ਹਰ ਸਾਲ ਵਾਂਗ ਇਸ ਵਾਰ ਵੀ ਦੁਸਹਿਰਾ ਮਨਾਇਆ ਜਾ ਰਿਹਾ ਹੈ। ਪਿਛਲੇ ਦਿਨਾਂ ਤੋਂ ਖੁਲੇ ਮੈਦਾਨ ਵਿਚ ਦਸ ਸਿਰ ਵਾਲਾ ਰਾਵਣ ਦਾ ਪੁਤਲਾ ਖੜਾ ਕੀਤਾ ਹੋਇਆ ਹੈ। ਇਹ ਦਸ ਸਿਰ ਰਾਵਣ ਦੀ ਸੱਤਾ ਦੀ ਤਾਕਤ ਦੇ ਪ੍ਰਤੀਕ ਹਨ। ਉਸਦੀ ਤਾਕਤ ਹੀ ਸੀ ਜੋ ਰਾਜਭਾਗ ਚਲਾ ਰਹੀ ਸੀ ਅਤੇ ਉਸਦੇ ਅਨਿਆਏ ਤੇ ਜਬਰ ਵਿਰੁੱਧ ਕਿਸੇ ਨੂੰ ਵੀ ਉਂਗਲ ਉਠਾਉਣ ਦੀ ਜੁਰਅਤ ਨਹੀਂ ਸੀ ਕਰਨ ਦਿੰਦੀ।
ਰਾਵਣ ਦੇ ਪੁਤਲੇ ਕੋਲ ਹੀ ਪੰਡਾਲ ਵਿਚ ਰੋਜ਼ਾਨਾ ਰਾਮਲੀਲਾ ਦਾ ਪ੍ਰਦਰਸ਼ਨ ਹੋ ਰਿਹਾ ਹੈ ਅਤੇ ਅੱਜ ਰਾਵਣ ਤੇ ਰਾਮ ਦੀ ਜਿੱਤ ਹੋਣ ਵਾਲੀ ਹੈ। ਮੈਦਾਨ ਦਰਸ਼ਕਾਂ ਨਾਲ ਭਰਿਆ ਹੋਇਆ ਹੈ ਤੇ ਚਾਰੇ ਪਾਸੇਮੇਲੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ।
ਸ਼ਾਮ ਢਲ ਗਈ ਹੈ। ਦੁਸਹਿਰਾ ਕਮੇਟੀ ਨੇ ਰਾਵਣ ਦਾ ਪੁਤਲਾ ਸਾੜਨ ਲਈ ਚੁਣੀਦਾ ਦਸ ਸਿਆਸਤਦਾਨਾਂ ਨੂੰ ਬੁਲਾਇਆ ਹੋਇਆ ਹੈ ਜੋ ਮੰਚ ਤੇ ਬੈਠੇ ਮੇਲੇ ਦਾ ਨਜ਼ਾਰਾ ਤੱਕ ਰਹੇ ਹਨ ਅਤੇ ਸੂਰਜ ਦੇ ਡੁੱਬਣ ਦੀ ਉਡੀਕ ਵਿੱਚ ਹਨ ਤਾਂ ਜੋ ਰਾਵਣ ਨੂੰ ਜਲਾਇਆ ਜਾਵੇ।
ਸੂਰਜ ਦੇ ਥੱਲੇ ਹੁੰਦਿਆਂ ਹੀ ਖਾਸ ਮਹਿਮਾਨ ਰਾਵਣ ਨੂੰ ਜਲਾ ਦਿੰਦੇ ਹਨ। ਪੁਤਲੇ ਵਿੱਚ ਰੱਖੇ ਪਟਾਕੇ ਅਤੇ ਕੱਪੜਿਆਂ ਨੂੰ ਲੱਗੀ ਅੱਗ ਤਾਕਤਵਰ ਰਾਵਣ ਦੇ ਚੀਥੜੇ ਉਡਾ ਦਿੰਦੇ ਹਨ। ਦਸ ਸਿਰਾ ਰਾਵਣ ਮਾਰਿਆ ਜਾਂਦਾ ਹੈ ਤੇ ਰਾਮ ਦੀ ਜਿੱਤ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।
‘ਇਹ ਕਿਹੋ ਜਿਹਾ ਮੇਲਾ ਹੈ, ਇਹ ਕਿਹੋ ਜਿਹਾ ਦੁਸਹਿਰਾ ਹੈ ਜਿੱਥੇ ਅਨਿਆਏ ਤੇ ਜਬਰ ਦੀ ਇਕ ਕੁੜੀ ਖਤਮ ਕੀਤੀ ਗਈ ਹੈ ਪਰ ਉਸ ਨੂੰ ਸਾੜਣ ਵਾਲੇ ਦਸ ਹੋਰ ‘ਰਾਵਣ ਆਪਣੀ ਤਾਕਤ ਦੇ ਨਸ਼ੇ ਵਿਚ ਝੂਮਦੇ ਪੰਡਾਲ ‘ਚੋਂ ਬਾਹਰ ਨਿਕਲ ਰਹੇ ਹਨ।
Minni Kahaniyan
ਇਕ ਔਰਤ ਨੂੰ ਕੁਝ ਘਰੇਲੂ ਸਮੱਗਰੀ ਦੀ ਲੋੜ ਸੀ। ਉਸ ਦੀ ਮੰਗ ਦੀ ਪੂਰਤੀ ਕਰਨ ਉਪਰੰਤ ਦੁਕਾਨਦਾਰ ਨੇ ਉਪਹਾਰ ਸਰੂਪ ਉਸ ਨੂੰ ਇਕ ਖੂਬਸੂਰਤ ਕੈਲੰਡਰ ਭੇਟ ਕੀਤਾ। ਕੈਲੰਡਰ ਸ਼ਿਵ ਜੀ ਦਾ ਸੀ। ਵੇਖਦਿਆਂ ਜੀਅ ਲਲਚਾ ਗਿਆ। “ਵੀਰ ਜੀ ਮੈਂ ਸ਼ਿਵ ਜੀ ਦੀ ਪੁਜਾਰਣ ਹਾਂ” ਕਹਿ ਕੇ ਉਸ ਨੇ ਇਕ ਹੋਰ ਕੈਲੰਡਰ ਦੀ ਮੰਗ ਕਰ ਲਈ। ਦੁਕਾਨਦਾਰ ਬੜੀ ਹੀ ਦਿਆਲੂ ਜਿਹੀ ਕਿਸਮ ਦਾ ਆਦਮੀ ਸੀ। ਉਸ ਨੇ ਔਰਤ ਦੇ ਸ਼ਬਦਾਂ ਤੇ ਫੁੱਲ ਚੜਾਏ ਤੇ ਨਿਹਾਲ ਹੋ ਕੇ ਇਕ ਨਹੀਂ ਉਸ ਨੂੰ ਦੋ-ਦੋ ਕੈਲੰਡਰ ਦੇ ਦਿੱਤੇ।
ਖੁਸ਼ੀ-ਖੁਸ਼ੀ ਉਹ ਕੈਲੰਡਰ ਲੈ ਕੇ ਆਪਣੇ ਘਰ ਗਈ।
ਅਗਲੇ ਦਿਨ ਉਸ ਨੇ ਉਹੀ ਕੈਲੰਡਰ ਆਪਣੇ ਗੁਆਂਢੀਆਂ ਨੂੰ ਵੇਚ ਦਿੱਤੇ।
ਸਮਝ
ਹਰਨਾਮੇ ਦੇ ਚਾਰੇ ਮੁੰਡੇ ਸਰਵਿਸ ਕਰਦੇ ਸਨ। ਸਾਰੇ ਆਪਣੇ ਆਪਣੇ ਟੱਬਰਾਂ ਨੂੰ ਲੈ ਕੇ ਖਿੰਡ ਪੁੰਡ ਗਏ। ਹਰਨਾਮੇ ਦੀ ਕਿਸੇ ਵੀ ਮੁੰਡੇ ਨਾਲ ਦਾਲ ਨਾ ਗਲੀ। ਉਹ ਪਿੰਡ ਇਕੱਲਾ ਹੀ ਰਹਿ ਗਿਆ। ਆਖਰ ਉਸਦੀ ਇਕਲੌਤੀ ਧੀ ਉਸਨੂੰ ਆਪਣੇ ਪਾਸ ਲੈ ਗਈ। ਉਹ ਉਥੇ ਰਹਿਣ ਲੱਗ ਪਿਆ। ਉਸਦੀ ਧੀ ਦੇ ਦੂਜੀ ਕੁੜੀ ਨੇ ਜਨਮ ਲਿਆ ਤਾਂ ਹਰਨਾਮਾ ਬੜੀ ਨਮੋਸ਼ੀ ਨਾਲ ਧੀ ਨੂੰ ਦਿਲਾਸਾ ਦੇਣ ਲੱਗਿਆ,
ਧੀਏ ਰੱਬ ਨੇ ਬੜਾ ਮਾੜਾ ਕੀਤਾ, ਜੇ ਚੰਗਾ ਜੀਅ ਦੇ ਦਿੰਦਾ
ਧੀ ਨੇ ਟੋਕਦਿਆਂ ਅੱਗੋਂ ਝੱਟ ਕਿਹਾ, ਬਾਪੂ, ਹੁਣ ਕੀ ਤੂੰ ਆਪਣੇ ਪੁੱਤਾਂ ਕੋਲ ਹੀ ਰਹਿਨੈ?
ਪਿੱਠ
ਬਲਵਿੰਦਰ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਐਮ.ਏ. ਪੰਜਾਬੀ ਕਰ ਰਹੀ ਸੀ। ਜਿਸ ਮੁੰਡੇ ਨਾਲ ਉਸ ਦੇ ਵਿਆਹ ਦੀ ਗੱਲਬਾਤ ਚੱਲ ਰਹੀ ਸੀ, ਉਹ ਮਸਾਂ ਦੱਸਵੀਂ ਪਾਸ ਸੀ। ਵੈਸੇ ਮੁੰਡਾ ਸੋਹਣਾ, ਸੁਨੱਖਾ ਅਤੇ ਉੱਚਾ ਲੰਬਾ ਸੀ। ਬਲਵਿੰਦਰ ਦੇ ਨਾਂਹ ਨੁੱਕਰ ਕਰਦਿਆਂ ਉਸ ਦਾ ਵਿਆਹ ਉਸੇ ਮੁੰਡੇ ਨਾਲ ਪੱਕਾ ਕਰ ਦਿੱਤਾ ਗਿਆ। ਵਿਆਹ ਦੇ ਕਾਰਡ ਛਪਾ ਲਏ ਗਏ। ਨਾਈ ਨੂੰ ਪਿੰਡ ਵਿਚ ਵਿਆਹ ਦੇ ਕਾਰਡ ਵੰਡਣ ਲਈ ਦੇ ਦਿੱਤੇ ਗਏ, ਪਰ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਬਲਵਿੰਦਰ ਦਾ ਡੈਡੀ ਜਰਨੈਲ ਸਿੰਘ ਵਿਆਹ ਦਾ ਕਾਰਡ ਆਪ ਲੈ ਕੇ ਗਿਆ। ਵਿਆਹ ਦਾ ਕਾਰਡ ਸਕੂਲ ਮੁਖੀ ਨੂੰ ਫੜਾਂਦਿਆਂ ਜਰਨੈਲ ਸਿੰਘ ਨੇ ਕਿਹਾ, “ਆ ਲਉ ਬਲਵਿੰਦਰ ਦੇ ਵਿਆਹ ਦਾ ਕਾਰਡ, ਮੈਂ ਸੋਚਿਆ,ਉਸ ਦੇ ਵਿਆਹ ਦਾ ਕਾਰਡ ਮੈਂ ਆਪ ਦੇ ਕੇ ਆਉਨਾਂ। ਤੁਹਾਡੇ ਸਕੂਲੋਂ ਪੜੀ ਜੂ ਹੋਈ।
ਵਿਆਹ ਦਾ ਕਾਰਡ ਲੈਂਦਿਆਂ ਸਕੂਲ ਮੁਖੀ ਨੇ ਪੁੱਛਿਆ, “ਮੁੰਡਾ ਕਿੰਨਾ ਕੁ ਪੜਿਆ ਹੋਇਐ ਅਤੇ ਕੀ ਕਰਦੈ?”
“ਸਾਹਿਬ ਜੀ ਮੁੰਡਾ ਦਸਵੀਂ ਪਾਸ ਐ ਤੇ ਆਪਣੇ ਡੈਡੀ ਨਾਲ ਖੇਤੀ ਕਰਦੈ।”
“ਪਰ ਏਨੇ ਥੋੜੇ ਪੜੇ ਮੁੰਡੇ ਨਾਲ ਵਿਆਹ ਕਰਨ ਦੀ ਤੁਹਾਨੂੰ ਕੀ ਲੋੜ ਐ? ਨਾਲੇ ਕਹਿੰਦੇ ਤੁਹਾਡੀ ਬਲਵਿੰਦਰ ਤਾਂ ਐਮ.ਏ. ਕਰਦੀ ਐ।”
“ਸਾਹਿਬ ਜੀ, ਮੁੰਡਾ ਪੜਿਆ ਚਾਹੇ ਘੱਟ ਐ। ਪਰ ਉਸ ਦੀ ਪਿੱਠ ਬੜੀ ਮਜ਼ਬੂਤ ਐ। ਉਸ ਦੀਆਂ ਦੋ ਭੈਣਾ ਜਰਮਨ ਚ ਐ। ਮੁੰਡੇ ਦਾ ਜਰਮਨ ਜਾਣ ਦਾ ਹੁੱਕਾ ਲੱਗ ਸਕਦੈ। ਜੇ ਨਾ ਵੀ ਲੱਗੇ ਤਾਂ ਵੀ ਕੋਈ ਗੱਲ ਨਹੀਂ। ਮੁੰਡੇ ਦੇ ਹਿੱਸੇ ਪੂਰੇ ਪੰਦਰਾਂ ਕਿੱਲੇ ਜ਼ਮੀਨ ਦੇ ਆਂਦੇ ਐ।” ਇਹ ਕਹਿ ਕੇ ਜਰਨੈਲ ਸਿੰਘ ਛੇਤੀ ਨਾਲ ਸਕੂਲ ਮੁਖੀ ਦੇ ਦਫਤਰ ਵਿੱਚੋਂ ਬਾਹਰ ਆ ਗਿਆ।
ਡਾ. ਮਲਹੋਤਰਾ ਸਵੇਰੇ ਮੰਦਿਰੋਂ ਪਰਤੇ ਤਾਂ ਉਹਨਾਂ ਦੇ ਮਾਤਾ ਜੀ ਦਹਿਲੀਜ਼ ‘ਤੇ ਖੜ੍ਹੇ ਸੀ। ਹੱਥ ਵਿਚ ਅਖਬਾਰ, ਦਮਕਦਾ ਚਿਹਰਾ ਤੇ ਪੂਰੇ ਖੁਸ਼। ਉਹਨਾਂ ਮਾਂ ਨੂੰ ਏਨਾ ਖੁਸ਼ ਪਹਿਲਾਂ ਕਦੇ ਨਹੀਂ ਸੀ ਦੇਖਿਆ, ਝਟਪਟ ਕਾਰ ਖੜੀ ਕਰਕੇ ਉਸ ਵੱਲ ਵਧੇ।
ਵੇ ਪੁੱਤ! ਵਧਾਈਆਂ, ਭਗਵਾਨ ਨੇ ਮੇਰੀ ਝੋਲੀ ‘ਚ ਬਹੁਤ ਵੱਡੀ ਖੁਸ਼ੀ ਪਾਈ ਐ, ਵੇ ਜਿਉਂਦਾ ਰਹੁ ਬੱਚਿਆ!
“ਕੁਝ ਦੱਸੋਂ ਵੀ, ਕਿਹੜੀ ਖੁਸ਼ੀ ਨੇ ਮੇਰੀ ਮਾਂ ਨੂੰ”
“ਲੈ ਜਿਵੇਂ ਪਤਾ ਈ ਨੀ ਆਪਣੀ ਕਮਲ” ਸਾਹੋ-ਸਾਹ ਹੋਈ ਮਾਂ ਨੇ ਪੁੱਤ ਨੂੰ ਫਿਰ ਜੱਫੀ ਵਿੱਚ ਲੈ ਲਿਆ, ਆਪਣੀ ਕਮਲ ਆਈ.ਏ.ਐਸ. ਵਿਚ ਸੈਕਿੰਡ ਆਈ ਐ` ਪੋਤੀ ਦੀ ਪ੍ਰਾਪਤੀ ਉੱਤੇ ਦਾਦੀ ਲਗਭਗ ਚਣ ਹੀ ਲੱਗ ਪਈ।
ਬੀ ਜੀ! ਤੁਹਾਨੂੰ ਵੀ ਬਹੁਤ ਵਧਾਈਆਂ..ਸਭ ਤੁਹਾਡੀਆਂ ਅਸੀਸਾਂ ਦਾ ਫਲ ਐ? ਡਾਕਟਰ ਤੇ ਮਿਸਿਜ਼ ਮਲਹੋਤਰਾ ਮਾਂ ਦੇ ਪੈਰਾਂ ਉਤੇ ਝੁਕ ਗਏ।
ਮਾਂ ਨੇ ਫਿਰ ਪੁੱਤਰ ਨੂੰ ਜੱਫੀ ਪਾ ਲਈ, ਪੁੱਤਰ ਨੇ ਹੌਲੀ ਜਿਹੀ ਮਾਂ ਦੇ ਕੰਨ ਵਿਚ ਕਿਹਾ, ਜਿਸ ਦਿਨ ਕਮਲ ਜੰਮੀ ਸੀ, ਉਸ ਦਿਨ ਤਾਂ ਬੀ ਜੀ! ਤੁਸੀਂ ਕਿਹਾ ਸੀ ਕਿ ਬਹੂ ਨੇ ਪੱਥਰ ਜੰਮ ਦਿੱਤਾ ਯਾਦ ਐ?
ਪਰ ਮਾਂ ਉਸੇ ਲੋਰ ਵਿਚ ਬੋਲੀ, ਭਗਵਾਨ ਵੀ ਪਹਿਲਾਂ ਪੱਥਰ ਹੀ ਹੁੰਦੈ, ਉਸ ਨੂੰ ਘੜਤਰਾਸ਼ ਕੇ ਪੂਜਣਯੋਗ ਬਣਾ ਲਿਆ ਜਾਂਦੈ।
ਮਨਪਸੰਦ ਦਾ ਘਰ ਸ਼ਰਨਜੀਤ ਦਾ ਬਚਪਨ ਤੋਂ ਹੀ ਸੁਪਨਾ ਸੀ। ਬਚਪਨ ਤੋਂ ਜਵਾਨੀ, ਤੇ ਜਵਾਨੀ ਚ ਸ਼ਾਦੀ ਹੋ ਜਾਣ ਪਿੱਛੋਂ ਉਸਦਾ ਸੁਪਨਾ ਵਾਰ-ਵਾਰ ਉਸਦੇ ਮਸਤਕ `ਚ ਦਸਤਕ ਦਿੰਦਾ ਰਿਹਾ। ਉਹ ਤੇ ਉਸਦਾ ਪਤੀ ਘਰ ਦੀ ਪ੍ਰਾਪਤੀ ਲਈ ਪੈਸਾ ਜੋੜਨ ਦੀ ਕੋਸ਼ਿਸ਼ ਕਰਦੇ ਪਰ ਬੈਂਕ ਬੈਲੈਂਸ ਉੱਥੇ ਦਾ ਉੱਥੇ ਹੀ ਰਹਿੰਦਾ। ਬੱਚਿਆਂ ਦੀ ਪਾਲਣਾ, ਪੜ੍ਹਾਈ, ਵਿਆਹ ਆਦਿ ਦੇ ਖ਼ਰਚਿਆਂ ਨੇ ਉਨ੍ਹਾਂ ਦੇ ਹੱਥ ਬੰਨੀ ਰੱਖੇ। ਉਹ ਮਕਾਨ ਤਾਂ ਬਦਲਦੇ ਰਹੇ ਪਰ ਘਰ ਨਸੀਬ ਨਾ ਹੋਇਆ। ਕਿਰਾਏ ਦੇ ਘਰਾਂ ਵਿਚ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਕਰਕੇ ਇਹ ਮਕਾਨ ਉਸ ਨੂੰ ਕਦੀ ਵੀ ਘਰ ਨਾ ਲੱਗਦੇ।
‘ਆਪਣੇ ਘਰ ਮੈਂ ਮਨ ਪਸੰਦ ਦਾ ਰੰਗ ਕਰਵਾ ਸਕਾਂਗੀ। ਜਿਸ ਦੀਵਾਰ ਤੇ ਚਾਹਾਂ ਮੇਖਾਂ ਲਗਾ ਕੇ ਫ਼ੋਟੋਆਂ ਟੰਗ ਸਕਾਂਗੀ। ਲੋੜ ਮੁਤਾਬਕ ਅਲਮਾਰੀਆਂ, ਖੁਲੀ ਰਸੋਈ ਤੇ ਬਾਥਰੂਮ ਬਣਵਾ ਸਕਾਂਗੀ। ਹੋਰ ਤਾਂ ਹੋਰ ਆਪਣੇ ਘਰ ਵਿਚ ਜਿਵੇਂ ਮਰਜ਼ੀ ਰਹਿ ਸਕਾਂਗੀ, ਜੋ ਚਾਹਾਂ ਕਰ ਸਕਾਂਗੀ। ਉੱਚੀ ਉੱਚੀ ਬੋਲਾਂਗੀ, ਨੱਚਾਂਗੀ, ਗਾਵਾਂਗੀ ਸ਼ੋਰ ਮਚਾਵਾਂਗੀ ਤੇ ਜਿਵੇਂ ਜੀ ਕਰੂ ਖਰੂਦ ਪਾਵਾਂਗੀ। ਕੋਈ ਮੈਨੂੰ ਰੋਕਣ ਟੋਕਣ ਵਾਲਾ ਨਹੀਂ ਹੋਵੇਗਾ। ਮਕਾਨ ਮਾਲਕਾਂ ਦੀਆਂ ਬੰਦਸ਼ਾਂ ਤੇ ਰੋਕਾਂ ਤੋਂ ਮੁਕਤ ਮੈਂ ਆਪਣੀ ਮਰਜੀ ਦੇ ਮਾਲਕ ਹੋਵਾਂਗੀ।
ਸ਼ਰਨਜੀਤ ਆਪਣੇ ਨਵੇਂ ਬਣਾਏ ਵਧੀਆ ਘਰ ਦੇ ਲਾਅਨ ਵਿਚ ਚਹਿਲ ਕਦਮੀ ਕਰਦੀ, ਬਚਪਨ ਦੇ ਸੁਪਨੇ ਨੂੰ ਯਾਦ ਕਰ ਰਹੀ ਸੀ। ਇਹ ਘਰ ਉਨ੍ਹਾਂ ਨੂੰ ਸੇਵਾ ਮੁਕਤੀ ਦੇ ਮਿਲੇ ਪੈਸਿਆਂ ਕਰਕੇ ਹੀ ਸੰਭਵ ਹੋ ਸਕਿਆ ਸੀ।
ਹੁਣ ਉਹ ਖ਼ੁਸ਼ ਹੈ ਕਿ ਇਹ ਨਵਾਂ ਮਕਾਨ ਉਸ ਦਾ ਆਪਣਾ ਘਰ ਹੈ। ਨਰਮ ਨਰਮ ਘਹ ਤੇ ਚਹਿਲ ਕਦਮੀ ਕਰਨਾ ਉਸਨੂੰ ਚੰਗਾ ਚੰਗਾ ਲੱਗਦਾ ਹੈ। ਉਹ ਅੰਤਰੀਵ ਖ਼ੁਸ਼ੀ ਵਿਚ ਮਸਤ ਹੈ। ਇਸੇ ਮਸਤੀ ਦੇ ਆਲਮ ਵਿਚ, ਉਸਨੇ ਕਿਸੇ ਗੀਤ ਦਾ ਮੁੱਖੜਾ, ਉੱਚੀ ਸੁਰ ਵਿਚ ਛੋਹ ਲਿਆ ਹੈ।
“ਮੰਮੀ ਪਲੀਜ਼! ਚੁੱਪ ਕਰੋ, ਉਸਦੇ ਪੁੱਤਰ ਨੇ ਅੰਦਰੋਂ ਚੀਕਦਿਆਂ ਕਿਹਾ”
“ਰੌਲਾ ਸੁਣਕੇ ਮੁੰਨੀ ਜਾਗ ਪਵੇਗੀ।”
ਉਹ ਚੁੱਪ ਕਰ ਗਈ। ਉਸਦੇ ਅੰਦਰੋਂ ਇਕ ਚੀਸ ਜਿਹੀ ਉੱਠੀ, ਮੇਰਾ ਗੁਣਗਣਾਉਣਾ ਵੀ ਬੱਚਿਆਂ ਨੂੰ ਰੌਲਾ ਲਗਦਾ ਹੈ।
ਦਰਦ ਭਰੇ ਮਨ ਨਾਲ ਉਹ ਸੋਚਣ ਲੱਗੀ ਕਿ ਇਹ ਕਿਹੋ ਜਿਹੀ ਵਿਡੰਬਣਾ ਹੈ ਕਿ ਮੈਂ ਆਪਣੇ ਘਰ ਵਿਚ ਉੱਚੀ ਵਾਜ ਵੀ ਨਹੀਂ ਕੱਢ ਸਕਦੀ। ਪੈਰਾਂ ਹੇਠਲਾ ਨਰਮ ਨਰਮ ਘਾਹ ਉਸਨੂੰ ਸੂਲਾਂ ਵਾਂਗ ਚੁੱਭਣ ਲੱਗਾ। ਟੁੱਟਦੇ ਸੁਪਨੇ ਦਾ ਹੌਕਾ ਭਰਦਿਆਂ ਉਸਨੇ ਆਪਣੇ ਆਪ ਨੂੰ ਕਿਹਾ, ‘‘ਮੈਂ ਤਾਂ ਅੱਜ ਵੀ ਆਪਣੇ ਘਰ ਨਹੀਂ, ਕਿਰਾਏ ਦੇ ਮਕਾਨ ਵਿਚ ਰਹਿ ਰਹੀ ਹਾਂ!”
ਸੜਕ ਕਿਨਾਰੇ ਖੜੀ ਫਰੂਟ ਦੀ ਰੇਹੜੀ ਕੋਲ ਜਦੋਂ ਮੈਂ ਮੋਟਰ ਸਾਈਕਲ ਰੋਕੀ ਤਾਂ ਉਥੇ ਇੱਕ ਅਧੇੜ ਉਮਰ ਦੀ ਔਰਤ ਅਤੇ ਇੱਕ ਸੁਨੱਖੀ ਮੁਟਿਆਰ ਵੀ ਫਲ ਖੀਦ ਰਹੀਆਂ ਸਨ। ਮੈਂ ਵੀ ਕੁਝ ਸੇਬ ਚੁਨਣ ਲੱਗਾ। ਇੰਨੇ ਵਿਚ ਔਰਤ ਨੇ ਇਕ ਰਿਕਸ਼ੇ ਵਾਲੇ ਨੂੰ ਅਵਾਜ਼ ਦਿੱਤੀ ਅਤੇ ਕਹਿਣ ਲੱਗੀ, ਸੁਲਤਾਨਵਿੰਡ ਰੋਡ ਟਾਹਲੀ ਵਾਲੇ ਚੌਕ ਦੇ ਕਿੰਨੇ ਪੈਸੇ। ਅੱਠ ਰੁਪਏ ਬੀਬੀ ਜੀ ਰਿਕਸ਼ੇ ਵਾਲੇ ਦਾ ਉੱਤਰ ਸੀ। ਕੋਈ ਅੱਠ ਉਠ ਨਹੀਂ ਮਿਲਣੇ, ਪੰਜ ਰੁਪਏ ਦੇ ਵਾਂਗੀ। ਔਰਤ ਨੇ ਕਿਹਾ। ਮੈਂ ਉਨ੍ਹਾਂ ਦੀ ਵਾਰਤਾਲਾਪ ਸੁਣ ਰਿਹਾ ਸਾਂ। ਮੈਂ ਔਰਤ ਨੂੰ ਕਿਹਾ ‘‘ਭੈਣ ਜੀ ਮੈਂ ਉਧਰ ਹੀ ਜਾਣਾ ਹੈ, ਤੁਸੀਂ ਮੇਰੇ ਨਾਲ ਬੈਠ ਸਕਦੇ ਹੋ।’’ ਜਾਹ ਭਰਾ ਜਾਹ ਕੰਮ ਕਰ। ਔਰਤ ਦਾ ਖਵਾ ਉੱਤਰ ਸੁਣ ਕੇ ਮੈਂ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸਾਂ। ਮੈਂ ਮੋਟਰ ਸਾਈਕਲ ਸਟਾਰਟ ਕਰ ਚੱਲਣ ਹੀ ਲੱਗਾ ਸੀ ਕਿ ਕੋਲ ਖੜੀ ਮੁਟਿਆਰ ਮੋਟਰ ਸਾਈਕਲ ਪਿੱਛੇ ਬੈਠਦੀ ਕਹਿਣ ਲੱਗੀ “ਅੰਕਲ ਜੀ ਚਲੋ ਮੈਂ ਵੀ ਉਧਰ ਹੀ ਜਾਣਾ ਹੈ। ਮੇਰੀ ਸ਼ਰਮਿੰਦਗੀ ਖਤਮ ਹੋ ਚੁੱਕੀ ਸੀ।
ਮੈਂ ਤੇ ਰਾਜੀ ਹਮੇਸ਼ਾ ਗੁੱਡੀਆਂ ਨਾਲ ਖੇਡਦੀਆਂ ਹੁੰਦੀਆਂ ਸੀ ਗੁੱਡੀਆਂ ਪਲਾਸਟਿਕ ਦੀਆਂ ਰਾਜੀ ਨੂੰ ਹਮੇਸ਼ਾ ਸ਼ੋਖ ਰੰਗ ਪਸੰਦ ਸੀ, ਮੈਂ ਕਈ ਵਾਰ ਜੇ ਕਿਸੇ ਗੁੱਡੀ ਨੂੰ ਫਿੱਕੇ ਰੰਗ ਦੇ ਕੱਪੜੇ ਪਾ ਦੇਣੇ ਤਾਂ ਉਸਨੇ ਝੱਟ ਹੀ ਬਦਲ ਦੇਣੇ ਤੇ ਗੁੱਡੀ ਨੂੰ ਫੇਰ ਦੁਲਹਨ ਵਾਂਗ ਸਜਾ ਦੇਣਾ ਮੈਨੂੰ ਕਹਿੰਦੀ ਹੁੰਦੀ ਸੀ, ਕਿਉਂ, ਗੁੱਡੀਆਂ ਦਾ ਦਿਲ ਨੀ ਹੁੰਦਾ?
ਇੰਝ ਉਹਨਾਂ ਪਲਾਸਟਿਕ ਦੀਆਂ ਗੁੱਡੀਆਂ ਦਾ ਵਿਆਹ ਰਚਾਉਂਦੇ ਕਦੋਂ ਸਾਡੀ ਉਮਰ ਵੀ ਵਿਆਹ ਲਾਇਕ ਹੋ ਗਈ ਪਤਾ ਹੀ ਨਹੀਂ ਲੱਗਾ ਮੇਰਾ ਵਿਆਹ ਪਹਿਲਾਂ ਹੋ ਗਿਆ ਤੇ ਰਾਜੀ ਦਾ ਕੁਝ ਚਿਰ ਬਾਅਦ ਤੇ ਮੈਂ ਕੁਝ ਕੁ ਮਹੀਨਿਆਂ ਬਾਅਦ ਜਦ ਆਪਣੇ ਘਰ ਗਈ ਤਾਂ ਪਤਾ ਲੱਗਾ ਕੇ ਰਾਜੀ ਵੀ ਘਰ ਆਈ ਹੋਈ ਹੈ ਮੈਂ ਭੱਜ ਕੇ ਉਸਨੂੰ ਮਿਲਣ ਗਈ ਪਰ ਰਾਜੀ ਦਾ ਰੰਗ ਰੂਪ ਤੇ ਪਹਿਰਾਵਾ ਵੇਖ ਕੇ ਮੈਥੋਂ ਦਹਿਲੀਜ਼ ਮਸਾਂ ਹੀ ਟੱਪ ਹੋਈ!
ਉਸਨੇ ਮੈਨੂੰ ਦੱਸਿਆ ਕਿ ਇੱਕ ਐਕਸੀਡੈਂਟ ਵਿਚ ਉਸਦੇ ਪਤੀ ਦੀ ਮੌਤ ਹੋ ਗਈ ਤੇ ਸਹੁਰੇ ਵਾਲਿਆਂ ਨੇ ਉਸਨੂੰ ਪੇਕੇ ਘਰ ਦਾ ਰਾਹ ਵਿਖਾ ਦਿੱਤਾ ਮੈਂ ਸਾਰਾ ਦਿਨ ਉਸ ਨਾਲ ਬੈਠੀ ਗੱਲਾਂ ਕਰਦੀ ਰਹੀ ਤੇ ਝਿਜਕਦੇ ਝਿਜਕਦੇ ਮੈਂ ਕਹਿ ਹੀ ਬੈਠੀ ਰਾਜੀ ਜਿੰਦਗੀ ਐਥੇ ਰੁਕ ਤਾਂ ਨਹੀਂ ਜਾਂਦੀ ਮੈਂ ਤੇਰੇ ਘਰ ਵਾਲਿਆਂ ਨਾਲ ਗੱਲ ਕਰ ਕੇ ਸਮਝਾਂਦੀ ਹਾਂ ਕੇ ਉਹ ਤੈਨੂੰ ਤੇ ਰੀ ਖੁਸ਼ੀਆਂ ਮੋੜਨ ਦਾ ਯਤਨ ਕਰਨ!
ਪਰ ਉਸਨੇ ਮੇਰੀ ਬਾਂਹ ਫੜ ਮੈਨੂੰ ਰੋਕ ਲਿਆ ਕਿ ਨਹੀਂ ਇਹ ਮੈਥੋਂ ਨਹੀਂ ਹੋਣਾ ਮੈਂ ਉਸਨੂੰ ਸਿਰਫ ਇੱਕੋ ਸਵਾਲ ਪੁੱਛਿਆ, “ਪਲਾਸਟਿਕ ਦੀਆਂ ਗੁੱਡੀਆਂ ਦਾ ਦਿਲ ਹੁੰਦਾ ਹੈ ਤੇ ਲਹੂ ਮਾਸ ਵਾਲੀਆਂ ਦਾ ਨਹੀਂ?”
ਉਸਨੇ ਮੇਰੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਸ਼ੋਖ ਰੰਗ ਉਸਦੇ ਚਿਹਰੇ ਤੇ ਸਾਫ ਦਿਖਾਈ ਦੇਣ ਲੱਗਾ।
ਸ਼ਹਿਰ ਦੇ ਬਾਹਰਵਾਰ ਠੇਕਾ, ਠੇਕੇ ਦੇ ਨਾਲ ਦੋ ਢਾਬੇ।
ਢਾਬਿਆਂ ਦੇ ਸਾਹਮਣੇ ਕੰਧ ਦੇ ਨਾਲ ਸੜਕ ਉੱਤੇ ਉਹ ਆਂਡਿਆਂ ਦੀ ਰੇਹੜੀ ਲਾਉਂਦਾ। ਆਮ ਤੌਰ ਤੇ ਉਹ ਕਚਹਿਰੀਆਂ ਦੇ ਬੰਦ ਹੋਣ ਤੇ ਹੀ ਆਉਂਦਾ। ਰੁਲਿਆ-ਖੁਲਿਆ ਜਿਹਾ, ਜਿਹੋ ਜਿਹਾ ਉਹ ਆਪ ਸੀ ਉਹੋ ਜਿਹੇ ਉਹਦੇ ਗਾਹਕ ਸਨ। ਦਿਹਾੜੀ-ਦੱਪਾ ਕਰਕੇ ਸਾਈਕਲਾਂ ਤੇ ਪਿੰਡਾਂ ਨੂੰ ਪਰਤ ਰਹੇ ਥੱਕੇ-ਟੁੱਟੇ ਦਿਹਾੜੀਦਾਰ ਜਾਂ ਦਿਨ-ਭਰ ਸਵਾਰੀਆਂ ਜ਼ੋ ਥੱਕੇ ਰਿਕਸ਼ਿਆਂ ਵਾਲੇ। ਸ਼ਹਿਰ ਦੀ ਭੀੜ ਤੋਂ ਬਾਹਰ ਇਕਾਂਤ ਜਿਹੀ ਥਾਂ ਠੇਕੇ ਤੋਂ ਅਧੀਆਪਊਆ ਲੈਂਦੇ। ਉਹਦੀ ਰੇਹੜੀ ਤੋਂ ਗਲਾਸ ਮਿਲ ਜਾਂਦਾ। ਘਸਮੈਲੇ ਜਿਹੇ ਪਲਾਸਟਿਕ ਦੇ ਟੀਨ ਵਿੱਚੋਂ ਬੱਬਲ-ਵੱਡਾ ਜਿਹਾ ਪਾਣੀ ਦੇ ਦਿੰਦਾ। ਪੰਜਾਂ ਰੁਪਈਆਂ ਦੇ ਦੋ ਉੱਬਲੇ ਆਂਡੇ- ਸਸਤੇ ਜਿਹੇ ਵਿਚ ਉਹ ਉਨ੍ਹਾਂ ਦਾ ਡੰਗ ਲਾਹ ਦਿੰਦਾ। ਢਾਬਿਆਂ ਵਾਲੇ ਤਾਂ ਲੁੱਟਦੇ ਸਨ। ਖਾਲੀ ਗਲਾਸ ਦੇ ਵੀ ਪੈਸੇ ਮੰਗਦੇ।
ਸਾਹਮਣੇ ਢਾਬਿਆਂ ਵਾਲੇ ਅਕਸਰ ਉਸਨੂੰ ਲਲਕਾਰੇ ਮਾਰਦੇ, “ਵਗ ਜਾ ਉਇ! ਅੱਡੇ ਤੇ ਚਲਾ ਜਾ ਐਥੇ ਬਾਹਲਾ ਦੁੱਧ ਐ ਕਿੱਥੋਂ ਰੋਡਾ ਲੱਗਿਐ ਸਾਲਾ!”
ਉਹ ਆਪਣੀ ਰੇੜੀ ਤੇ ਖਲੋਤਾ ਈ ਘੁਰ-ਘੁਰ ਕਰੀ ਜਾਂਦਾ, “ਸੜਕ ਤੇ ਖੜਾ ਕਿਉਂ? ਸੜਕ ਕਿਸੇ ਦੇ ਪਿਓ ਦੀ ਐ? ਤੁਸੀਂ ਵਗ ਜੋ ਅੱਡੇ ਤੇ ਜੇ ਬਾਹਲੇ ਔਖੇ ਓ!) ਉਹ ਢਾਬਿਆਂ ਵਾਲੇ ਨੂੰ ਘੱਟ ਪਰ ਆਪਣੇ ਗਾਹਕਾਂ ਨੂੰ ਹੀ ਜਿਵੇਂ ਸੁਣਾਉਤੀ ਕਰੀ ਜਾਂਦਾ।
ਆਪ ਹੀ ਗੱਲਾਂ ਕਰੀ ਜਾਂਦਾ। ਆਪਣੇ ਗਾਹਕਾਂ ਦਾ ਜੀਅ ਲਵਾਈ ਰੱਖਦਾ।
ਕਈ ਵਾਰੀ ਮੈਂ ਸੋਚਦਾ ਦੋ ਰੁਪਈਆਂ ਦਾ ਤਾਂ ਕੱਚਾ ਆਂਡਾ ਹੀ ਵਿਕੀ ਜਾਂਦੈ। ਇਹਨੂੰ ਕੀ ਬਚਦਾ ਹੋਊ?
ਇਕ ਸ਼ਾਮ ਮੈਂ ਸੈਰ ਲਈ ਕਚਹਿਰੀਆਂ ਮੂਹਰਦੀ ਲੰਘਿਆ ਤਾਂ ਵੇਖਿਆ ਉਸਦੀ ਰੇੜੀ ਕੰਧ ਨਾਲ ਟੇਢੀ ਹੋਈ ਪਈ ਸੀ। ਟੁੱਟੇ ਹੋਏ ਆਂਡੇ ਖਿੱਲਰੇ ਪਏ ਸਨ ਜਿਨ੍ਹਾਂ ਤੇ ਮੱਖੀਆਂ ਭਿੰਨਭਿੰਨ ਕਰ ਰਹੀਆਂ ਸਨ। ਆਪ ਉਹ ਕਿਧਰੇ ਨਜ਼ਰ ਨਹੀਂ ਆਇਆ।
ਇੱਕ ਰਿਕਸ਼ੇ ਵਾਲੇ ਤੋਂ ਪੁੱਛਿਆ ਤਾਂ ਉਸਨੇ ਦੱਸਿਆ, “ਰਾਤ ਨੇਰੇ ਹੋਏ ਬੰਦੇ ਆਏ ਤੇ ਰੇ ਹੜੀ ਭੰਨ ਗਏ, ਨਾਲੇ ਸਾਰੇ ਆਂਡੇ। ਉਹਦੇ ਸਿਰ ‘ਚ ਪਿੱਛੋਂ ਦੀ ਡਾਂਗ ਮਾਰੀ। ਉਹ ਤਾਂ ਹਸਪਤਾਲ ‘ਚ ਦਾਖਲ ਐ। ਆਹ ਢਾਬੇ ਵਾਲਿਆਂ ਦੀ ਬੇੜੀ `ਚ ਵੱਟੇ ਪਏ ਜਾਪਦੇ ਐ।”
ਉਸਨੇ ਢਾਬਿਆਂ ਵੱਲ ਕੈਰੀ ਅੱਖ ਨਾਲ ਵੇਖਦਿਆਂ ਜ਼ੋਰ ਦੀ ਜਰਦੇ ਦੀ ਪਿਚਕਾਰੀ ਮਾਰੀ।
ਰੇਲਵੇ ਸਟੇਸ਼ਨ ਦੇ ਪਲੇਟ-ਫਾਰਮ ਦੇ ਇੱਕ ਬੈਂਚ ਤੇ ਬੈਠੇ ਤਿੰਨ ਨੌਜਵਾਨ ਗੱਡੀ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੇ ਸਾਹਮਣਿਓਂ ਇੱਕ ਅਜੀਬ ਕਿਸਮ ਦਾ ਵਿਅਕਤੀ ਲੰਘਿਆ। ਜਿਸ ਦਾ ਪਹਿਰਾਵਾ ਧਾਰਮਿਕ ਸੀ। ਉਸ ਦਾ ਉੱਚਾ ਲੰਮਾ ਕੱਦ, ਮੋਟਾ ਡਾਹਢਾ ਸਰੀਰ, ਸਰੀਰ ਉਪਰ ਵੱਡਾ ਉੱਚਾ ਪੱਗੜ, ਪੱਗੜ ਉਪਰ ਲੋਹੇ ਦੇ ਚੱਕ, ਲੋਹੇ ਦੀਆਂ ਜੰਜੀਰਾਂ, ਪਾਈਆਂ ਹੋਈਆਂ ਸਨ। ਗਲ ਵਿਚ ਅਨੇਕਾਂ ਲੋਹੇ ਦੇ ਅਸਤਰ ਸ਼ਸ਼ਤਰ, ਹੱਥਾਂ ਵਿਚ ਦੋ ਤਲਵਾਰਾਂ, ਇੱਕ ਛੋਟੀ ਤੇ ਇੱਕ ਵੱਡੀ। ਪਿੱਠ ਪਿੱਛੇ ਲੋਹੇ ਦੀ ਢਾਲ ਪਿੰਜਣੀਆਂ ਉਪਰ ਪਟੇ ਚਾੜ੍ਹ ਰੱਖੇ ਸਨ। ਇੱਕ ਹੱਥ ਪਾਣੀ ਪੀਣ ਲਈ ਲੋਹੇ ਦਾ ਗਢਵਾ, ਗਲ ਵਿਚ ਲੋਹੇ ਦੇ ਮਣਕਿਆਂ ਵਾਲੀਆਂ ਅਨੇਕਾਂ ਮਾਲਾਵਾਂ, ਅੱਖਾਂ ਉਪਰ ਕਾਲੀਆਂ ਐਨਕਾਂ, ਫੌਜੀਆਂ ਵਾਂਗ ਪਰੇਡ ਕਰਦਾ ਉਹ ਜਾ ਰਿਹਾ ਸੀ।
ਤਿੰਨਾਂ ਵਿੱਚੋਂ ਇੱਕ ਨੌਜਵਾਨ ਨੇ ਸਵਾਲੀਆ ਲਹਿਜੇ ਵਿੱਚ ਪੁੱਛਿਆ, “ਇਸ ਵਿਅਕਤੀ ਸਬੰਧੀ ਤੁਹਾਡੀ ਕੀ ਰਾਏ ਹੈ?
ਇਹ ਤਾਂ ਧਾਰਮਿਕ ਵਿਅਕਤੀ ਹੈ। ਆਪਣੇ ਇਸ਼ਟ ਵਿੱਚ ਪੱਕਾ, ਰੱਬ ਦਾ ਪੁਜਾਰੀ, ਦਿੜ ਸੰਕਲਪੀ. ਸਾਧ ਬਿਰਤੀ ਵਾਲਾ, ਫੱਕਰ, ਨਿਰਪੱਖ, ਨਿਰਲੇਪ, ਸਾਦਾ ਗਰੀਬ, ਆਪਣੀ ਧੁਨ ਵਿਚ ਪੱਕਾ ਮਹਾਂ ਯਾਤਰੀ। ਇੱਕ ਨੋਜਵਾਨ ਦਾ ਉੱਤਰ ਸੀ।
ਪਰ ਪਰ ਮੇਰਾ ਖ਼ਿਆਲ ਹੈ ਦੂਜਾ ਨੌਜਵਾਨ ਬੋਲਿਆ, ਅਜਿਹੇ ਵਿਅਕਤੀ ਕੰਮ-ਚੋਰ, ਵਿਹਲੇ ਰਹਿਕੇ ਖਾਣ ਵਾਲੇ ਪਲਾਇਣਵਾਦੀ ਹੁੰਦੇ ਹਨ। ਰੱਬ ਦੀਆਂ ਦਿੱਤੀਆਂ ਖਾਣ ਵਾਲੇ, ਵਿਹਲੀ, ਭਰਮੀ, ਨਸ਼ੀਲੇ ਪਦਾਰਥਾਂ ਦੇ ਸ਼ੌਕੀਣ, ਜਿਹੜੇ ਧਾਰਮਿਕ ਪਹਿਰਾਵੇ ਸਦਕੇ ਆਪਣਾ ਹਲਵਾ ਮੰਡਾ ਚਲਾਉਂਦੇ ਹਨ। ਅਜਿਹੇ ਵਿਅਕਤੀ, ਧਰਤੀ ਤੇ ਭਾਰ ਹਨ। ਜਿੰਨ੍ਹਾਂ ਨੇ ਕਦੇ ਨਾ ਸਮਾਜ ਦਾ ਨਾ ਦੇਸ਼ ਕੌਮ ਦਾ ਭਲਾ ਕੀਤਾ ਹੁੰਦਾ ਹੈ।?
ਤੀਜਾ ਵਿਅਕਤੀ ਜੋ ਅਜੇ ਤੱਕ ਚੁੱਪ ਸੀ, ਮੁਸਕਰਾ ਕੇ ਕਹਿਣ ਲੱਗਾ, ਦੋਸਤੋ ਮੈਨੂੰ ਤਾਂ ਇੰਝ ਲੱਗਦੈ, ਅਜਿਹੇ ਬੰਦਿਆਂ ਨੂੰ ਧਰਮ ਰਾਜ ਨੇ ਸਜ਼ਾ ਦਿੱਤੀ ਹੋਈ ਹੈ। ਜਿੰਨ੍ਹਾਂ ਨੇ ਆਪਣੇ ਪਿਛਲੇ ਜਨਮ ਵਿਚ, ਭਰੂਣ ਹੱਤਿਆ ਕਰਵਾਈ ਸੀ ਖੇਤਾਂ ਵਿੱਚੋਂ ਹਰੇ ਦਰਖਤ ਕਟਵਾਏ ਸਨ, ਪਿੰਡਾਂ ਦੇ ਟੋਭੇ ਬੰਦ ਕਰਵਾਏ, ਉਨ੍ਹਾਂ ਨੂੰ ਇਸ ਜਨਮ ਵਿਚ ਹਰ ਸਮੇਂ ਪੰਜ ਕਿੱਲੋ ਸਿਰ ਤੇ , ਦਸ ਕਿੱਲੋ ਪਿੱਠ ਤੇ ਸੱਤ ਕਿੱਲੋ ਹੱਥਾਂ ਵਿਚ ਅਤੇ ਲੱਕ ਦੁਆਲੇ ਚਾਰ ਕਿੱਲੋ ਭਾਰ ਉਠਾਈ ਰੱਖਣਗੇ। ਇਹੋ ਸਜ਼ਾ ਦਾ ਇਹ ਹੁਣ ਭੁਗਤਾਣ ਕਰ ਰਹੇ ਹਨ।
ਤਿੰਨਾਂ ਵਿੱਚੋਂ ਕੌਣ ਸਹੀ ਸੀ। ਸਮਝਣਾ ਮੁਸ਼ਕਲ ਸੀ। ਇਹ ਇੰਨ੍ਹਾਂ ਦੀ ਆਪਣੀ ਆਪਣੀ ਰਾਏ ਸੀ।
ਨਵੀਂ ਆਈ ਕਲਰਕ ਕੁੜੀ ਦੀਪਾਂ ਤੇ ਹੈੱਡ ਕਲਰਕ ਅਸ਼ੋਕ ਸੀ ਵਾਸਤਵਾ ਦੇ ਆਪਸ ਵਿਚ ਘੁਲ ਮਿਲ ਜਾਣ ਦੇ ਚਰਚੇ ਸਾਰੇ ਦਫ਼ਤਰ ਵਿਚ ਸਨ।
ਨਾਜ਼ੁਕ ਤੇ ਮਾਸੂਮ ਜਿਹੀ ਵਿਖਾਈ ਦੇਂਦੀ ਦੀਪਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਬਹੁਤ ਸਾਰੇ ਮਰਦ ਕਰਮਚਾਰੀਆਂ ਨੇ ਕੀਤੀ ਪਰ ਉਹ ਕਿਸੇ ਨਾਲ ਵੀ ਖੁੱਲ੍ਹ ਕੇ ਗੱਲ ਨਾ ਕਰਦੀ। ਉਸ ਕਿਰਾਏ ਤੇ ਕਮਰਾ ਵੀ ਅਸ਼ੋਕ ਦੇ ਗੁਆਂਢ ਵਿਚ ਲਿਆ ਸੀ। ਉਹ ਅਸ਼ੋਕ ਦੇ ਸਕੂਟਰ ਦੇ ਪਿੱਛੇ ਬੈਠ ਕੇ ਦਫ਼ਤਰ ਆਉਂਦੀ ਤੇ ਉਸ ਨਾਲ ਹੀ ਵਾਪਸ ਜਾਂਦੀ। ਜਦੋਂ ਕਦੇ ਉਹ ਦੁਪਹਿਰ ਦਾ ਭੋਜਨ ਵੀ ਇਕੱਠੇ ਬਹਿ ਕੇ ਖਾ ਲੈਂਦੇ ਤਾਂ ਦਫ਼ਤਰ ਦੇ ਹੋਰ ਨੌਜਵਾਨ ਕਰਮਚਾਰੀ ਈਰਖਾ ਨਾਲ ਭੱਜ ਜਾਂਦੇ।
ਅਸ਼ੋਕ ਵਿਚ ਆਈ ਤਬਦੀਲੀ ਤੇ ਸਾਰੇ ਹੈਰਾਨ ਸਨ। ਹਮੇਸ਼ਾ ਹੀ ਆਪਣੇ ਕੰਮ ਨਾਲ ਕੰਮ ਰੱਖਣ ਵਾਲੇ ਅਸ਼ੋਕ ਨੇ ਦਫ਼ਤਰ ਵਿਚ ਕੰਮ ਕਰਦੀ ਕਿਸੇ ਹੋਰ ਕੁੜੀ ਵੱਲ ਕਦੇ ਅੱਖ ਭਰ ਕੇ ਵੀ ਨਹੀਂ ਸੀ ਵੇਖਿਆ, ਪਰ ਆਪਣੇ ਤੋਂ ਕਿਤੇ ਛੋਟੀ ਉਮਰ ਦੀ ਦੀਪਾਂ ਨਾਲ ਉਹ ਬਿਲਕੁਲ ਇਕ ਮਿਕ ਹੋਇਆ ਵਿਖਾਈ ਦੇਂਦਾ ਸੀ।
“ਕਦੇ ਸਾਨੂੰ ਵੀ ਅਸ਼ੋਕ ਸਮਝ ਕੇ ਚਾਹ ਦੀ ਪਿਆਲੀ ਸਾਂਝੀ ਕਰ ਲਿਆ ਕਰੋ- ਅਸੀਂ ਵੀ ਇਸੇ ਦਫ਼ਤਰ ਵਿਚ ਕੰਮ ਕਰਦੇ ਹਾਂ….ਕੀ ਫ਼ਰਕ ਏ ਸਾਡੇ ਤੇ ਅਸ਼ੋਕ ਵਿੱਚ।’’ ਕੁੜੀਆਂ ਦਾ ਸ਼ਿਕਾਰੀ ਕਹਾਉਣ ਵਾਲੇ ਸਟੈਨੋ ਕੁਲਦੀਪ ਨੇ ਚਾਹ ਦੀ ਪਿਆਲੀ ਬਦੋ ਬਦੀ ਦੀਪਾਂ ਦੇ ਹੱਥ ਵਿਚ ਪਕੜਾਉਂਦਿਆਂ ਕਿਹਾ ਸੀ।
“ਫਰਕ ਤਾਂ ਬਹੁਤ ਹੈ ਮਿਸਟਰ ਕੁਲਦੀਪ! ਬਿਗਾਨੀ ਕੁੜੀ ਨੂੰ ਚਾਹ ਦਾ ਕੱਪ ਪੇਸ਼ ਕਰਨ ਵਾਲੇ ਤਾਂ ਤੁਹਾਡੇ ਵਰਗੇ ਬਹੁਤ ਨੇ ਪਰ ਉਸਨੂੰ ਛੋਟੀ ਭੈਣ ਦਾ ਦਰਜ਼ਾ ਅਸ਼ੋਕ ਵਰਗਾ ਕੋਈ ਭਲਾ ਮਨੁੱਖ ਹੀ ਦੇ ਸਕਦਾ ਹੈ।”
ਕੁਲਦੀਪ ਦੇ ਕੰਬਦੇ ਹੱਥਾਂ ਵਿਚੋਂ ਚਾਹ ਦਾ ਕੱਪ ਡਿਗਣੋਂ ਮਸਾਂ ਹੀ ਬਚਿਆ।
ਧਾਗਾ
ਉਸ ਧਾਰਮਿਕ ਸਥਾਨ ਤੇ ਮੱਥਾ ਟੇਕਣ ਮਗਰੋਂ, ਉਹ ਵੀ ਪਰਕਰਮਾ ਪੂਰੀ ਕਰਦੀ ਪਈ ਸੀ ਕਿ ਉਸ ਧਾਰਮਿਕ ਥਾਂ ਦੇ ਪਿਛਵਾੜੇ ਇਕ ਦਰੱਖਤ ਦੀਆਂ ਨੀਵੀਆਂ ਟਾਹਣੀਆਂ ਤੇ ਕੁਝ ਔਰਤਾਂ ਨੂੰ ਧਾਗੇ ਬੰਦੇ ਵੇਖ ਉਸ ਨੇ ਪੁਜਾਰੀ ਨੂੰ ਪੁੱਛਿਆ, “ਇਹ ਧਾਗੇ ਬੰਨ੍ਹਣ ਨਾਲ ਕੀ ਹੁੰਦੈ?”
“ਕੋਈ ਮੰਨਤ ਮੰਨ ਕੇ ਇੱਥੇ ਧਾਗਾ ਬੰਨ੍ਹ ਦਿਓ ਤਾਂ ਇਸ ਥਾਂ ਦੀ ਸ਼ਕਤੀ ਨਾਲ ਮੰਨਤ ਜਰੂਰ ਪੂਰੀ ਹੁੰਦੀ ਹੈ। ਮੰਨਤ ਪੂਰੀ ਹੋਣ ਤੇ ਇੱਥੇ ਆ ਕੇ ਧਾਗਾ ਖੋਲ ਦੇਈਦਾ ਹੈ।”
“ਪਰ ਸਾਨੂੰ ਆਪਣੇ ਧਾਗੇ ਦੀ ਪਛਾਣ ਕਿਵੇਂ ਹੋਵੇਗੀ, ਰੋਜ਼ ਬੱਝਦੇ ਇੰਨੇ ਧਾਗਿਆਂ ‘ਚੋਂ।”
‘ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਜਿਹੜਾ ਮਰਜ਼ੀ ਖੋਲ੍ਹ ਦਿਓ। ਮਤਲਬ ਤਾਂ ਇੱਥੇ ਹਾਜ਼ਰੀ ਲਵਾਉਣ ਨਾਲ ਐ।’
“ਅੱਛਾ, ਇਹ ਸਾਰੇ ਧਾਗੇ ਅੱਜ ਹੀ ਬੰਨੇ ਨੇ ਲੋਕਾਂ ਨੇ??? ਉਸ ਨੇ ਉਸ ਸਥਾਨ ਤੇ ਜੁੜੀ ਸ਼ਰਧਾਲੂਆਂ ਦੀ ਭੀੜ ਵੱਲ ਤੇ ਧਾਗਿਆਂ ਨਾਲ ਭਰੀਆਂ ਟਾਹਣੀਆਂ ਵੇਖਦਿਆਂ ਪੁੱਛਿਆ।
ਨਹੀਂ…..ਨਹੀਂ….ਅੱਜ ਹੀ ਨਹੀਂ… ਕਈ ਸਾਲਾਂ ਤੋਂ…।”
“ਠੀਕ ਹੈ’’ ਕਹਿ ਕੇ ਉਸ ਨੇ ਹੱਥਲਾ ਧਾਗਾ ਆਪਣੀ ਵੀਣੀ ਤੇ ਵਲੇਟਿਆ। ਫਿਰ ਪੁਜਾਰੀ ਤੇ ਗੁੱਝਾ ਜਿਹੀ ਮੁਸਕਰਾਹਟ ਛੱਡਦੀ ਉਹ ਧਾਰਮਿਕ ਸਥਾਨ ਦੀਆਂ ਪੌੜੀਆਂ ਉੱਤਰ ਆਈ।