ਜਿੰਦਗੀ

by Bachiter Singh

ਉਹ ਲੱਗਦੀ ਤਾਂ ਮੇਰੀ ਸਕੀ ਭੂਆ ਸੀ ਪਰ ਉਸਦਾ ਇਸ ਤਰਾਂ ਬਿਨਾ ਦਸਿਆ ਸਾਡੇ ਘਰੇ ਆਉਣਾ ਮੈਨੂੰ ਕਦੇ ਵੀ ਚੰਗਾ ਨਾ ਲੱਗਦਾ..
ਉਹ ਰੋਹਬ ਦਿਖਾਉਣ ਉਚੇਚਾ ਅੰਬੈਸਡਰ ਕਾਰ ਤੇ ਆਇਆ ਕਰਦੀ..
ਫੇਰ ਘਰ ਦੀ ਹਰ ਨੁੱਕਰ ਦਾ ਮੁਆਇਨਾ ਕਰਦੀ..ਵੇਹੜੇ ਵਿਚ ਗੋਹਾ ਫੇਰਦੀ ਮਾਂ ਨੂੰ ਸਾਰਾ ਕੁਝ ਵਿਚ ਵਿਚਾਲੇ ਛੱਡ ਉਸਦੀ ਖਾਤਿਰ-ਦਾਰੀ ਵਿਚ ਰੁੱਝਣਾ ਪੈਂਦਾ..ਉਹ ਢੇਰ ਸਾਰੀਆਂ ਗੱਲਾਂ ਕਰਦੀ/ਪੁੱਛਦੀ ਫੇਰ ਥੋੜੀ ਦੇਰ ਬਾਅਦ ਗੱਲਬਾਤ ਦਾ ਕੇਂਦਰ ਬਿੰਦੂ ਮੇਰੇ ਵੱਲ ਮੁੜ ਜਾਂਦਾ..!
ਉਹ ਕਦੀ ਮੇਰੇ ਕੱਪੜਿਆਂ ਅਤੇ ਕਦੀ ਮੇਰੇ ਕਦ ਤੇ ਬੇਲੋੜੀ ਟਿੱਪਣੀ ਕਰਦੀ ਅਤੇ ਕਦੇ ਮੇਰੇ ਆਏ ਹੋਏ ਨੰਬਰ ਉਸਨੂੰ ਘੱਟ ਲੱਗਦੇ..ਫੇਰ ਬਹਾਨੇ ਜਿਹੇ ਨਾਲ ਆਪਣੇ ਫੌਜ ਵਿਚ ਅਫਸਰ ਮੁੰਡੇ ਦਾ ਜਿਕਰ ਛੇੜ ਲੈਂਦੀ..ਫੇਰ ਘੜੀ ਕੂ ਮਗਰੋਂ ਆਪਣੀ ਕਨੇਡਾ ਵਿਆਹੀ ਧੀ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਲੈਂਦੀ.. ਏਨੇ ਨੂੰ ਮੇਰਾ ਬਾਪ ਬਾਹਰੋਂ ਖੇਤਾਂ ਵਿਚੋਂ ਮਿੱਟੀਓਂ ਮਿੱਟੀ ਹੋਇਆ ਘਰ ਆਉਂਦਾ ਤਾਂ ਆਖਦੀ ਗੁਰਮੁਖ ਤੂੰ ਵੀ ਆਪਣੀ ਧੀ ਬਾਹਰ ਵਿਆਹ ਦੇ..ਮੁੜ ਇਹ ਸਾਰਾ ਟੱਬਰ ਕੋਲ ਬੁਲਾ ਲਊ ਤੇ ਤੁਹਾਡੀ ਵੀ ਇਹ ਜੂਨ ਕੱਟੀ ਜਾਊ..ਮੈਨੂੰ ਇੰਝ ਲੱਗਦਾ ਸਲਾਹ ਨਹੀਂ ਸਾਡਾ ਮਜਾਕ ਉਡਾ ਰਹੀ ਹੁੰਦੀ..ਇਹ ਸਾਰਾ ਕੁਝ ਸੁਣ ਮਾਂ ਚੁੱਪ ਰਹਿੰਦੀ..ਤੇ ਬਾਪ ਹੱਸਦਾ ਰਹਿੰਦਾ..ਉਸਨੂੰ ਕਦੀ ਗੁੱਸਾ ਨਹੀਂ ਸੀ ਲੱਗਾ..ਵੱਡੀ ਭੈਣ ਜੂ ਸੀ ਉਸਦੀ..! ਉਹ ਵਾਵਰੋਲੇ ਵਾਂਙ ਆਉਂਦੀ ਤੇ ਮੁੜ ਢੇਰ ਸਾਰੀਆਂ ਖ਼ਾਤਰਾਂਂ ਕਰਵਾ ਵਾਪਿਸ ਚਲੀ ਜਾਂਦੀ..ਮਗਰੋਂ ਸਾਡੇ ਕਲੇਸ਼ ਪੈ ਜਾਂਦਾ..ਕਿਸੇ ਗੱਲ ਤੋਂ ਮਾਂ ਬਾਪ ਆਪਸ ਵਿਚ ਲੜ ਪੈਂਦੇ..ਮਾਂ ਆਖਦੀ ਮੈਂ ਨਹੀਂ ਵਿਆਉਣੀ ਅਜੇ ਤੇ ਬਾਪ ਆਖ ਦਿੰਦਾ ਕੇ ਜੇ ਰਿਸ਼ਤਾ ਚੰਗਾ ਹੋਵੇ ਤਾਂ ਹਰਜ ਵੀ ਕੀ ਏ..ਮੈਨੂੰ ਚੰਗੀ ਤਰਾਂ ਪਤਾ ਸੀ ਕੇ ਜੇ ਮੇਰਾ ਰਿਸ਼ਤਾ ਇਸ ਔਰਤ ਦੇ ਰਾਹੀ ਹੋਇਆ ਤਾਂ ਮੈਨੂੰ ਸਾਰੀ ਉਮਰ ਇਸਦੀ ਗੁਲਾਮੀ ਕਰਨੀ ਪੈਣੀ ਏ.. ਫੇਰ ਕੁਝ ਦਿਨਾਂ ਮਗਰੋਂ ਰਿਸ਼ਤੇ ਵਾਸਤੇ ਫੋਟੋ ਘੱਲ ਦਿਆ ਕਰਦੀ..ਨਾਲ ਆਖ ਦਿੰਦੀ ਕੇ ਉਮਰ ਅਤੇ ਸ਼ਕਲ ਤੇ ਨਾ ਜਾਇਓ..ਮੁੰਡੇ ਦਾ ਲੱਖਾਂ ਦਾ ਕਾਰੋਬਾਰ ਏ..ਮੈਂ ਫੋਟੋ ਵੇਖਦੀ ਤਾਂ ਉਹ ਮੈਨੂੰ ਆਪਣੇ ਬਾਪ ਦੀ ਉਮਰ ਦਾ ਲੱਗਦਾ..ਮੈਂ ਮਾਂ ਨਾਲ ਦਿਲ ਫਰੋਲਦੀ..ਸਾਡੇ ਘਰ ਫੇਰ ਕਲੇਸ਼ ਪੈਂਦਾ..ਆਪਸੀ ਬੋਲਚਾਲ ਬੰਦ ਰਹਿੰਦੀ..ਉੱਤੋਂ ਉਹ ਸੁਨੇਹੇ ਤੇ ਸੁਨੇਹਾ ਘੱਲਦੀ ਰਹਿੰਦੀ..ਕੇ ਕੋਈ ਜੁਆਬ ਦੇਵੋ!
ਮਾਂ ਹਮੇਸ਼ਾਂ ਮੇਰਾ ਪੱਖ ਪੂਰਿਆ ਕਰਦੀ..ਆਖਦੀ ਤੂੰ ਬੱਸ ਪੜਾਈ ਵੱਲ ਧਿਆਨ ਦੇ..ਮੈਨੂੰ ਆਪਣੀ ਮਾਂ ਬੜੀ ਚੰਗੀ ਲੱਗਦੀ..ਸੰਘਣੇ ਬੋਹੜ ਦੀ ਛਾਂ ਵਰਗੀ.. ਫੇਰ ਚੰਗੀ ਭਲੀ ਤੁਰੀ ਜਾਂਦੀ ਸਾਡੀ ਜਿੰਦਗੀ ਤੇ ਅਚਾਨਕ ਆਸਮਾਨੀ ਬਿਜਲੀ ਆਣ ਪਈ..ਧਾਰਾਂ ਚੋਣ ਗਈ ਮਾਂ ਨੂੰ ਕਰੰਟ ਲੱਗ ਗਿਆ..ਉਹ ਓਥੇ ਹੀ ਮੁੱਕ ਗਈ..ਸੰਸਕਾਰ ਮਗਰੋਂ ਕਿੰਨੇ ਦਿਨ ਯਕੀਨ ਹੀ ਨਹੀਂ ਹੋਇਆ ਕੇ ਉਹ ਹੈ ਨਹੀਂ..
ਕਿੰਨੀ ਵਾਰ ਭੁਲੇਖੇ ਪੈਂਦੇ..ਕਿੰਨੀ ਵਾਰ ਕੰਸੋਵਾਂ ਹੁੰਦੀਆਂ ਕੇ ਉਹ ਲਾਗੇ ਹੀ ਹੈ ਪਰ ਮੈਂ ਜਿਆਦਾ ਨਾ ਰੋਂਦੀ ਕਿਓੰਕੇ ਦੋ ਨਿੱਕੇ ਭੈਣ ਭਾਈ ਵੀ ਸਨ..ਉਹ ਵੀ ਨਾਲ ਹੀ ਸ਼ੁਰੂ ਹੋ ਜਾਇਆ ਕਰਦੇ.. ਮੇਰੀ ਜੁੰਮੇਵਾਰੀ ਵੱਧ ਗਈ..ਪਰ ਨਾਲ ਨਾਲ ਭੂਆ ਦਾ ਸਾਡੇ ਘਰ ਤੇ ਦਖਲ ਵੀ..ਫੇਰ ਉਸਨੇ ਇੱਕ ਰਿਸ਼ਤੇ ਦੀ ਦੱਸ ਪਾਈ..ਮੁੰਡਾ ਇੰਗਲੈਂਡ ਪੜਾਈ ਕਰਨ ਗਿਆ ਸੀ..ਭੂਆ ਦੇ ਸਹੁਰਿਆਂ ਵੱਲ ਦੀ ਰਿਸ਼ਤੇਦਾਰੀ ਵਿਚੋਂ ਸੀ.

ਮੈਂ ਨਾਂਹ ਕਰਨ ਦੀ ਸਥਿਤੀ ਵਿਚ ਨਹੀਂ ਸਾਂ..ਇੱਕ ਗੱਲ ਜਿਹੜੀ ਮੈਨੂੰ ਦਿਲਾਸਾ ਦਿੰਦੀ ਸੀ ਕੇ ਮੁੰਡਾ ਵੱਡੀ ਉਮਰ ਦਾ ਨਹੀਂ ਸੀ..ਡੋਲੀ ਤੁਰਨ ਵੇਲੇ ਦੋਵੇਂ ਨਿੱਕੇ ਬੜਾ ਰੋਏ..ਦਿਲਾਸਾ ਦਿੱਤਾ ਕੇ ਫਿਕਰ ਨਾ ਕਰਿਓ..! ਫੇਰ ਇੱਕ ਹੋਰ ਵਾਪਰੀ ਨੇ ਰਹਿ ਗਿਆ ਸਾਹ ਸੱਤ ਵੀ ਕੱਢ ਲਿਆ..
ਵਿਆਹੀ ਨੂੰ ਅਜੇ ਮਹੀਨਾ ਵੀ ਨਹੀਂ ਸੀ ਹੋਇਆ ਕੇ ਭੂਆ ਨੇ ਮੇਰੇ ਬਾਪ ਦਾ ਦੂਜਾ ਵਿਆਹ ਕਰ ਦਿੱਤਾ..ਮੈਂ ਬੁਰੀ ਤਰਾਂ ਠੱਗਿਆ ਹੋਇਆ ਮਹਿਸੂਸ ਕੀਤਾ..ਮੇਰੇ ਵਿਆਹ ਦੀ ਅਸਲ ਕਹਾਣੀ ਮੇਰੇ ਜ਼ਿਹਨ ਵਿਚ ਘੁੰਮ ਗਈ..ਮੈਨੂੰ ਇਸੇ ਲਈ ਹੀ ਵਿਆਹਿਆ ਗਿਆ ਸੀ ਕੇ ਕੋਈ ਅੜਿੱਕਾ ਨਾ ਡਾਹਵੇ..ਇਸ ਮਗਰੋਂ ਚਾਰੇ ਪਾਸਿਓਂ ਚੁਣੌਤੀਆਂ ਦੀ ਸੁਨਾਮੀ ਜਿਹੀ ਆ ਗਈ..ਬੜਾ ਕੁਝ ਹੋਇਆ..ਮੇਰਾ ਤਲਾਕ..ਮੇਰੀ ਨਿੱਕੀ ਭੈਣ ਦਾ ਤਲਾਕ ਅਤੇ ਫੇਰ ਨਿੱਕੇ ਵੀਰ ਦਾ ਵਿਆਹ ਮਗਰੋਂ ਸਾਥੋਂ ਮੂੰਹ ਮੋੜ ਜਾਣਾ..ਫੇਰ ਇੱਕ ਦਿਨ ਮੇਰਾ ਬਾਪ ਵੀ ਚਲਾ ਗਿਆ..ਚੰਗਾ ਸੀ ਤੇ ਭਾਵੇਂ ਮਾੜਾ ਪਰ ਜਦੋਂ ਉਸਦੀ ਖਬਰ ਸੁਣੀ ਤਾਂ ਬੜਾ ਰੋਈ..ਮਾਂ ਵੀ ਬੜਾ ਚੇਤੇ ਆਈ..! ਹੁਣ ਅਕਸਰ ਹੀ ਨਵੀਂ ਮਾਂ ਅਤੇ ਮੇਰੇ ਵੀਰ ਵਿਚ ਚੱਲਦੇ ਜਾਇਦਾਤ ਦੀ ਝਗੜੇ ਦੀਆਂ ਪੈਂਦੀਆਂ ਲੰਮੀਆਂ ਤਰੀਕਾਂ ਤੇ ਜਾਣਾ ਪੈ ਜਾਂਦਾ ਏ..ਕਦੀ ਕਦੀ ਸਬੱਬ ਨਾਲ ਉਸ ਵੇਹੜੇ ਦਾ ਚੱਕਰ ਵੀ ਲੱਗ ਹੀ ਜਾਂਦਾ ਜਿਥੇ ਕਿਸੇ ਵੇਲੇ ਮੇਰੀ ਮਾਂ ਗੋਹਾ ਫੇਰਿਆ ਕਰਦੀ ਹੁੰਦੀ ਸੀ.. ਅਖੀਰ ਵਿਚ ਦੋ ਗੱਲਾਂ ਆਖਣਾ ਚਾਹੁੰਦੀ ਹਾਂ
ਪਹਿਲੀ ਇਹ ਕੇ ਜਰੂਰੀ ਨਹੀਂ ਜਿੰਦਗੀ ਵਿਰਾਸਤ ਵਿਚ ਹਮੇਸ਼ਾਂ ਸੋਨਾ ਚਾਂਦੀ ਅਤੇ ਵੱਡਿਆਂ ਜਾਇਦਾਤਾਂ ਹੀ ਭੇਂਟ ਕਰੇ..ਕਈ ਵਾਰ ਮੁਫ਼ਤ ਵਿਚ ਮਿਲੀਆਂ ਅਣਕਿਆਸੀ ਜੁੰਮੇਵਾਰੀ ਦੀਆਂ ਵੱਡੀਆਂ-ਵੱਡੀਆਂ ਪੰਡਾ ਵੀ ਚੁੱਕਣੀਆਂ ਪੈ ਜਾਂਦੀਆਂ ਨੇ..
ਦੂਜਾ ਧੀਆਂ ਵਾਸਤੇ ਮਾਂ ਦਾ ਅਖੀਰ ਵੇਲੇ ਤੱਕ ਕੋਲ ਹੋਣਾ ਏਨਾ ਹੀ ਜਰੂਰੀ ਏ ਜਿੰਨਾ ਸਾਹਾਂ ਦੀ ਡੋਰ ਚੱਲਦੀ ਰੱਖਣ ਲਈ ਹਵਾ ਦਾ..!
(ਕਿਸੇ ਵੱਲੋਂ ਭੇਜੇ ਇਸ ਸੱਚੇ ਬਿਰਤਾਂਤ ਦਾ ਮਕਸਦ ਭੂਆ ਦੇ ਰਿਸ਼ਤੇ ਨੂੰ ਭੰਡਣਾ ਹਰਗਿਜ ਨਹੀਂ)

ਅਗਿਆਤ

You may also like