ਤੈਨੂੰ ਕਿੰਨੀ ਵਾਰੀ ਕਿਹਾ, “ਰੋਟੀ-ਪਾਣੀ ਚੱਜ ਦਾ ਬਣਾ ਲਿਆ ਕਰ। ਸਾਰਾ ਦਿਨ ਕੰਮ ਕਰਦਾ ਤੇ ਤੇਰੇ ਤੋ ਆਹ ਤਿੰਨ ਟਾਇਮ ਦੀ ਰੋਟੀ ਵੀ ਚੱਜ ਨਾਲ ਨਹੀਂ ਬਣਾ ਕਿ ਖਵਾਈ ਜਾਂਦੀ।” ਰਮੇਸ਼ ਅੱਜ ਸਵੇਰੇ-ਸਵੇਰੇ ਹੀ ਆਪਣਾ ਬੈਗ ਅਤੇ ਰੁਮਾਲ ਚੁੱਕਦਾ-ਚੁੱਕਦਾ ਗੁੱਸੇ ਨਾਲ ਬੋਲਿਆ ਅਤੇ ਕੋਲ ਮੇਜ ਤੇ ਪੈਕ ਕੀਤੇ ਹੋਏ ਰੋਟੀ ਵਾਲੇ ਟੀਫਿੰਨ ਨੂੰ ਉਥੇ ਹੀ ਛੱਡ ਕੇ ਕੋਠੀ ਤੋਂ ਬਾਹਰ ਵੱਲ ਚੱਲ ਪਿਆ। ਰਮੇਸ਼ 1 ਸਟੀਲ ਕੰਪਨੀ ਦਾ ਮਾਲਕ ਸੀ ਤੇ ਸ਼ਹਿਰ ਦਾ ਅਮੀਰ ਬੰਦਾ ਸੀ।
ਬਾਹਰ ਜਾਕੇ ਆਪਣੀ ਗੱਡੀ ਸਟਾਰਟ ਕਰ ਤੁਰਨ ਹੀ ਲੱਗਾ ਸੀ ਕਿ ਉਸ ਵਕਤ ਹੀ ਉਸਦੀ ਪਤਨੀ ਪਿੱਛੇ ਹੀ ਉਸਦਾ ਰੋਟੀ ਵਾਲਾ ਟਫਿੰਨ ਲੈਅ ਆਈ ਤੇ ਰਮੇਸ਼ ਨੂੰ ਮਿੰਨਤਾ ਕਰਨ ਲੱਗੀ ਕਿ ਰੋਟੀ ਵਾਲਾ ਡੱਬਾ ਨਾਲ ਲੈਅ ਜਾਓ। ਤੁਹਾਨੂੰ ਦੁਪਿਹਰੇ ਭੁੱਖ ਲੱਗੂ । ਰਮੇਸ਼ ਨੇ ਮੂੰਹ ਵਿੱਚ ਹੀ ਬੁੜ – ਬੁੜ ਕਰਦੇ ਨੇ ਉਹ ਟੀਫਿੰਨ ਫੜ ਲਿਆ ਤੇ ਗੱਡੀ ਵਿੱਚ ਰੱਖ ਲਿਆ।
ਰਮੇਸ਼ ਆਪਣੀ ਕੰਪਨੀ ਪਹੁੰਚਿਆ ਤੇ ਸਾਰਾ ਕੰਮ ਦੇਖਣ ਲੱਗਾ। ਕੰਮਕਾਰ ਦੇਖਦੇ-ਦੇਖਦੇ ਦੁਪਿਹਰ ਹੋ ਗਈ। ਰਮੇਸ਼ ਨੂੰ ਭੁੱਖ ਲੱਗ ਆਈ। ਉਸਨੇ ਉਸੇ ਵਕਤ ਫੋਨ ਚੁੱਕਿਆ ਤੇ ਸਵਿੱਗੀ ਤੋਂ ਖਾਣਾ ਆਰਡਰ ਕਰ ਦਿੱਤਾ। ਰਮੇਸ਼ ਨੂੰ ਭੁੱਖ ਬਹੁਤ ਜਿਆਦਾ ਲੱਗੀ ਹੋਈ ਸੀ ਇਸ ਲਈ ਉਸਦਾ ਕੰਮ ‘ਚ ਮਨ ਨਹੀਂ ਲੱਗ ਰਿਹਾ ਸੀ। ਉਸਨੇ ਆਪਣੇ ਆਪ ਨੂੰ ਕਿਹਾ ,”ਜਿੰਨਾ ਟਾਇਮ ਸਵਿੱਗੀ ਵਾਲਾ ਖਾਣਾ ਲੈਕੇ ਨਹੀਂ ਆਉਂਦਾ ਉਨ੍ਹਾਂ ਟਾਇਮ ਬਾਹਰ ਗੇੜਾ ਹੀ ਦੇ ਲੈਂਦਾ ਹਾਂ, ਅੱਜ ਬਾਹਰ ਮੌਸਮ ਵੀ ਬਹੁਤ ਸੋਹਣਾ ਹੈ। ਇਸੇ ਬਹਾਨੇ ਟਾਇਮ ਪਾਸ ਹੋ ਜਾਊ।”
ਰਮੇਸ਼ ਆਪਣੇ ਆਫਿਸ ਤੋਂ ਬਾਹਰ ਆਇਆ ਤੇ ਫੈਕਟਰੀ ਦੇ ਇੱਕ ਪਾਸੇ ਬਣਾਏ ਛੋਟੇ ਜਿਹੇ ਪਾਰਕ ਵਿੱਚ ਗੇੜੇ ਕੱਢਣ ਲੱਗਾ । ਗੇੜੇ ਕੱਡਦੇ- ਕੱਡਦੇ ਉਸਦੇ ਕੰਨਾਂ ਵਿੱਚ ਅਵਾਜ ਪਈ ।
“ਅੱਜ ਦੋ ਹੀ ਰੋਟੀਆਂ ਕਿਉਂ ਲੈਕੇ ਆਈ ਹੈ ? ਅੱਗੇ ਤਾਂ ਛੇ ਰੋਟੀਆਂ ਹੁੰਦੀਆਂ ਨੇ। ਦੋ ਨਾਲ ਆਪਣੇ ਦੋਵਾਂ ਦਾ ਕਿਵੇਂ ਸਰੂ।” ਪਾਰਕ ਵਿੱਚ ਇੱਕ ਰੁੱਖ ਹੇਠ ਬੈਠਾ ਇੱਕ ਬਜੁਰਗ ਮਜਦੂਰ ਆਪਣੀ ਪਤਨੀ ਨੂੰ ਬੋਲ ਰਿਹਾ ਸੀ। ਇਹ ਮਜਦੂਰ ਤੇ ਇਸਦੀ ਪਤਨੀ, ਦੋਵੇਂ ਰਮੇਸ਼ ਦੀ ਕੰਪਨੀ ਵਿੱਚ ਹੀ ਕੰਮ ਕਰਦੇ ਸੀ।
“ਅੱਜ ਆਟਾ ਮੁੱਕ ਗਿਆ ਸੀ। ਗੁਆਂਢੀਆਂ ਦੇ ਘਰੋ ਪੁੱਛਿਆ ਤਾਂ ਉਹਨਾਂ ਨੇ ਵੀ ਜਵਾਬ ਦੇਤਾ। ਤੁਸੀ ਦੋਵੇਂ ਰੋਟੀਆਂ ਖਾ ਲਵੋ,ਮੈ ਸਾਰ ਲਵਾਂਗੀ।” ਬੁੱਢੇ ਮਜਦੂਰ ਦੀ ਪਤਨੀ ਬੋਲੀ।
“ਕੋਈ ਨਾ ਐਵੇਂ ਮਨ ਹੌਲਾ ਨਾ ਕਰ, ਦੋਵੇਂ ਰਲ ਕੇ ਖਾਨੇ ਆ। ਤੇਰੇ ਹੱਥਾਂ ਚ ਤਾਂ ਜਾਦੂ ਐ, ਤੇਰੀ ਬਣਾਈ ਰੋਟੀ ਤਾਂ ਇੰਨੀ ਸਵਾਦ ਹੁੰਦੀ ਹੈ ਕਿ ਸਾਰੀਆਂ ਕਸਰਾਂ ਪੂਰੀਆਂ ਹੋ ਜਾਂਦੀਆਂ ਨੇ। ਤੈਨੂੰ ਪਤਾ ਤਾਂ ਹੈ, ਸਵਾਦ ਚੀਜਾਂ ਗਿਣਤੀ ‘ਚ ਘੱਟ ਹੀ ਮਿਲਦੀਆਂ ਹੁੰਦੀਆਂ।” ਬਜੁਰਗ ਮਜਦੂਰ ਹੱਸਦਾ ਹੋਇਆ ਬੋਲਿਆ ਤੇ ਦੋਵੇਂ ਜਾਣੇ ਹੱਸਦੇ-ਹੱਸਦੇ ਰੋਟੀ ਖਾਣ ਲੱਗੇ।
ਰਮੇਸ਼ ਨੇ ਸੋਚਿਆ ਕਿ ਅਜਿਹਾ ਕੀ ਪਕਾ ਕਿ ਲੈਕੇ ਆਉਂਦੀ ਹੈ ਇਸਦੀ ਪਤਨੀ ਰੋਟੀ ਨਾਲ ਜੋਂ ਇਹ ਇੰਨੀ ਸਵਾਦ ਅਤੇ ਖੁਸ਼ੀ ਨਾਲ ਖਾ ਰਿਹਾ ਹੈ। ਉਸਨੇ ਬਹੁਤ ਉਤਸੁਕਤਾ ਨਾਲ ਉਹਨਾਂ ਦੇ ਹੱਥਾਂ ਵੱਲ ਝਾਤ ਮਾਰੀ ਤਾਂ ਦੇਖਿਆ ਦੋਵਾਂ ਦੀਆਂ ਰੋਟੀਆਂ ਤੇ ਇੱਕ-ਇੱਕ ਫ਼ਾੜੀ ਅੰਬ ਦੇ ਅਚਾਰ ਦੀ ਸੀ।
ਰਮੇਸ਼ ਨੂੰ ਉਸੇ ਵਕਤ ਸਵੇਰੇ ਆਪਣੇ ਵੱਲੋ ਉਸਦੀ ਪਤਨੀ ਨਾਲ ਕੀਤਾ ਵਰਤਾਵ ਯਾਦ ਆ ਗਿਆ। ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਸੋਚਣ ਲੱਗਾ ਕਿ “ਮੈ ਕਿੰਨਾ ਨਾ-ਸ਼ੁਕਰਾ ਮੇਰੀ ਪਤਨੀ ਹਰ ਰੋਜ ਮੇਰੇ ਲਈ ਕਿੰਨੀ ਮਹਿਨਤ ਕਰਕੇ ਖਾਣਾ ਪਕਾਉਂਦੀ ਹੈ ਤੇ ਮੈ ਹਰ ਰੋਜ ਬਿਨਾ ਗੱਲੋਂ ਉਸਦੇ ਵਿੱਚ ਕਮੀਆਂ ਲੱਭਦਾ ਰਹਿੰਦਾ ਹਾਂ।”
ਰਮੇਸ਼ ਆਪਣੀ ਗੱਡੀ ਵੱਲ ਤੁਰ ਪਿਆ ਤੇ ਟੀਫਿੰਨ ਕੱਢ ਆਫਿਸ ਵੱਲ ਵਾਪਸ ਕਦਮ ਪੁੱਟਿਆ ਹੀ ਸੀ ਕਿ ਉਸਨੂੰ ਸਵਿੱਗੀ ਵਾਲੇ ਦਾ ਫੋਨ ਆ ਗਿਆ। ਉਸਨੇ ਆਪਣੇ ਗੇਟਮੇਨ ਨੂੰ ਆਰਡਰ ਵਾਲਾ ਖਾਣਾ ਫੜਕੇ ਲਿਉਣ ਲਈ ਕਿਹਾ ਤੇ ਉਸਨੂੰ ਆਦੇਸ਼ ਦਿੱਤਾ ਕਿ ਇਹ ਖਾਣਾ ਉਸ ਬਜੁਰਗ ਮਜਦੂਰ ਤੇ ਉਸਦੀ ਪਤਨੀ ਨੂੰ ਦੇ ਦੇਵੀ।
ਰਮੇਸ਼ ਵਾਪਸ ਆਪਣੇ ਆਫਿਸ ਵਿੱਚ ਆਇਆ। ਉਸਨੇ ਰੋਟੀ ਵਾਲਾ ਟਿਫਿੰਨ ਖੋਲਿਆ ਤਾਂ ਦੇਖਿਆ ਕਿ ਇੱਕ ਡੱਬੇ ਵਿੱਚ ਮੈਕਸ ਵੇਜ਼ ਸਬਜੀ ਸੀ ਤੇ ਦੂਜੇ ਵਿੱਚ ਪਨੀਰ ਦੀ ਭੁਰਜੀ। ਤੀਜੇ ਵਿੱਚ ਮੁਲਾਇਮ ਮੁਲਾਇਮ ਪਰੌਠੇ ਬਣਾ ਕਿ ਸਿਲਵਰ ਫੋਆਇਲ ਵਿੱਚ ਪੈਕ ਕੀਤੇ ਹੋਏ ਸੀ। ਖਾਣੇ ਵਿੱਚੋ ਮਸਾਲਿਆਂ ਦੀ ਬਹੁਤ ਸੋਹਣੀ ਮਹਿਕ ਆ ਰਹੀ ਸੀ। ਰਮੇਸ਼ ਨੇ ਜਦੋਂ ਹੀ ਪਹਿਲੀ ਬੁਰਕੀ ਲਗਾਈ ਤਾਂ ਅੱਜ ਉਸਨੂੰ ਦੁਨੀਆ ਦਾ ਸਭ ਤੋਂ ਵੱਧ ਸਵਾਦ ਆਇਆ। ਉਸਨੂੰ ਉਸ ਬੁਰਕੀ ਵਿੱਚ ਆਪਣੀ ਪਤਨੀ ਦਾ ਪਿਆਰ ਅਤੇ ਉਸਦੀ ਮਹਿਨਤ ਮਹਿਸੂਸ ਹੋਈ। ਦੂਜੇ ਪਾਸੇ ਬਜੁਰਗ ਜੌਡ਼ਾ ਵੀ ਸਵਿੱਗੀ ਤੋਂ ਆਏ ਹੋਏ ਖਾਣੇ ਨਾਲ ਆਪਣਾ ਢਿੱਡ ਭਰ ਰਿਹਾ ਸੀ।
ਹੁਣ ਆਫਿਸ ਵਿੱਚ ਬੈਠਾ ਰਮੇਸ਼ ਉਹਨਾਂ ਬਜੁਰਗ ਪਤੀ ਪਤਨੀ ਦਾ ਸ਼ੁਕਰੀਆ ਕਰ ਰਿਹਾ ਸੀ ਕਿ ਉਹਨਾਂ ਨੇ ਉਸਨੂੰ ਖੁਸ਼ ਪਰਿਵਾਰ ਦਾ ਰਾਜ ਸਿਖਾ ਦਿੱਤਾ ਤੇ ਬਾਹਰ ਖਾਣਾ ਖਾ ਰਿਹਾ ਬਜੁਰਗ ਜੌਡ਼ਾ ਰਮੇਸ਼ ਨੂੰ ਦੁਆਵਾਂ ਦੇ ਰਿਹਾ ਰਿਹਾ ਸੀ,ਕਿਉਕਿ ਉਸਨੇ ਉਹਨਾਂ ਨੂੰ ਲਾਜਵਾਬ ਖਾਣਾ ਖਵਾਇਆ ਸੀ।
ਜਗਮੀਤ ਸਿੰਘ ਹਠੂਰ
Jagmeet singh