ਵਰਤਮਾਨ

by Manpreet Singh

ਇੱਕ ਗੋਰਾ ਏ..ਉਮਰ ਹੋਵੇਗੀ ਕੋਈ ਅਠੱਤਰ–ਉਣੀਆਸੀ ਸਾਲ…ਅਜੇ ਵੀ ਘੋੜੇ ਵਾਂਙ ਹਰ ਕੰਮ ਭੱਜ ਭੱਜ ਕੇ ਕਰਦਾ!
ਇੱਕ ਦਿਨ ਕਾਫੀ ਪੀਂਦਿਆਂ ਮਖੌਲ ਜਿਹੇ ਨਾਲ ਪੁੱਛ ਲਿਆ ਕੇ ਦੋਸਤਾ ਜੇ ਕੋਈ ਕੈਂਸਰ-ਕੂੰਸਰ/ਐਕਸੀਡੈਂਟ ਨਾ ਹੋਇਆ ਤਾਂ ਸਾਡੇ ਕੋਲ ਤੇ ਅਜੇ ਤੀਹ ਪੈਂਤੀ ਸਾਲ ਹੈਗੇ ਨੇ ਪਰ ਤੇਰੀ ਤੇ ਐਕਸਪਾਇਰੀ ਡੇਟ ( ਮਿਆਦ ) ਲੰਘ ਚੁਕੀ ਏ.!
ਤੈਨੂੰ ਹੁਣ ਕਿੱਦਾਂ ਲੱਗਦਾ…?

ਬੜੀ ਜ਼ੋਰ ਦੀ ਹਸਿਆ ਫੇਰ ਆਖਣ ਲੱਗਾ…
ਕੇ ਜਦੋਂ ਰਾਤ ਨੂੰ ਸੌਣ ਲੱਗਦਾ ਹਾਂ ਤਾਂ ਜੋ ਕੁਝ ਵੀ ਉਸ ਸਾਰੇ ਦਿਨ ਵਿਚ ਹੋਇਆ ਹੁੰਦਾ ਏ ਸਾਰਾ ਕੁਝ ਭੁੱਲ ਭੁਲਾ ਕੇ ਅਰਦਾਸ ਕਰੀਦੀ ਏ ਕੇ ਰੱਬਾ ਅਗਲੇ ਦਿਨ ਦੀ ਸੁਵੇਰ ਦੇਖਣ ਦੀ ਤੌਫ਼ੀਕ ਬਖਸ਼ ਦੇਵੀਂ..
ਫੇਰ ਜਦੋਂ ਅਗਲੇ ਦਿਨ ਆਪਣੇ ਆਪ ਨੂੰ ਜਿਉਂਦਾ ਜਾਗਦਾ ਸਾਹ ਲੈਂਦਾ ਹੋਇਆ ਦੇਖਦਾ ਹਾਂ ਤਾਂ ਦੋਵੇਂ ਬਾਹਵਾਂ ਉੱਪਰ ਨੂੰ ਚੁੱਕ ਸ਼ੁਕਰਾਨਾ ਜਰੂਰ ਕਰ ਦਿੰਦਾ ਹਾਂ…
ਤੇ ਫੇਰ ਮਗਰੋਂ ਉਸ ਦਿਨ ਦੀ ਕੀਤੀ ਹੋਈ ਮੋਟੀ-ਮੋਟੀ ਪਲਾਨਿੰਗ ਨੂੰ ਅਮਲੀ ਰੂਪ ਦੇਣਾ ਸ਼ੁਰੂ ਕਰ ਦੇਈਦਾ..
ਯੋਜਨਾਵਾਂ ਵੀ ਕੋਈ ਲੰਮੀਆਂ ਚੌੜੀਆਂ ਨਹੀਂ ਬਨਾਈਦੀਆਂ…ਬਸ ਓਸੇ ਦਿਨ ਦਾ ਹੀ ਮੋਟਾ-ਮੋਟਾ ਜਿਹਾ ਹਿਸਾਬ ਕਿਤਾਬ ਰੱਖਿਆ ਹੁੰਦਾ!
ਬੱਚੇ ਸੈੱਟ ਨੇ..ਜੇ ਨਾ ਵੀ ਹੁੰਦੇ ਮੈਨੂੰ ਕੋਈ ਪ੍ਰਵਾਹ ਨਾ ਹੁੰਦੀ..ਸਾਰੀ ਉਮਰ ਦਾ ਠੇਕਾ ਥੋੜੀ ਲਿਆ…ਹਾਂ ਪੋਤਰੇ ਪੋਤਰੀਆਂ..ਦੋਹਤੇ ਦੋਹਤੀਆਂ ਨਾਲ ਥੋੜਾ ਬਹੁਤ ਮੋਹ ਜਰੂਰ ਹੈ ਬਸ…

ਅਖੀਰ ਇੱਕ ਗੱਲ ਜ਼ੋਰ ਦੀ ਕੇ ਆਖਣ ਲੱਗਾ ਕੇ ਲੰਘੇ ਸਮੇ ਵਿਚ ਹੋਈਆਂ ਗਲਤੀਆਂ ਤੇ ਨਫ਼ੇ ਨੁਕਸਾਨ ਬਾਰੇ ਸੋਚ ਕਦੀ ਵੀ ਆਪਣਾ ਵਰਤਮਾਨ ਖਰਾਬ ਨਹੀਂ ਕਰਦਾ”

ਇਸ ਪੜਾਅ ਤੇ ਪਹੁੰਚੇ ਹੋਏ ਕਿਸੇ ਵੀਰ ਭੈਣ ਦੀ ਜਿੰਦਗੀ ਦੇ ਕੁਝ ਔਖੇ ਪਰਚੇ ਸ਼ਾਇਦ ਇਹਨਾਂ ਫਾਰਮੂਲਿਆਂ ਨਾਲ ਸੌਖਿਆਂ ਹੀ ਹੱਲ ਹੋ ਜਾਣ!
ਕਿਓੰਕੇ ਜੱਗ ਜੰਕਸ਼ਨ ਰੇਲਾਂ ਦਾ..ਗੱਡੀ ਇਕ ਆਵੇ ਇੱਕ ਜਾਵੇ

You may also like