“ਕੀ ਹੋਇਆ ਨਿੰਮੀ?ਉਦਾਸ ਕਿਉਂ ਏਂ”?
ਰਵੀ ਨੇ ਆਪਣੀ ਭੈਣ ਨੂੰ ਚੁੱਪ ਬੈਠੇ ਦੇਖ ਕੇ ਪੁੱਛਿਆ।”ਕੁਝ ਨਹੀਂ ਵੀਰ!ਬਸ ਸੋਚ ਰਹੀ ਸੀ ਆਪਣੇ ਨੇੜੇ ਦੇ ਕੁਝ ਲੋਕਾਂ ਬਾਰੇ।”
“ਕੀ ਸੋਚ ਰਹੀ ਸੀ ਨਿੰਮੀ ?ਦੱਸ ਤਾਂ ਸਹੀ।”
“ਵੀਰ ਲੋਕ ਬਹੁਤ ਸਵਾਰਥੀ ਹੁੰਦੇ ਨੇ।ਤੈਨੂੰ ਤਾਂ ਪਤਾ ਹੀ ਹੈ।ਆਪਾਂ ਤਾਂ ਥੱਕ ਗਏ ਇਹਨਾਂ ਨਾਲ਼ ਰਿਸ਼ਤਾ ਨਿਭਾਉਂਦੇ।ਆਪਾਂ ਲਈ ਜੋ ਮੋਹ ਦੀਆਂ ਤੰਦਾਂ ਸੀ,ਉਹਨਾਂ ਲਈ ਸਿਰਫ਼ ਲੋੜਾਂ ਦੀ ਪੂਰਤੀ ਸੀ।”
“ਸਹੀ ਕਿਹਾ ਨਿੰਮੀ ਤੂੰ।”ਰਵੀ ਬੋਲਿਆ।
“ਪਰ ਭੈਣ ਏਹੋ ਜੇ ਲੋਕਾਂ ਪਿੱਛੇ ਉਦਾਸੀ ਕਿਉਂ?ਜੇਕਰ ਆਪਣੇ ਆਲ਼ੇ ਦੁਆਲ਼ੇ ਕੁਝ ਸਵਾਰਥੀ ਲੋਕ ਨੇ ਤਾਂ ਹਜ਼ਾਰਾਂ ਏਹੋ ਜਿਹੇ ਵੀ ਨੇ ਜੋ ਸਾਡੀ ਉਡੀਕ ਕਰਦੇ ਨੇ।”ਰਵੀ ਨੇ ਸਮਝਾਇਆ।
“ਕੌਣ ਰਵੀ?”ਨਿੰਮੀ ਨੇ ਹੈਰਾਨ ਹੋ ਕੇ ਪੁੱਛਿਆ।
“ਨਿੰਮੀ! ਜ਼ਰਾ ਸੋਚ ਤੂੰ ਹੁਣ ਤੱਕ ਸਮਾਂ ਨਾ ਹੋਣ ਕਰਕੇ ਕਿੰਨੇ ਫੋਨ ਕਰਨ ਵਾਲਿਆਂ ਨਾਲ ਗੱਲ ਨਹੀਂ ਕੀਤੀ।ਕਿੰਨਿਆਂ ਨੂੰ ਮਿਲ ਨਹੀਂ ਸਕੀ।ਅਕਸਰ ਹੀ ਅਸੀਂ ਉਹਨਾਂ ਪਿੱਛੇ ਭੱਜਦੇ ਹਾਂ,ਜਿਨ੍ਹਾਂ ਨੂੰ ਸਾਡੀ ਕਦਰ ਨਹੀਂ ਹੁੰਦੀ ਅਤੇ ਸੱਚੀ ਕਦਰ ਕਰਨ ਵਾਲਿਆਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ।”ਰਵੀ ਨੇ ਕਿਹਾ।
“ਚੱਲੀਏ ਵੀਰ ਫੇਰ?”ਨਿੰਮੀ ਨੇ ਚਹਿਕਦੇ ਹੋਏ ਕਿਹਾ।
“ਕਿੱਥੇ?” ਰਵੀ ਨੇ ਹੈਰਾਨ ਹੋ ਕੇ ਪੁੱਛਿਆ।
ਨਿੰਮੀ ਹੱਸਦਿਆਂ ਬੋਲੀ, “ਉਹਨਾਂ ਨੂੰ ਮਿਲਣ ਜੋ ਸਾਨੂੰ ਦੇਖਣ ਲਈ ਤਰਸ ਗਏ!” ਅਤੇ ਗੁਣਗੁਣਾਉਣ ਲੱਗੀ,
“ਚੱਲ ਬੁਲਿਆ !ਵੇ ਚੱਲ ਓਥੇ ਚੱਲੀਏ,ਜਿੱਥੇ ਹੋਣ ਉਡੀਕਾਂ…..”
ਰਮਨਦੀਪ ਕੌਰ ਵਿਰਕ
Ramandeep Kaur Virk