ਉਦਾਰ

by Jasmeet Kaur

ਰਾਤ ਦੇ ਗਿਆਰਾਂ ਕੁ ਵਜੇ ਅਚਾਨਕ ਬਾਹਰਲਾ ਦਰਵਾਜ਼ਾ ਖੜਕਿਆ ਤਾਂ ਮੇਰੇ ਪਾਪਾ ਨੇ ਨੀਂਦ ‘ਚੋਂ ਉਠਦਿਆਂ ਦਰਵਾਜ਼ਾ ਖੋਲਿਆ ਤਾਂ ਅੱਗੇ ਜੀਤੋ ਖ਼ੜ੍ਹੀ ਰੋ ਰਹੀ ਸੀ ।  ਉਹ ਰੌਂਦੀ ਰੋਂਦੀ ਅੰਦਰ ਆ ਗਈ ਤੇ ਬੋਲੀ , “ਮੇਰੇ ਘਰਵਾਲੇ ਦਾ ਐਕਸੀਡੈਂਟ ਹੋ ਗਿਆ …..ਉਹ ਹਸਪਤਾਲ ਹੈ , । ”
‘ਓਂ ਹੋ ! ਕਿਵੇਂ ‘ ਉਸ ਦੀ ਗੱਲ ਸੁਣਦੇ ਹੀ ਮੇਰੇ ਮੰਮੀ – ਪਾਪਾ ਘਬਰਾ ਗਏ ।
‘ਉਨ੍ਹਾਂ ਦੇ ਸਕੂਟਰ ‘ਚ ਕਾਰ ਵੱਜੀ ਏ , ਡਾਕਟਰ ਕਹਿੰਦੇ ਤੁਰੰਤ ਆਪਰੇਸ਼ਨ ਹੋਵੇਗਾ । ਮੈਨੂੰ ਪੰਦਰਾਂ ਹਾਜ਼ਰ ਉਦਾਰ ਦੇ ਦਿਓ। ਇਨ੍ਹਾਂ ਦੇ ਵੱਲ ਹੁੰਦੇ ਈ ਮੋੜ ਦੇਵਾਂਗੇ । ‘ ਤੇ ਫਿਰ ਉਹ ਉੱਚੀ – ਉੱਚੀ ਰੌਣ ਲੱਗੀ ।
ਜੀਤੋ ਅੱਗੇ ਵੀ ਸਾਡੇ ਘਰ ਆਉਂਦੀ – ਜਾਂਦੀ ਰਹਿੰਦੀ ਸੀ ।  ਮੰਮੀ – ਪਾਪਾ ਉਸਨੂੰ ਹੋਂਸਲਾ ਦਿੰਦੇ ਹੋਏ ਪੈਸੇ ਲੈ ਕੇ ਉਸ ਦੇ ਨਾਲ ਹੀ ਚਲੇ ਗਏ ਅਤੇ ਕਾਫੀ ਰਾਤ ਮੁੜ ਕੇ ਘਰ ਆਏ। ਹੌਲੀ – ਹੌਲੀ ਉਸਦਾ ਪਤੀ ਠੀਕ ਹੋ ਗਿਆ ।

ਵਕਤ ਗੁਜ਼ਰਦਾ ਗਿਆ ।
ਇਕ ਦਿਨ ਪਾਪਾ ਦੀ ਤਬੀਅਤ ਬਹੁਤ ਖ਼ਰਾਬ ਹੋ ਗਈ । ਉਹਨਾਂ ਨੂੰ ਕਾਫ਼ੀ ਦਿਨ ਹਸਪਤਾਲ ‘ਚ ਦਾਖ਼ਲ ਰਹਿਣਾ ਪਿਆ , ਜਿਸ ਕਾਰਨ ਬਹੁਤ ਖਰਚਾ ਆਇਆ l ਪਰ ਅਸੀਂ ਉਦੋਂ ਸੁੱਖ ਦਾ ਸਾਹ ਭਰਿਆ ਜਦੋ ਪਾਪਾ ਠੀਕ ਹੋ ਕੇ ਘਰ ਮੁੜ ਆਏ। ਉਨ੍ਹੀ ਦਿਨੀ ਹੀ ਮੇਰੇ ਵੀਰ ਦੇ ਇੰਜੀਨੀਅਰਿੰਗ ਦੇ ਕਲਾਸਾਂ ਦੇ ਦਾਖਲੇ ਵੀ ਸ਼ੁਰੂ ਸਨ । ਪਰ ਅਸੀਂ ਖੁਦ ਨੂੰ ਪਹਿਲੀ ਵਾਰ ਏਨੇ ਅਸਮਰੱਥ ਪਾਇਆ ਕਿ ਅਸੀਂ ਉਸਦੀ ਪੂਰੀ ਫੀਸ ਨਹੀਂ ਸੀ ਜੁਟਾ ਪਾ ਰਹੇ । ਮਹੀਨੇ ਦੇ ਆਖਰੀ ਦਿਨ ਸੀ , ਜਿਸ ਕਾਰਨ ਸਾਡਾ ਹੱਥ ਹੋਰ ਵੀ ਤੰਗ ਸੀ। ਫਿਰ ਸਾਨੂੰ ਅਚਾਨਕ ਜੀਤੋ ਦਾ ਖ਼ਿਆਲ ਆਇਆ ।  ਅਸੀਂ ਉਸਦੇ ਘਰ ਵੱਲ ਨੂੰ ਜਾ ਰਹੇ ਸੀ ਕਿ ਉਹ ਸਾਨੂੰ ਰਸਤੇ ਵਿਚ ਹੀ ਮਿਲ ਗਈ । ਅਸੀਂ ਉਸ ਨਾਲ ਆਪਣੇ ਪੈਸਿਆਂ ਬਾਰੇ ਗੱਲ ਕੀਤੀ ।  ਪਰ ਅਸੀਂ ਹੈਰਾਨ ਹੋਏ ਜਦ ਉਹ ਪੈਸਿਆਂ ਦਾ ਨਾਂਅ ਸੁਣਕੇ ਬਦਲ ਜਿਹੀ ਗਈ ਤੇ ਬੋਲੀ , ” ਮੈਂ ਵੀ ਕੀ ਕਰ ਸਕਦੀ ਹਾਂ , ਇਹ ਅਜੇ ਠੀਕ ਨਹੀਂ ਹੋਏ , ਜਦ ਕਮੇਟੀ ਪਾਵਾਂਗੀ , ਨਿਕਲੇਗੀ ਤਾਂ ਦੇ ਦਵਾਂਗੀ , ਤੁਸੀਂ ਨਾ ਆਇਓ ਮੰਗਣ।  ” ਉਸ ਨੇ ਇਹ ਅਲਫਾਜ਼ ਇੰਜ ਕਹੇ ਜਿਵੇਂ ਅਸੀਂ ਉਸ ਤੋਂ ਪੈਸੇ ਉਧਾਰ ਲੈਣੇ ਹੌਣ । ਮੰਮੀ ਨੇ ਉਸ ਨੂੰ ਘਰ ਦੀ ਹਾਲਤ ਬਥੇਰੀ ਸਮਝ ਪਰ ਉਹ ਹੋਰ ਔਖੀ ਹੋਈ ਜਾਵੇ । ਇਸ ‘ਤੇ ਮੈਂ ਉਸ ਨਾਲ ਝਗੜ ਪਈ ਪਰ ਮੰਮੀ ਨੇ ਉਸ ਨਾਲ ਵਧੇਰੇ ਬੋਲਣ ਤੋਂ ਮਨਾ ਕਰ ਦਿੱਤਾ। ਉਹ ਫਿਰ ਬੋਲੀ , “ ਪੈਸੇ ਦੇ ਦਿੱਤੇ ਇਹਦਾ ਮਤਲਬ ਇਹ ਥੋੜੀ ਤੁਹਾਡੇ ਗੁਲਾਮ ਹੋ ਗਏ । ” ਮੈਂ ਹੈਰਾਨ ਸੀ ਪੈਸੇ ਲੈਣ ਵੇਲੇ ਉਸ ਦੀਆਂ ਮਿਨਤਾਂ….ਪਰ ਹੁਣ …। ਅਸੀਂ ਬੇਵੱਸ ਨਿਰਾਸ਼ ਹੋ ਗਏ।
ਖੈਰ ! ਅਸੀਂ ਉਹ ਸਮਾਂ ਤਾਂ ਔਖੇ – ਸੌਖੇ ਕੱਢ ਲਿਆ । ਪਰ ਅੱਜ ਵੀ ਉਸ ਸਵਾਰਥੀ ਔਰਤ ਨੂੰ ਜਿਸ ਨੇ ਅਜੇ ਤਕ ਪੈਸੇ ਨਹੀਂ ਮੋੜੇ,ਯਾਦ ਕਰਦੇ ਹੀ ਮੇਰਾ ਮਨ ਖੱਟਾ ਹੋ ਜਾਂਦਾ ਹੈ , ਤੇ ਮੈਂ ਕਿਸੇ ਨੂੰ ਵੀ ਉਧਾਰ ਦੇਣ ਤੋਂ ਪਹਿਲਾ ਸੌ ਵਾਰ ਸੋਚਦੀ ਹਾਂ।

ਲੇਖਕ : ਮਨਪ੍ਰੀਤ ਕੌਰ ਭਾਟੀਆ

You may also like