ਸਰਗੁਣ ਕੌਰ ਅੱਜ ਸਮੇਂ ਤੋਂ ਪਹਿਲਾਂ ਹੀ ਤਿਆਰ ਹੋ ਗਈ …
ਇੰਨੇ ਨੂੰ ਦੋਵੇਂ ਬੱਚੇ ਮਾਂ ਸਾਹਮਣੇ ਆ ਕੇ ਲੜਨ ਲੱਗ ਪੈਂਦੇ ਹਨ ਅਤੇ ਆਖਦੇ ਹਨ ਮਾਂ ਹੁਣ ਤੁਸੀਂ ਹੀ ਦੱਸੋ ਕਿ ਤੁਹਾਡੇ ਨਾਲ ਕੌਣ ਜਾਵੇਗਾ …?? ਦੀਦੀ ਕਹਿ ਰਹੇ ਹਨ ਕਿ ਤੁਸੀਂ ਉਹਨਾਂ ਨੂੰ ਲੈ ਕੇ ਜਾਣਾ ….ਪਰ ਜੇ ਉਹ ਜਾਣਗੇ ਤਾਂ ਮੈਂ ਵੀ ਜਾਵਾਂਗਾ …..ਸਰਗੁਣ ਕੌਰ(ਮਾਂ) ਜਵਾਬ ਦੇਣ ਹੀ ਲੱਗਦੀ ਹੈ ਕਿ …ਅੰਦਰੋਂ ਬਾਪੂ ਦੀ ਅਵਾਜ਼ ਸੁਣਦੇ ਸਾਰ ਹੀ ਬੱਚੇ ਉਨ੍ਹਾਂ ਦੇ ਆਲੇ ਦੁਆਲੇ ਘੁੰਮਣ ਲੱਗ ਪੈਂਦੇ ਹਨ ਅਤੇ ਜਿੱਦ ਕਰਦੇ ਹਨ ਤੁਸੀਂ ਹੀ ਦੱਸੋ ਬਾਪੂ ਜੀ ਕੌਣ ਜਾਵੇਗਾ ..ਸਰਗੁਣ ਅਵਾਜ਼ ਦਿੰਦੀ ਹੈ ਕਿ ਤੁਹਾਡੇ ਦੋਵਾਂ ‘ਚੋਂ ਕੋਈ ਵੀ ਨਹੀਂ ਜਾਵੇਗਾ …ਅਤੇ ਹੁਣ ਤੁਸੀਂ ਲੜਨਾ ਬੰਦ ਕਰੋ .ਤੁਸੀਂ ਹੁਣ ਛੋਟੇ ਨਹੀਂ ਰਹੇ ਸਗੋਂ ਕਾਲਜ ਵਿੱਚ ਪੜ੍ਹਦੇ ਹੋ…ਤੁਸੀਂ ਤਾਂ ਜਾਂਦੇ ਰਹਿੰਦੇ ਹੋ।ਪਰ ਅੱਜ ਦਾ ਦਿਨ ਤਾਂ ਬਹੁਤ ਖਾਸ ਹੈ ਬੱਚੇ ਬੋਲਣ ਲੱਗ ਪੈਂਦੇ ਹਨ । ਬਾਪੂ ਬੱਚਿਆਂ ਨੂੰ ਆਖਦੇ ..ਮੈਨੂੰ ਪਤਾ ਤੁਹਾਡੀ ਮਾਂ ਤੁਹਾਨੂੰ ਕਿਉਂ ਨਹੀਂ ਲੈ ਕੇ ਜਾਣਾ ਚਾਹੁੰਦੀ ..ਕਿਉਂਕਿ ਅੱਜ ਉਹ ਮੈਨੂੰ ਲੈ ਕੇ ਜਾਵੇਗੀ। ਇਹ ਸੁਣ ਕੇ ਸਰਗੁਣ ਜਵਾਬ ਦਿੰਦੀ ਹੈ ਮੈਨੂੰ ਪਤਾ ਹੈ ਕਿ ਅੱਜ ਦਾ ਦਿਨ ਬਹੁਤ ਖਾਸ ਹੈ ਪਰ ਅੱਜ ਮੇਰੇ ਨਾਲ ਤੁਹਾਡੇ ‘ਚੋਂ ਕੋਈ ਵੀ ਨਹੀਂ ਜਾਵੇਗਾ …ਬੱਚੇ ਨਰਾਜ਼ ਹੋ ਕੇ ਪੁੱਛਦੇ ਹਨ ਫਿਰ ਕੌਣ ਜਾਵੇਗਾ??
ਸਰਗੁਣ ਜਵਾਬ ਦਿੰਦੀ ਹੈ ਤੁਹਾਡੇ ਨਾਨਾ ਜੀ…।
ਇਹ ਸੁਣ ਕੇ ਸਾਰੇ ਹੈਰਾਨ ਰਹਿ ਜਾਂਦੇ ਹਨ । ਸਰਗੁਣ ਕੌਰ ਪਿਆਰ ਨਾਲ ਆਖਦੀ ਹੈ ਕਿ ਮੈਂ ਹੁਣ ਤਾਂ ਕੁਝ ਵੀ ਨਹੀਂ ਦੱਸ ਸਕਦੀ ਪਰ ਤੁਹਾਨੂੰ ਆ ਕੇ ਦੱਸਾਂਗੀ ਕਿ ਕਿਉਂ ..ਅਤੇ ਉਥੇ ਦੀ ਸਾਰੀ ਵੀਡੀਓ ਰਿਕਾਰਡਿੰਗ ਜਰੂਰ ਭੇਜਾਂਗੀ….ਇਹ ਕਹਿੰਦੇ ਹੋਏ ਗੱਡੀ ਵਿਚ ਬੈਠ ਕੇ ਆਪਣੇ ਪਿਤਾ ਜੀ ਦੇ ਘਰ ਵੱਲ ਨੂੰ ਤੁਰ ਪੈਂਦੀ ਹੈ ।
ਰਸਤੇ ਵਿੱਚ ਹੀ ਸਰਗੁਣ ਬਾਪੂ ਜੀ ਨੂੰ ਫੋਨ ਕਰਕੇ ਪੁੱਛਦੀ ਹੈ ਕਿ ਤੁਸੀਂ ਤਿਆਰ ਹੋ??…ਮੈਂ ਪਹੁੰਚਣ ਵਾਲੀ ਆਂ ਵੀਹ ਕੁ ਮਿੰਟਾਂ ‘ਚ
ਬਾਪੂ ਜੀ ਆਖਦੇ ਹਨ ਇੰਨੇ ਨੂੰ ਮੈਂ ਤਿਆਰ ਹੋ ਜਾਣਾ …ਪਰ ਤੂੰ ਮੈਨੂੰ ਅਜੇ ਤੱਕ ਦੱਸਿਆ ਨਹੀਂ ਕਿ ਆਪਾਂ ਜਾ ਕਿੱਧਰ ਰਹੇ ਹਾਂ??
ਸਰਗੁਣ ਜਵਾਬ ਦਿੰਦੀ ਹੈ ਕਿ ਬਸ ਥੋੜ੍ਹੇ ਕੁ ਸਮੇਂ ‘ਚ ਪਤਾ ਲੱਗ ਜਾਵੇਗਾ ਤੁਹਾਨੂੰ ਬਾਪੂ ਜੀ ਅਤੇ ਵੀਹ ਕੁ ਮਿੰਟਾਂ ਬਾਅਦ ਉਹ ਘਰ ਪੁੱਜ ਜਾਂਦੀ ਹੈ । ਗੱਡੀ ਘਰ ਅੱਗੇ ਖੜ੍ਹੀ ਕਰਕੇ ਹਾਰਨ ਵਜਾਉਂਦੇ ਹੋਏ ਬਾਪੂ ਜੀ ਨੂੰ ਅੰਦਰੋਂ ਅਵਾਜ਼ ਦਿੰਦੀ ਹੈ …
ਬਾਪੂ ਜੀ ਆਖਦੇ ਹਨ …ਕੀ ਗੱਲ ਅੱਜ ਤੂੰ ਅੰਦਰ ਨਹੀਂ ਆਉਣਾ???
ਸਰਗੁਣ ਜਵਾਬ ਦਿੰਦੀ ਹੈ …ਬਾਪੂ ਜੀ ਅਸੀਂ ਲੇਟ ਹੋ ਜਾਣਾ …ਆਉਂਦੇ ਹੋਏ ਅਰਾਮ ਨਾਲ ਗੱਲਾਂ ਸਾਂਝੀਆਂ ਕਰਾਂਗੇ । ਇਹ ਸੁਣ ਕੇ ਬਾਪੂ ਜੀ ਗੱਡੀ ਵਿਚ ਬੈਠ ਜਾਂਦੇ ਹਨ । ਰਸਤੇ ਵਿੱਚ ਬਾਪੂ ਜੀ ਫਿਰ ਸਵਾਲ ਕਰਦੇ ਹਨ …ਕਿਸੇ ਦੇ ਘਰ ਕੋਈ ਸਮਾਰੋਹ ਹੈ??
ਸਰਗੁਣ ਆਖਦੀ ਹੈ ..ਬਾਪੂ ਜੀ ਬਸ ਥੋੜ੍ਹੇ ਕੁ ਸਮੇਂ ‘ਚ ਪੁੱਜ ਜਾਵਾਂਗੇ ..ਤੁਹਾਨੂੰ ਸਭ ਕੁਝ ਦੱਸਾਂਗੀ ..।
ਸਰਗੁਣ ਗੱਡੀ ਰੋਕਦੇ ਹੋਏ ਆਖਦੀ ਹੈ ਕਿ ਪੁੱਜ ਗਏ ਆਪਾਂ ਆਪਣੀ ਮੰਜ਼ਿਲ ‘ਤੇ ।
ਬਾਪੂ ਜੀ ਹੈਰਾਨ ਹੋ ਕੇ ਆਖਦੇ ਹਨ ਇਹ ਤਾਂ ਤੇਰਾ ਕਾਲਜ ਹੈ..ਜਿਥੇ ਤੂੰ ਗ੍ਰੈਜੂਏਸ਼ਨ ਕੀਤੀ ਸੀ..।
ਸਰਗੁਣ ਜਵਾਬ ਦਿੰਦੀ ਹੈ ..ਹਾਂ ਬਾਪੂ ਜੀ
ਬਾਪੂ ਜੀ ਗੱਡੀ ‘ਚੋਂ ਉਤਰਦੇ ਹੋਏ ਆਖਦੇ ਹਨ …ਕਿ ਇਥੇ ਤਾਂ ਕੋਈ ਸਮਾਰੋਹ ਜਾਪਦਾ ਹੈ ..।
ਸਰਗੁਣ ਜਵਾਬ ਦਿੰਦੀ ਹੈ ..ਹਾਂ ਜੀ ਇਥੇ ਡਿਗਰੀ ਵੰਡ ਸਮਾਰੋਹ ਹੈ .
ਅੱਜ ਮੈਨੂੰ ਇੰਨਾਂ ਨੇ ਮੁੱਖ ਮਹਿਮਾਨ ਵਜੋਂ ਸੱਦਿਆ ਹੈ।
ਬਾਪੂ ਜੀ ਆਖਦੇ ਹਨ …ਫਿਰ ਤੂੰ ਮੈਨੂੰ ਕਿਉਂ ਲੈਕੇ ਆਈ ਹੈ???ਮੈਂ ਤਾਂ ਤੇਰੇ ਕਾਲਜ ਕਦੇ ਦਾਖਲਾ ਕਰਵਾਉਣ ਵੀ ਨਹੀਂ ਆਇਆ …ਫਿਰ ਅੱਜ??
ਸਰਗੁਣ ਬਹੁਤ ਪਿਆਰ ਨਾਲ ਆਖਦੀ ਹੈ ਕਿ ਤਾਂ ਹੀ ਤਾਂ ਅੱਜ ਲੈ ਕੇ ਆਈ ਹਾਂ ।
ਦੋਵੇਂ ਕਾਲਜ ਅੰਦਰ ਜਾਂਦੇ ਹਨ ਅਤੇ ਸਾਰੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹਨ ,ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦਿੰਦੇ ਹਨ…। ਉਸ ਤੋਂ ਬਾਅਦ ਡਿਗਰੀ ਵੰਡ ਸਮਾਰੋਹ ਦੇ ਹਾਲ ਵੱਲ ਨੂੰ ਤੁਰ ਪੈਂਦੇ ਹਨ।
ਸਰਗੁਣ ਨੂੰ ਸਟੇਜ ਉੱਤੇ ਬੁਲਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਬਾਪੂ ਜੀ ਸਟੇਜ ਦੇ ਸਾਹਮਣੇ ਕੁਰਸੀ ਉੱਤੇ ਬਾਕੀ ਸਟਾਫ ਨਾਲ ਬੈਠ ਜਾਂਦੇ ਹਨ । ਡਿਗਰੀ ਵੰਡ ਸਮਾਰੋਹ ਸ਼ੁਰੂ ਹੋ ਜਾਂਦਾ ਹੈ ਇੱਕ ਇੱਕ ਕਰਕੇ ਸਾਰੇ ਬੱਚਿਆਂ ਨੂੰ ਡਿਗਰੀ ਵੰਡੀਆਂ ਜਾਂਦੀਆਂ ਹਨ ਅਤੇ ਸਰਗੁਣ ਬੱਚਿਆਂ ਨੂੰ ਹੱਥ ਮਿਲਾ ਕੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੰਦੀ ਹੈ ।
ਅੰਤ ਵਿਚ ਵਾਰੀ ਆਉਂਦੀ ਹੈ …ਸਰਗੁਣ ਕੌਰ ਦੇ ਭਾਸ਼ਣ ਦੀ।
ਸਰਗੁਣ ਆਪਣੇ ਬਾਪੂ ਜੀ ਵੱਲ ਦੇਖਦੇ ਹੋਏ ਭਾਸ਼ਣ ਸ਼ੁਰੂ ਕਰਦੀ ਹੈ । ਅੱਜ ਮੈਂ ਪੂਰੇ ਸਾਢੇ ਤੈਤੀ ਸਾਲਾਂ ਬਾਅਦ ਇਸ ਸਟੇਜ ਉੱਪਰ ਖੜ੍ਹੀ ਆ….ਅਤੇ ਵਿਸ਼ਵਾਸ ਕਰਨਾ ਇਹ ਸਫਰ ਮੈਨੂੰ ਇਸ ਤੋਂ ਵੀ ਕਿਤੇ ਵਧੇਰੇ ਲੰਮਾ ਲੱਗਿਆ …ਇਸ ਦਿਨ ਦਾ ਇੰਤਜ਼ਾਰ ਮੈਨੂੰ ਬੇਸਬਰੀ ਨਾਲ ਸੀ…ਕਈ ਵਾਰ ਸੋਚਦੀ ਸੀ ਕਦੇ ਪੂਰਾ ਵੀ ਹੋਵੇਗਾ ਇਹ ਸੁਪਨਾ …।ਪਰ ਇਹ ਸੁਪਨਾ ਕੁਝ ਕੁ ਸਮੇਂ ‘ਚ ਪੂਰਾ ਹੋਣ ਜਾ ਰਿਹਾ ਹੈ । ਸਾਰੇ ਬਹੁਤ ਉਤਸੁਕਤਾ ਨਾਲ ਉਨ੍ਹਾਂ ਦੀ ਗੱਲਾਂ ਸੁਣ ਰਹੇ ਸਨ …ਸਰਗੁਣ ਸਟੇਜ ਤੋਂ ਉਤਰਦੇ ਹੋਏ ਪੌੜੀਆਂ ਦੀ ਗਿਣਤੀ ਸ਼ੁਰੂ ਕਰ ਦਿੰਦੀ ਹੈ …ਇੱਕ …ਦੋ…ਤਿੰਨ …………..ਅਖੀਰ ਚ ਆਖਦੀ ਹੈ ਅੱਠ ।
ਤੁਸੀਂ ਸਾਰੇ ਸੋਚਦੇ ਹੋਵੋਗੇ ਕਿ ਮੈਂ ਇਹ ਕਿਉਂ ਗਿਣ ਰਹੀ ਹਾਂ …ਤੁਹਾਨੂੰ ਪਤਾ ਇੰਨਾਂ ਦੀ ਗਿਣਤੀ ਸਿਰਫ ਅੱਠ ਸੀ ਪਰ ਇਹਨਾਂ ਨੂੰ ਚੜ੍ਹਨ ਲਈ ਸਾਢੇ ਤੈਤੀ ਸਾਲ ਲੱਗ ਗਏ ..। ਇੰਨੇ ਸਾਲ ਪਹਿਲਾਂ ਮੈਂ ਡਿਗਰੀ ਲੈਣ ਲਈ ਚੜ੍ਹੀ ਸੀ ਅਤੇ ਅੱਜ ਦੇਣ ਲਈ । ਕਿਸੇ ਖਾਸ ਰੂਹ ਨੇ ਸਮਝਾਇਆ ਕਿ ਸੁਪਨੇ ਵੱਡੇ-ਛੋਟੇ ਨਹੀਂ ਹੁੰਦੇ ਅਤੇ ਕਦੇ ਵੀ ਇਹਨਾਂ ਨੂੰ ਪੂਰਾ ਕਰਨ ਲਈ ਜੇਬ ਵੱਲ ਨਹੀਂ ਸਗੋਂ ਆਪਣੇ ਜਜ਼ਬੇ ਵੱਲ ਦੇਖਣ ਦੀ ਲੋੜ ਹੁੰਦੀ ਹੈ ਅੱਜ ਉਸ ਖਾਸ ਰੂਹ ਨੂੰ ਸਿਜਦਾ ਕਰਨਾ ਚਾਹੁੰਦੀ ਹਾਂ..ਅਤੇ ਆਪਣੇ ਬਾਪੂ ਜੀ ਦੇ ਪੈਰਾਂ ਨੂੰ ਛੋਹ ਲੈਂਦੀ ਹੈ ।ਸਰਗੁਣ ਆਪਣੇ ਬਾਪੂ ਜੀ ਦਾ ਹੱਥ ਫੜ ਕੇ ਸਟੇਜ ਵੱਲ ਨੂੰ ਤੁਰ ਪੈਂਦੀ ਹੈ ਅਤੇ ਆਖਦੀ ਹੈ ਜੋ ਇੰਨੇ ਸਾਲ ਪਹਿਲਾਂ ਮੈਨੂੰ ਇਸ ਸਟੇਜ ਉੱਪਰ ਖੜ੍ਹ ਕੇ ਮਹਿਸੂਸ ਹੋਇਆ ਸੀ ਅੱਜ ਉਹ ਖੁਸ਼ੀ ਮੈਂ ਆਪਣੇ ਬਾਪੂ ਜੀ ਦੇ ਚਿਹਰੇ ਉੱਪਰ ਵੇਖਣਾ ਚਾਹੁੰਦੀ ਹਾਂ ..
ਸਰਗੁਣ ਸਾਰੇ ਸਟਾਫ ਦੀ ਆਗਿਆ ਮੰਗਦੇ ਹੋਏ ਆਪਣੇ ਪਿਤਾ ਜੀ ਨੂੰ ਗਾਊਨ ਪਹਿਨਾ ਦਿੰਦੀ ਹੈ ਅਤੇ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਆਪਣੇ ਬਾਪੂ ਜੀ ਨੂੰ ਦਿੰਦੀ ਹੈ ..ਇੱਕ ਟਰਾਫੀ ਦਿੰਦੀ ਹੈ ਸਾਰੇ ਹਾਲ ਵਿੱਚ ਤਾੜੀਆਂ ਦੀ ਗੂੰਜ ਉੱਠਦੀ ਹੈ …। ਬਾਪੂ ਜੀ ਦੇ ਚਿਹਰੇ ਉੱਪਰ ਇੱਕ ਖਾਸ ਖੁਸ਼ੀ ਜਾਪਦੀ ਹੈ । ਅੰਤ ‘ਚ ਸਰਗੁਣ ਆਖਦੀ ਹੈ ਕਿ ਹੁਣ ਮੇਰਾ ਉਹ ਸੁਪਨਾ ਪੂਰਾ ਹੋ ਗਿਆ …ਅਤੇ ਅਖੀਰ ਵਿੱਚ ਗੱਲ ਕਹਿਣਾ ਚਾਹਾਂਗੀ ਕਿ ਮਾਤਾ ਪਿਤਾ ਨੂੰ ਆਪਣੀ ਜਿੰਦਗੀ ‘ਚ ਅਗਰ ਕੋਈ ਮੌਕਾ ਨਹੀਂ ਮਿਲਿਆ ਹੁੰਦਾ ਤਾਂ ਉਹ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਤਾਂ ਆਪਣੀ ਪੂਰੀ ਜਿੰਦ ਲਗਾ ਦਿੰਦੇ ਹਨ…ਕਿ ਸਾਡੇ ਬੱਚਿਆਂ ਨੂੰ ਕਦੇ ਕੋਈ ਕਮੀ ਨਾ ਆਵੇ …। ਪਰ ਮੈਂ ਸੋਚਦੀ ਹਾਂ ਕਿ ਆਉਣ ਵਾਲੇ ਆਧੁਨਿਕ ਸਮੇਂ ‘ਚ ਮੇਰੇ ਬੱਚਿਆਂ ਕੋਲ ਬਹੁਤ ਸਾਰੀਆਂ ਸਹੂਲਤਾਂ ਹੋਣਗੀਆਂ …ਉਨ੍ਹਾਂ ਨੂੰ ਬਹੁਤ ਮੌਕੇ ਮਿਲ ਜਾਣਗੇ…ਬਾਕੀ ਅਸੀਂ ਉਨ੍ਹਾਂ ਨਾਲ ਹਮੇਸ਼ਾ ਹੋਵਾਂਗੇ …ਇਸ ਕਰਕੇ ਸਾਰੀਆਂ ਰੀਝਾਂ ਆਪਣੇ ਬੱਚਿਆਂ ਲਈ ਹੀ ਨਹੀਂ ਸਗੋਂ ਕੁਝ ਕੁ ਮਾਤਾ ਪਿਤਾ ਲਈ ਵੀ ਰੱਖੋ ਕਿਉਂਕਿ ਉਹਨਾਂ ਨੇ ਸਾਡੀਆਂ ਰੀਝਾਂ ਨੂੰ ਪੂਰਾ ਕਰਨ ਲਈ ਆਪਣੀ ਕਿੰਨੀਆਂ ਹੀ ਅਧੂਰੀਆਂ ਛੱਡ ਦਿੱਤੀਆਂ ਹਨ ।
ਇਹ ਸੁਣ ਕੇ ਬਾਪੂ ਜੀ ਆਖਦੇ ਹਨ ਕਿ ਸੱਚ ਹੀ ਕਿਹਾ ਕਰਦੀ ਸੀ ਤੇਰੀ ਮਾਂ ਕਿ ਤੂੰ ਤਾਂ “ਗੁਣਾਂ ਦਾ ਸਰ” ਹੈ ….ਮੇਰੀ ਧੀ ‘ਸਰਗੁਣ’…।
ਇੱਕ ਧੀ ਦਾ ਆਪਣੇ ਪਿਤਾ ਲਈ ਸੁਪਨਾ।
~ਗੁਰਦੀਪ ਕੌਰ ।
540
previous post