ਉਸ ਦਿਨ ਟਿੰਮ-ਹੋਰਟਨ ਵਿਚ ਮੀਟਿੰਗ ਸੀ..ਮੈਂ ਕੌਫੀ ਲੈ ਕੇ ਚਾਰ ਕੁਰਸੀਆਂ ਵਾਲੇ ਇੱਕ ਟੇਬਲ ਤੇ ਜਾ ਬੈਠਾ!
ਬਿੰਦ ਕੂ ਮਗਰੋਂ ਹੀ ਇੱਕ ਵਹੀਲ-ਚੇਅਰ ਤੇ ਬੈਠੇ ਗੋਰੇ ਨੂੰ ਕੁਝ ਲੋਕ ਸਹਾਰਾ ਦਿੰਦੇ ਹੋਏ ਅੰਦਰ ਲੈ ਆਏ..
ਕੁਝ ਆਡਰ ਦੇਣ ਕਾਊਟਰ ਵੱਲ ਨੂੰ ਹੋ ਗਏ ਤੇ ਕੁਝ ਆਸੇ ਪਾਸੇ ਤੱਕਦੇ ਹੋਏ ਖਾਲੀ ਥਾਂ ਲੱਭਣ ਲੱਗੇ..
ਏਧਰ ਵੀਲ-ਚੇਅਰ ਤੇ ਬੈਠਾ ਗੋਰਾ ਲਗਾਤਾਰ ਮੇਰੇ ਤੇ ਮੇਰੇ ਟੇਬਲ ਵੱਲ ਦੇਖੀ ਜਾ ਰਿਹਾ ਸੀ…
ਮੈਂ ਮੁਸਕੁਰਾ ਪਿਆ ਤੇ ਉਸਨੂੰ ਹੈਲੋ ਆਖ ਦਿੱਤੀ..
ਅੱਗੋਂ ਮੇਰੀ ਉਨਾਬੀ ਪੱਗ ਵੱਲ ਤੱਕਦਾ ਹੋਇਆ ਆਖਣ ਲੱਗਾ ਬੜਾ ਪਿਆਰਾ ਰੰਗ ਹੈ..ਫੇਰ ਆਹਂਦਾ ਕੇ ਗੱਲ ਪੁੱਛਣੀ ਏ ਜੇ ਮਾਈਂਡ ਨਾ ਕਰੇਂ ਤਾਂ..ਮੈਂ ਆਖਿਆ ਪੁੱਛ ਲੈ ਦੋਸਤਾ!
ਕਹਿੰਦਾ ਦੂਜੀ ਵਰਡ ਵਾਰ World War Second ਵਿਚ ਮੇਰੇ ਬਾਪ ਨਾਲ ਸਾਂਝੇ ਫਰੰਟ ਤੇ ਲੜਦੇ ਹੋਏ ਕੁਝ ਟਰਬਨ(ਪੱਗਾਂ) ਵਾਲੇ ਫੌਜੀ ਅਕਸਰ ਹੀ ਦਸਿਆ ਕਰਦੇ ਸੀ ਕੇ ਇਸ ਵਿਚੋਂ ਦੀ ਗੋਲੀ ਨਹੀਂ ਲੰਘ ਸਕਦੀ..ਇਹ ਗੱਲ ਕਿੰਨੀ ਕੂ ਸਹੀ ਏ?
ਮੈਂ ਆਖਿਆ ਥੋੜਾ ਸੋਚ ਲੈਣ ਦੇ ਫੇਰ ਜੁਆਬ ਦਿੰਨਾ..ਪਰ ਪਹਿਲਾਂ ਤੂੰ ਇਹ ਦੱਸ ਕੇ ਤੂੰ ਅੱਜ ਇਥੇ ਕਿੱਦਾਂ?
ਆਖਣ ਲੱਗਾ ਕੇ ਮੇਰੇ ਪੋਤਰੇ ਪੋਤਰੀਆਂ ਮੈਨੂੰ ਮੇਰੇ “ਆਖਰੀ ਜਨਮ” ਦਿਨ ਤੇ ਮੇਰੀ ਮਨਪਸੰਦ ਜਗਾ ਤੇ ਪਾਰਟੀ ਦੇਣ ਲਿਆਏ ਨੇ..ਇਸੇ ਜਗਾ ਹੀ ਦੋਸਤਾਂ ਮਿੱਤਰਾਂ ਨਾਲ ਮੇਰੀ ਜਿੰਦਗੀ ਦੀਆਂ ਪਤਾ ਨਹੀਂ ਕਿੰਨੀਆਂ ਸ਼ਾਮਾਂ ਇੱਕਠਿਆਂ ਗੁਜ਼ਰੀਆਂ..ਬਾਕੀ ਸਬ ਤੇ ਤੁਰ ਗਏ ਤੇ ਮੈਂ ਬੱਸ ਹੁਣ..
ਵਿਚੋਂ ਹੀ ਟੋਕਦਿਆਂ ਹੋਇਆਂ ਮੈਂ ਉਸਨੂੰ ਪੁੱਛ ਲਿਆ ਕੇ “ਆਖਰੀ ਜਨਮ ਦਿਨ”….ਮੈਂ ਕੁਝ ਸਮਝਿਆ ਨਹੀਂ..?
ਆਖਣ ਲੱਗਾ ਕੇ ਕੈਂਸਰ ਦੀ ਲਾਸਟ ਸਟੇਜ ਏ…ਸ਼ਾਇਦ ਕੁਝ ਹਫਤੇ ਹੀ ਬਾਕੀ ਨੇ ਬਸ…ਹਸਪਤਾਲੋਂ ਇੱਕ ਦਿਨ ਦੀ ਸਪੈਸ਼ਲ ਛੁੱਟੀ ਦਵਾ ਕੇ ਲਿਆਏ ਨੇ ਇਹ ਸਾਰੇ..
ਮੈਂ ਉਦਾਸੀ ਲੁਕਾਉਂਦਿਆਂ ਹੋਇਆ ਪੁੱਛਿਆ ਕੇ ਇਥੇ ਤੇਰਾ ਫ਼ੇਵਰੇਟ ਟੇਬਲ ਕਿਹੜਾ ਹੁੰਦਾ ਸੀ?
ਅੱਗੋਂ ਆਖਣ ਲੱਗਾ ਕੇ ਏਹੀ ਜਿਥੇ ਹੁਣ ਤੂੰ ਬੈਠਾ ਹੋਇਆਂ ਏ…ਮੈਂ ਸਮਾਨ ਸਮੇਟਣ ਵਿਚ ਭੋਰਾ ਜਿੰਨੀ ਵੀ ਦੇਰ ਨਾ ਲਾਈ..ਤੇ ਉਸਨੂੰ ਦੱਸ ਦਿੱਤਾ ਕੇ ਦੋਸਤਾ ਜੇ ਜਿਊਣ ਦਾ ਜਜਬਾ ਅਤੇ ਉਸ ਦੀ ਹੋਂਦ ਵਿਚ ਵਿਸ਼ਵਾਸ਼ ਹੋਵੇ ਤਾਂ ਵਾਕਿਆ ਹੀ ਇਸ ਟਰਬਨ ਵਿਚੋਂ ਗੋਲੀ ਤਾਂ ਕੀ ਟੈਂਕ ਦਾ ਗੋਲਾ ਵੀ ਨੀ ਨਹੀਂ ਲੰਘ ਸਕਦਾ…
ਅੱਗੋਂ ਸੁਆਲੀਆ ਨਜਰਾਂ ਨਾਲ ਮੇਰੇ ਵੱਲ ਤੱਕਣ ਲੱਗਾ..ਸ਼ਾਇਦ ਆਖੀ ਗੱਲ ਦਾ ਵਿਸਥਾਰ ਜਾਣਨਾ ਚਾਹ ਰਿਹਾ ਸੀ…
ਪਰ ਚੱਲਦੇ ਵਾਰਤਾਲਾਪ ਦੇ ਖਾਤਮੇਂ ਦਾ ਇੰਤਜਾਰ ਕਰਦੇ ਹੋਏ ਉਸਦੇ ਨਾਲਦਿਆਂ ਵੱਲ ਦੇਖ ਮੈਂ ਕਾਹਲੀ ਨਾਲ ਏਨੀ ਗੱਲ ਆਖ ਫਤਹਿ ਬੁਲਾ ਦਿੱਤੀ ਕੇ ਦੋਸਤਾ ਜੇ ਜਿੰਦਗੀ ਨੇ ਫੇਰ ਕਦੀ ਦਰਸ਼ਨ ਮੇਲੇ ਕਰਵਾਏ ਤਾਂ ਜਰੂਰ ਦੱਸਾਂਗਾ..!
ਸੋ ਦੋਸਤੋ ਜੇ ਕਿਸੇ ਮਿੱਤਰ ਪਿਆਰੇ ਦੀ ਅਸਲ ਮਾਇਨਿਆਂ ਵਿੱਚ ਖਾਤਿਰਦਾਰੀ ਕਰਨੀ ਹੋਵੇ ਤਾਂ ਉਸਦੇ ਜਿਉਂਦੇ ਜੀ ਹੀ ਕਰ ਲੈਣੀ ਬਣਦੀ ਏ…ਉਸਦੇ ਤੁਰ ਜਾਣ ਮਗਰੋਂ ਦੁਨੀਆਦਾਰੀ ਸਾਹਵੇਂ ਸਿਰਫ ਦਿਖਾਵੇ ਖ਼ਾਤਿਰ ਪਾਏ ਵੈਣ/ਕੀਰਣੇ ਅਤੇ ਭੋਗ ਤੇ ਕੱਢੀਆਂ ਜਲੇਬੀਆਂ ਦੀ ਭੋਰਾ ਜਿੰਨੀ ਵੀ ਵੁੱਕਤ ਨਹੀਂ ਹੁੰਦੀ…