ਨਵੀਂ ਆਸ

by Sandeep Kaur

ਫੌਜੀ ਪੈਨਸਨਰ ਗੁਲਜ਼ਾਰ ਸਿੰਘ ਨੇ ਬੜੇ ਲੋਕਾਂ ਦੇ ਕੰਮ ਕੀਤੇ ਸਨ। ਉਸ ਦੇ ਦਰ ਤੋਂ ਕੋਈ ਸਵਾਲੀ ਖਾਲੀ ਨਹੀਂ ਮੁੜਿਆ ਸੀ। ਉਸਦੇ ਬਚਨ ਦੀ ਕੋਈ ਆਸ ਨਹੀਂ ਸੀ। ਉਸਦੇ ਦਿਲੀ ਰੋਗ ਨੂੰ ਤੁਰੰਤ ਉਪਰੇਸ਼ਨ ਦੀ ਲੋੜ ਸੀ। ਸਾਰੇ ਪ੍ਰਬੰਧ ਹੋ ਗਏ ਸਨ, ਖੂਨ ਵਲੋਂ ਕੰਮ ਅਟਕਿਆ ਪਿਆ ਸੀ। ਸਕੂਲ ਦੀ ਇੱਕ ਪ੍ਰਿੰਸੀਪਲ ਫਰਿਸ਼ਤਾ ਬਣਕੇ ਆ ਪੁੱਜੀ। ਉਸ ਨੇ ਖੂਨ ਵੀ ਦਿੱਤਾ ਅਤੇ ਹੋਰ ਖੂਨ ਦਾਨੀ ਵੀ ਤਿਆਰ ਕੀਤੇ।
ਸਫਲ ਉਪਰੇਸ਼ਨ ਪਿੱਛੋਂ ਬਜ਼ੁਰਗ ਆਪਣੇ ਘਰ ਆਰਾਮ ਕਰ ਰਿਹਾ ਸੀ, ਜਦੋਂ ਪ੍ਰਿੰਸੀਪਲ ਉਸ ਦੇ ਘਰ ਦਾ ਬੂਹਾ ਖੋਲ੍ਹ ਕੇ ਅੰਦਰ ਲੰਘ ਆਈ। ਬਾਬੇ ਦੀਆਂ ਖੁਸ਼ੀ ਵਿੱਚ ਅੱਖਾਂ ਭਰ ਆਈਆਂ ਅਤੇ ਉਸ ਨੇ ਕੁੜੀ ਦੇ ਹੱਥ ਨੂੰ ਆਪਣੇ ਮੁਰੰਮਤ ਹੋਏ ਦਿਲ ਉੱਤੇ ਰੱਖਕੇ ਪੁੱਛਿਆ।
‘ਸਵਾਲੀ ਨੂੰ ਤਾਂ ਦਾਨੀ ਦੇ ਘਰ ਜਾਣਾ ਹੀ ਪੈਂਦਾ ਏ। ਦਾਨੀ ਦਾ ਸਵਾਲੀ ਦੇ ਘਰ ਆਉਣਾ ਅੱਜ ਪਹਿਲੀ ਵਾਰ ਵੇਖਿਆ ਏ।”
“ਨਹੀਂ ਬਜ਼ੁਰਗੋ, ਲੋਕ ਸੇਵਾ ਦਾ ਤਾਂ ਮੈਨੂੰ ਝੱਲ ਜਿਹਾ ਏ।
‘ਝੱਲ ਤਾਂ ਬਣਿਆ ਰਹੇ। ਇਸ ਅਜਬ ਖੂਨ ਦੇ ਮੇਲ ਤੋਂ ਕਿਹੜਾ ਰਿਸਤਾ ਬਣਾਉਣਾ ਚਾਹੋਗੇ??
“ਮੈਨੂੰ ਅੰਕਲ-ਬੇਟੀ ਚੰਗਾ ਲੱਗਦਾ ਏ। ਅੰਕਲ ਜੀ ਤੁਸੀਂ ਮੇਰੇ ਪੁੱਤਰ ਦੇ ਵਿਆਹ ਉੱਤੇ ਆਵੋਗੇ ਨਾ।”
ਜਰੂਰ, ਆਪਣੇ ਪੋਤਰੇ ਦੇ ਜਨਮ ਅਤੇ ਛਟੀ ਉੱਤੇ ਵੀ ਸੁਨੇਹਾ ਦੇਣਾ ਨਾ ਭੁੱਲ ਜਾਵੀਂ।”
ਅੰਕਲ ਨੇ ਭਵਿੱਖ ਦੀ ਨਵੀਂ ਆਸ ਵੀ ਦਿਲ ਧੜਕਾ ਦਿੱਤੀ ਸੀ।

You may also like