ਜੋਗਿੰਦਰ ਸਿੰਘ ਦੀਆਂ ਕਹਾਣੀਆਂ ਜਦੋਂ ਲੋਕਪ੍ਰਿਅ ਹੋਣ ਲੱਗੀਆਂ ਤਾਂ ਉਹਦੇ ਮਨ ਵਿਚ ਇਹ ਇੱਛਾ ਪੈਦਾ ਹੋਈ ਕਿ ਉਹ ਉਘੇ ਸਾਹਿਤਕਾਰਾਂ ਅਤੇ ਸ਼ਾਇਰਾਂ ਨੂੰ ਆਪਣੇ ਘਰ ਬੁਲਾਏ ਅਤੇ ਉਨ੍ਹਾਂ ਦੀ ਦਾਅਵਤ ਕਰੇ। ਉਹਦਾ ਖਿਆਲ ਸੀ ਕਿ ਉਹਦੀ ਸ਼ੁਹਰਤ ਤੇ ਲੋਕਪ੍ਰਿਅਤਾ ਹੋਰ ਵੀ ਵਧੇਰੇ ਹੋ ਜਾਵੇਗੀ। ਜੋਗਿੰਦਰ ਸਿੰਘ ਨੂੰ ਆਪਣੀ ਰਚਨਾ ਬਾਰੇ ਬੜੀ ਖੁਸ਼ਫਹਿਮੀ ਸੀ। ਮਸ਼ਹੂਰ ਸਾਹਿਤਕਾਰਾਂ ਤੇ ਸ਼ਾਇਰਾਂ ਨੂੰ ਆਪਣੇ ਘਰ ਬੁਲਾ ਕੇ ਅਤੇ ਉਨ੍ਹਾਂ ਦੀ ਆਉਭਗਤ ਕਰਕੇ ਜਦੋਂ ਉਹ ਆਪਣੀ ਪਤਨੀ ਅੰਮ੍ਰਿਤ ਕੌਰ ਕੋਲ ਬਹਿੰਦਾ ਤਾਂ ਕੁਝ ਚਿਰ ਲਈ ਬਿਲਕੁਲ ਹੀ ਭੁੱਲ ਜਾਂਦਾ ਕਿ ਉਹਦਾ ਕੰਮ ਡਾਕਖਾਨੇ ਵਿਚ ਚਿੱਠੀਆਂ ਦੀ ਦੇਖਭਾਲ ਕਰਨਾ ਹੈ। ਆਪਣੀ ਤਿੰਨ ਗਜ਼ ਦੀ ਪਟਿਆਲਾ ਫੈਸ਼ਨ ਦੀ ਰੰਗੀ ਹੋਈ ਪਗੜੀ ਲਾਹ ਕੇ ਜਦੋਂ ਉਹ ਇਕ ਪਾਸੇ ਧਰ ਦਿੰਦਾ ਤਾਂ ਉਹਨੂੰ ਮਹਿਸੂਸ ਹੁੰਦਾ ਕਿ ਉਹਦੇ ਲੰਮੇ-ਲੰਮੇ ਕਾਲੇ ਕੇਸਾਂ ਹੇਠ ਜਿਹੜਾ ਛੋਟਾ ਜਿਹਾ ਸਿਰ ਛੁਪਿਆ ਹੋਇਆ ਹੈ ਉਹਦੇ ਵਿਚ ਅੱਗੇ-ਵਧੂ ਸਾਹਿਤ ਕੁੱਟ ਕੁੱਟ ਕੇ ਭਰਿਆ ਪਿਆ ਹੈ। ਇਸ ਅਹਿਸਾਸ ਨਾਲ ਉਹਦੇ ਦਿਲ ਤੇ ਦਿਮਾਗ ਵਿਚ ਹਉਂ ਦੀ ਇਕ ਅਜੀਬ ਜਿਹੇ ਮਹੱਤਵ ਵਾਲੀ ਭਾਵਨਾ ਪੈਦਾ ਹੋ ਜਾਂਦੀ ਤੇ ਉਹ ਇਹ ਸਮਝਦਾ ਕਿ ਦੁਨੀਆਂ ਵਿਚ ਜਿੰਨੇ ਕਹਾਣੀਕਾਰ ਤੇ ਨਾਵਲਕਾਰ ਹਨ, ਸਾਰੇ ਦੇ ਸਾਰੇ ਉਹਦੇ ਨਾਲ ਬੜੇ ਹੀ ਮਿੱਠੇ ਜਿਹੇ ਰਿਸ਼ਤੇ ਵਿਚ ਬੱਧੇ ਹੋਏ ਹਨ। ਅੰਮ੍ਰਿਤ ਕੌਰ ਦੀ ਸਮਝ ਵਿਚ ਇਹ ਗੱਲ ਨਹੀਂ ਸੀ ਆਉਂਦੀ ਕਿ ਉਹਦਾ ਪਤੀ ਲੋਕਾਂ ਨੂੰ ਸੱਦਾ ਭੇਜਣ ਵੇਲੇ ਹਰ ਵਾਰ ਇਹ ਕਿਉਂ ਆਖਦਾ ਹੈ:
‘ਅੰਮ੍ਰਿਤ, ਇਹ ਜਿਹੜੇ ਅੱਜ ਚਾਹ ‘ਤੇ ਆ ਰਹੇ ਨੇ, ਹਿੰਦੁਸਤਾਨ ਦੇ ਵੱਡੇ ਸ਼ਾਇਰ ਹਨ… ਸਮਝ ਗਈ, ਨਾ? ਵੇਖੀਂ, ਇਨ੍ਹਾਂ ਦੀ ਆਉਭਗਤ ਤੇ ਖਾਤਰਦਾਰੀ ਵਿਚ ਕੋਈ ਕਸਰ ਨਾ ਰਹਿ ਜਾਵੇ।’
ਆਉਣ ਵਾਲਾ ਕਦੇ ਹਿੰਦੁਸਤਾਨ ਦਾ ਵੱਡਾ ਸ਼ਾਇਰ ਹੁੰਦਾ ਜਾਂ ਬੜਾ ਵੱਡਾ ਕਹਾਣੀਕਾਰ। ਇਸ ਤੋਂ ਘੱਟ ਦਰਜੇ ਵਾਲੇ ਆਦਮੀ ਨੂੰ ਤਾਂ ਉਹ ਕਦੇ ਬੁਲਾਉਂਦਾ ਹੀ ਨਹੀਂ ਸੀ-ਦਾਅਵਤ ਵੇਲੇ ਉਚੀਆਂ ਉਚੀਆਂ ਸੁਰਾਂ ਵਿਚ ਗੱਲਾਂ ਹੁੰਦੀਆਂ, ਜਿਹਦਾ ਮਤਲਬ ਉਹ ਅੱਜ ਤੱਕ ਨਹੀਂ ਸਮਝ ਸਕੀ ਸੀ। ਗੱਲਾਂਬਾਤਾਂ ਦੇ ਦੌਰਾਨ ‘ਤਰੱਕੀਪਸੰਦ’ ਦਾ ਜ਼ਿਕਰ ਆਮ ਤੌਰ ‘ਤੇ ਹੁੰਦਾ ਸੀ। ਇਸ ‘ਤਰੱਕੀਪਸੰਦੀ’ ਦਾ ਮਤਲਬ ਅੰਮ੍ਰਿਤ ਕੌਰ ਨੂੰ ਮਲੂਮ ਨਹੀਂ ਸੀ। ਇਕ ਵਾਰ ਜੋਗਿੰਦਰ ਸਿੰਘ ਇਕ ਬੜੇ ਵੱਡੇ ਕਹਾਣੀਕਾਰ ਨੂੰ ਚਾਹ ਪਿਲਾ ਕੇ ਵਿਹਲਾ ਹੋ ਅੰਦਰ ਰਸੋਈ ਵਿਚ ਆ ਕੇ ਬੈਠਾ ਤਾਂ ਅੰਮ੍ਰਿਤ ਨੇ ਪੁੱਛਿਆ, “ਇਹ ਮੋਈ ‘ਤਰੱਕੀਪਸੰਦੀ’ ਕੀ ਏ?”
ਜੋਗਿੰਦਰ ਸਿੰਘ ਨੇ ਪਗੜੀ ਸਣੇ ਆਪਣੇ ਸਿਰ ਨੂੰ ਸਹਿਜੇ ਜਿਹੇ ਹਿਲਾਇਆ ਤੇ ਕਿਹਾ, “ਤਰੱਕੀਪਸੰਦੀ? ਇਹਦਾ ਮਤਲਬ ਤੂੰ ਤੁਰੰਤ ਹੀ ਨਹੀਂ ਸਮਝ ਸਕਣ ਲੱਗੀ। ‘ਤਰੱਕੀਪਸੰਦ’ ਉਹਨੂੰ ਆਖਦੇ ਹਨ ਜੋ ਤਰੱਕੀ ਨੂੰ ਪਸੰਦ ਕਰੇ। ਇਹ ਸ਼ਬਦ ਫਾਰਸੀ ਦਾ ਹੈ ਤੇ ਅੰਗ੍ਰੇਜ਼ੀ ਵਿਚ ‘ਤਰੱਕੀਪਸੰਦ’ ਨੂੰ ‘ਪ੍ਰੋਗ੍ਰੈਸਿਵ’ ਕਹਿੰਦੇ ਹਨ। ਉਹ ਕਹਾਣੀਕਾਰ ਜੋ ਕਹਾਣੀਆਂ ਵਿਚ ਤਰੱਕੀ ਚਾਹੁੰਦੇ ਹਨ, ਉਨ੍ਹਾਂ ਨੂੰ ਤਰੱਕੀਪਸੰਦ ਜਾਂ ਅਗੇਵਧੂ ਕਹਾਣੀਕਾਰ ਸੱਦੇਂਦੇ ਹਨ। ਇਸ ਵੇਲੇ ਹਿੰਦੋਸਤਾਨ ਵਿਚ ਸਿਰਫ ਤਿੰਨ-ਚਾਰ ਤਰੱਕੀਪਸੰਦ ਕਹਾਣੀਕਾਰ ਹਨ ਜਿਨ੍ਹਾਂ ਵਿਚ ਮੇਰਾ ਨਾਂ ਵੀ ਸ਼ਾਮਿਲ ਹੈ।”
ਜੋਗਿੰਦਰ ਸਿੰਘ ਦੀ ਆਦਤ ਸੀ ਕਿ ਉਹ ਅੰਗ੍ਰੇਜ਼ੀ ਸ਼ਬਦਾਂਨਾਲ ਆਪਣੇ ਵਿਚਾਰ ਪ੍ਰਗਟ ਕੀਤਾ ਕਰਦਾ ਸੀ। ਉਹਦੀ ਇਹੀ ਆਦਤ ਹੁਣ ਪੱਕ ਕੇ ਉਹਦਾ ਸੁਭਾਅ ਬਣ ਗਈ ਸੀ। ਇਸ ਲਈ ਉਹ ਬਿਨਾਂ ਝਕੇ ਇਕ ਅਜਿਹੀ ਅੰਗਰੇਜ਼ੀ ਭਾਸ਼ਾ ਵਿਚ ਸੋਚਦਾ ਸੀ ਜਿਹੜੀ ਕੁਝ ਉਘੇ ਅੰਗ੍ਰੇਜ਼ੀ ਨਾਵਲਕਾਰਾਂ ਦੇ ਚੰਗੇ ਚੰਗੇ ਚੁਸਤ ਫਿਕਰਿਆਂ ‘ਤੇ ਆਧਾਰਤ ਸੀ। ਆਮ ਗੱਲਬਾਤ ਵਿਚ ਉਹ 50% ਅੰਗ੍ਰੇਜ਼ੀ ਸ਼ਬਦਾਂ ਅਤੇ ਅੰਗ੍ਰੇਜ਼ੀ ਕਿਤਾਬਾਂ ‘ਚੋਂ ਚੁਣੇ ਵਾਕਾਂ ਦੀ ਵਰਤੋਂ ਕਰਦਾ ਸੀ। ‘ਅਫਲਾਤੂਨ’ ਨੂੰ ਉਹ ਸਦਾ ‘ਪਲੇਟੋ’ ਕਹਿੰਦਾ ਸੀ। ਇਵੇਂ ਹੀ ‘ਅਰਸਤੂ’ ਨੂੰ ‘ਅਰਾਸਟੋਟਿਲ’। ਡਾ. ਸਿਗਮੰਡ ਫਰਾਇਡ, ਸ਼ੋਪੇਨਹਾਵਰ ਤੇ ਨੀਤਸ਼ੇ ਦੀ ਚਰਚਾ ਉਹ ਆਪਣੀ ਹਰ ਮਹੱਤਵਪੂਰਨ ਗੱਲਬਾਤ ਵਿਚ ਕੀਤਾ ਕਰਦਾ ਸੀ ਅਤੇ ਪਤਨੀ ਨਾਲ ਗੱਲ ਕਰਨ ਵੇਲੇ ਉਹ ਇਸ ਗੱਲ ਦਾ ਖਾਸ ਧਿਆਨ ਰੱਖਦਾ ਸੀ ਕਿ ਗੱਲਬਾਤ ਵਿਚ ਅੰਗ੍ਰੇਜ਼ੀ ਸ਼ਬਦ ਅਤੇ ਇਹ ਫਲਾਸਫੀ ਦਾਖਲ ਨਾ ਹੋਣ। ਜੋਗਿੰਦਰ ਸਿੰਘ ਤੋਂ ਜਦੋਂ ਉਹਦੀ ਪਤਨੀ ਨੇ ਤਰੱਕੀਪਸੰਦੀ ਦਾ ਮਤਲਬ ਸਮਝਿਆ ਤਾਂ ਉਹਨੂੰ ਬੜੀ ਨਿਰਾਸ਼ਾ ਹੋਈ ਕਿਉਂਕਿ ਉਹਦਾ ਖ਼ਿਆਲ ਸੀ ਕਿ ਤਰੱਕੀਪਸੰਦੀ ਕੋਈ ਬੜੀ ਵੱਡੀ ਚੀਜ਼ ਹੋਵੇਗੀ ਜਿਸ ਬਾਰੇ ਵੱਡੇ-ਵੱਡੇ ਸ਼ਾਇਰ ਤੇ ਕਹਾਣੀਕਾਰ ਉਹਦੇ ਪਤੀ ਨਾਲ ਮਿਲ ਕੇ ਬਹਿਸ ਕਰਦੇ ਰਹਿੰਦੇ ਹਨ ਪਰ ਜਦੋਂ ਉਹਨੇ ਇਹ ਸੋਚਿਆ ਕਿ ਹਿੰਦੋਸਤਾਨ ਵਿਚ ਸਿਰਫ ਤਿੰਨ-ਚਾਰ ਤਰੱਕੀਪਸੰਦ ਕਹਾਣੀਕਾਰ ਹੀ ਹਨ ਤਾਂ ਉਹਦੀਆਂ ਅੱਖਾਂ ਵਿਚ ਚਮਕ ਪੈਦਾ ਹੋ ਗਈ।
ਇਹ ਚਮਕ ਵੇਖ ਕੇ ਜੋਗਿੰਦਰ ਸਿੰਘ ਦੇ ਮੁੱਛਾਂ-ਭਰੇ ਬੁਲ੍ਹ, ਇਕ ਦੱਬੀ-ਦੱਬੀ ਜਿਹੀ ਮੁਸਕਰਾਹਟ ਵਿਚ, ਕੰਬੇ, “ਅੰਮ੍ਰਿਤ, ਤੈਨੂੰ ਇਹ ਸੁਣ ਕੇ ਖੁਸ਼ੀ ਹੋਵੇਗੀ ਕਿ ਹਿੰਦੋਸਤਾਨ ਦਾ ਇਕ ਬਹੁਤ ਵੱਡਾ ਆਦਮੀ ਮੈਨੂੰ ਮਿਲਣ ਦਾ ਚਾਹਵਾਨ ਹੈ। ਉਹਨੇ ਮੇਰੀਆਂ ਕਹਾਣੀਆਂ ਪੜ੍ਹੀਆਂ ਹਨ ਤੇ ਬਹੁਤ ਪਸੰਦ ਕੀਤੀਆਂ ਹਨ।”
ਅੰਮ੍ਰਿਤ ਕੌਰ ਨੇ ਪੁੱਛਿਆ, “ਇਹ ਵੱਡਾ ਆਦਮੀ ਕੋਈ ਅਸਲੋਂ ਹੀ ਵੱਡਾ ਆਦਮੀ ਹੈ ਜਾਂ ਤੁਹਾਡੇ ਵਾਂਗ ਸਿਰਫ ਕਹਾਣੀਆਂ ਲਿਖਣ ਵਾਲਾ ਹੈ?”
ਜੋਗਿੰਦਰ ਸਿੰਘ ਨੇ ਜੇਬ ਵਿਚੋਂ ਇਕ ਲਿਫਾਫਾ ਕਢਿਆ ਅਤੇ ਦੂਜੇ ਪੁਠੇ ਹੱਥ ਨਾਲ ਥਪਥਪਾਂਦਿਆਂ ਆਖਿਆ, “ਕਹਾਣੀਕਾਰ ਤਾਂ ਹੈ ਹੀ ਪਰ ਉਹਦੀ ਸਭ ਤੋਂ ਵੱਡੀ ਖੂਬੀ ਜੋ ਉਹਦੀ ਅਮਿੱਟ ਪ੍ਰਸਿੱਧੀ ਦੇ ਪਿੱਛੇ ਮੌਜੂਦ ਹੈ, ਕੁਝ ਹੋਰ ਈ ਏ।”
“ਕਿਹੜੀ ਖੂਬੀ ਏ?”
“ਉਹ ਇਕ ਅਵਾਰਾਗਰਦ ਹੈ।”
“ਅਵਾਰਾਗਰਦ?”
“ਹਾਂ, ਉਹ ਇਕ ਅਵਾਰਾਗਰਦ ਹੈ ਜੀਹਨੇ ਅਵਾਰਾਗਰਦੀ ਨੂੰ ਆਪਣੇ ਜੀਵਨ ਦਾ ਮਨੋਰਥ ਬਣਾ ਲਿਆ ਹੈ। ਉਹ ਸਦਾ ਘੁੰਮਦਾ ਰਹਿੰਦਾ ਹੈ, ਕਦੇ ਕਸ਼ਮੀਰ ਦੀਆਂ ਠੰਡੀਆਂ ਘਾਟੀਆਂ ਵਿਚ ਹੁੰਦਾ ਹੈ ਤੇ ਕਦੇ ਮੁਲਤਾਨ ਦੇ ਤਪਦੇ ਮੈਦਾਨਾਂ ਵਿਚ, ਕਦੇ ਲੰਕਾ ਵਿਚ ਤੇ ਕਦੇ ਤਿੱਬਤ ਵਿਚ।”
ਅੰਮ੍ਰਿਤ ਕੌਰ ਦੀ ਦਿਲਚਸਪੀ ਵਧ ਗਈ, “ਪਰ ਉਹ ਕਰਦਾ ਕੀ ਏ?”
“ਉਹ ਗੀਤ ਇਕੱਠੇ ਕਰਦਾ ਏ, ਹਿੰਦੋਸਤਾਨ ਦੇ ਹਰ ਸੂਬੇ ਦੇ ਗੀਤ-ਪੰਜਾਬੀ, ਗੁਜਰਾਤੀ, ਮਰਾਠੀ, ਪਿਸ਼ੌਰੀ, ਕਸ਼ਮੀਰੀ, ਮਾਰਵਾੜੀ, ਹਿੰਦੋਸਤਾਨ ਵਿਚ ਜਿੰਨੀਆਂ ਵੀ ਬੋਲੀਆਂ ਬੋਲੀਆਂ ਜਾਂਦੀਆਂ ਹਨ, ਉਨ੍ਹਾਂ ਦੇ ਜਿੰਨੇ ਵੀ ਗੀਤ ਉਹਨੂੰ ਮਿਲਦੇ ਹਨ, ਉਹ ਇਕੱਠੇ ਕਰ ਲੈਂਦਾ ਹੈ।”
“ਏਨੇ ਗੀਤ ਇਕੱਠੇ ਕਰਕੇ ਉਹ ਕੀ ਕਰੇਗਾ?”
“ਕਿਤਾਬਾਂ ਛਾਪਦਾ ਹੈ, ਲੇਖ ਲਿਖਦਾ ਹੈ ਤਾਂ ਜੁ ਦੂਜੇ ਵੀ ਇਹ ਗੀਤ ਪੜ੍ਹ ਸਕਣ। ਕਈ ਅੰਗ੍ਰੇਜ਼ੀ ਰਸਾਲਿਆਂ ਵਿਚ ਉਹਦੇ ਲੇਖ ਛਪ ਚੁੱਕੇ ਹਨ। ਗੀਤ ਇਕੱਠੇ ਕਰਨਾ ਤੇ ਸਲੀਕੇ ਨਾਲ ਉਨ੍ਹਾਂ ਨੂੰ ਪੇਸ਼ ਕਰਨਾ ਕੋਈ ਮਾਮੂਲੀ ਕੰਮ ਨਹੀਂ। ਉਹ ਬਹੁਤ ਵੱਡਾ ਆਦਮੀ ਹੈ, ਸਮਝੀ, ਬਹੁਤ ਵੱਡਾ ਆਦਮੀ! ਤੇ ਵੇਖ, ਉਹਨੇ ਮੈਨੂੰ, ਕਿਹੋ ਜਿਹਾ ਖਤ ਲਿਖਿਐ।”
ਇਹ ਕਹਿ ਕੇ, ਜੋਗਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਉਹ ਪੱਤਰ ਪੜ੍ਹ ਕੇ ਸੁਣਾਇਆ ਜਿਹੜਾ ਹਰੇਂਦਰ ਨਾਥ ਤ੍ਰਿਪਾਠੀ ਨੇ ਆਪਣੇ ਪਿੰਡੋਂ ਉਹਨੂੰ ਭੇਜਿਆ ਸੀ। ਉਸ ਪੱਤਰ ਵਿਚ ਹਰੇਂਦਰ ਨਾਥ ਤ੍ਰਿਪਾਠੀ ਨੇ ਬੜੀ ਮਿੱਠੀ ਬੋਲੀ ਵਿਚ ਜੋਗਿੰਦਰ ਸਿੰਘ ਦੀਆਂ ਕਹਾਣੀਆਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਸੀ ਕਿ ਤੁਸੀਂ ਹਿੰਦੋਸਤਾਨ ਦੇ ਤਰੱਕੀਪਸੰਦ ਕਹਾਣੀਕਾਰ ਹੋ।
ਇਹ ਵਾਕ ਜੋਗਿੰਦਰ ਸਿੰਘ ਨੇ ਪੜ੍ਹ ਕੇ ਕਿਹਾ, “ਲੈ ਵੇਖ, ਤ੍ਰਿਪਾਠੀ ਸਾਹਿਬ ਵੀ ਲਿਖਦੇ ਨੇ ਕਿ ਮੈਂ ਤਰੱਕੀਪਸੰਦ ਹਾਂ।”
ਜੋਗਿੰਦਰ ਸਿੰਘ ਨੇ ਪੂਰਾ ਪੱਤਰ ਪੜ੍ਹਨ ਪਿਛੋਂ ਇਕ ਦੋ ਛਿਣ ਆਪਣੀ ਪਤਨੀ ਵਲ ਤੱਕਿਆ ਤੇ ਉਹਦਾ ਅਸਰ ਜਾਣਨ ਲਈ ਕਿਹਾ, “ਕਿਉਂ?”
ਅੰਮ੍ਰਿਤ ਕੌਰ ਪਤੀ ਦੀ ਤਿੱਖੀ ਨਜ਼ਰ ਕਾਰਨ ਕੁਝ ਝੇਂਪ ਜਿਹੀ ਗਈ ਤੇ ਮੁਸਕਰਾ ਕੇ ਕਹਿਣ ਲੱਗੀ, “ਮੈਂ ਕੀ ਜਾਣਾਂ! ਵੱਡੇ ਆਦਮੀਆਂ ਦੀਆਂ ਗੱਲਾਂ ਵੱਡੇ ਆਦਮੀ ਹੀ ਸਮਝ ਸਕਦੇ ਨੇ।”
ਜੋਗਿੰਦਰ ਸਿੰਘ ਨੇ ਆਪਣੀ ਪਤਨੀ ਦੀ ਏਸ ਅਦਾ ‘ਤੇ ਗਹੁ ਨਹੀਂ ਕੀਤਾ। ਉਹ ਅਸਲ ਵਿਚ ਹਰੇਂਦਰ ਨਾਥ ਤ੍ਰਿਪਾਠੀ ਨੂੰ ਆਪਣੇ ਘਰ ਬੁਲਾਉਣ ਤੇ ਉਹਨੂੰ ਕੁਝ ਦਿਨ ਠਹਿਰਾਉਣ ਬਾਰੇ ਸੋਚ ਰਿਹਾ ਸੀ, “ਅੰਮ੍ਰਿਤ ਮੈਂ ਕਹਿੰਦਾ ਹਾਂ, ਤ੍ਰਿਪਾਠੀ ਸਾਹਿਬ ਨੂੰ ਦਾਅਵਤ ਦੇ ਹੀ ਦਿੱਤੀ ਜਾਵੇ। ਕੀ ਖਿਆਲ ਹੈ ਤੇਰਾ… ਪਰ ਮੈਂ ਸੋਚਦਾ ਇਹ ਹਾਂ ਕਿ ਕੀ ਜਾਣਾਂ, ਉਹ ਕਿਤੇ ਇਨਕਾਰ ਹੀ ਨਾ ਕਰ ਦਏ। ਬਹੁਤ ਵੱਡਾ ਆਦਮੀ ਹੈ। ਹੋ ਸਕਦੈ ਉਹ ਸਾਡੀ ਏਸ ਦਾਅਵਤ ਨੂੰ ਖੁਸ਼ਾਮਦ ਸਮਝੇ।”
ਅਜਿਹੇ ਮੌਕਿਆਂ ‘ਤੇ ਉਹ ਪਤਨੀ ਨੂੰ ਆਪਣੇ ਨਾਲ ਸ਼ਾਮਿਲ ਕਰ ਲਿਆ ਕਰਦਾ ਸੀ ਤਾਂ ਜੁ ਦਾਅਵਤ ਦਾ ਭਾਰ ਦੋ ਬੰਦਿਆਂ ਵਿਚ ਵੰਡਿਆ ਜਾਵੇ। ਇਸੇ ਲਈ ਜਦੋਂ ਉਹਨੇ ‘ਸਾਡੀ’ ਆਖਿਆ ਤਾਂ ਅੰਮ੍ਰਿਤ ਕੌਰ ਨੇ, ਜਿਹੜੀ ਆਪਣੇ ਪਤੀ ਵਾਂਗ ਬਹੁਤ ਭੋਲੀ ਸੀ, ਹਰੇਂਦਰ ਨਾਥ ਤ੍ਰਿਪਾਠੀ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਭਾਵੇਂ ਉਹਦਾ ਨਾਂ ਹੀ ਉਹਦੇ ਲਈ ਸਮਝੋਂ ਬਾਹਰ ਸੀ ਅਤੇ ਇਹ ਗੱਲ ਵੀ ਉਹਦੀ ਸਮਝ ਤੋਂ ਬਾਹਰ ਸੀ ਕਿ ਇਕ ਅਵਾਰਾਗਰਦ, ਗੀਤ ਇਕੱਠੇ ਕਰ ਕੇ, ਕਿਵੇਂ ਬਹੁਤ ਵੱਡਾ ਆਦਮੀ ਬਣ ਸਕਦਾ ਹੈ। ਜਦੋਂ ਉਹਨੂੰ ਇਹ ਦੱਸਿਆ ਗਿਆ ਸੀ ਕਿ ਤ੍ਰਿਪਾਠੀ ਗੀਤ ਇਕੱਠੇ ਕਰਦਾ ਹੈ ਤਾਂ ਉਹਨੂੰ ਆਪਣੇ ਪਤੀ ਦੀ ਇਕ ਗੱਲ ਯਾਦ ਆ ਗਈ ਕਿ ਵਲਾਇਤ ਵਿਚ ਲੋਕ ਤਿਤਲੀਆਂ ਫੜਨ ਦਾ ਕੰਮ ਕਰਦੇ ਹਨ ਤੇ ਇਸ ਤਰ੍ਹਾਂ ਕਾਫੀ ਪੈਸਾ ਕਮਾ ਲੈਂਦੇ ਹਨ। ਇਸੇ ਲਈ ਉਹਦਾ ਇਹ ਖਿਆਲ ਸੀ ਕਿ ਸ਼ਾਇਦ ਤ੍ਰਿਪਾਠੀ ਨੇ ਗੀਤ ਇਕੱਠੇ ਕਰਨ ਦਾ ਕੰਮ ਵਲਾਇਤ ਦੇ ਕਿਸੇ ਆਦਮੀ ਤੋਂ ਸਿੱਖਿਆ ਹੋਵੇਗਾ।
ਜੋਗਿੰਦਰ ਸਿੰਘ ਨੇ ਆਪਣਾ ਸ਼ੱਕ ਪ੍ਰਗਟਾਇਆ, “ਹੋ ਸਕਦੈ ਉਹ ਸਾਡੀ ਏਸ ਦਾਅਵਤ ਨੂੰ ਖੁਸ਼ਾਮਦ ਸਮਝ ਲਏ।”
“ਇਹਦੇ ‘ਚ ਖੁਸ਼ਾਮਦ ਦੀ ਕਿਹੜੀ ਗੱਲ ਹੈ? ਹੋਰ ਵੀ ਤਾਂ ਕਈ ਵੱਡੇ ਆਦਮੀ ਸਾਡੇ ਘਰ ਆਉਂਦੇ ਨੇ। ਤੁਸੀਂ ਉਨ੍ਹਾਂ ਨੂੰ ਚਿੱਠੀ ਪਾ ਦਿਓ। ਮੇਰਾ ਖਿਆਲ ਹੈ ਕਿ ਉਹ ਤੁਹਾਡੀ ਦਾਅਵਤ ਜ਼ਰੂਰ ਕਬੂਲ ਕਰ ਲੈਣਗੇ। ਨਾਲੇ ਉਨ੍ਹਾਂ ਨੂੰ ਵੀ ਤਾਂ ਤੁਹਾਨੂੰ ਮਿਲਣ ਦਾ ਬਹੁਤ ਚਾਅ ਹੈ। ਹਾਂ, ਇਹ ਤਾਂ ਦੱਸੋ ਕੀ ਉਨ੍ਹਾਂ ਦੇ ਬਾਲ-ਬੱਚੇ ਹਨ?”
“ਬਾਲ-ਬੱਚੇ!” ਜੋਗਿੰਦਰ ਸਿੰਘ ਉਠਿਆ। ਚਿੱਠੀ ਦਾ ਮਜ਼ਮੂਨ ਅੰਗ੍ਰੇਜ਼ੀ ਭਾਸ਼ਾ ਵਿਚ ਸੋਚਦਿਆਂ ਬੋਲਿਆ, “ਹੋਣਗੇ, ਜ਼ਰੂਰ ਹੋਣਗੇ। ਹਾਂ ਹਨ। ਮੈਂ ਉਨ੍ਹਾਂ ਦੇ ਇਕ ਲੇਖ ਵਿਚ ਪੜ੍ਹਿਆ ਸੀ, ਉਨ੍ਹਾਂ ਦੀ ਪਤਨੀ ਵੀ ਹੈ ਤੇ ਇਕ ਬੱਚੀ ਵੀ।”
ਇਹ ਕਹਿ ਕੇ ਉਹ ਉਠਿਆ, ਚਿੱਠੀ ਦਾ ਮਜ਼ਮੂਨ ਉਹਦੇ ਦਿਮਾਗ ਵਿਚ ਪੂਰਾ ਹੋ ਚੁੱਕਿਆ ਸੀ। ਦੂਜੇ ਕਮਰੇ ਵਿਚ ਜਾ ਕੇ ਉਹਨੇ ਛੋਟੇ ਸਾਈਜ਼ ਦਾ ਉਹ ਪੈਡ ਕਢਿਆ ਜਿਸ ਉਤੇ ਉਹ ਖਾਸ-ਖਾਸ ਆਦਮੀਆਂ ਨੂੰ ਚਿੱਠੀਆਂ ਲਿਖਿਆ ਕਰਦਾ ਸੀ ਅਤੇ ਹਰੇਂਦਰ ਨਾਥ ਤ੍ਰਿਪਾਠੀ ਦੇ ਨਾਂ ਉਰਦੂ ਵਿਚ ਦਾਅਵਤਨਾਮਾ ਲਿਖਿਆ। ਇਹ ਉਸ ਮਜ਼ਮੂਨ ਦਾ ਅਨੁਵਾਦ ਸੀ ਜਿਹੜਾ ਉਹਨੇ ਆਪਣੀ ਪਤਨੀ ਨਾਲ ਗੱਲ ਕਰਨ ਵੇਲੇ ਅੰਗ੍ਰੇਜ਼ੀ ਵਿਚ ਸੋਚਿਆ ਸੀ।
ਤੀਜੇ ਦਿਨ ਹਰੇਂਦਰ ਨਾਥ ਤ੍ਰਿਪਾਠੀ ਦਾ ਉਤਰ ਆ ਗਿਆ। ਜੋਗਿੰਦਰ ਸਿੰਘ ਨੇ ਧੜਕਦੇ ਦਿਲ ਨਾਲ ਲਫਾਫਾ ਖੋਲ੍ਹਿਆ। ਜਦੋਂ ਪੜ੍ਹਿਆ ਕਿ ਉਹਦੀ ਦਾਅਵਤ ਮਨਜ਼ੂਰ ਕਰ ਲਈ ਗਈ ਹੈ, ਉਹਦਾ ਦਿਲ ਹੋਰ ਵੀ ਤੇਜ਼ ਧੜਕਣ ਲੱਗਾ। ਪਤਨੀ ਅੰਮ੍ਰਿਤ ਕੌਰ ਧੁੱਪੇ ਆਪਣੇ ਛੋਟੇ ਬੱਚੇ ਦੇ ਕੇਸਾਂ ਵਿਚ ਦਹੀਂ ਪਾ ਕੇ ਮਲ ਰਹੀ ਸੀ ਕਿ ਉਹ ਲਫ਼ਾਫ਼ਾ ਫੜੀ ਉਹਦੇ ਕੋਲ ਆਇਆ।
“ਉਨ੍ਹਾਂ ਨੇ ਸਾਡੀ ਦਾਅਵਤ ਕਬੂਲ ਕਰ ਲਈ ਹੈ। ਲਿਖਦੇ ਨੇ ਕਿ ਉਹ ਲਾਹੌਰ ਵੈਸੇ ਵੀ ਕਿਸੇ ਜ਼ਰੂਰੀ ਕੰਮ ਆ ਰਹੇ ਸਨ। ਆਪਣੀ ਨਵੀਂ ਕਿਤਾਬ ਛਪਵਾਉਣਾ ਚਾਹੁੰਦੇ ਸਨ। ਤੇ ਹਾਂ, ਉਨ੍ਹਾਂ ਨੇ ਤੈਨੂੰ ਪ੍ਰਣਾਮ ਲਿਖਿਆ ਏ।”
ਅੰਮ੍ਰਿਤ ਕੌਰ ਨੂੰ ਇਸ ਖਿਆਲ ਤੋਂ ਬਹੁਤ ਖੁਸ਼ੀ ਹੋਈ ਕਿ ਏਡੇ ਵੱਡੇ ਆਦਮੀ ਨੇ ਜਿਸ ਦਾ ਕੰਮ ਗੀਤ ਇਕੱਠੇ ਕਰਨਾ ਹੈ, ਉਹਨੂੰ ‘ਪ੍ਰਣਾਮ’ ਭੇਜਿਆ ਹੈ। ਉਹਨੇ ਮਨ ਹੀ ਮਨ ਵਿਚ ਵਾਹਿਗੁਰੂ ਦਾ ਧੰਨਵਾਦ ਕੀਤਾ ਕਿ ਉਹਦਾ ਵਿਆਹ ਅਜਿਹੇ ਆਦਮੀ ਨਾਲ ਹੋਇਆ ਹੈ ਜਿਸ ਨੂੰ ਹਿੰਦੋਸਤਾਨ ਦਾ ਹਰ ਵੱਡਾ ਆਦਮੀ ਜਾਣਦਾ ਹੈ। ਸਿਆਲ ਦੀ ਰੁੱਤ ਸੀ, ਦਸੰਬਰ ਦੇ ਪਹਿਲੇ ਦਿਨ ਸਨ। ਜੋਗਿੰਦਰ ਸਿੰਘ ਸਵੇਰੇ ਸਤ ਵਜੇ ਜਾਗਿਆ ਪਰ ਦੇਰ ਤਕ ਬਿਸਤਰੇ ਵਿਚ ਹੀ ਅੱਖਾਂ ਖੋਹਲੀਂ ਲੰਮਾ ਪਿਆ ਰਿਹਾ- ਉਹਦੀ ਪਤਨੀ ਅੰਮ੍ਰਿਤ ਕੌਰ ਤੇ ਉਹਦਾ ਬੱਚਾ-ਦੋਵੇਂ ਰਜਾਈ ਵਿਚ ਲਿਪਟੇ ਲਾਗਲੇ ਮੰਜੇ ਉਤੇ ਪਏ ਸਨ। ਜੋਗਿੰਦਰ ਸਿੰਘ ਸੋਚਣ ਲੱਗਿਆ, ‘ਤ੍ਰਿਪਾਠੀ ਸਾਹਬ ਨੂੰ ਮਿਲ ਕੇ ਕੇਡੀ ਖੁਸ਼ੀ ਹੋਵੇਗੀ। ਖੁਦ ਤ੍ਰਿਪਾਠੀ ਸਾਹਬ ਵੀ ਉਹਨੂੰ ਮਿਲ ਕੇ ਬਹੁਤ ਪ੍ਰਸੰਨ ਹੋਣਗੇ ਕਿਉਂ ਜੁ ਉਹ ਹਿੰਦੋਸਤਾਨ ਦਾ ਨੌਜਵਾਨ ਕਹਾਣੀਕਾਰ ਅਤੇ ਤਰੱਕੀਪਸੰਦ ਲੇਖਕ ਹੈ, ਤ੍ਰਿਪਾਠੀ ਸਾਹਿਬ ਨਾਲ ਉਹ ਹਰ ਵਿਸ਼ੇ ਉਤੇ ਗੱਲਬਾਤ ਕਰੇਗਾ, ਗੀਤਾਂ ‘ਤੇ, ਪੇਂਡੂ ਬੋਲੀਆਂ ‘ਤੇ, ਕਹਾਣੀਆਂ ‘ਤੇ ਅਤੇ ਤਾਜ਼ਾ ਜੰਗੀ ਹਾਲਾਤ ‘ਤੇ। ਉਹ ਉਨ੍ਹਾਂ ਨੂੰ ਦੱਸੇਗਾ ਕਿ ਇਕ ਕਲਰਕ ਹੁੰਦਿਆਂ ਵੀ ਉਹ ਕਿਵੇਂ ਵਧੀਆ ਕਹਾਣੀਕਾਰ ਬਣ ਸਕਿਆ। ਕੀ ਇਹ ਅਜੀਬ ਗੱਲ ਨਹੀਂ ਕਿ ਡਾਕਖਾਨੇ ਵਿਚ ਚਿੱਠੀਆਂ ਦੀ ਦੇਖਭਾਲ ਕਰਨ ਵਾਲਾ ਬੰਦਾ ਕਲਾਕਾਰ ਹੋਵੇ। ਜੋਗਿੰਦਰ ਸਿੰਘ ਨੂੰ ਇਸ ਗੱਲ ਦਾ ਬੜਾ ਮਾਣ ਸੀ ਕਿ ਡਾਕਖਾਨੇ ਵਿਚ ਮਜ਼ਦੂਰਾਂ ਵਾਂਗ-ਛੇ-ਸਤ ਘੰਟੇ ਕੰਮ ਕਰਨ ਪਿੱਛੋਂ ਵੀ ਉਹ ਏਨਾ ਵਕਤ ਕੱਢ ਲੈਂਦਾ ਹੈ ਕਿ ਇਕ ਮਾਸਕ ਰਸਾਲਾ ਸੰਪਾਦਤ ਕਰਦਾ ਹੈ ਅਤੇ ਦੋ-ਤਿੰਨ ਰਸਾਲਿਆਂ ਲਈ ਹਰ ਹਫਤੇ ਜਿਹੜੇ ਲੰਬੇ ਲੰਬੇ ਪੱਤਰ ਲਿਖੇ ਜਾਂਦੇ ਹਨ, ਉਹ ਵੱਖਰੇ। ਦੇਰ ਤਕ ਬਿਸਤਰੇ ਵਿਚ ਪਿਆ ਉਹ ਹਰੇਂਦਰ ਨਾਥ ਤ੍ਰਿਪਾਠੀ ਨਾਲ ਆਪਣੀ ਪਹਿਲੀ ਮੁਲਾਕਾਤ ਲਈ ਮਨ ਵਿਚ ਤਿਆਰੀਆਂ ਕਰਦਾ ਰਿਹਾ।
ਜੋਗਿੰਦਰ ਸਿੰਘ ਨੇ ਹਰੇਂਦਰ ਨਾਥ ਤ੍ਰਿਪਾਠੀ ਦੀਆਂ ਕਹਾਣੀਆਂ ਤੇ ਲੇਖ ਪੜ੍ਹੇ ਹੋਏ ਸਨ, ਉਹਦੀ ਫੋਟੋ ਵੇਖ ਕੇ ਉਹ ਆਮ ਤੌਰ ‘ਤੇ ਇਹ ਮਹਿਸੂਸ ਕਰਦਾ ਸੀ ਕਿ ਉਹਨੇ ਉਸ ਬੰਦੇ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ। ਪਰ ਹਰੇਂਦਰ ਨਾਥ ਤ੍ਰਿਪਾਠੀ ਦੇ ਮਾਮਲੇ ਵਿਚ ਉਹਨੂੰ ਆਪਣੇ ਉੱਤੇ ਭਰੋਸਾ ਨਹੀਂ ਸੀ। ਉਹ ਆਖਦਾ ਸੀ ਕਿ ਹਰੇਂਦਰ ਨਾਥ ਤ੍ਰਿਪਾਠੀ ਉਹਦੇ ਲਈ ਬਿਲਕੁਲ ਅਜਨਬੀ ਹੈ-ਜੋਗਿੰਦਰ ਸਿੰਘ ਦੇ ਕਹਾਣੀਕਾਰ ਦਿਮਾਗ ਵਿਚ ਕਈ ਵਾਰ ਹਰੇਂਦਰ ਨਾਥ ਤ੍ਰਿਪਾਠੀ ਇਕ ਅਜਿਹੇ ਆਦਮੀ ਦੇ ਰੂਪ ਵਿਚ ਸਾਹਮਣੇ ਆਉਂਦਾ ਜੀਹਨੇ ਕੱਪੜਿਆਂ ਦੀ ਥਾਂ ਆਪਣੇ ਪਿੰਡੇ ਉਤੇ ਕਾਗਜ਼ ਲਪੇਟੇ ਹੋਏ ਹੋਣ, ਤੇ ਜਦੋਂ ਉਹ ਕਾਗਜ਼ਾਂ ਬਾਰੇ ਸੋਚਦਾ ਤਾਂ ਉਹਨੂੰ ਅਨਾਰਕਲੀ ਦੀ ਉਹ ਕੰਧ ਯਾਦ ਆ ਜਾਂਦੀ, ਜਿਸ ਉਤੇ ਸਿਨਮੇ ਦੇ ਇਸ਼ਤਿਹਾਰ ਏਡੀ ਵੱਡੀ ਗਿਣਤੀ ਵਿਚ ਇਕ ਦੂਜੇ ‘ਤੇ ਚਿਪਕੇ ਹੋਏ ਸਨ ਕਿ ਕੰਧ ਉਪਰ ਇਕ ਹੋਰ ਕੰਧ ਬਣ ਗਈ ਸੀ। ਬਿਸਤਰੇ ਵਿਚ ਪਿਆ ਉਹ ਦੇਰ ਤਕ ਸੋਚਦਾ ਰਿਹਾ ਕਿ ਜੇ ਹਰੇਂਦਰ ਨਾਥ ਤ੍ਰਿਪਾਠੀ ਅਜਿਹਾ ਹੀ ਆਦਮੀ ਹੋਇਆ ਤਾਂ ਉਹਨੂੰ ਸਮਝ ਸਕਣਾ ਬੜਾ ਹੀ ਮੁਸ਼ਕਲ ਹੋਵੇਗਾ। ਪਰ ਫੇਰ ਉਹਨੂੰ ਆਪਣੀ ਸਿਆਣਪ ਦਾ ਖਿਆਲ ਆਇਆ, ਤੇ ਉਹਦੀਆਂ ਮੁਸ਼ਕਲਾਂ ਆਸਾਨ ਹੋ ਗਈਆਂ ਤੇ ਉਹ ਉਠ ਕੇ ਉਸ ਦੇ ਸਵਾਗਤ ਦੀਆਂ ਤਿਆਰੀਆਂ ਵਿਚ ਰੁਝ ਗਿਆ। ਤ੍ਰਿਪਾਠੀ ਨੇ ਲਿਖਿਆ ਸੀ ਕਿ ਉਹ ਆਪੀਂ ਜੋਗਿੰਦਰ ਸਿੰਘ ਦੇ ਘਰ ਪਹੁੰਚ ਜਾਏਗਾ ਕਿਉਂਜੁ ਉਹ ਫੈਸਲਾ ਨਹੀਂ ਕਰ ਸਕਿਆ ਕਿ ਉਹ ਲਾਰੀ ਰਾਹੀਂ ਆਏਗਾ ਜਾਂ ਟਰੇਨ ਰਾਹੀਂ। ਫੇਰ ਵੀ ਇਹ ਗੱਲ ਤਾਂ ਪੱਕੀ ਸੀ ਕਿ ਜੋਗਿੰਦਰ ਸਿੰਘ ਸੋਮਵਾਰ ਨੂੰ, ਡਾਕਖਾਨਿਓ ਛੁੱਟੀ ਲੈ ਕੇ ਸਾਰਾ ਦਿਨ ਆਪਣੇ ਮਹਿਮਾਨ ਨੂੰ ਉਡੀਕੇਗਾ। ਨਹਾ-ਧੋ ਤੇ ਕੱਪੜੇ ਬਦਲ ਕੇ ਜੋਗਿੰਦਰ ਸਿੰਘ ਦੇਰ ਤਕ ਰਸੋਈ ਵਿਚ ਆਪਣੀ ਪਤਨੀ ਕੋਲ ਬੈਠਾ ਰਿਹਾ। ਦੋਹਾਂ ਨੇ ਹੀ ਇਹ ਸੋਚ ਕੇ ਚਾਹ ਦੇਰ ਨਾਲ ਪੀਤੀ ਕਿ ਸ਼ਾਇਦ ਤ੍ਰਿਪਾਠੀ ਆ ਜਾਵੇ। ਪਰ ਜਦੋਂ ਤ੍ਰਿਪਾਠੀ ਦੇਰ ਤਕ ਨਾ ਆਇਆ ਤਾਂ ਉਨ੍ਹਾਂ ਨੇ ਕੇਕ, ਆਦਿ, ਸੰਭਾਲ ਕੇ ਅਲਮਾਰੀ ਵਿਚ ਰਖ ਦਿੱਤੇ ਤੇ ਕਾਲੀ ਚਾਹ ਪੀ ਕੇ ਮਹਿਮਾਨ ਨੂੰ ਉਡੀਕਣ ਲੱਗੇ। ਜਦੋਂ ਜੋਗਿੰਦਰ ਸਿੰਘ ਰਸੋਈ ‘ਚੋਂ ਉਠ ਕੇ ਕਮਰੇ ਵਿਚ ਆਇਆ ਤੇ ਸ਼ੀਸ਼ੇ ਸਾਹਮਣੇ ਖੜੋ ਕੇ ਉਹਨੇ ਦਾੜ੍ਹੀ ਦੇ ਵਾਲਾਂ ਵਿਚ ਲੋਹੇ ਦੇ ਛੋਟੇ ਛੋਟੇ ਕਲਿਪ ਲਾਉਣੇ ਆਰੰਭੇ ਤਾਂ ਜੁ ਵਾਲ ਜੰਮ ਜਾਣ ਤਾਂ ਬੂਹਾ ਖੜਕਿਆ। ਹੁਣ ਖੁਲ੍ਹੀ ਦਾੜ੍ਹੀ ਨਾਲ, ਓਸੇ ਹਾਲ ਵਿਚ ਉਹਨੇ ਡਿਊੜ੍ਹੀ ਦਾ ਦਰਵਾਜ਼ਾ ਖੋਲ੍ਹਿਆ। ਜਿਵੇਂ ਕਿ ਉਹਨੂੰ ਮਲੂਮ ਸੀ, ਸਭ ਤੋਂ ਪਹਿਲਾਂ ਉਹਦੀ ਨਜ਼ਰ ਹਰੇਂਦਰ ਨਾਥ ਤ੍ਰਿਪਾਠੀ ਦੀ ਕਾਲੀ ਸੰਘਣੀ ਦਾੜ੍ਹੀ ‘ਤੇ ਪਈ ਜਿਹੜੀ ਉਹਦੀ ਆਪਣੀ ਦਾੜ੍ਹੀ ਨਾਲੋਂ ਵੀਹ ਗੁਣਾਂ ਵੱਡੀ ਸੀ, ਸਗੋਂ ਇਸ ਤੋਂ ਵੀ ਕੁਝ ਵਧੇਰੇ।
ਤ੍ਰਿਪਾਠੀ ਦੇ ਬੁਲ੍ਹਾਂ ਉਤੇ ਜਿਹੜੇ ਵੱਡੀਆਂ ਵੱਡੀਆਂ ਮੁੱਛਾਂ ਵਿਚ ਲੁਕੇ ਹੋਏ ਸਨ, ਮੁਸਕਰਾਹਟ ਪ੍ਰਗਟ ਹੋਈ। ਉਹਦੀ ਅੱਖ ਜਿਹੜੀ ਰਤਾ ਕੁ ਟੇਢੀ ਸੀ ਥੋੜ੍ਹੀ ਹੋਰ ਟੇਢੀ ਹੋ ਗਈ। ਉਹਨੇ ਆਪਣੀਆਂ ਲੰਮੀਆਂ ਲੰਮੀਆਂ ਲਿਟਾਂ ਨੂੰ ਇਕ ਪਾਸੇ ਕਰ ਕੇ ਆਪਣਾ ਹੱਥ, ਜੋ ਕਿਸੇ ਕਿਸਾਨ ਦਾ ਹੱਥ ਜਾਪਦਾ ਸੀ, ਜੋਗਿੰਦਰ ਸਿੰਘ ਵੱਲ ਵਧਾਇਆ। ਜੋਗਿੰਦਰ ਸਿੰਘ ਨੇ ਤ੍ਰਿਪਾਠੀ ਦੇ ਹੱਥ ਦੀ ਮਜ਼ਬੂਤ ਪਕੜ ਮਹਿਸੂਸ ਕੀਤੀ ਤੇ ਉਹਨੂੰ ਤ੍ਰਿਪਾਠੀ ਦਾ ਚਮੜੇ ਦਾ ਥੈਲਾ ਦਿੱਸਿਆ ਜਿਹੜਾ ਕਿਸੇ ਗਰਭਵਤੀ ਤੀਵੀਂ ਦੇ ਢਿੱਡ ਵਾਂਗ ਫੁੱਲਿਆ ਹੋਇਆ ਸੀ ਤਾਂ ਉਹ ਬੜਾ ਪ੍ਰਭਾਵਿਤ ਹੋਇਆ ਤੇ ਕੇਵਲ ਇਹ ਹੀ ਆਖ ਸਕਿਆ, “ਤ੍ਰਿਪਾਠੀ ਜੀ, ਤੁਹਾਨੂੰ ਮਿਲ ਕੇ ਡਾਢੀ ਪ੍ਰਸੰਨਤਾ ਹੋਈ।” ਤ੍ਰਿਪਾਠੀ ਨੂੰ ਆਇਆਂ ਪੰਦਰਾਂ ਦਿਨ ਹੋ ਗਏ ਸਨ-ਉਹਦੇ ਪਧਾਰਨ ਦੇ ਤੀਜੇ ਹੀ ਦਿਨ ਉਹਦੀ ਪਤਨੀ ਤੇ ਬੱਚੀ ਵੀ ਆ ਗਏ। ਦੋਵੇਂ ਤ੍ਰਿਪਾਠੀ ਦੇ ਨਾਲ ਹੀ ਪਿੰਡੋਂ ਆਏ ਸਨ ਪਰ ਦੋ ਦਿਨ ਲਈ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਕੋਲ ਠਹਿਰ ਗਏ ਸਨ ਪਰ ਤ੍ਰਿਪਾਠੀ ਨੇ ਉਨ੍ਹਾਂ ਦਾ ਉਸ ਰਿਸ਼ਤੇਦਾਰ ਕੋਲ ਬਹੁਤਾ ਚਿਰ ਰੁਕਣਾ ਠੀਕ ਨਹੀਂ ਸੀ ਸਮਝਿਆ, ਇਸ ਲਈ ਉਹਨੇ ਪਤਨੀ ਤੇ ਬੱਚੀ ਨੂੰ ਆਪਣੇ ਹੀ ਕੋਲ ਸੱਦ ਭੇਜਿਆ ਸੀ।
ਤ੍ਰਿਪਾਠੀ ਆਪਣੇ ਨਾਲ ਛੁਟ ਏਸ ਫੁੱਲੇ ਹੋਏ ਥੈਲੇ ਦੇ ਕੁਝ ਵੀ ਨਹੀਂ ਸੀ ਲਿਆਇਆ। ਸਿਆਲ ਦੀ ਰੁੱਤ ਸੀ, ਇਸ ਲਈ ਦੋਵੇਂ ਕਹਾਣੀਕਾਰ ਇਕੋ ਬਿਸਤਰੇ ਵਿਚ ਸੌਂਦੇ। ਤ੍ਰਿਪਾਠੀ ਦੀ ਪਤਨੀ ਆਪਣੇ ਨਾਲ ਕੇਵਲ ਇਕ ਕੰਬਲ ਹੀ ਲਿਆਈ ਸੀ ਜਿਹੜਾ ਮਾਂ ਤੇ ਧੀ ਲਈ ਵੀ ਕਾਫੀ ਨਹੀਂ ਸੀ। ਪਹਿਲੇ ਚਾਰ ਦਿਨ ਬੜੀਆਂ ਦਿਲਚਸਪ ਗੱਲਾਂ ਕਰਦਿਆਂ ਬੀਤ ਗਏ। ਤ੍ਰਿਪਾਠੀ ਤੋਂ ਆਪਣੀ ਕਹਾਣੀਆਂ ਦੀ ਪ੍ਰਸੰਸਾ ਸੁਣ ਕੇ ਜੋਗਿੰਦਰ ਸਿੰਘ ਬੜਾ ਖੁਸ਼ ਹੋਇਆ। ਉਹਨੇ ਆਪਣੀ ਇਕ ਕਹਾਣੀ ਜਿਹੜੀ ਅਜੇ ਛਪੀ ਨਹੀਂ ਸੀ, ਸੁਣਾਈ ਜਿਸ ਦੀ ਤ੍ਰਿਪਾਠੀ ਨੇ ਰੱਜ ਕੇ ਪ੍ਰਸੰਸਾ ਕੀਤੀ। ਦੋ ਅਧੂਰੀਆਂ ਕਹਾਣੀਆਂ ਵੀ ਸੁਣਾਈਆਂ। ਇਨ੍ਹਾਂ ਬਾਰੇ ਵੀ ਤ੍ਰਿਪਾਠੀ ਨੇ ਚੰਗੀ ਰਾਏ ਪ੍ਰਗਟਾਈ। ਤਰੱਕੀਪਸੰਦ ਸਾਹਿਤ ਬਾਰੇ ਚਰਚਾ ਵੀ ਹੁੰਦੀ ਰਹੀ। ਦੂਜੇ ਕਹਾਣੀਕਾਰਾਂ ਦੀ ਕਲਾ ਦੇ ਦੋਸ਼ ਕਢੇ ਗਏ, ਨਵੀਂ ਤੇ ਪੁਰਾਣੀ ਸ਼ਾਇਰੀ ਦਾ ਮੁਕਾਬਲਾ ਕੀਤਾ ਗਿਆ। ਗੱਲ ਕੀ, ਇਹ ਚਾਰ ਦਿਨ ਬੜੇ ਚੰਗੇ ਬੀਤੇ ਅਤੇ ਜੋਗਿੰਦਰ ਸਿੰਘ ਹਰ ਪੱਖੋਂ ਤ੍ਰਿਪਾਠੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ। ਤ੍ਰਿਪਾਠੀ ਦਾ ਬੋਲਣ-ਚਾਲਣ ਦਾ ਢੰਗ, ਜਿਸ ਵਿਚ ਇਕੋ-ਵੇਲੇ ਬਚਪਨਾ ਤੇ ਬਜ਼ੁਰਗੀ ਸ਼ਾਮਿਲ ਸਨ, ਉਸ ਨੂੰ ਬੜਾ ਚੰਗਾ ਲਗਿਆ। ਤ੍ਰਿਪਾਠੀ ਦੀ ਲੰਮੀ ਦਾੜ੍ਹੀ ਉਹਦੇ ਵਿਚਾਰਾਂ ਉਤੇ ਛਾ ਗਈ। ਤ੍ਰਿਪਾਠੀ ਦੀਆਂ ਕਾਲੀਆਂ ਕਾਲੀਆਂ ਲਿਟਾਂ ਜਿਨ੍ਹਾਂ ਵਿਚ ਪੇਂਡੂ ਗੀਤਾਂ ਦੀ ਰਵਾਨੀ ਸੀ, ਹਰ ਵੇਲੇ ਉਹਦੇ ਸਾਹਮਣੇ ਰਹਿਣ ਲੱਗੀਆਂ। ਡਾਕਖਾਨੇ ‘ਚ ਚਿੱਠੀਆਂ ਦੀ ਦੇਖਭਾਲ ਦੌਰਾਨ ਵੀ ਤ੍ਰਿਪਾਠੀ ਦੀਆਂ ਇਹ ਲਿਟਾਂ ਜੋਗਿੰਦਰ ਸਿੰਘ ਨੂੰ ਨਹੀਂ ਸਨ ਭੁੱਲੀਆਂ। ਚਹੁੰਆਂ ਦਿਨਾਂ ਵਿਚ ਤ੍ਰਿਪਾਠੀ ਨੇ ਜੋਗਿੰਦਰ ਸਿੰਘ ਨੂੰ ਮੋਹ ਲਿਆ। ਉਹ ਉਸ ਦਾ ਪ੍ਰਸ਼ੰਸਕ ਹੋ ਗਿਆ। ਉਹਦੀ ਟੇਢੀ ਅੱਖ ਵੀ ਉਹਨੂੰ ਸੋਹਣੀ ਲੱਗਣ ਲਗੀ, ਸਗੋਂ ਉਹਨੇ ਸੋਚਿਆ, “ਜੇ ਉਨ੍ਹਾਂ ਦੀਆਂ ਅੱਖਾਂ ਵਿਚ ਟੇਢਾਪਨ ਨਾ ਹੁੰਦਾ ਤਾਂ ਉਨ੍ਹਾਂ ਦੇ ਚਿਹਰੇ ‘ਤੇ ਇਹ ਬਜ਼ੁਰਗੀ ਕਦੇ ਵੀ ਪ੍ਰਗਟਨਹੀਂ ਸੀ ਹੋਣੀ।”
ਤ੍ਰਿਪਾਠੀ ਦੇ ਵੱਡੇ ਵੱਡੇ ਬੁੱਲ੍ਹ ਜਦੋਂ ਉਹਦੀਆਂ ਸੰਘਣੀਆਂ ਮੁੱਛਾਂ ਦੇ ਪਿੱਛੇ ਹਿਲਦੇ ਤਾਂ ਜੋਗਿੰਦਰ ਸਿੰਘ ਨੂੰ ਮਹਿਸੂਸ ਹੁੰਦਾ ਜਿਵੇਂ ਝਾੜੀਆਂ ਵਿਚ ਪੰਖੇਰੂ ਬੋਲ ਰਹੇ ਹੋਣ। ਤ੍ਰਿਪਾਠੀ ਸਹਿਜੇ ਸਹਿਜੇ ਸੋਚਦਾ ਸੀ। ਬੋਲਦਿਆਂ ਜਦੋਂ ਉਹ ਆਪਣੀ ਦਾੜ੍ਹੀ ਉਤੇ ਹੱਥ ਫੇਰਦਾ ਤਾਂ ਜੋਗਿੰਦਰ ਸਿੰਘ ਦੇ ਦਿਲ ਨੂੰ ਬੜਾ ਸੁਖ ਮਿਲਦਾ-ਉਹ ਸਮਝਦਾ ਕਿ ਉਹਦੇ ਦਿਲ ਉਤੇ ਪਿਆਰ ਨਾਲ ਹੱਥ ਫੇਰਿਆ ਜਾ ਰਿਹਾ ਹੈ। ਚਾਰ ਦਿਨ ਜੋਗਿੰਦਰ ਸਿੰਘ ਅਜਿਹੀ ਹੀ ਫ਼ਿਜ਼ਾ ਵਿਚ ਜੀਵਿਆ-ਏਸ ਫਿਜ਼ਾ ਨੂੰ ਜੇ ਉਹ ਆਪਣੀ ਕਿਸੇ ਕਹਾਣੀ ਵਿਚ ਬਿਆਨ ਕਰਨਾ ਚਾਹੁੰਦਾ ਤਾਂ ਨਹੀਂ ਸੀ ਕਰ ਸਕਦਾ। ਪੰਜਵੇਂ ਦਿਨ ਤ੍ਰਿਪਾਠੀ ਨੇ ਚਾਣਚਕ ਆਪਣਾ ਚਮੜੇ ਦਾ ਥੈਲਾ ਖੋਲ੍ਹਿਆ, ਢੇਰ ਸਾਰੀਆਂ ਕਹਾਣੀਆਂ ਕਢੀਆਂ ਅਤੇ ਜੋਗਿੰਦਰ ਸਿੰਘ ਨੂੰ ਸੁਣਾਉਣੀਆਂ ਅਰੰਭ ਦਿੱਤੀਆਂ। ਤ੍ਰਿਪਾਠੀ ਨਿਰੰਤਰ ਦਸ ਦਿਨ ਆਪਣੀਆਂ ਕਹਾਣੀਆਂ ਸੁਣਾਉਂਦਾ ਰਿਹਾ। ਏਸ ਦੌਰਾਨ ਉਹਨੇ ਜੋਗਿੰਦਰ ਸਿੰਘ ਨੂੰ ਕਈ ਕਿਤਾਬਾਂ ਸੁਣਾ ਦਿੱਤੀਆਂ। ਜੋਗਿੰਦਰ ਸਿੰਘ ਤੰਗ ਪੈ ਗਿਆ। ਉਹ ਕਹਾਣੀਆਂ ਨੂੰ ਨਫਰਤ ਕਰਨ ਲੱਗਿਆ। ਤ੍ਰਿਪਾਠੀ ਦਾ ਚਮੜੇ ਦਾ ਥੈਲਾ ਜਿਸ ਦਾ ਢਿੱਡ ਬਾਣੀਏ ਦੀ ਤੌਂਦ ਵਾਂਗ ਫੁੱਲਿਆ ਹੋਇਆ ਸੀ, ਉਹਦੇ ਲਈ ਇਕ ਸੰਤਾਪ ਬਣ ਗਿਆ। ਰੋਜ਼ ਸ਼ਾਮੀਂ ਡਾਕਖਾਨੇ ਤੋਂ ਮੁੜਦਿਆਂ ਉਹਨੂੰ ਇਹ ਭੈ ਖਾਂਦਾ ਰਹਿੰਦਾ ਕਿ ਘਰ ਕਦਮ ਰਖਦਿਆਂ ਹੀ ਉਹਨੂੰ ਤ੍ਰਿਪਾਠੀ ਦਾ ਸਾਹਮਣਾ ਕਰਨਾ ਪਏਗਾ। ਏਧਰ ਓਧਰ ਦੀਆਂ ਇਕ-ਦੋ ਗੱਲਾਂ ਹੋਣਗੀਆਂ, ਫੇਰ ਉਹੋ ਚਮੜੇ ਦਾ ਥੈਲਾ ਖੁਲ੍ਹੇਗਾ ਤੇ ਉਹਨੂੰ ਇਕ ਜਾਂ ਦੋ ਲੰਮੀਆਂ ਕਹਾਣੀਆਂ ਸੁਣਨੀਆਂ ਪੈਣਗੀਆਂ।
ਜੋਗਿੰਦਰ ਸਿੰਘ ਤਰੱਕੀਪਸੰਦ ਕਹਾਣੀਕਾਰ ਸੀ। ਜੇ ਤਰੱਕੀਪਸੰਦੀ ਉਹਦੇ ਅੰਦਰ ਨਾ ਹੁੰਦੀ ਤਾਂ ਉਹਨੇ ਤ੍ਰਿਪਾਠੀ ਨੂੰ ਸਾਫ ਆਖ ਦੇਣਾ ਸੀ, ‘ਬਸ ਬਸ ਤ੍ਰਿਪਾਠੀ ਸਾਹਿਬ, ਬਸ ਬਸ਼… ਹੁਣ ਮੇਰੇ ਵਿਚ ਤੁਹਾਡੀਆਂ ਕਹਾਣੀਆਂ ਸੁਣਨ ਦੀ ਸ਼ਕਤੀ ਨਹੀਂ ਰਹੀ।” ਪਰ ਉਹ ਸੋਚਦਾ, “ਨਹੀਂ ਨਹੀਂ, ਮੈਂ ਤਰੱਕੀਪਸੰਦ ਹਾਂ, ਮੈਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਅਸਲ ਵਿਚ ਇਹ ਤਾਂ ਮੇਰੀ ਆਪਣੀ ਕਮਜ਼ੋਰੀ ਹੈ ਕਿ ਉਨ੍ਹਾਂ ਦੀਆਂ ਕਹਾਣੀਆਂ ਹੁਣ ਮੈਨੂੰ ਚੰਗੀਆਂ ਨਹੀਂ ਲਗਦੀਆਂ। ਇਨ੍ਹਾਂ ਵਿਚ ਕੋਈ ਨਾ ਕੋਈ ਖੂਬੀ ਜ਼ਰੂਰ ਹੋਵੇਗੀ। ਇਸ ਲਈ ਕਿ ਉਨ੍ਹਾਂ ਦੀਆਂ ਪਹਿਲੀਆਂ ਕਹਾਣੀਆਂ ਮੈਨੂੰ ਖੂਬੀਆਂ ਨਾਲ ਭਰੀਆਂ ਦਿਸਦੀਆਂ ਸਨ, ਮੈਂ…ਮੈਂ ਹੁਣ ਪਖਪਾਤੀ ਹੋ ਗਿਆ ਹਾਂ।”
ਇਕ ਹਫਤੇ ਤੋਂ ਵਧੇਰੇ ਸਮੇਂ ਤੱਕ ਜੋਗਿੰਦਰ ਸਿੰਘ ਦੇ ਤਰੱਕੀਪਸੰਦ ਦਿਮਾਗ ਵਿਚ ਇਹ ਖਿੱਚੋਤਾਣ ਜਾਰੀ ਰਹੀ-ਉਹ ਸੋਚ ਸੋਚ ਕੇ ਉਸ ਹੱਦ ‘ਤੇ ਪੁਜ ਗਿਆ ਜਿਥੇ ਸੋਚ-ਵਿਚਾਰ ਹੋ ਹੀ ਨਹੀਂ ਸਕਦੀ। ਉਹਦੇ ਮਨ ਵਿਚ ਭਾਂਤ ਭਾਂਤ ਦੇ ਵਿਚਾਰ ਉਪਜਦੇ। ਉਹ ਠੀਕ ਤਰ੍ਹਾਂ ਉਨ੍ਹਾਂ ਦੀ ਪਰਖ ਪੜਤਾਲ ਨਾ ਕਰ ਸਕਦਾ। ਉਹਦੀ ਮਾਨਸਿਕ ਹਫੜਾ-ਦਫੜੀ ਸਹਿਜੇ ਸਹਿਜੇ ਵਧਦੀ ਗਈ ਤੇ ਉਹ ਇੰਜ ਮਹਿਸੂਸ ਕਰਨ ਲੱਗਿਆ ਜਿਵੇਂ ਇਕ ਬਹੁਤ ਵੱਡਾ ਮਕਾਨ ਹੋਵੇ ਜਿਸ ਵਿਚ ਬੇਅੰਤ ਬਾਰੀਆਂ ਹੋਣ, ਉਸ ਮਕਾਨ ਵਿਚ ਉਹ ਇਕੱਲਾ ਹੈ ਅਤੇ ਹਨੇਰੀ ਆ ਗਈ ਹੈ। ਕਦੇ ਇਸ ਬਾਰੀ ਦੇ ਤਖ਼ਤੇ ਵੱਜਦੇ ਹਨ ਕਦੇ ਉਸ ਬਾਰੀ ਦੇ ਤੇ ਉਹਨੂੰ ਸਮਝ ਨਹੀਂ ਆ ਰਹੀ ਕਿ ਉਹ ਏਨੀਆਂ ਬਾਰੀਆਂ ਨੂੰ ਇਕੋ ਵੇਲੇ ਕਿਵੇਂ ਬੰਦ ਕਰੇ। ਹੁਣ ਤ੍ਰਿਪਾਠੀ ਨੂੰ ਆਏ ਨੂੰ ਵੀਹ ਦਿਨ ਹੋ ਗਏ ਸਨ ਤੇ ਜੋਗਿੰਦਰ ਸਿੰਘ ਬੇਚੈਨ ਰਹਿਣ ਲਗਿਆ ਸੀ।
ਤ੍ਰਿਪਾਠੀ ਸ਼ਾਮੀਂ ਉਹਨੂੰ ਨਵੀਂ ਕਹਾਣੀ ਸੁਣਾਉਂਦਾ ਤਾਂ ਉਹਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਬਹੁਤ ਸਾਰੀਆਂ ਮੱਖੀਆਂ ਉਹਦੇ ਕੰਨਾਂ ਕੋਲ ਭਿਣਭਿਣ ਕਰ ਰਹੀਆਂ ਹੋਣ, ਫੇਰ ਉਹ ਕਿਸੇ ਹੋਰ ਹੀ ਸੋਚ ਵਿਚ ਡੁੱਬ ਜਾਂਦਾ। ਇਕ ਦਿਨ ਤ੍ਰਿਪਾਠੀ ਨੇ ਉਹਨੂੰ ਆਪਣੀ ਇਕ ਹੋਰ ਤਾਜ਼ਾ ਕਹਾਣੀ ਸੁਣਾਈ। ਇਸ ਵਿਚ ਕਿਸੇ ਤੀਵੀਂ ਤੇ ਮਰਦ ਦੇ ਜਿਨਸੀ ਸੰਬੰਧਾਂ ਦਾ ਜ਼ਿਕਰ ਸੀ-ਉਹਦੇ ਦਿਲ ਨੂੰ ਧੱਕਾ ਜਿਹਾ ਵਜਿਆ।
ਪੂਰੇ ਇੱਕੀ ਦਿਨ ਮੈਂ ਆਪਣੀ ਪਤਨੀ ਕੋਲ ਸੌਣ ਦੀ ਥਾਂ ਇਕ ਲਮਡਫੇਲ ਨਾਲ ਇਕੋ ਰਜ਼ਾਈ ਵਿਚ ਸੌਦਾ ਰਿਹਾ ਹਾਂ। ਇਸ ਅਹਿਸਾਸ ਨੇ ਜੋਗਿੰਦਰ ਸਿੰਘ ਦੇ ਦਿਲ ਤੇ ਦਿਮਾਗ ਵਿਚ ਇਕ ਛਿਣ ਲਈ ਇਨਕਲਾਬ ਲੈ ਆਂਦਾ। ਇਹ ਕਿਸ ਤਰ੍ਹਾਂ ਦਾ ਬੰਦਾ ਹੈ, ਜੋਕ ਵਾਂਗੂੰ ਚੰਬੜ ਗਿਆ ਹੈ…. ਹਿੱਲਣ ਦਾ ਨਾਂ ਹੀ ਨਹੀਂ ਲੈਂਦਾ… ਤੇ… ਤੇ ਉਹਦੀ ਪਤਨੀ, ਉਹਦੀ ਬੱਚੀ, ਸਾਰਾ ਪਰਿਵਾਰ ਹੀ ਆਣ ਪਧਾਰਿਆ। ਇਹ ਲੋਕ ਤਾਂ ਸੋਚਦੇ ਤਕ ਨਹੀਂ ਕਿ ਮੇਰਾ ਗ਼ਰੀਬ ਦਾ ਕਚੂਮਰ ਨਿਕਲ ਜਾਏਗਾ। ਡਾਕਖਾਨੇ ਦਾ ਮੁਲਾਜ਼ਮ, ਪੰਜਾਹ ਰੁਪਏ ਮਾਸਿਕ ਤਨਖਾਹ, ਅੰਤ ਕਦੋਂ ਤਕ ਇਨ੍ਹਾਂ ਨੂੰ ਖੁਆਂਦਾ ਪਿਆਂਦਾ ਰਹਾਂਗਾ ਅਤੇ ਫੇਰ ਕਹਾਣੀਆਂ ਨੇ ਕਿ ਮੁੱਕਣ ਵਿਚ ਹੀ ਨਹੀਂ ਆਉਂਦੀਆਂ… ਇਨਸਾਨ ਹਾਂ, ਕੋਈ ਲੋਹੇ ਦਾ ਟਰੰਕ ਤਾਂ ਨਹੀਂ ਕਿ ਹਰ ਰੋਜ਼ ਉਹਦੀਆਂ ਕਹਾਣੀਆਂ ਸੁਣਦਾ ਰਹਾਂ ਅਤੇ… ਅਤੇ ਕੇਡਾ ਜ਼ੁਲਮ ਹੈ ਕਿ ਮੈਂ ਪਤਨੀ ਦੇ ਨੇੜੇ ਤਕ ਨਹੀਂ ਜਾ ਸਕਿਆ। ਸਰਦੀਆਂ ਦੀਆਂ ਰਾਤਾਂ ਵਿਅਰਥ ਹੀ ਜਾ ਰਹੀਆਂ ਨੇ। ਇੱਕੀ ਦਿਨਾਂ ਪਿੱਛੋਂ ਉਹ ਤ੍ਰਿਪਾਠੀ ਨੂੰ ਇਕ ਨਵੀਂ ਰੌਸ਼ਨੀ ‘ਚ ਵੇਖਣ ਲੱਗਾ।
ਹੁਣ ਜੋਗਿੰਦਰ ਸਿੰਘ ਨੂੰ ਤ੍ਰਿਪਾਠੀ ਦੀ ਹਰ ਗੱਲ ਦੋਸ਼ਪੂਰਨ ਦਿਸਣ ਲੱਗੀ। ਉਹਦੀ ਟੇਢੀ ਅੱਖ, ਜਿਸ ਵਿਚ ਉਹਨੂੰ ਪਹਿਲਾਂ ਖੂਬਸੂਰਤੀ ਨਜ਼ਰ ਆਉਂਦੀ ਸੀ, ਹੁਣ ਬੱਸ ਇਕ ਟੇਢੀ ਅੱਖ ਹੀ ਸੀ। ਉਹਦੀਆਂ ਕਾਲੀਆਂ ਲਿਟਾਂ ਵੀ ਹੁਣ ਜੋਗਿੰਦਰ ਸਿੰਘ ਨੂੰ ਪਹਿਲਾਂ ਵਾਂਗ ਕੂਲੀਆਂ ਨਹੀਂ ਸਨ ਦਿਸਦੀਆਂ ਤੇ ਉਹਦੀ ਦਾੜ੍ਹੀ ਨੂੰ ਵੇਖ ਕੇ ਸੋਚਦਾ ਸੀ ਕਿ ਏਡੀ ਲੰਬੀ ਦਾੜ੍ਹੀ ਰੱਖਣਾ ਵੱਡੀ ਮੂਰਖਤਾ ਹੈ। ਜਦੋਂ ਤ੍ਰਿਪਾਠੀ ਨੂੰ ਟਿਕਿਆਂ ਪੰਝੀ ਦਿਨ ਹੋ ਗਏ ਤਾਂ ਉਹਦੀ ਮਾਨਸਿਕਤਾ ਵਿਚ ਅਜੀਬ ਜਿਹੀ ਤਬਦੀਲੀ ਆਈ ਜਾਪੀ। ਉਹ ਆਪਣੇ ਆਪ ਨੂੰ ਅਜਨਬੀ ਸਮਝਣ ਲਗਿਆ। ਉਹਨੂੰ ਇਸ ਤਰ੍ਹਾਂ ਅਨੁਭਵ ਹੋਣ ਲਗਿਆ ਕਿ ਉਹ ਕਦੇ ਕਿਸੇ ਜੋਗਿੰਦਰ ਸਿੰਘ ਨੂੰ ਜਾਣਦਾ ਸੀ ਪਰ ਉਹ ਉਹਨੂੰ ਨਹੀਂ ਜਾਣਦਾ, ਆਪਣੀ ਪਤਨੀ ਬਾਰੇ ਉਹ ਸੋਚਦਾ, “ਜਦੋਂ ਤ੍ਰਿਪਾਠੀ ਤੁਰ ਜਾਏਗਾ ਤਾਂ ਸਭ ਠੀਕ ਹੋ ਜਾਏਗਾ। ਮੇਰਾ ਨਵੇਂ ਸਿਰੇ ਤੋਂ ਵਿਆਹ ਹੋਵੇਗਾ। ਮੈਂ ਮੁੜ ਆਪਣੀ ਪਤਨੀ ਕੋਲ ਸੌਂ ਸਕਾਂਗਾ ਅਤੇ…।” ਇਹਦੇ ਅੱਗੋਂ ਜਦ ਉਹ ਸੋਚਦਾ ਤਾਂ ਉਹਦੀਆਂ ਅੱਖਾਂ ਵਿਚ ਅੱਥਰੂ ਆ ਜਾਂਦੇ ਤੇ ਸੰਘ ਵਿਚ ਕੋਈ ਕੌੜੀ ਜਿਹੀ ਚੀਜ਼ ਫਸ ਜਾਂਦੀ। ਉਹਦਾ ਚਿਤ ਕਰਦਾ ਕਿ ਭੱਜਿਆ ਭੱਜਿਆ ਅੰਦਰ ਜਾਏ ਤੇ ਅੰਮ੍ਰਿਤ ਕੌਰ ਨੂੰ, ਜਿਹੜੀ ਕਦੇ ਉਹਦੀ ਪਤਨੀ ਹੁੰਦੀ ਸੀ, ਗਲ ਨਾਲ ਲਾ ਲਵੇ ਤੇ ਰੋਣ ਲਗ ਪਏ-ਪਰ ਅਜਿਹਾ ਕਰਨ ਦੀ ਉਸ ਵਿਚ ਹਿੰਮਤ ਨਹੀਂ ਸੀ ਕਿਉਂਜੁ ਉਹ ਤਰੱਕੀਪਸੰਦ ਕਹਾਣੀਕਾਰ ਸੀ। ਕਦੇ ਕਦੇ ਜੋਗਿੰਦਰ ਸਿੰਘ ਦੇ ਦਿਲ ਵਿਚ ਇਹ ਖ਼ਿਆਲ ਦੁੱਧ ਦੇ ਉਛਾਲ ਵਾਂਗ ਉਠਦਾ ਕਿ ‘ਤਰੱਕੀਪਸੰਦ’ ਦੀ ਰਜ਼ਾਈ ਜਿਹੜੀ ਉਹਨੇ ਪਹਿਨੀ ਹੋਈ ਹੈ, ਲਾਹ ਕੇ ਸੁੱਟ ਦੇਵੇ ਅਤੇ ਚੀਕ ਚੀਕ ਕੇ ਆਖੇ, “ਤ੍ਰਿਪਾਠੀ, ਤਰੱਕੀਪਸੰਦੀ ਦੀ ਐਸੀ ਦੀ ਤੈਸੀ… ਤੂੰ ਤੇ ਤੇਰੇ ਇਕੱਠੇ ਕੀਤੇ ਹੋਏ ਗੀਤ ਬਕਵਾਸ ਨੇ, ਮੈਨੂੰ ਮੇਰੀ ਪਤਨੀ ਚਾਹੀਦੀ ਹੈ…ਤੇਰੀਆਂ ਇਛਾਵਾਂ ਤਾਂ ਸਾਰੀਆਂ ਦੀਆਂ ਸਾਰੀਆਂ ਗੀਤਾਂ ਵਿਚ ਜਜ਼ਬ ਹੋ ਚੁਕੀਆਂ ਨੇ। ਮੈਂ ਅਜੇ ਜੁਆਨ ਹਾਂ, ਮੇਰੀ ਹਾਲਤ ‘ਤੇ ਤਰਸ ਖਾ। ਜ਼ਰਾ ਸੋਚ ਤਾਂ ਸਹੀ, ਮੈਂ ਜਿਹੜਾ ਆਪਣੀ ਪਤਨੀ ਤੋਂ ਬਿਨਾਂ ਇਕ ਮਿੰਟ ਵੀ ਨਹੀਂ ਸਾਂ ਸੌ ਸਕਦਾ, ਪੰਝੀ ਦਿਨਾਂ ਤੋਂ ਤੇਰੇ ਨਾਲ ਇਕੋ ਰਜ਼ਾਈ ਵਿਚ ਸੌਂ ਰਿਹਾ ਹਾਂ। ਕੀ ਇਹ ਜ਼ੁਲਮ ਨਹੀਂ?”
ਤ੍ਰਿਪਾਠੀ ਉਹਦੇ ਮਨ ਦੀ ਹਾਲਤ ਤੋਂ ਬੇਖਬਰ ਰੋਜ਼ ਸ਼ਾਮੀਂ ਤਾਜ਼ਾ ਕਹਾਣੀਆਂ ਸੁਣਾਉਂਦਾ ਅਤੇ ਉਹਦੇ ਬਿਸਤਰੇ ਵਿਚ ਸੌਂ ਜਾਂਦਾ। ਇਕ ਮਹੀਨਾ ਬੀਤ ਗਿਆ ਤਾਂ ਜੋਗਿੰਦਰ ਸਿੰਘ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਮੌਕਾ ਪਾ ਕੇ, ਉਹ ਗੁਸਲਖਾਨੇ ਵਿਚ ਆਪਣੀ ਪਤਨੀ ਨੂੰ ਮਿਲਿਆ-ਧੜਕਦੇ ਦਿਲ ਨਾਲ, ਇਸ ਗਲੋਂ ਭੈਭੀਤ ਕਿ ਕਿਤੇ ਤ੍ਰਿਪਾਠੀ ਦੀ ਪਤਨੀ ਨਾ ਆ ਜਾਏ, ਉਹਨੇ ਜਲਦੀ ਨਾਲ ਅੰਮ੍ਰਿਤ ਨੂੰ ਇੰਜ ਚੁੰਮਿਆ ਜਿਵੇਂ ਡਾਕਖਾਨੇ ਦੀਆਂ ਚਿੱਠੀਆਂ ਉਤੇ ਮੋਹਰ ਲਾਈ ਜਾਂਦੀ ਹੈ ਅਤੇ ਆਖਿਆ, ਅੱਜ ਰਾਤੀਂ ਜਾਗਦੀ ਰਹੀਂ। ਮੈਂ ਤ੍ਰਿਪਾਠੀ ਨੂੰ ਇਹ ਕਹਿ ਕੇ ਬਾਹਰ ਚਲਿਆ ਜਾਵਾਂਗਾ ਕਿ ਰਾਤ ਦੋ ਢਾਈ ਵਜੇ ਪਰਤਾਂਗਾ। ਪਰ ਮੈਂ ਛੇਤੀ ਆ ਜਾਵਾਂਗਾ, ਬਾਰਾਂ ਵਜੇ… ਪੂਰੇ ਬਾਰਾਂ ਵਜੇ। ਮੈਂ ਮਲਕੜੇ ਜਿਹੇ ਬੂਹਾ ਖੜਕਾਵਾਂਗਾ। ਤੂੰ ਮਲਕੜੇ ਜਿਹੇ ਖੋਲ੍ਹ ਦੇਵੀਂ ਤੇ ਫੇਰ ਅਸੀਂ… ਡਿਉੜ੍ਹੀ ਬਿਲਕੁਲ ਇਕ ਪਾਸੇ ਕਰਕੇ ਹੈ। ਪਰ ਊਂ ਸਾਵਧਾਨੀ ਵਜੋਂ ਉਹ ਬੂਹਾ ਜਿਹੜਾ ਗੁਸਲਖਾਨੇ ਵੱਲ ਖੁਲ੍ਹਦਾ ਹੈ, ਬੰਦ ਕਰ ਦੇਈਂ।
ਪਤਨੀ ਨੂੰ ਚੰਗੀ ਤਰ੍ਹਾਂ ਸਮਝਾ ਕੇ, ਉਹ ਤ੍ਰਿਪਾਠੀ ਨੂੰ ਮਿਲਿਆ ਤੇ ਉਹਨੂੰ ਦੱਸ ਕੇ ਬਾਹਰ ਚਲਿਆ ਗਿਆ। ਬਾਰਾਂ ਵਜਣ ਵਿਚ ਚਾਰ ਘੰਟੇ ਰਹਿੰਦੇ ਸਨ ਜਿਨ੍ਹਾਂ ਵਿਚੋਂ ਦੋ ਉਹਨੇ ਆਪਣੀ ਸਾਈਕਲ ਉਤੇ ਇਧਰ-ਉਧਰ ਘੁੰਮਣ ਵਿਚ ਬਿਤਾਏ। ਉਹਨੂੰ ਠੰਢ ਦੀ ਤਿਖ ਦਾ ਉਕਾ ਹੀ ਅਹਿਸਾਸ ਨਾ ਹੋਇਆ ਕਿਉਂਜੁ ਪਤਨੀ ਨੂੰ ਮਿਲਣ ਦਾ ਖਿਆਲ ਕਾਫੀ ਗਰਮ ਸੀ। ਦੋ ਘੰਟੇ ਸਾਈਕਲ ਉੱਤੇ ਘੁੰਮਣ ਪਿੱਛੋਂ ਉਹ ਆਪਣੇ ਮਕਾਨ ਦੇ ਲਾਗੇ ਮੈਦਾਨ ਵਿਚ ਬਹਿ ਗਿਆ ਤੇ ਮਹਿਸੂਸ ਕਰਨ ਲੱਗਿਆ ਕਿ ਉਹ ਰੁਮਾਂਚਿਤ ਹੋ ਗਿਆ ਹੈ। ਜਦੋਂ ਉਹਨੂੰ ਠੰਢੀ ਰਾਤ ਦੀ ਧੁੰਦਿਆਲੀ ਚੁਪ ਦਾ ਖਿਆਲ ਆਇਆ ਤਾਂ ਇਹ ਉਹਨੂੰ ਇਕ ਜਾਣੀ-ਪਹਿਚਾਣੀ ਚੀਜ਼ ਦਿਸੀ। ਉਪਰ, ਠਿਠਰੇ ਹੋਏ ਅਸਮਾਨ ਉਤੇ ਤਾਰੇ ਚਮਕ ਰਹੇ ਸਨ ਜਿਵੇਂ ਪਾਣੀ ਦੇ ਮੋਟੇ ਮੋਟੇ ਤੁਪਕੇ ਜੰਮ ਕੇ ਮੋਤੀ ਬਣ ਗਏ ਹੋਣ। ਕਦੇ ਕਦੇ ਰੇਲਵੇ ਇੰਜਣ ਦੀ ਚੀਕ ਚੁੱਪ ਨੂੰ ਤੋੜ ਦਿੰਦੀ ਅਤੇ ਜੋਗਿੰਦਰ ਸਿੰਘ ਦਾ ਕਹਾਣੀਕਾਰ ਦਿਮਾਗ ਸੋਚਦਾ ਕਿ ਇਹ ਚੁੱਪ ਬਰਫ ਦਾ ਵੱਡਾ ਸਾਰਾ ਡਲਾ ਹੈ ਅਤੇ ਸੀਟੀ ਦੀ ਆਵਾਜ਼ ਉਹ ਚੀਕ ਹੈ ਜਿਹੜੀ ਉਹਦੀ ਛਾਤੀ ਵਿਚ ਧਸ ਗਈ ਹੈ। ਕਾਫ਼ੀ ਚਿਰ ਤਕ ਜੋਗਿੰਦਰ ਸਿੰਘ ਇਕ ਨਵੀਂ ਕਿਸਮ ਦੇ ਰੁਮਾਂਸ ਨੂੰ ਆਪਣੇ ਦਿਲ ਤੇ ਦਿਮਾਗ ਵਿਚ ਫੈਲਾਉਂਦਾ ਰਿਹਾ ਅਤੇ ਰਾਤ ਦੀਆਂ ਅੰਧਿਆਰੀਆਂ ਖੂਬਸੂਰਤੀਆਂ ਨੂੰ ਗਿਣਦਾ ਰਿਹਾ। ਉਸ ਨੇ ਚਾਣਚਕ ਚੌਂਕ ਕੇ ਘੜੀ ਦੇਖੀ-ਬਾਰਾਂ ਵੱਜਣ ਵਿਚ ਦੋ ਮਿੰਟ ਰਹਿੰਦੇ ਸਨ। ਉਠਿਆ ਅਤੇ ਘਰ ਪਹੁੰਚ ਕੇ ਦਰਵਾਜ਼ਾ ਮਲਕੜੇ ਜਿਹੇ ਖੜਕਾਇਆ। ਪੰਜ ਸਕਿੰਟ ਬੀਤ ਗਏ, ਦਰਵਾਜ਼ਾ ਨਾ ਖੁਲ੍ਹਿਆ। ਉਹਨੇ ਮੁੜ ਦਸਤਕ ਦਿੱਤੀ। ਦਰਵਾਜ਼ਾ ਖੁਲ੍ਹਿਆ। ਜੋਗਿੰਦਰ ਸਿੰਘ ਨੇ ਹੌਲੀ ਜਿਹੀ ਕਿਹਾ, “ਅੰਮ੍ਰਿਤ…।” ਤੇ ਜਦੋਂ ਨਜ਼ਰਾਂ ਚੁੱਕ ਕੇ ਤੱਕਿਆ ਤਾਂ ਉਥੇ ਅੰਮ੍ਰਿਤ ਕੌਰ ਦੀ ਥਾਂ ਤ੍ਰਿਪਾਠੀ ਖਲੋਤਾ ਸੀ। ਹਨੇਰੇ ਵਿਚ ਜੋਗਿੰਦਰ ਸਿੰਘ ਨੂੰ ਇੰਜ ਲੱਗਿਆ ਜਿਵੇਂ ਤ੍ਰਿਪਾਠੀ ਦੀ ਦਾੜ੍ਹੀ ਏਡੀ ਲੰਮੀ ਹੋ ਗਈ ਸੀ ਕਿ ਜ਼ਮੀਨ ਨੂੰ ਛੂਹ ਰਹੀ ਸੀ। ਉਹਨੂੰ ਤ੍ਰਿਪਾਠੀ ਦੀ ਆਵਾਜ਼ ਸੁਣਾਈ ਦਿੱਤੀ,
“ਆ ਗਿਆ ਏਂ ਜੋਗਿੰਦਰ ਸਿੰਘ… ਇਹ ਵੀ ਚੰਗਾ ਈ ਹੋਇਆ! ਮੈਂ ਹੁਣੇ-ਹੁਣੇ ਇਕ ਕਹਾਣੀ ਮੁਕਾਈ ਹੈ, ਆ ਤੈਨੂੰ ਸੁਣਾਵਾਂ।”
ਸਆਦਤ ਹਸਨ ਮੰਟੋ