ਚਮਤਕਾਰ ਦੀ ਕੀਮਤ

by Manpreet Singh

ਪੁੱਤਰ ਬਿਮਾਰ ਸੀ, ਦਿਮਾਗ ਵਿਚ ਰਸੌਲੀ ਸੀ, ਓਪਰੇਸ਼ਨ ਲਈ ਪੈਸੇ ਨਹੀਂ ਸਨ। ਪਰਿਵਾਰ ਪਰੇਸ਼ਾਨ ਸੀ। ਪਤੀ ਨੇ ਪਤਨੀ ਨੂੰ ਕਿਹਾ: ਸਾਡੇ ਪੁੱਤਰ ਨੂੰ ਹੁਣ ਕੋਈ ਚਮਤਕਾਰ ਹੀ ਬਚਾ ਸਕਦਾ ਹੈ। ਇਹ ਗੱਲ ਸੁਣ ਕੇ ਬਿਮਾਰ ਪੁੱਤਰ ਦੀ ਅੱਠ ਸਾਲ ਦੀ ਭੈਣ, ਸੋਨੀਆ ਆਪਣੇ ਕਮਰੇ ਵਿਚ ਗਈ, ਆਪਣੀ ਬੁਘਣੀ ਤੋੜੀ, ਉਸ ਵਿਚ ਜਿਤਨੀ ਮਾਇਆ ਸੀ, ਉਹ ਲੈ ਕੇ, ਉਹ ਇਕੱਲੀ, ਦਿਵਾਈਆਂ ਦੀ ਦੁਕਾਨ ਤੇ ਗਈ।
ਸੋਨੀਆ ਇਨੀ ਛੋਟੀ ਸੀ ਕਿ ਦੁਕਾਨਦਾਰ ਨੂੰ ਦਿਖੀ ਹੀ ਨਹੀ। ਕੈਮਿਸਟ ਨੇ ਉਪਰੋਂ ਜਦੋ ਝੁਕ ਕੇ ਵੇਖਿਆ ਤੇ ਪੁੱਛਿਆ ਕੀ ਚਾਹੀਦਾ ਹੈ? ਸੰਜੋਗਵਸ ਕੈਮਿਸਟ ਦੇ ਭਰਾ ਕਾਰਲਟਨ, ਜਿਹੜਾ ਪ੍ਰਸਿੱਧ ਨਿਊਰੋਸਰਗਨ ਸੀ, ਓਥੇ ਬੈਠਾ ਸੀ।
ਸੋਨੀਆ ਨੇ ਕਿਹਾ : ਮੈਨੂੰ ਚਮਤਕਾਰ ਚਾਹੀਦਾ ਹੈ। ਮੇਰਾ ਭਰਾ ਬਿਮਾਰ ਹੈ, ਉਸਦੇ ਸਿਰ ਵਿਚ ਕੋਈ ਬਿਮਾਰੀ ਹੈ, ਮੇਰੇ ਪਿਤਾ ਕਹਿੰਦੇ ਹਨ, ਇਸਨੂੰ ਤਾਂ ਹੁਣ ਕੋਈ ਚਮਤਕਾਰ ਹੀ ਬਚਾ ਸਕਦਾ ਹੈ, ਮੈਂ ਉਹ ਚਮਰਕਾਰ ਲੈਣ ਆਈ ਹਾਂ।
ਕਾਰਲਟਨ ਨੇ ਪੁੱਛਿਆ: ਤੇਰੇ ਭਰਾ ਨੂੰ ਕਿਹੋ ਜਿਹਾ ਚਮਤਕਾਰ ਚਾਹੀਦਾ ਹੈ? ਅੱਥਰੂਆਂ ਨਾਲ ਭਰੀਆਂ ਅੱਖਾਂ ਨਾਲ ਸੋਨੀਆ ਨੇ ਕਿਹਾ: ਮੈਨੂੰ ਨਹੀਂ ਪਤਾ, ਚਮਤਕਾਰ ਕਿਹੋ ਜਿਹਾ ਹੁੰਦਾ ਹੈ। ਮੈਂ ਤਾਂ ਜਾਣਦੀ ਹਾਂ ਕਿ ਉਹ ਬਹੁਤ ਬਿਮਾਰ ਹੈ, ਉਸਨੂੰ ਓਪਰੇਸ਼ਨ ਦੀ ਲੋੜ ਹੈ, ਜਿਸ ਵਾਸਤੇ ਸਾਡੇ ਕੋਲ ਪੈਸੇ ਨਹੀਂ।
ਕਾਰਲਟਨ ਨੇ ਉਸਦੀ ਮੀਟੀ ਹੋਈ ਮੁੱਠੀ ਵੇਖ ਕੇ ਪੁੱਛਿਆ, ਤੇਰੇ ਕੋਲ ਚਮਤਕਾਰ ਖਰੀਦਣ ਲਈ ਕਿੰਨੇ ਪੈਸੇ ਹਨ? ਸੋਨੀਆ ਨੇ ਦੱਸਿਆ: ਮੈਂ ਆਪਣੀ ਬੁਘਣੀ ਤੋੜ ਕੇ ਸਾਰੇ ਪੈਸੇ ਲੈਕੇ ਆਈ ਹਾਂ। ਇਹ ਇਕ ਡਾਲਰ ਅਤੇ ਗਿਆਰਾਂ ਸੈਂਟ ਹਨ।
ਕਾਰਲਟਨ ਨੇ ਕਿਹਾ: ਚਮਤਕਾਰ ਵਾਸਤੇ ਇਹ ਕਾਫੀ ਹਨ।
ਕਾਰਲਟਨ ਨੇ ਸੋਨੀਆ ਦੇ ਹੱਥ ਫੜ ਕੇ ਕਿਹਾ: ਮੈਨੂੰ ਆਪਣੇ ਭਰਾ ਕੋਲ ਲੈ ਚੱਲ।
ਉਸ ਡਾਕਟਰ ਕਾਰਲਟਨ ਨੇ ਆਪਣੇ ਹਸਪਤਾਲ ਵਿਚ ਮੁਫ਼ਤ ਓਪਰੇਸ਼ਨ ਕੀਤਾ। ਗਰੀਬ ਪਰਿਵਾਰ ਦਾ ਪੁੱਤਰ ਠੀਕ ਹੋ ਗਿਆ। ਸੋਨੀਆ ਦੀ ਮਾਂ ਨੇ ਹੈਰਾਨੀ ਨਾਲ ਪੁੱਛਿਆ ਕਿ ਚਮਤਕਾਰ ਦੀ ਕੀਮਤ ਕੀ ਸੀ ਅਤੇ ਇਹ ਕਿਸ ਨੇ ਚੁਕਾਈ ਸੀ?
ਕਾਰਲਟਨ ਨੇ ਕਿਹਾ: ਇਸਦੀ ਕੀਮਤ ਇਕ ਭੈਣ ਦੇ ਅੱਥਰੂ ਅਤੇ ਮਾਨਵਤਾ ਵਿਚ ਅਤੁੱਟ ਵਿਸ਼ਵਾਸ ਸੀ, ਇਹ ਕੀਮਤ ਤੁਹਾਡੀ ਬੇਟੀ ਸੋਨੀਆ ਨੇ ਚੁਕਾਈ ਸੀ।

ਖਿੜਕੀਆਂ
ਨਰਿੰਦਰ ਸਿੰਘ ਕਪੂਰ

You may also like