੂਲ ਜਾਂਦੇ ਸੀ, ਉਸਨੂੰ ਤੁਰ ਕੇ ਜਾਣਾ ਪੈਂਦਾ ਸੀ , ਕਦੇ ਕਿਸੇ ਨੂੰ ਤਰਸ ਆਉਂਦਾ
ਚੜਾ ਲੈਂਦਾ ਤੇ ਕਦੇ ਕਿਸੇ ਨੂੰ ਗੁੱਸਾ ਆਉਂਦਾ ਰਾਹ ਚ ਉਤਾਰ ਦਿੰਦਾ , ਮੇਰੇ ਡੈਡੀ ਦਾ ਲੱਕ ਟੁੱਟ ਗਿਆ ਸੀ , ਉਹ ਘਰ ਬਹਿ ਗਏ ਜਵਾਨ ਪੁੱਤ ਦੀ ਮੌਤ ਉਹਨਾਂ ਤੋਂ ਜਰੀ ਨਹੀਂ ਗਈ।
ਅਖੀਰ ਮੇਰੀ ਮਾਸੀ ਮੈਨੂੰ ਆਪਣੇ ਨਾਲ ਲੈ ਗਈ , ਮੇਰੀਆ ਡਾਂਸ ਦੀਆਂ ਕਲਾਸਾਂ ਲਗਵਾਈਆ , ਅਖੀਰ ਮੈਨੂੰ ਇੱਕ DJ ਗਰੁੱਪ ਵਾਲਿਆ ਨੇ ਰੱਖ ਲਿਆ , 500 ਰੁਪਏ ਦਿਹਾੜੀ ਤੋਂ ਮੈਂ ਇੱਕ ਸਾਲ ਬਾਹਦ 2000 ਤੇ ਪਹੁੰਚ ਗਈ ਸੀ , ਮਹੀਨੇ ਦੇ 10-12 ਪ੍ਰੋਗਰਾਮ ਲਗ ਜਾਂਦੇ ਸੀ। ਜਮੀਨ ਵੇਚ ਕੁੱਝ ਪੈਸੇ ਜੋੜ ਮੇਰੀ ਮਾਂ ਨੇ ਘਰ ਬਣਾ ਲਿਆ ਸੀ , ਇੱਕ ਦਿਨ ਪ੍ਰੋਗਰਾਮ ਤੇ ਸਾਡੇ ਗਰੁੱਪ ਦੇ ਮੁੰਡੇ ਨੇ ਕੋਲਡ ਡਰਿੰਕ ਸ਼ਰਾਬ ਮਿਲਾ ਕੇ ਮੈਨੂੰ ਦੇ ਦਿੱਤੀ , ਸ਼ਾਇਦ ਕੋਈ ਨਸ਼ੇ ਵਾਲੀ ਗੋਲੀ ਵੀ ਸੀ ਇਸ ਵਿੱਚ , ਉਸ ਮੁੰਡੇ ਨੇ 5000 ਲੇਕੇ ਕਿਸੇ ਬਰਾਤੀ ਕੋਲ ਮੈਨੂੰ ਰੂਮ ਵਿੱਚ ਛੱਡ ਦਿੱਤਾ , ਗਲਾਸ ਵਿੱਚ ਮੈਂ ਦੇ ਕੂ ਘੁੱਟ ਹੀ ਭਰੇ ਸੀ , ਮੈਨੂੰ ਥੋੜੀ ਹੋਸ਼ ਸੀ , ਜਦੋਂ ਉਹ ਮੁੰਡਾ ਮੇਰੇ ਕੋਲ ਆਇਆ ਮੈਂ ਉਸ ਮੁੰਡੇ ਦੇ ਚਪੇੜ ਮਾਰੀ ।
ਉਸਦੇ ਪਿਉ ਨੇ ਮੇਰੇ ਕੋਲੋ ਹੱਥ ਜੋੜ ਮੁਆਫੀ ਮੰਗੀ , ਧੀਏ ਰੰਗ ਚ ਪੰਗ ਪੈ ਜਾਉ ਚੁੱਪ ਕਰਜਾ , ਮੈਂ ਇੱਕ ਪਾਸੇ ਖੜੀ ਰੋ ਰਹੀ ਸੀ । ਤੂੰ ਮੇਰੀਆ ਧੀਆਂ ਵਰਗੀ ਏ ਅੱਜ ਮੇਰੀ ਲਾਜ ਰੱਖਲਾ , ਉਹਨਾਂ ਨੇ ਮੈਨੂੰ ਆਪਣਾ ਨੰਬਰ ਦਿੱਤਾ , ਵਿਆਹ ਤੋਂ ਬਾਹਦ ਦੋ ਕੂ ਦਿਨਾਂ ਬਾਹਦ ਮੈਨੂੰ ਜਰੂਰ ਮਿਲੀ ਪੁੱਤ , ਮੈਨੂੰ ਉਸ ਬਜੁਰਗ ਦੀਆਂ ਗੱਲਾਂ ਚ ਤਰਸ ਪਿਆਰ ਨਜ਼ਰ ਆ ਗਿਆ ਸੀ , ਥੋੜੇ ਦਿਨਾਂ ਬਾਹਦ ਮੇਂ ਫੋਨ ਮਿਲਾਇਆ । ਉਹਨਾਂ ਮੈਨੂੰ ਘਰ ਮਿਲਣ ਬੁਲਾਇਆ , ਮੈਂ ਗਈ , ਬਹੁਤ ਪਿਆਰ ਸਤਿਕਾਰ ਮਿਲਿਆ , ਉਹਨਾਂ ਮੈਨੂੰ ਮਹੀਨੇ ਦੀ ਕਮਾਈ ਬਾਰੇ ਪੁੱਛਿਆ ਮੈਂ ਕਿਹਾ ਆਹੀ 15-20 ਹਜਾਰ , ਕਿੰਨੀਆਂ ਪੜੀ ਏ ਪੁੱਤ ? ਬਾਰਾਂ” ਮੈਂ ਜਵਾਬ ਦਿੱਤਾ । ਹਿਸਾਬ-ਕਿਤਾਬ ਕਰ ਲਵੇਗੀ..? ਹਾਂਜੀ ਕਰ ਲਵਾਂਗੀ । ਉਹਨਾਂ ਮੈਨੂੰ ਆਪਣੇ ਕੱਪੜੇ ਵਾਲੀ ਦੁਕਾਨ ਤੇ ਨੌਕਰੀ ਦੇ ਦਿਤੀ | ਸਵੇਰੇ 9 ਵਜੇ ਤੋਂ ਸ਼ਾਮੀ 6 ਵੱਜੇ ਤੱਕ ਕੰਮ ਪਰ ਇੱਜਤ ਵਾਲਾ ਕੰਮ ਸੀ ਮੈਂ ਮੰਜੂਰ ਕਰ ਲਿਆ , ਕਪੜੇ ਦਾ ਵੱਡਾ ਸ਼ੋਅਰੂਮ ਸੀ , ਅੱਜ 10 ਸਾਲ ਵਾਂਗ ਹੋ ਗਏ ਮੇਂ ਉੱਥੇ ਕੰਮ ਕਰਦੀ ਆ , ਮੇਰਾ ਵਿਆਹ ਵੀ ਹੋ ਗਿਆ , ਮੇਰੇ ਵਿਆਹ ਤੇ ਜਿੰਨੀਆਂ ਲੋੜੀਂਦੀਆ ਚੀਜਾਂ ਸੀ ਉਹਨਾਂ ਆਪ ਲੈਕੇ ਦਿੱਤੀਆਂ , ਅੱਜ ਮੈਂ ਚੰਗੀ ਜਿੰਦਗੀ ਜੀਅ ਰਹੀ ਆ , ਜਦੋਂ ਮੈਂ ਆਪਣੇ ਪਿਛਲੀ ਜ਼ਿੰਦਗੀ ਵਿੱਚ ਨਿਗਾਹ ਮਾਰਦੀ ਆ ਸੋਚਦੀ ਆ ਕੇ ਜੇ ਸਰਦਾਰ ਜੀ ਮੇਰੇ ਜ਼ਿੰਦਗੀ ਵਿੱਚ ਰੱਬ ਬਣਕੇ ਨਾਂ ਆਉਂਦੇ ਪਤਾ ਨਹੀਂ ਅੱਜ ਮੈਂ ਕਿੱਥੇ ਰੁਲ ਰਹੀ ਹੋਣਾ ਸੀ ।
ਅਜੀਤ ਸਿੰਘ ਨੇ ਆਪਣੇ ਦਿਲ ਦੇ ਰੋਗੀ ਪਿਤਾ ਦੇ ਉਪਰੇਸ਼ਨ ਵਾਸਤੇ ਖੁਨ ਦਾ ਸਾਰਾ ਪ੍ਰਬੰਧ ਪਹਿਲਾਂ ਹੀ ਕਰ ਲਿਆ ਸੀ।ਇੱਕ ਬੋਤਲ ਤਾਜੇ ਖੂਨ ਦੀ ਲੋੜ ਬਾਕੀ ਸੀ।
ਉਸ ਨੇ ਆਪਣੀਆਂ ਭੈਣਾਂ ਅਤੇ ਨਜਦੀਕੀ ਭਰਾਵਾਂ ਨੂੰ ਬੁਲਾਕੇ ਖੂਨ ਦੇਣ ਦੀ ਬੇਨਤੀ ਕੀਤੀ। ਖੂਨ ਤਾਂ ਕਿਸੇ ਕੀ ਦੇਣਾ ਸੀ, ਖੂਨ ਟੈਸਟ ਕਰਵਾਉਣ ਲਈ ਵੀ ਕੋਈ ਰਾਜੀ ਨਹੀਂ ਹੋਇਆ ਸੀ।
ਘਰ ਦੀ ਨੂੰਹ ਜੋ ਘੁੰਢ ਕੱਢੀ ਆਏ ਰਿਸਤੇਦਾਰਾਂ ਦੀ ਚਾਹ ਪਾਣੀ ਨਾਲ ਸੇਵਾ . ਕਰ ਰਹੀ ਸੀ, ਵਿੱਚੋਂ ਹੀ ਬੋਲ ਪਈ,
‘ਬਾਪੂ ਜੀ ਲਈ ਖੂਨ ਮੈਂ ਦੇਵਾਂਗੀ। ਮੇਰੇ ਖੂਨ ਦਾ ਗਰੁੱਪ ਵੀ ਉਨ੍ਹਾਂ ਵਾਲਾ ਹੀ ਹੈ।ਪਰਾਈ ਸਮਝਕੇ ਤੁਸੀਂ ਮੈਨੂੰ ਪੁੱਛਿਆ ਤੱਕ ਵੀ ਨਹੀਂ। ਉਸ ਦੇ ਬੋਲਾਂ ਨਾਲ ਰਿਸਤੇ ਦਾਰਾਂ ਦੇ ਸਿਰ ਤਾਂ ਝੁਕਣੇ ਹੀ ਸਨ ਨਾਲ ਦੰਦ ਵੀ ਜੁੜ ਗਏ ਸਨ।
ਸਫਲ ਉਪਰੇਸ਼ਨ ਪਿੱਛੋਂ ਜਦ ਬਜ਼ੁਰਗ ਘਰ ਆਇਆ ਤਾਂ ਸਭ ਤੋਂ ਪਹਿਲਾਂ ਉਸ ਨੇ ਆਪਣੀ ਨੂੰਹ ਨੂੰ ਪਿਆਰ ਦਿੱਤਾ ਅਤੇ ਨੂੰਹ ਨੇ ਸੌਹਰੇ ਦੇ ਪੈਰੀਂ ਹੱਥ ਲਾਏ।
“ਖੂਨ ਦੀ ਇਸ ਸਾਂਝ ਨਾਲ ਹੀ, ਆ ਬੇਟਾ ਆਪਾਂ “ਨੂੰਹ-ਸੌਹਰੇ’ ਦੇ ਰਿਸਤੇ ਨੂੰ ‘ਬਾਪ ਬੇਟੀ ਵਿੱਚ ਬਦਲ ਲਈਏ।
ਨੂੰਹ ਨੇ ਘੁੰਢ ਚੁੱਕਕੇ ਆਪਣੀ ਸਵੀਕ੍ਰਿਤੀ ਦੇ ਦਿੱਤੀ ਅਤੇ ਸੌਹਰੇ ਨੇ ਉਸ ਦੇ ਸਿਰ ਨੂੰ ਮੁਰੰਮਤ ਹੋਏ ਦਿਲ ਨਾਲ ਲਾਕੇ ਨਵੇਂ ਰਿਸਤੇ ਉੱਤੇ ਆਪਣੀ ਮੋਹਰ ਲਗਾ ਦਿੱਤੀ।
ਸੱਜਣ ਸਿੰਘ ਅਤੇ ਮਿੱਤਰ ਸੈਨ ਦੋਵੇਂ ਲੰਗੋਟੀਏ ਯਾਰ ਸਨ। ਦੋਵਾਂ ਨੇ ਖੁਸ਼ੀਆਂ ਨੂੰ ਰਲਕੇ ਮਾਨਿਆ ਸੀ ਅਤੇ ਨਾਲ ਮੁਸੀਬਤਾਂ ਦਾ ਵੀ ਸਦਾ ਸਿਰ ਜੋੜਕੇ ਸਾਹਮਣਾ ਕੀਤਾ ਸੀ। ਉਹ ਇਕਲੋਤੇ ਪੁੱਤਰਾਂ ਦੇ ਧੀਆਂ ਵਾਲੇ ਬਾਪ ਸਨ।
ਮਿੱਤਰ ਸੈਨ ਨੇ ਬੜੀ ਕੋਸ਼ਿਸ਼ ਕੀਤੀ ਕਿ ਉਸ ਦਾ ਪੁੱਤਰ ਚੰਗਾ ਪਕੇ ਕਿਸੇ ਸਰਕਾਰੀ ਨੌਕਰੀ ਉੱਤੇ ਲੱਗ ਜਾਵੇ। ਪਰ ਉਹ ਲੂਣ ਤੇਲ ਦੀ ਦੁਕਾਨ ਤੋਂ ਅੱਗੇ ਨਹੀਂ ਵੱਧ ਸਕਿਆ ਸੀ। ਉਸ ਦਾ ਵਿਆਹ ਬੜੀ ਧੂਮ ਧਾਮ ਨਾਲ ਕੀਤਾ, ਪਰ ਪੇਕਿਆਂ ਦੀ ਚੱਕ ਉੱਤੇ ਉਸ ਦੀ ਨੂੰਹ ਅੱਡ ਹੋਣ ਦੀਆਂ ਪੁੱਠੀਆਂ, ਸਿੱਧੀਆਂ ਧਮਕੀਆਂ ਦਿੰਦੀ ਰਹਿੰਦੀ ਸੀ। ਕਿਸੇ ਅਣਹੋਣੀ ਦੁਰਘਟਨਾ ਨੂੰ ਟਾਲਣ ਲਈ ਉਸ ਨੇ ਦਿਲ ਉੱਤੇ ਪੱਥਰ ਰੱਖਕੇ ਨੂੰਹਪੁੱਤਰ ਨੂੰ ਕਰਾਏ ਦੇ ਮਕਾਨ ਵਿੱਚ ਅੱਡ ਕਰ ਦਿੱਤਾ ਸੀ।
ਸੱਜਣ ਸਿੰਘ ਨੇ ਆਪਣੀ ਸਾਰੀ ਜਿੰਦਗੀ ਪੁੱਤਰ ਨੂੰ ਪੜ੍ਹਾਉਣ ਉੱਤੇ ਲਾਕੇ, ਉਸ ਨੂੰ ਸਫਲਤਾ ਦੀ ਪੌੜੀ ਦੇ ਸਿਰੇ ਤੱਕ ਪਹੁੰਚਾ ਦਿੱਤਾ ਸੀ। ਉਹ ਪੀ.ਐਚ.ਡੀ. ਕਰਕੇ ਪੌੜੀ ਦਾ ਆਖਰੀ ਟੰਬਾ ਆਪਣੀ ਹਿੰਮਤ ਨਾਲ ਆਪ ਚੜ ਗਿਆ ਸੀ। ਉੱਚੀਆਂ ਮੰਜ਼ਿਲਾਂ ਅਤੇ ਡਾਲਰਾਂ ਦੀ ਟੁਨਕਾਰ ਨੇ ਉਸ ਨੂੰ ਕਨੇਡਾ ਵਿੱਚ ਖਿੱਚ ਲਿਆ ਸੀ। ਇੱਕ ਦਾ ਇਕਲੌਤਾ ਪੁੱਤਰ ਸੱਤ ਸਮੁੰਦਰੋਂ ਪਾਰ ਬੈਠਾ ਸੀ ਅਤੇ ਦੂਜੇ ਦਾ ਸੱਤਵੀਂ ਗਲੀ ਦੇ ਪਾਰ ਰਹਿੰਦਾ ਸੀ। ਬੁਢਾਪੇ ਵਿੱਚ ਦੋਵਾਂ ਦੋਸਤਾਂ ਨੇ ਹੋਰ ਸਭ ਕੁਝ ਸਾਂਝਾ ਕਰ ਲਿਆ ਸੀ ਪਰ ਇਕੱਲਤਾ ਦਾ ਸੰਤਾਪ ਉਹ ਹਾਲੀ ਵੀ ਇਕੱਲੇ ਹੀ ਭੋਗ ਰਹੇ ਸਨ।
‘‘ਤੇਰੇ ਫੈਸਲੇ ਲਈ ਤੈਨੂੰ ਮੁਬਾਰਕਾਂ ਪੀਤੀ, ਪਰ ਮੇਰਾ ਫੈਸਲਾ ਅਟੱਲ ਏ।”
‘‘ਪਿਆਰ ਤਾਂ ਪ੍ਰੀਤਮ ਮੈਂ ਵੀ ਤੈਨੂੰ ਬਹੁਤ ਕਰਦੀ ਹਾਂ, ਪਰ ਮੇਰੀ ਮਜ਼ਬੂਰੀ ਏ ਮੈਂ ਮਾਪਿਆਂ ਦੇ ਵਿਰੁੱਧ ਨਹੀਂ ਜਾ ਸਕਦੀ ਅਤੇ ਨਾ ਹੀ ਤੇਰੇ ਜਿਹਾ ਕਠੋਰ ਫੈਸਲਾ ਹੀ ਕਰ ਸਕਦੀ ਹਾਂ।”
‘‘ਤੇਰੇ ਬਿਨਾਂ ਜੀਣਾ ਮੇਰੇ ਲਈ ਕੋਈ ਅਰਥ ਵੀ ਤਾਂ ਨਹੀਂ ਰੱਖਦਾ।
“ਤੂੰ ਫੈਸਲੇ ਕਦੇ ਵੀ ਬਦਲਿਆ ਨਹੀਂ ਕਰਦਾ। ਪਰ ਇਹ ਕੰਮ ਮੇਰੇ ਸੌਹਰੀ ਜਾਣ ਤੋਂ ਇੱਕ ਦੋ ਦਿਨ ਪਿੱਛੋਂ ਕਰੀਂ। ਹਾਂ ਸੱਚ ਇੱਕ ਆਖਰੀ ਮੰਗ ਪੂਰੀ ਕਰੇਗਾ।”
“ਹਾਂ ਦੱਸ।”
ਜਿਹੜੀ ਮੈਂ ਆਪਣੇ ਨਾਮ ਲਿਖੇ ਵਾਲੀ ਰਿੰਗ ਤੈਨੂੰ ਦੇ ਕੇ ਪੁੱਠੀ ਰੀਤ ਚਲਾਈ ਸੀ, ਉਹ ਵਾਪਸ ਕਰਦੇ ਤਾਂ ਜੋ ਤੇਰੇ ਪਿੱਛੋਂ ਕੋਈ ਉਸ ਦਾ ਨਜਾਇਜ ਫਾਇਦਾ ਨਾ ਉਠਾ ਸਕੇ।
ਚੰਗਾ ਯਾਦ ਕਰਵਾ ਤਾ, ਉਹ ਤਾਂ ਮੈਂ ਭੁੱਲ ਹੀ ਗਿਆ ਸੀ। ਐਹ ਲੈ ਫੜ ਆਪਣੀ ਰਿੰਗ।”
‘‘ਗੁੱਸਾ ਤਾਂ ਨੀ ਕੀਤਾ।
“ਇਹ ਤਾਂ ਖੁਸ਼ੀ ਵਾਲੀ ਗੱਲ ਏ, ਹੁਣ ਮੈਨੂੰ ਮਰਨ ਦੀ ਵੀ ਕਾਹਲ ਨਹੀਂ ਰਹੀ। ਕਿਸੇ ਸਿੱਧੀ ਰਿੰਗ-ਰੀਤ ਵਾਲੀ ਨੂੰ ਪਰਖ ਕੇ ਵੇਖ ਲੈਣਾ ਚਾਹੁੰਦਾ ਹਾਂ। ਸਾਇਦ ਉਹ ਰਿੰਗ ਨਾਲੋਂ ਜਿੰਦਗੀ ਨੂੰ ਕੀਮਤੀ ਸਮਝਦੀ ਹੋਵੇ।