ਜਰਨੈਲ ਸਿੰਘ ਕਾਫੀ ਥੱਕਿਆ ਟੁੱਟਿਆ ਪਿਆ ਸੀ। ਪਰ ਮਜਬੂਰੀ ਸੀ, ਰੁਕ ਵੀ ਨਹੀਂ ਸਕਦਾ ਸੀ। ਉਸਦੇ ਹੱਥਾਂ ਵਿੱਚ ਇੱਕ ਵੱਡਾ ਝੋਲਾ ਸੀ ਜਿਸ ਵਿੱਚ ਇੱਕ ਫਾਇਲ,ਕੁਝ ਫੋਟੋਸਟੇਟਾਂ ਤੇ ਇੱਕ ਪਿੰਨ ਸੀ। ਅੱਜ ਗਰਮੀ ਵੀ ਬਹੁਤ ਸੀ। ਮੋਬਾਇਲਾ ਉੱਪਰ ਪਾਰਾ 44 ਡਿਗਰੀ ਦਿਖਾ ਰਿਹਾ ਸੀ। ਉਸਨੂੰ ਬਹੁਤ ਪਿਆਸ ਲੱਗੀ ਹੋਈ ਸੀ। ਪਰ ਹਰ ਪਾਸੇ ਦੇਖਣ ਦੇ ਬਾਅਦ ਵੀ ਕਿਤੇ ਪਾਣੀ ਨਹੀਂ ਦਿਖਿਆ। ਸਾਹਮਣੇ ਬਸ ਇੱਕ ਗੰਨੇ ਦੇ ਜੂਸ ਦੀ ਰੇਹੜੀ ਸੀ।
“ਜੇ ਉਹ ਮੈਨੂੰ ਨਾ ਲੁੱਟਦਾ, ਮੇਰੇ ਤੋਂ ਧੱਕੇ ਨਾਲ ਰਿਸ਼ਵਤ ਨਾ ਲੈਂਦਾ ਤਾਂ ਮੈ ਜੂਸ ਦਾ ਇੱਕ ਗਲਾਸ ਹੀ ਪੀ ਲੈਂਦਾ। ਬੇਸਬਰੇ ਨੇ ਮੰਗਿਆ ਵੀ ਤਾਂ ਪੂਰਾ 500, ਜੇ ਲੈਣਾ ਹੀ ਸੀ ਤਾਂ 100 ਲੈਅ ਲੈਂਦਾ। ਘਟੀਆਂ ਬੰਦਾ” ਜਰਨੈਲ ਸਿੰਘ ਆਪਣੇ ਮਨ ਵਿੱਚ ਉਸ ਅਫ਼ਸਰ ਨੂੰ ਗਾਲ਼ਾਂ ਕੱਢ ਰਿਹਾ ਸੀ। ਜਿਸਨੂੰ ਉਹ ਹੁਣੇ ਹੁਣੇ ਮਿਲਕੇ ਆਇਆ ਸੀ।
ਉਸਦੀ ਜੇਬ ਵਿੱਚ ਰੁਪਿਆ ਦਾ ਅਜੇ ਵੀ 400 ਬਚਿਆ ਹੋਇਆ ਸੀ। ਪਰ ਪਿੰਡ ਨੂੰ ਵਾਪਸ ਜਾਣ ਦੇ ਕਿਰਾਏ ਅਤੇ ਅਗਲੇ ਅਫ਼ਸਰ, ਜਿਸਨੂੰ ਹੁਣ ਮਿਲਣਾ ਸੀ ਵਾਰੇ ਸੋਚ ਕਿ ਉਸਦੀ ਖਰਚਣ ਦੀ ਹਿੰਮਤ ਨਹੀਂ ਪੈ ਰਹੀ ਸੀ। ਉਹ ਸੋਚ ਰਿਹਾ ਸੀ ਜਿਵੇਂ ਪਿਛਲੇ ਅਫ਼ਸਰ ਨੇ ਵੱਢੀ ਮੰਗ ਲਈ ਜੇ ਉਸੇ ਤਰ੍ਹਾਂ ਹੁਣ ਵਾਲੇ ਨੇ ਵੀ ਵੱਢੀ ਮੰਗ ਲਈ ਫੇਰ ਕਿੱਥੋਂ ਦੇਵਾਂਗਾ ?
ਇੰਨਾ ਹੀ ਖਿਆਲਾਂ ਦੀ ਉਦੇੜ ਬੁਣ ਵਿੱਚ ਸੀ ਉਹ ਕਿ ਉਸੇ ਵਕਤ ਬੱਸ ਆ ਗਈ। ਉਹ ਬੱਸ ਵਿੱਚ ਚੜਿਆ ਤੇ ਖਾਲੀ ਪਈ ਸੀਟ ਤੇ ਬੈਠ ਗਿਆ ਤੇ ਨਾਲ ਵਾਲੇ ਨੂੰ ਆਖਣ ਲੱਗਾ,”ਹਨੇਰ ਹੈ ਭਾਈ ਸਾਬ, ਕੱਲਯੁਗ ਦਾ ਇੰਨਾ ਅਸਰ ਹੈ ਕਿ ਬੰਦਿਆ ਦਾ ਸਬਰ ਹਿੱਲਿਆ ਪਿਆ ਹੈ। 50-50 ਹਜਾਰ ਤਨਖਾਹਾਂ ਨੇ ਫੇਰ ਵੀ ਵੱਢੀ ਮੰਗਣ ਲਈ ਹੱਥ ਅੱਡਣ ਲੱਗੇ ਸ਼ਰਮ ਨਹੀਂ ਖਾਂਦੇ।” ਉਹ ਕਾਫੀ ਸਮਾਂ ਆਪਣੇ ਅੰਦਰ ਵਾਲਾ ਗੁੱਬ- ਗੁਵਾਟ ਕੱਡਦਾ ਰਿਹਾ, ਨਾਲ ਦੀ ਨਾਲ ਸ਼ੀਸ਼ੇ ਥਾਣੀ ਬਾਹਰ ਦੇਖਦਾ ਰਹਿੰਦਾ ਤਾਂਕਿ ਕਿਤੇ ਛਬੀਲ ਲੱਗੀ ਹੀ ਮਿਲ ਜਾਵੇ ਤੇ ਉਸਦੀ ਪਿਆਸ ਵੀ ਬੁੱਝ ਜਾਵੇ। ਪਰ ਸ਼ਾਇਦ ਅੱਜ ਉਸਦਾ ਦਿਨ ਹੀ ਸਖਤ ਚੱਲ ਰਿਹਾ ਸੀ। ਕਿਤੇ ਵੀ ਛਬੀਲ ਨਹੀਂ ਆਈ ਤੇ ਦੋ ਘੰਟੇ ਦੇ ਸਫ਼ਰ ਬਾਅਦ ਉਹ ਆਪਣੀ ਮੰਜਿਲ ਤੇ ਪਹੁੰਚ ਗਿਆ। ਜਿਵੇਂ-ਜਿਵੇਂ ਉਹ ਅੰਦਰ ਜਾ ਰਿਹਾ ਸੀ ਉਵੇਂ ਉਵੇਂ ਮਨ ਵਿੱਚ ਗਾਲ਼ਾਂ ਕੱਡਦਾ ਜਾ ਰਿਹਾ ਸੀ,”ਆਹ ਹੁਣ ਫੇਰ ਅਫ਼ਸਰ ਦੇ ਭੇਸ ਚ ਇੱਕ ਹੋਰ ਜੋਕ ਮਿਲਜੂ, ਮੈਨੂੰ ਗਰੀਬ ਨੂੰ ਚੂਸਣ ਲਈ। ਲਾਲਚ ਦੇ ਭੁੱਖੇ ਇਹ ਕੁੱਤੇ ਕਿਸੇ ਦੀ ਮਜਬੂਰੀ, ਤਕਲੀਫ ਤੇ ਵੀ ਤਰਸ ਨਹੀਂ ਖਾਂਦੇ।”
ਤੁਰਦੇ ਤੁਰਦੇ ਉਹ ਅਫ਼ਸਰ ਦੇ ਦਫਤਰ ਦੇ ਬਾਹਰ ਬੈਠਣ ਹੀ ਲੱਗਾ ਸੀ ਕਿ ਚਪੜਾਸੀ ਨੇ ਰੋਹਬ ਨਾਲ ਕਿਹਾ,”ਮਿਲਣਾ ਹੈ ਤਾਂ ਹੁਣੇ ਚੱਲਜਾ ਅੰਦਰ, ਫੇਰ ਸਾਹਬ ਨੇ ਜਾਣਾ ਹੈ ਕਿਤੇ। ਨਹੀਂ ਫੇਰ ਤੈਨੂੰ ਕੱਲ ਨੂੰ ਫੇਰ ਆਉਣਾ ਪਵੇਗਾ।”
“ਇਹਨਾਂ ਨੂੰ ਦੂਜਿਆਂ ਦੇ ਟਾਇਮ ਦੀ ਭੋਰਾ ਕਦਰ ਨਹੀਂ, ਬਸ ਜਦੋਂ ਮਨ ਕਰਦਾ ਅੱਧੀ ਛੁੱਟੀ ਲੈਂਦੇ ਨੇ ਤੇ ਘਰ ਚਲੇ ਜਾਂਦੇ ਨੇ। ਲੈਅ ਜੇ ਭੋਰਾ ਹੋਰ ਲੇਟ ਹੋ ਜਾਂਦਾ ਤਾਂ ਸਾਰਾ ਕੰਮ ਫੇਰ ਕੱਲ ਤੇ ਗਿਆ ਸੀ।”ਜਰਨੈਲ ਸਿੰਘ ਆਪਣੇ ਹੀ ਮਨ ਵਿੱਚ ਖੁਦ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ।
“ਉਹ ਜਾ ਤੁਰਜਾ ਹੁਣ ਅੰਦਰ,, ਕਿਹੜੀਆਂ ਸੋਚਾਂ ਚ ਪੈ ਗਿਆ।” ਚਪੜਾਸੀ ਨੇ ਫੇਰ ਰੋਹਬ ਨਾਲ ਕਿਹਾ।
ਉਹਦੀਆਂ ਸੋਚਾ ਦੀ ਲੜੀ ਟੁੱਟੀ ਤੇ ਉਹ ਅੰਦਰ ਚਲਾ ਗਿਆ।
ਅੰਦਰ ਇੱਕ ਨੌਜਵਾਨ ਅਫ਼ਸਰ ਬੈਠਾ ਸੀ, ਸਿਰ ਤੇ ਪੋਚਵੀ ਪੱਗ ਬੰਨੀ ਹੋਈ ਸੀ, ਖੁੱਲ੍ਹੀ ਦਾਹੜੀ ਸੀ ਤੇ ਚਿਹਰੇ ਤੇ ਵੱਖਰਾ ਹੀ ਨੂਰ ਸੀ। ਸੋਹਣੇ ਕੱਪੜੇ ਪਾਈ ਪੂਰਾ ਜੱਚ ਰਿਹਾ ਸੀ।
ਅੰਦਰ ਜਾਕੇ ਜਰਨੈਲ ਸਿੰਘ ਨੇ ਦੋਵੇਂ ਹੱਥ ਜੋੜਕੇ ਸਤਿ ਸ੍ਰੀ ਆਕਾਲ ਬੁਲਾਈ ਤੇ ਆਪਣੀ ਬੇਨਤੀ ਕਰਨ ਲੱਗਾ,” ਸਾਬ ਜੀ ਮੇਰੀ ਧੀ ਦੇ ਗੁਰਦਾ ਪੈਣ ਵਾਲਾ ਹੈ। ਉਹਦੇ ਦੋ ਛੋਟੇ ਛੋਟੇ ਜਵਾਕ ਨੇ। ਪਿਛਲੇ 3 ਮਹੀਨਿਆਂ ਤੋਂ ਦਫ਼ਤਰਾਂ ਦੇ ਗੇੜੇ ਕੱਢ ਰਿਹਾ ਇਜਾਜਤ ਲੈਣ ਲਈ। ਮੈ ਮੇਰਾ ਹੀ ਗੁਰਦਾ ਦੇਣਾ ਹੈ ਉਸਨੂੰ। ਅਸੀਂ ਕਿਤੋਂ ਮੁੱਲ ਨਹੀਂ ਲੈਅ ਰਹੇ,ਪਰ ਫੇਰ ਵੀ ਪਿਛਲੇ ਤਿੰਨ ਮਹੀਨਿਆਂ ਤੋਂ ਦਫ਼ਤਰਾਂ ਚ ਧੱਕੇ ਖਾ ਰਿਹਾ। ਇਸੇ ਦੇਰੀ ਕਰਕੇ ਮੇਰੀ ਧੀ ਦੀ ਸਿਹਤ ਹੋਰ ਵੀ ਖਰਾਬ ਹੋਈ ਜਾਂਦੀ ਐ,, ਜੇ ਤੁਸੀ ਭੋਰਾ ਰਹਿਮ ਕਰੋ ਤਾਂ ਛੋਟੇ ਛੋਟੇ ਬੱਚਿਆ ਦੀ ਮਾਂ ਬਚ ਸਕਦੀ ਹੈ।”
“ਬਾਪੂ ਜੀ ਤੁਸੀ ਫ਼ਿਕਰ ਨਾ ਕਰੋ , ਤੁਸੀ ਆਏ ਕਿੱਥੋਂ ਹੋ? ਫਾਇਲ ਦੇਖਦੇ ਦੇਖਦੇ ਉਸ ਅਫ਼ਸਰ ਨੇ ਪੁੱਛਿਆ।
“ਪੁੱਤ ਮੈ ਤਾਂ ਫਿਰੋਜਪੁਰ ਏਰੀਏ ਤੋਂ ਆਇਆ । ਪਿੰਡੋ ਸਿੱਧੇ ਇਥੇ ਆਉਣ ‘ਚ ਤਾਂ 5 ਘੰਟੇ ਲੱਗ ਜਾਂਦੇ ਨੇ” ਜਰਨੈਲ ਸਿੰਘ ਨੇ ਦਿਲ ਜਿਹਾ ਹੌਲਾ ਕਰਦੇ ਨੇ ਦੱਸਿਆ।
ਅਫ਼ਸਰ ਨੇ ਆਪਣੇ ਮੇਜ ਤੇ ਪਈ ਘੰਟੀ ਵਜਾਈ ਤੇ ਆਪਣੇ ਚਪੜਾਸੀ ਨੂੰ ਅੰਦਰ ਸੱਦਿਆ ਤੇ ਉਸਨੂੰ ਜਰਨੈਲ ਸਿੰਘ ਵਾਸਤੇ ਸ਼ਰਬਤ ਲੈਕੇ ਆਉਣ ਲਈ ਕਿਹਾ। ਜਰਨੈਲ ਸਿੰਘ ਹੈਰਾਨ ਸੀ ਕਿ ਇਹ ਕਿਵੇਂ ਹੋ ਗਿਆ? ਉਸਦੀ ਹਿੰਮਤ ਹੀ ਨਹੀਂ ਪੈ ਰਹੀ ਸੀ, ਇੱਡੇ ਅਫ਼ਸਰ ਦੇ ਦਫ਼ਤਰ ਚ ਬੈਠਕੇ ਸ਼ਰਬਤ ਪੀਣ ਦੀ ।
“ਇੱਕ ਮਿੰਟ ਅੰਦਰ ਹੀ, ਚਪੜਾਸੀ ਸ਼ਰਬਤ ਦਾ ਭਰਿਆ ਗਲਾਸ ਲੈਅ ਆਇਆ ਤੇ ਜਰਨੈਲ ਸਿੰਘ ਅੱਗੇ ਕਰ ਦਿੱਤਾ। ਜਰਨੈਲ ਸਿੰਘ ਨੇ ਸੰਗਦੇ ਜਿਹੇ ਗਲਾਸ ਚੁੱਕਿਆ ਤੇ ਇੱਕੋ ਡੀਕ ਸਾਰਾ ਗਲਾਸ ਖਿੱਚ ਗਿਆ। ਉਸ ਲਈ ਤਾਂ ਇਹ ਸ਼ਰਬਤ ਦਾ ਗਲਾਸ ਸਾਲਾਂ ਦੇ ਸੋਕੇ ਬਾਅਦ ਪਏ ਪਹਿਲੇ ਮੀਂਹ ਵਰਗਾ ਸੀ।
ਅਫ਼ਸਰ ਨੇ ਪੁੱਛਿਆ,”ਬਾਪੂ ਜੀ ਹੋਰ ਸ਼ਰਬਤ ਲਵੋਂਗੇ”
ਮਨ ਤਾਂ ਬਹੁਤ ਸੀ ਜਰਨੈਲ ਸਿੰਘ ਦਾ ਪਰ ਫੇਰ ਇਹ ਸੋਚ ਨੇ ਨਾ ਹੀ ਬੋਲ ਗਿਆ ਕਿ ਕਿਤੇ ਅਫ਼ਸਰ ਬੁਰਾ ਹੀ ਨਾ ਮੰਨ ਜੇ, ਕਿ ਸਾਡੇ ਤੋ ਹੀ ਸੇਵਾ ਕਰਾਈ ਜਾਂਦਾ ਹੈ।
ਉਸ ਅਫ਼ਸਰ ਨੇ ਸਾਰੇ ਦਸਤਖ ਕਰਕੇ ਫਾਈਲ ਜਰਨੈਲ ਸਿੰਘ ਨੂੰ ਫੜਾ ਦਿੱਤੀ ਤੇ ਕਿਹਾ ,” ਬਾਪੂ ਜੀ ਹੁਣ ਆਪ੍ਰੇਸ਼ਨ ਹੋ ਜਾਊ ,, ਹੁਣ ਕੋਈ ਅੜਿਕਾ ਨਹੀਂ ਲੱਗਣਾ, ਮੈ ਸਾਰੇ ਸਾਈਨ ਕਰ ਦਿੱਤੇ ਨੇ”
ਜਰਨੈਲ ਸਿੰਘ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਕੋਈ ਅਜਿਹਾ ਅਫ਼ਸਰ ਵੀ ਹੋ ਸਕਦਾ ਹੈ, ਜਿਸਨੇ ਸ਼ਰਬਤ ਵੀ ਪਿਲਾਈ ਤੇ ਵੱਢੀ ਵੀ ਨਹੀਂ ਮੰਗੀ।
ਜਰਨੈਲ ਸਿੰਘ ਨੇ ਦੋਵੇਂ ਹੱਥ ਜੋੜਕੇ , ਉਸ ਅਫ਼ਸਰ ਨੂੰ ਧੰਨਵਾਦ ਕਿਹਾ ਤੇ ਅੱਖਾਂ ਭਰਦੇ ਨੇ ਅਨੇਕਾਂ ਦੁਆਵਾਂ ਦੇ ਦਿੱਤੀਆਂ। ਦੁਆਵਾਂ ਦਿੰਦਾ-ਦਿੰਦਾ ਦਫ਼ਤਰੋਂ ਬਾਹਰ ਆ ਗਿਆ। ਬਾਹਰ ਨਿਕਲਣ ਸਾਰ ਹੀ ਉਸਦੀ ਨਜਰ ਮੇਜ ਤੇ ਰੱਖੇ ਵਾਟਰਕੂਲਰ ਤੇ ਪਈ, ਉਸਨੇ ਵਾਟਰਕੂਲਰ ਉੱਪਰੋ ਗਲਾਸ ਚੁੱਕਿਆ ਤੇ ਜਿਉਂ ਹੀ ਟੂਟੀ ਛੱਡੀ ਤਾਂ ਦੇਖਿਆ ਉਸ ਵਿੱਚੋ ਵੀ ਰੂਹ ਅਫ਼ਜ਼ਾ ਵਾਲਾ ਪਾਣੀ ਨਿਕਲਿਆ, ਜਿਸ ਤਰ੍ਹਾਂ ਦਾ ਪਾਣੀ ਅਕਸਰ ਛਬੀਲਾਂ ਚ ਵਰਤਾਇਆ ਜਾਂਦਾ ਹੈ।
“ਮੈਨੂੰ ਪਤਾ ਤੂੰ ਕੀ ਸੋਚ ਰਿਹਾ ਹੋਵੇਗਾ ਕਿ ਆਹ ਕੀ ਹੋਈ ਜਾਂਦਾ ? ਜਿਹੜਾ ਪਹਿਲੀ ਵਾਰ ਆਉਂਦਾ ਉਹ ਤੇਰੇ ਵਾਂਗੂ ਹੀ ਹੈਰਾਨ ਹੁੰਦਾ ਐ। ਸਾਡੇ ਸਾਬ ਜੀ ਬਹੁਤ ਦਿਆਲੂ ਤੇ ਰੱਜੀ ਸੋਚ ਦੇ ਮਾਲਿਕ ਨੇ। ਗਰਮੀਆਂ ਚ ਸ਼ਰਬਤ ਅਤੇ ਸਿਆਲਾਂ ਚ ਚਾਹ ਦਾ ਲੰਗਰ ਲਾਈ ਰੱਖਦੇ ਨੇ। ਕਿਉਂਕਿ ਉਹ ਕਹਿੰਦੇ ਇਥੇ ਫਾਈਲਾਂ ਨਾਲ ਮੱਥਾ ਮਾਰਦਾ ਕਿਸਮਤ ਦਾ ਧੱਕਿਆ ਹੀ ਆਉਂਦਾ ਹੈ ਤੇ ਨਾਲੇ ਜੇ ਦਸਵੰਦ ਕਿਸੇ ਕਿਸਮਤ ਮਾਰੇ ਦੀ ਭੁੱਖ ਮਿਟਾਉਣ ਚ ਲੱਗੇ ਤਾਂ ਇਸਤੋਂ ਵਧੀਆ ਕੀ ਹੋਵੇਗਾ” ਵਾਟਰਕੂਲਰ ਦੇ ਨੇੜੇ ਹੀ ਸਟੂਲ ਤੇ ਬੈਠਾ ਚਪੜਾਸੀ ਬੋਲਿਆ।
” ਵਾਹ ਓਏ ਤੇਰੇ ਮਾਲਿਕਾਂ , ਮੇਰਾ ਤਾਂ ਤੇਰੇ ਤੋਂ ਯਕੀਨ ਜਿਹਾ ਉੱਠਦਾ ਜਾਂਦਾ ਸੀ। ਅੱਜ ਤਾਂ ਤੂੰ ਆਪ ਬੰਦੇ ਦੇ ਰੂਪ ਚ ਮਿਲਣ ਆ ਗਿਆ। ਮਿਹਰ ਰੱਖੀ ਅਜਿਹੀਆਂ ਰੂਹਾਂ ਤੇ ਜੋਂ ਸੇਵਾ ਭਾਵ ਨਾਲ ਭਰੀਆਂ ਨੇ ਤੇ ਦੂਜਿਆਂ ਦੀ ਮਜਬੂਰੀ ਚੋ ਮੁਨਾਫਾ ਨਹੀਂ ਦੇਖਦੀਆਂ।” ਜਰਨੈਲ ਸਿੰਘ ਦੋਵੇਂ ਹੱਥ ਜੋੜ ਕਿ ਉੱਪਰ ਵੱਲ ਤੱਕਦਾ ਹੋਇਆ ਬੋਲਿਆ ।
ਹੁਣ ਜਰਨੈਲ ਸਿੰਘ ਨੇ ਵਾਪਸੀ ਵਾਲੀ ਬੱਸ ਫੜੀ ਤੇ ਜਦ ਉਹ ਪਿਛਲੇ ਅੱਡੇ ਤੇ ਪਹੁੰਚਿਆ ਜਿੱਥੇ ਆਉਂਦੇ ਹੋਏ ਉਸਨੇ ਗੰਨੇ ਦੇ ਜੂਸ ਦੀ ਰੇਹੜੀ ਦੇਖੀਂ ਸੀ ਤਾਂ ਜੂਸ ਵਾਲੇ ਤੋਂ ਦੋ ਗਲਾਸ ਜੂਸ ਦੇ ਲਏ ਤੇ ਥੋੜ੍ਹੀ ਦੂਰ ਸਫਾਈ ਕਰਦੇ ਮੁੰਡਿਆ ਨੂੰ ਜੂਸ ਪਿਲਾ ਆਇਆ। ਜੂਸ ਪਿਲਾ ਉਹ ਪਿੰਡ ਵਾਲੀ ਬੱਸ ਵਿੱਚ ਆ ਬੈਠਾ,ਪਰ ਉਸਦਾ ਦਿਲ ਤੇ ਦਿਮਾਗ ਅਜੇ ਵੀ ਉਸ ਅਫ਼ਸਰ ਦੇ ਦਫ਼ਤਰ ਚ ਸੀ। ਉਸਦੇ ਚਿਹਰੇ ਤੇ ਹੁਣ ਵੱਖਰਾ ਹੀ ਸਕੂਨ ਸੀ।
ਜਗਮੀਤ ਸਿੰਘ ਹਠੂਰ
Jagmeet singh