ਪਿਛਲੇ ਦਿਨੀ ਸੋਸ਼ਲ ਮੀਡੀਏ ਰਾਹੀਂ ਜਨਰਲ ਡਾਇਰ ਦੇ ਭਰਾ ਦੇ ਪੋਤਰੇ ਡਾ. ਰਿਚਰਡ ਡਾਇਰ ਦਾ ਇੱਕ ਪੱਤਰ ਪੜ੍ਹਨ ਨੂੰ ਮਿਲਿਆ ਜੋ ਉਸ ਨੇ ਬ੍ਰਿਟੇਨ ਦੇ ਟੀ.ਵੀ. ਚੈਨਲ 4 ਉੱਤੇ ਜਲ੍ਹਿਆਂ ਵਾਲਾ ਕਾਂਡ ਬਾਰੇ ਪ੍ਰੋਗਰਾਮ ਦੇਖ ਕੇ ਉਸ ਪ੍ਰੋਗਰਾਮ ਦੇ ਪ੍ਰੋਡਿਊਸਰ ਸਤਨਾਮ ਸੰਘੇੜਾ ਨੂੰ ਲਿਖਿਆ। ਪੱਤਰ ਦਾ ਪੰਜਾਬੀ ਅਨੁਵਾਦ ਹੇਠ ਦਿੱਤਾ ਹੈ –
ਪਿਆਰੇ ਮਿਸਟਰ ਸੰਘੇੜਾ,
ਚੈਨਲ-4 ਉੱਤੇ ਅੰਮ੍ਰਿਤਸਰ ਕਤਲੇਆਮ ਬਾਰੇ ਤੁਹਾਡਾ ਪ੍ਰੋਗਰਾਮ ਦੇਖਣ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਇਨ੍ਹਾਂ ਘਟਨਾਵਾਂ ਬਾਰੇ ਮੈਨੂੰ ਵੀ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ।
ਜਨਰਲ ਡਾਇਰ ਮੇਰੇ ਪਿਤਾ ਦਾ ਚਾਚਾ ਸੀ। ਮੇਰਾ ਪਿਤਾ ਲੈਫਟੀਨੈਂਟ ਕਰਨਲ ਆਰਚੀ ਡਾਇਰ ਵੀ ਭਾਰਤੀ ਫੌਜ ਵਿੱਚ ਰਿਹਾ (ਅੰਗਰੇਜ਼ੀ ਰਾਜ ਸਮੇਂ) ਭਾਵੇਂ ਕਿ ਉਹ ਬਹੁਤ ਵੱਖਰੀ ਕਿਸਮ ਦਾ ਸੈਨਿਕ ਸੀ। ਇਸ ਕਤਲੇਆਮ ਬਾਰੇ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ।
2004 ਵਿੱਚ ਮੈਂ ਅਤੇ ਮੇਰੀ ਪਤਨੀ ਨੇ ਜਲ੍ਹਿਆਂ ਵਾਲਾ ਬਾਗ ਦੀ ਇੱਕ ਜਜ਼ਬਾਤੀ ਯਾਤਰਾ ਕੀਤੀ ਸੀ ਅਤੇ ਚਾਹੇ ਇਸਦਾ ਕੋਈ ਵੀ ਮਹੱਤਵ ਹੋਵੇ ਜਾਂ ਨਾ, ਮੈਂ ਆਪਣੇ ਅਤੇ ਡਾਇਰ ਪਰਿਵਾਰ ਦੇ ਇੱਕ ਹਿੱਸੇ ਦੀ ਤਰਫੋਂ ਇਸ ਲਈ ਨਿੱਜੀ ਤੌਰ ‘ਤੇ ਖਿਮ੍ਹਾਂ ਦਾ ਜਾਚਕ ਹੋਇਆ ਸੀ।
ਮੈਂ ਤੁਹਾਡੇ ਸਾਰੇ ਨੁਕਤਿਆਂ ਨਾਲ ਸਹਿਮਤ ਹਾਂ; ਇਸ ਸਪਸ਼ਟ ਤੌਰ ‘ਤੇ ਬਹੁਤ ਭਿਆਨਕ ਕਤਲੇਆਮ ਸੀ। ਬਸਤੀਵਾਦੀ ਦੌਰ ਸਮੇਂ ਬਹੁਤ ਸਾਰੇ ਅੰਗਰੇਜ਼ਾਂ ਦਾ ਵਤੀਰਾ ਬਹੁਤ ਡਰਾਵਣਾ ਸੀ ਅਤੇ ਉਸ ਸਮੇਂ ਰਾਜਨੀਤਕ ਤੌਰ ‘ਤੇ ਕੀਤਾ ਗਿਆ ਸ਼ੋਸ਼ਣ ਮੁਆਫ਼ ਹੋਣ ਯੋਗ ਨਹੀਂ। ਭਾਰਤੀ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਅੰਗਰੇਜ਼ ਜ਼ਿੰਦਗੀਆਂ ਦੇ ਮੁਕਾਬਲੇ ਬਹੁਤ ਸਸਤਾ ਮੰਨਿਆ ਗਿਆ ਸੀ।
1919 ਦੀਆਂ ਘਟਨਾਵਾਂ ਨੂੰ ਮੁੜ ਆਮ ਜਨਤਾ ਦੇ ਸਾਹਮਣੇ ਲਿਆਉਣ ਲਈ ਤੁਹਾਡਾ ਧੰਨਵਾਦ।
ਤੁਹਾਡਾ,
ਰਿਚਰਡ ਡਾਇਰ।
ਇਸ ਤੋਂ ਪਹਿਲਾਂ ਨਾਨਕ ਸਿੰਘ ਨਾਵਲਕਾਰ ਦੇ ਪੋਤਰੇ ਨਵਦੀਪ ਸਿੰਘ ਸੂਰੀ ਵੱਲੋਂ ਇਸ ਵਿਸ਼ੇ ‘ਤੇ ਸੰਪਾਦਿਤ ਕੀਤੀ ਗਈ ਪੁਸਤਕ ‘ਖ਼ੂਨੀ ਵਿਸਾਖੀ ‘ ਵਿੱਚ ਰੋਲੈੱਟ ਐਕਟ ਬਨਾਉਣ ਵਾਲੇ ਸਿਡਨੀ ਰੋਲੈੱਟ ਦੇ ਪੜ੍ਹਪੋਤੇ ਜਸਟਿਨ ਰੋਲੈੱਟ ਦਾ ਇਸ ਪ੍ਰਸੰਗ ਵਿੱਚ ਲਿਖਿਆ ਲੇਖ ਪੜ੍ਹਿਆ। ਹਾਲਾਂ ਕਿ ਸਿਡਨੀ ਰੋਲੈੱਟ ਦਾ ਜਲ੍ਹਿਆਂ ਵਾਲੇ ਕਾਂਡ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ, ਉਸ ਦਾ ਸਬੰਧ ਤਾਂ ਇਹੀ ਸੀ ਕਿ ਉਸ ਸਮੇਂ ਜੋ ਐਜੀਟੇਸ਼ਨ ਚੱਲ ਰਹੀ ਸੀ ਅਤੇ ਜਿਸ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਬਾਗ ਵਿੱਚ ਇਕੱਠ ਹੋਇਆ ਸੀ ਉਹ ਕਾਨੂੰਨ ਸਿਡਨੀ ਰੋਲੈੱਟ ਨੇ ਘੜ੍ਹਿਆ ਸੀ। ਪਰ ਜਸਟਿਨ ਰੋਲੈੱਟ ਨੇ ਜਿੰਨਾ ਦੁੱਖ ਅਤੇ ਸ਼ਰਮਿੰਦਗੀ ਜਾਹਰ ਕੀਤੀ ਹੈ ਉਹ ਪੜ੍ਹਨਯੋਗ ਹੈ। ਉਹ ਆਪਣੇ ਭਾਵ ਅਤੇ ਵਿਚਾਰ ਇਉਂ ਪ੍ਰਗਟ ਕਰਦਾ ਹੈ –
“…… ਅਲਵਿਦਾ ਕਹਿਣ ਸਮੇਂ ਮੈਂ ਮੁੜ ਕੇ ਜਜ਼ਬਾਤੀ ਹੋ ਗਿਆ, ਜਲ੍ਹਿਆਂ ਵਾਲਾ ਬਾਗ ਦਾ ਪੁਰਾਤਨ ਇਤਿਹਾਸ ਮੇਰੀ ਕਲਪਨਾ ਵਿੱਚ ਘੁੰਮਣ ਲੱਗ ਪਿਆ ਅਤੇ ਇੱਕ ਵਾਰ ਫਿਰ ਮੈਂ ਫੁੱਟ-ਫੁੱਟ ਕੇ ਰੋਣ ਲੱਗ ਪਿਆ। ਮੇਰੀ ਭਾਵੁਕਤਾ ਦਾ ਇੱਕ ਕਾਰਣ ਇਹ ਸੀ ਕਿ ਮੈਂ ਆਪਣੇ ਆਪ ਨੂੰ ਬਹੁਤ ਸ਼ਰਮਿੰਦਾ ਅਤੇ ਨਿਮਰ ਸਮਝ ਰਿਹਾ ਸਾਂ। ਇਸਦਾ ਕਾਰਣ ਇਹ ਸੀ ਕਿ ਜਲ੍ਹਿਆਂ ਵਾਲੇ ਬਾਗ ਵਿੱਚ ਜਿਹੜੇ ਨਿਰਦੋਸ਼ ਭਾਰਤੀ ਬਰਤਾਨਵੀ ਸਰਕਾਰ ਦੇ ਫ਼ੌਜੀਆਂ ਹੱਥੋਂ ਮਾਰੇ ਗਏ ਸਨ ਉਹ ਸਿਰਫ ਉਸ ਕਾਲੇ ਕਾਨੂੰਨ ਦੀ ਵਿਰੋਧਤਾ ਕਰਨ ਲਈ ਇਥੇ ਇਕੱਠੇ ਹੋਏ ਸਨ ਜਿਹੜਾ ਮੇਰੇ ਪੜਦਾਦੇ ਦੇ ਨਾਮ ਨਾਲ ਜੁੜਿਆ ਹੋਇਆ ਸੀ। ….. ਇਹ ਇੱਕ ਅਤਿਆਚਾਰੀ ਕਾਨੂੰਨ ਸੀ। ਕਾਨੂੰਨੀ ਤੌਰ ‘ਤੇ ਹਰ ਭਾਰਤੀ ਦੀ ਬੁਨਿਆਦੀ ਆਜ਼ਾਦੀ ਖਤਮ ਕਰ ਦਿੱਤੀ ਗਈ ਸੀ।”
ਲੇਖ ਦੇ ਅੰਤ ਵਿੱਚ ਉਹ ਫਿਰ ਲਿਖਦਾ ਹੈ, “ਐਨਾ ਕੁਝ ਕਹਿ ਕੇ ਵੀ ਮੇਰੀ ਸ਼ਰਮਿੰਦਗੀ ਖਤਮ ਨਹੀਂ ਹੋ ਜਾਂਦੀ। ਮੇਰਾ ਅਜੇ ਵੀ ਦ੍ਰਿੜ ਵਿਸ਼ਵਾਸ ਹੈ ਕਿ ਮੇਰੇ ਪੜਦਾਦੇ ਦੀ ਕਮੇਟੀ ਨੇ ਜੋ ਸਿਫ਼ਾਰਸ਼ ਕੀਤੀ ਸੀ ਉਹ ਨਾਵਾਜਿਬ ਅਤੇ ਰਾਹ ਤੋਂ ਖਦੇੜਨ ਵਾਲੀ ਸੀ। ਅਜੇ ਵੀ ਮੈਂ ਦੇਖਦਾ ਹਾਂ ਕਿ ਆਜ਼ਾਦੀ ਲਈ ਸੰਘਰਸ਼ ਅਤੇ ਇਨਸਾਫ਼ ਲਈ ਕੀਤੀ ਜਦੋ-ਜਹਿਦ ਦਾ ਵਰਨਣ ਹੀ ਨਾ ਕਰਨਾ ਬਿਲਕੁਲ ਬੇਇਨਸਾਫੀ ਹੈ। ਮੇਰੇ ਆਤਮਿਕ ਅਤੇ ਮਾਨਸਿਕ ਹਾਜ਼ਮੇ ਨੂੰ ਇਹ ਕਤਈ ਨਹੀਂ ਪਚਦਾ ਕਿ ਮੇਰੇ ਪੜਦਾਦੇ ਨੂੰ ਸੈਡੀਸ਼ਨ ਕਮੇਟੀ ਵਿੱਚ ਕੰਮ ਕਰਨ ਲਈ ਸਰ ਦਾ ਖ਼ਿਤਾਬ ਦਿੱਤਾ ਗਿਆ ਸੀ।”
ਇੱਕ ਪਾਸੇ ਇਹ ਲੋਕ ਹਨ ਜੋ ਗਲਤ ਨੂੰ ਗਲਤ ਕਹਿਣ ਦੀ ਜੁਰਅਤ ਰਖਦੇ ਹਨ ਚਾਹੇ ਇਹ ਗਲਤ ਕੰਮ ਉਨ੍ਹਾਂ ਦੇ ਆਪਣੇ ਦਾਦੇ ਪੜਦਾਦੇ ਨੇ ਹੀ ਕਿਉਂ ਨਾ ਕੀਤਾ ਹੋਵੇ, ਉਸ ਗਲਤ ਬੰਦੇ ਦੀ ਬੰਸ ਵਿਚੋਂ ਹੋਣ ਦੀ ਸ਼ਰਮਿੰਦਗੀ ਮਹਿਸੂਸ ਕਰਦੇ ਹਨ, ਦੁਖੀ ਹੁੰਦੇ ਹਨ, ਮੁਆਫ਼ੀ ਮੰਗਦੇ ਹਨ। ਆਪਣੇ ਵਡੇਰੇ ਦੇ ਕੀਤੇ ਗਲਤ ਕੰਮ ਨੂੰ ਫੋਕੀਆਂ ਜਿਹੀਆਂ ਦਲੀਲਾਂ ਦੇ ਕੇ ਜਸਟੀਫਾਈ ਨਹੀਂ ਕਰਦੇ ਅਤੇ ਨਾ ਹੀ ਉਸ ਕੰਮ ਤੋਂ ਮੁਕਰਦੇ ਜਾਂ ਉਸ ‘ਤੇ ਪਰਦੇ ਪਾਉਂਦੇ ਹਨ।
ਦੂਜੇ ਪਾਸੇ ਸਾਡੇ ਆਪਣੇ ਇਹੋ ਜਿਹੇ ਲੋਕ ਹਨ ਜਿਨ੍ਹਾਂ ਦੇ ਪੜਦਾਦੇ ਨੇ ਇਸ ਕਤਲੇਆਮ ਤੋਂ ਤੁਰੰਤ ਬਾਅਦ ਡਾਇਰ ਨੂੰ ਡਿਨਰ ਕੀਤਾ, ਆਪਣਾ ਰਸੂਖ ਵਰਤਕੇ ਦਰਬਾਰ ਸਾਹਿਬ ਵਿਚੋਂ ਮਾਨ ਤਾਣ ਕਰਵਾਇਆ। ਕੀ ਉਸ ਦੇ ਪੜਪੋਤੇ ਜਾਂ ਪੜਪੋਤੀ ਦਾ ਦਿਲ ਵੀ ਜਲ੍ਹਿਆਂ ਵਾਲੇ ਬਾਗ ਕੋਲੋਂ ਲੰਘਣ ਲੱਗਿਆਂ ਜਸਟਿਨ ਰੋਲੈੱਟ ਵਾਂਗ ਉਦਾਸ ਹੋਇਆ ਹੋਵੇਗਾ? ਉਸ ਵਾਂਗ ਸ਼ਰਮਿੰਦਗੀ ਮਹਿਸੂਸ ਕੀਤੀ ਹੋਵੇਗੀ? ਰਿਚਰਡ ਡਾਇਰ ਵਾਂਗ ਸ਼ਰ੍ਹੇਆਮ ਗਲਤ ਕਹਿਣਾ ਤਾਂ ਦੂਰ ਕਦੇ ਮਨ ਵਿੱਚ ਵੀ ਸੋਚਿਆ ਹੋਵੇਗਾ ਕਿ ਸਾਡੇ ਪੜਦਾਦੇ ਨੇ ਕੰਮ ਤਾਂ ਮਾੜਾ ਹੀ ਕੀਤਾ ਸੀ?
ਮੈਨੂੰ ਨਹੀਂ ਜਾਪਦਾ ਕਿ ਇਹੋ ਜਿਹੀਆਂ ਭਾਵਨਾਵਾਂ ਜਾਂ ਵਿਚਾਰ ਉਨ੍ਹਾਂ ਦੇ ਕਦੇ ਨੇੜਿਉਂ ਵੀ ਲੰਘੇ ਹੋਣਗੇ, ਕਿਉਂਕਿ ਇਸ ਲਈ ਜ਼ਮੀਰ ਨਾਂ ਦੀ ਚੀਜ਼ ਵੀ ਚਾਹੀਦੀ ਹੈ। ਤੁਹਾਡਾ ਕੀ ਖਿਆਲ ਹੈ ਦੋਸਤੋ?
Unknown