ਕੰਧਾਂ ਸਿਰਫ ਜੇਲ ਦੀਆਂ ਹੀ ਨਹੀਂ ਉਚੀਆਂ ਹੁੰਦੀਆਂ ਇਹ ਘਰ ਦੀਆਂ ਵੀ ਹੁੰਦੀਆਂ । ਇਕ ਵਿੱਚ ਕੈਦੀ ਬਣਾ ਕੇ ਰੱਖਿਆ ਜਾਂਦਾ ਤੇ ਘਰ ਵਿੱਚ ਕੰਧਾਂ ਉਚੀਆਂ ਹਿਫ਼ਾਜ਼ਤ ਵਾਸਤੇ ਕੀਤੀਆਂ ਜਾਂਦੀਆਂ । ਇਹ ਕੰਧਾਂ ਵਿੱਚੋਂ ਬਾਹਰ ਹੋਣ ਦੇ ਤਿੰਨ ਤਰੀਕੇ ਹਨ । ਇਕ ਟੱਪ ਕੇ ਇਕ ਪਾੜ੍ਹ ਲਾ ਕੇ ਤੇ ਇਕ ਸਹੀ ਸਮੇਂ ਤੇ ਦਰਵਾਜ਼ੇ ਰਾਹੀਂ ।
ਪਹਿਲਾਂ ਜੇਲ ਦੀ ਗੱਲ ਕਰੀਏ । ਜੋ ਕੰਧ ਟੱਪ ਕੇ ਬਾਹਰ ਨਿਕਲਦੇ ਹਨ ਬਹੁਤੀ ਵਾਰੀ ਗੋਲੀ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਜੋ ਪਾੜ੍ਹ ਲਾ ਕੇ ਭੱਜਦੇ ਹਨ ਉਹ ਫੜੇ ਜਾਣ ਤੇ ਦੁਗਣੀ ਸਜ਼ਾ ਜਾਂ ਉਹ ਵੀ ਮੌਤ ਦੇ ਮੂੰਹ ਜਾ ਪੈਂਦੇ ਹਨ ।
ਹਰ ਜੂਨ ਆਪ ਦੀ ਪੈਦਾਇਸ਼ ਨੂੰ ਪਾਲਦੀ ਹੈ ਉਹਨੂੰ ਚੁਗਣਾ ਜਾਂ ਖਾਣ ਲਈ ਸ਼ਿਕਾਰ ਕਰਨਾ ਸਿਖਾਉਂਦੇ ਹਨ । ਜਦੋਂ ਅਗਲੀ ਨਸਲ ਆਪਣੇ ਪੈਰਾਂ ਤੇ ਖੜ ਜਾਵੇ ਫੇਰ ਉਹ ਉਹਦੀ ਪ੍ਰਵਾਹ ਨਹੀਂ ਕਰਦੇ । ਉਨਾਂ ਨੂੰ ਆਪ ਦੀ ਹਿਫ਼ਾਜ਼ਤ ਵੀ ਆਪ ਕਰਨੀ ਪੈਂਦੀ ਹੈ ਤੇ ਆਪ ਦਾ ਖਾਣਾ ਖ਼ੁਦ ਲੱਭਣਾ ਪੈਂਦਾ । ਮਨੁੱਖ ਹੀ ਇਕ ਜੂਨ ਹੈ ਜੋ ਆਪ ਦੇ ਬੱਚਿਆਂ ਨੂੰ ਇੰਨਾਂ ਚਿਰ ਪਾਲਦੀ ਤੇ ਸੰਭਾਲ਼ਦੀ ਹੈ
ਇਕ ਅੰਗਰੇਜ਼ ਗੋਰਾ ਲਿਖਦਾ ਕਿ ਮੈਂ ਜਦੋਂ ਆਪ ਦੀ ਧੀ ਨੂੰ ਸਾਈਕਲ ਸਿਖਾ ਰਿਹਾ ਸੀ ਤੇ ਉਹ ਕਹੇ ਕਿ ਡੈਡੀ ਫੜ ਕੇ ਰੱਖੀਂ ਤੇ ਹੱਥ ਨਾਂ ਛੱਡੀ ਪਰ ਮੈਂ ਚਾਹੁੰਦਾ ਸੀ ਕਿ ਛੇਤੀ ਛੱਡਾਂ । ਤੇ ਫੇਰ ਜਦੋਂ ਉਹ ਸਿੱਖ ਗਈ ਤੇ ਉਹ ਕਹੇ ਡੈਡੀ ਹੱਥ ਛੱਡ ਦੇ ਤੇ ਮੈਂ ਛੱਡਾਂ ਨਾਂ ਕਿ ਕਿਤੇ ਡਿਗ ਨ ਪਵੇ । ਬੱਸ ਆਹੀ ਗੱਲ ਅੱਜ-ਕੱਲ੍ਹ ਦੇ ਨੌਜੁਆਨ ਬਚਿਆਂ ਨੂੰ
ਸਮਝਣ ਦੀ ਲੋੜ ਹੈ ਕਿ ਘਰ ਦੀ ਚਾਰ-ਦਿਵਾਰੀ ਤੁਹਾਡੇ ਲਈ ਕੈਦ ਨਹੀਂ ਉਸਾਰੀ ਗਈ । ਇਹ ਸ਼ਰਮ ਇਹ ਇਜ਼ਤ ਇਹ ਮਾਂ ਬਾਪ ਦਾ ਸਤਿਕਾਰ ਇਹ ਉਹ ਕੰਧਾਂ ਨੇ ਜੋ ਤੁਹਾਡੀ ਹੀ ਹਿਫ਼ਾਜ਼ਤ ਵਾਸਤੇ ਬਣੀਆਂ ਨੇ । ਜੇ ਇਹ ਕੰਧਾਂ ਨੂੰ ਚੋਰੀ ਦੀ ਪਾੜ੍ਹ ਲਾਵੋਂਗੇ ਉੱਪਰ ਦੀ ਅਜ਼ਾਦੀ ਦੀ ਪੌੜੀ ਨਾਲ ਟੱਪੋਗੇ ਤਾਂ ਥੋੜੇ ਸਮੇਂ ਲਈ ਅਨੰਦ ਮਾਣ ਸਕੋਗੇ ਪਰ ਫੇਰ ਸਾਰੀ ਉਮਰ ਦੇ ਪਛੁਤਾਵੇ ਗਲ੍ਹ ਪੈਣਗੇ । ਸਹੀ ਸਮੇਂ ਤੇ ਮਾਂ ਬਾਪ ਵੀ ਚਾਹੁੰਦੇ ਨੇ ਹੁਣ ਸਾਡਾ ਧੀ ਪੁੱਤ ਆਪ ਦੀ ਜ਼ਿੰਦਗੀ ਵਾਲਾ ਸਾਈਕਲ ਖ਼ੁਦ ਚਲਾਵੇ ਤੇ ਅਸੀਂ ਪਿਛਿਉਂ ਸਿਰਫ ਹੱਥ ਨਾਲ ਫੜ ਕੇ ਰੱਖੀਏ ਕਿ ਡਿਗ ਨਾਂ ਪੈਣ ।
ਹਰ ਮਾਂ ਬਾਪ ਸਹੀ ਸਮੇਂ ਤੇ ਚਾਹੁੰਦਾ ਕਿ ਉਹਦਾ ਧੀ ਪੁੱਤ ਆਪ ਦਾ ਕਾਰੋਬਾਰ ਕਰੇ ਨੌਕਰੀ ਤੇ ਲੱਗੇ ਬਿਜਨਿਸ ਕਰੇ ਵਪਾਰ ਕਰੇ । ਕੁਝ ਵੀ ਕਰ ਕੇ ਆਪ ਦਾ ਭਾਰ ਖ਼ੁਦ ਚੁੱਕੇ ਤੇ ਜੋ ਸਮਾਂ ਆਉਣ ਤੇ ਇਹ ਨਹੀਂ ਕਰਦੇ ਉਹ ਮਾਂ ਬਾਪ ਤੇ ਭਾਰ ਬਣ ਜਾਂਦੇ ਹਨ । ਮਾਪਿਆਂ ਨੂੰ ਬਚਿਆਂ ਦੇ ਵਿਆਹ ਦਾ ਵੀ ਫਿਕਰ ਹੁੰਦੇ ਤੇ ਉਹ ਚਾਹੁੰਦੇ ਹਨ ਕਿ ਉਨਾਂ ਦੀ ਉਲਾਦ ਸਹੀ ਸਮੇਂ ਤੇ ਆਪ ਦਾ ਸਾਥੀ ਲੱਭ ਕੇ ਜ਼ਿੰਦਗੀ ਦੀ ਖ਼ੁਦ ਮੰਜ਼ਲ ਤਹਿ ਕਰਨ ।
ਇਸ ਸਮੇਂ ਲਈ ਨਾਂ ਕੰਧਾ ਭੰਨਣ ਦੀ ਲੋੜ ਹੈ ਨਾਂ ਹੀ ਚੋਰੀ ਕਰਕੇ ਪਾੜ੍ਹ ਲਾਉਣ ਦੀ । ਜਿਵੇਂ ਕੈਦ ਪੂਰੀ ਹੋਣ ਤੇ ਕੈਦੀ ਲਈ ਦਰਵਾਜ਼ੇ ਖੁੱਲ ਜਾਂਦੇ ਹਨ ਜਿਵੇਂ ਦੁਜੀਆ ਜੂਨਾਂ ਆਪ ਦੀ ਉਲ਼ਾਦ ਨੂੰ ਅਜ਼ਾਦ ਕਰ ਦਿੰਦੀਆਂ ਇਵੇਂ ਮਨੁੱਖ ਜਾਤੀ ਨੂੰ ਵੀ ਆਪ ਦੀ ਉਲ਼ਾਦ ਲਈ ਸਹੀ ਸਮੇਂ ਤੇ ਬੂਹੇ ਖੋਲ ਦੇਣ ਚਾਹੀਦੇ ਹਨ । ਤੇ ਉਲ਼ਾਦ ਨੂੰ ਵੀ ਫੇਰ ਘਰੇ ਬੈਠੇ ਰਹਿਣ ਦਾ ਹੱਕ ਨਹੀਂ ਹੋਣਾ ਚਾਹੀਦਾ ਕਿ ਉਹ ਆਪ ਦੇ ਵੱਡਿਆਂ ਦੇ ਘਨੇੜੇ ਹੀ ਚੜ੍ਹੇ ਰਹਿਣ
ਹੋਰ ਦੇਸ਼ਾਂ ਦਾ ਤਾਂ ਪਤਾ ਨਹੀਂ ਪਰ ਕੈਨੇਡਾ ਅਮਰੀਕਾ ਵਿੱਚ ਬੱਚੇ ਨੂੰ 18 ਸਾਲ ਦੀ ਉਮਰ ਤੱਕ ਪਾਲਣ ਲਈ ਦੋ ਲੱਖ ਡਾਲਰ ਤੋਂ ਵੱਧ ਲਗਦਾ । ਜੋ ਮਾਂ ਖਾਣਾ ਬਣਾ ਬਣਾ ਕੇ ਖੁਆਉੰਦੀ ਰਹੀ ਹੈ ਉਹ ਵੱਖਰਾ । ਸਾਰਾ ਹਿਸਾਬ ਨਹੀਂ ਲਾਇਆ ਜਾ ਸਕਦਾ । ਅਫ਼ਰੀਕਾ ਦਾ ਇਕ ਅਖਾਣ ਹੈ ਕਿ ਇਕ ਬੱਚੇ ਨੂੰ ਪਾਲਣ ਲਈ ਪੂਰਾ ਪਿੰਡ ਚਾਹੀਦਾ ।
ਹਰ ਮਨੁੱਖ ਨੂੰ ਆਪ ਦੀ ਮੰਜ਼ਲ ਖ਼ੁਦ ਤਹਿ ਕਰਨੀ ਪੈਂਦੀ ਹੈ ਤੇ ਜੋ ਪਛੜ ਗਏ ਉਹ ਸਾਰੀ ਉਮਰ ਪਛਤਾਉਂਦੇ ਦੇਖੇ ਹਨ ।
721
previous post