ਸਮਾਜ ਸੇਵੀ

by admin

ਪਹਾੜ ਵਾਲੇ ਤੀਰਥ ਦੀ ਯਾਤਰਾ ਤੋਂ ਵਾਪਿਸ ਆਉਂਦੀ ਸੰਗਤ ਬੜੀ ਪ੍ਰਸੰਨ ਸੀ। ਪਿੰਡ ਦੇ ਸਧਾਰਨ ਬੰਦਿਆਂ-ਬੁੜੀਆਂ ਲਈ ਇਹ ਯਾਤਰਾ ਘੱਟ ਤੇ ਸੈਰ ਸਪਾਟਾ ਜਿਆਦਾ ਸੀ। ਸਰਪੰਚ ਦਾ ਮੁੰਡਾ ਛਿੰਦਾ ਸਭ ਦੀ ਅਗਵਾਈ ਕਰ ਰਿਹਾ ਸੀ।ਜਦੋ ਸਰਕਾਰ ਨੇ ਪਿੰਡਾਂ ਵਿਚ ਕਲੱਬ ਬਣਾਏ ਤਾ ਸਰਪੰਚ ਨੇ ਉਸਨੂੰ ਕਲੱਬ ਦਾ ਪ੍ਰਧਾਨ ਬਣਾ ਦਿੱਤਾ ਸੀ।ਲੀਡਰੀ ਚਮਕਾਉਣ ਵਾਲੇ ਸਾਰੇ ਵਿੰਗ ਵੱਲ ਵਿਰਾਸਤ ਵਿਚ ਹੀ ਉਸ ਨੂੰ ਮਿਲ ਗਏ ਸਨ। ਅਚਾਨਕ ਹੀ ਬੱਸ ਦੇ ਬਰੇਕ ਲੱਗ ਗਏ। ਸਾਹਮਣੇ ਦੇਖਿਆਂ ਤਾਂ ਕਈ ਵਹੀਕਲ ਪਹਿਲਾ ਹੀ ਖੜੇ ਸਨ। ਕਾਫੀ ਸਵਾਰੀਆਂ ਬੱਸ ਵਿਚੋਂ ਉਤਰ ਕੇ ਅਗੇ ਆ ਗਈਆਂ। ਉਪਰੋਂ ਡਿੱਗੇ ਪੱਥਰਾਂ ਨੇ ਸੜਕ ਰੋਕ ਦਿੱਤੀ ਸੀ।ਕੁਦਰਤੀ ਕੋਈ ਵੱਡੀ ਚਟਾਨ ਨਹੀਂ ਡਿੱਗੀ ਸੀ।
ਦੂਜੇ ਪਾਸੇ ਵੀ ਕਾਫੀ ਵਾਹਨ ਖੜੇ ਸਨ।ਪਤਾ ਲੱਗਿਆ ਸਡ਼ਕ ਨੂੰ ਸਾਫ ਕਰਨ ਲਈ ਪ੍ਰਸ਼ਾਸਨ ਦੀ ਉਡੀਕ ਕੀਤੀ ਜਾ ਰਹੀ ਸੀ। ਪਿੰਡ ਵਾਲਿਆ ਅੱਗੇ ਜਾ ਕੇ ਪੁਛ-ਗਿੱਛ ਕੀਤੀ ਤਾਂ ਪਤਾ ਲੱਗਿਆਂ ਕਿ ਤਿੰਨ ਚਾਰ ਘੰਟੇ ਤਾਂ ਮਾਮੂਲੀ ਗੱਲ ਹੈ। ਇਹ ਸੁਣ ਕੇ ਉਹਨਾਂ ਦੇ ਮੂੰਹ ਉਤਰ ਗਏ। ਪਿੱਛੇ ਖੜੇ ਕੈਲੇ ਨੇ ਪੱਥਰ ਗਿਣੇ ਤਾਂ ਕੁੱਲ ਸੱਤ ਪੱਥਰ ਸਨ।ਉਸਨੇ ਨਾਲਦਿਆ ਨਾਲ ਘੁਸਰ ਮੁਸਰ ਕੀਤੀ। । ਉਸ ਨੇ ਛਿੰਦੇ ਨੂੰ ਪੁੱਛਿਆਂ, “ਪਾੜਿਆਂ, ਭਲਾ ਕਿੰਨਾ-ਕਿੰਨਾ ਭਾਰ ਹੋਊ ਇਹਨਾਂ ਵਿਚ।”
” ਕਿਉਂ ਚੁੱਕਣੇ ਤੂੰ? “ਛਿੰਦੇ ਨੇ ਵਿੰਅਗ ਕਰਨੇ ਅੰਦਾਜ ਵਿਚ ਕਿਹਾ ਤੇ ਫੇਰ ਨਾਲ ਹੀ ਜੋੜਿਆਂ, ਅੱਠ ਦੱਸ ਕੁਇੰਟਲ ਤੋਂ ਵੱਧ ਹੀ ਹੋਊ ਭਾਰ । “ਕੈਲੇ ਨੇ ਨਾਲ ਵਾਲਿਆਂ ਨਾਲ ਇੱਕ ਵਾਰ ਫੇਰ ਨਜ਼ਰ ਮਿਲਾਈ। ਤਿੰਨ-ਚਾਰ ਜਣਿਆਂ ਨੇ ਸਿਰ ਹਿਲਾਉਂਦੇ ਕਮੀਜ ਦੀਆਂ ਬਾਹਵਾ ਟੰਗ ਲਇਆਂ ।ਉਹਨਾਂ ਨੂੰ ਪੱਥਰਾਂ ਕੋਲ ਜਾਂਦੇ ਛਿੰਦੇ ਨੇ ਕਿਹਾ,” ਕਿਉਂ ਕਮਲਿਆਂ ਵਾਲੀਆਂ ਗੱਲਾਂ ਕਰਦੇ ਹੋ, ਸਾਰਿਆਂ ਦੀ ਬੇਇਜੱਤੀ ਕਰਾਉਂਗੇ। “ਪਰ ਉਹਨਾਂ ਨੇ ਬਹੁਤਾ ਧਿਆਨ ਨਾ ਦਿੱਤਾ।
ਉਹਨਾਂ ਪਹਿਲੇ ਪੱਥਰ ਨੂੰ ਜੋਰ ਮਾਰਿਆ ਉਹ ਹਿੱਲਿਆ ਤਾ ਪਰ ਰੁੜ੍ਹਿਆ ਨਾ।ਛਿੰਦੇ ਦੀ ਵਿਅੰਗਮਈ ਮੁਸਕਾਨ ਹੋਰ ਗੂੜੀ ਹੋ ਗਏ,ਉਹ ਬੁੜ ਬੜਾਇਆ,”ਸਾਲੇ ਮੂਰਖ।”ਪਰ ਉਹ ਯਤਨ ਕਰਦੇ ਰਹੇ।ਉਹਨਾਂ ਲਗੇ ਦੇਖ ਕੇ ਪੰਜ ਸੱਤ ਗੱਡੀਆਂ ਦੇ ਡਰਾਇਵਰ ਵੀ ਨਾਲ ਲੱਗ ਗਏ। ਛਿੰਦਾ ਕੱਛਾ ਵਿਚ ਹੱਥ ਦੇਈ ਉਹਨਾਂ ਵਲ ਵਿਅੰਗ ਨਾਲ ਫੇਰ ਮੁਸਕਰਾਇਆ ਤੇ ਬੱਸ ਵੱਲ ਤੁਰਨ ਲੱਗਿਆ।
ਹਾਲੇ ਉਸ ਨੇ ਮੂੰਹ ਹੀ ਭਵਾਈਐ ਸੀ ਕਿ ਵੱਡਾ ਜੈਕਾਰਾ ਗੂੰਜਿਆ ਤੇ ਨਾਲ ਹੀ ਇਕ ਪੱਥਰ ਦੇ ਖੱਡ ਵਿਚ ਰੁੜਨ ਦੀ ਅਵਾਜ ਆਈ।ਉਸਨੇ ਹੈਰਾਨੀ ਨਾਲ ਮੁੜ ਕੇ ਵੇਖਿਆ, ਕੈਲੇ ਵਰਗੇ ਦੂਜੇ ਪੱਥਰ ਨੂੰ ਲੱਗੇ ਹੋਏ ਸੀ ।ਪੰਦਰਾਂ ਕੁ ਮਿੰਟਾ ਵਿਚ ਉਹਨਾਂ ਨੇ ਛੇ ਪੱਥਰ ਸੜਕ ਤੋਂ ਹਟਾ ਦਿੱਤੇ ਸੀ। ਆਖਰੀ ਸਭ ਤੋਂ ਵੱਡੇ ਪੱਥਰ ਨੂੰ ਧੱਕ ਕੇ ਕਿਨਾਰੇ ਤੇ ਲੈ ਕੇ ਗਏ ਤਾਂ ਛਿੰਦੇ ਨੇ ਹੋਕਰਾ ਮਾਰਿਆਂ,” ਖੜੀਓ ਯਾਰ ਮਾੜਾ ਜਾ,” ਸਾਰੇ ਰੁੱਕ ਗਏ। ਉਸ ਨੇ ਆਪਣਾ ਆਈ ਫੋਨ ਕਾਹਲੀ ਨਾਲ ਇਕ ਨੂੰ ਫੜਾਉਂਦੇ ਕਿਹਾ ਫੋਟੋ ਖਿੱਚੀ ਤੇ ਆਪ ਜਾ ਕੇ ਸਭ ਤੋਂ ਮੁਹਰਲੇ ਪਾਸੇ ਪੱਥਰ ਨੂੰ ਹੱਥ ਲਾ ਕੇ ਖੜਾ ਹੋ ਗਿਆ। ਕਲਿਕ-ਕਲਿਕ ਹੋਈ ਤੇ ਉਹਨਾਂ ਪੱਥਰ ਸੜਕ ਤੋ ਖੱਡ ਵਿਚ ਸੁੱਟ ਦਿੱਤਾ। ਟਰੈਫਿਕ ਚਾਲੂ ਹੋ ਗਿਆ। ਬੱਸ ਫੇਰ ਹੌਲੀ ਹੌਲੀ ਜਾਮ ਵਿਚੋਂ ਤੁਰ ਪਈ ਸੀ। ਥੋੜੇ ਟਾਈਮ ਬਾਅਦ ਪਿੱਛੇ ਸਿਰ ਘੁੰਮਾ ਕੇ ਦੇਖਿਆ ,ਕੈਲਾ ਤੇ ਸਾਥੀ ਅੱਖਾਂ ਬੰਦ ਕਰੀ ਸੀਟਾਂ ਤੇ ਬੈਠੇ ਊਂਘ ਰਹੇ ਸਨ,ਸ਼ਾਇਦ ਇਹ ਥਕਾਵਟ ਕਾਰਨ ਸੀ।
ਉਧਰ ਛਿੰਦੇ ਨੇ ਆਪਣੀ ਤੇ ਪੱਥਰ ਵਾਲੀ ਫੋਟੋ ਨੂੰ ਫੇਸਬੁੱਕ ਤੇ ਅਪਲੋਡ ਕਰਕੇ ਲਿਖਿਆ, ‘ਸੇਵਾ ਦੇਸ਼ ਦੀ ਕਰਨੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆ ਨੇ ਤੁਹਾਡੇ ਸਮਾਜ ਸੇਵੀ ਵੀਰ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਸੜਕ ਸਾਫ ਕਰਕੇ ਕੀਤੀ ਜਾਮ ਵਿਚ ਫਸੇ ਯਾਤਰੀਆਂ ਦੀ ਮਦਦ,ਪ੍ਰਦੇਸ਼ ਵਿਚ ਜਾ ਕੇ ਵੀ ਨਹੀਂ ਮਰਨ ਦਿਤਾ ਸਮਾਜ ਸੇਵਾ ਦਾ ਜ਼ਜਬਾ।’ ਮਿੰਟਾਂ ਸਕਿੰਟਾਂ ਵਿਚ ਹੀ ਲਾਇਕ ਅਤੇ ਕੁਮੈਂਟਾਂ ਦਾ ਮੀਂਹ ਵਰਨਾ ਸ਼ੁਰੂ ਹੋ ਗਿਆ ਸੀ।ਉਹ ਉਹਨਾਂ ਨੂੰ ਗਿਣਦਾ ਖ਼ੁਸ਼ ਹੋ ਰਿਹਾ ਸੀ।ਪਰ ਹਾਲੇ ਵੀ ਉਸਦਾ ਮਨ ਸੰਤੁਸ਼ਟ ਨਹੀਂ ਸੀ।ਫੇਰ ਉਸਨੇ ਪੱਤਰਕਾਰ ਦੋਸਤ ਨੂੰ ਫੋਟੋ ਭੇਜ ਕੇ ਵੱਡੀ ਖਬਰ ਲਈ ਵੀ ਕਹਿ ਦਿੱਤਾ ਸੀ।ਬੱਸ ਮੰਜਿਲ ਵੱਲ ਭੱਜੀ ਜਾ ਰਹੀ ਸੀ।ਹੁਣ ਉਹ ਅੱਖਾਂ ਬੰਦ ਕਰੀਂ ਕੱਲ ਦੇ ਅਖਬਾਰ ਵਿਚ ਛਪਣ ਵਾਲੀ ਵੱਡੇ ਸਮਾਜਸੇਵੀ ਵਜੋਂ ਆਪਣੀ ਤਸਵੀਰ ਵਾਲੀ ਖਬਰ ਨੂੰ ਮਨ ਵਿਚ ਚਿਤਵਦਾ ਮੰਦ ਮੰਦ ਮੁਸਕਰਾ ਰਿਹਾ ਸੀ।
ਭੁਪਿੰਦਰ ਸਿੰਘ ਮਾਨ

Bhupinder Singh Maan

You may also like