ਸ਼੍ਰੋਮਣੀ ਕਮੇਟੀ ਕੋਲ ਆਪਣਾ ਟੀ.ਵੀ. ਚੈਨਲ ਕਿਉਂ ਨਹੀਂ?

by admin

ਸ਼੍ਰੋਮਣੀ ਕਮੇਟੀ ਕੋਲ ਆਪਣਾ ਟੀ.ਵੀ. ਚੈਨਲ ਕਿਉਂ ਨਹੀਂ????
ਅੱਜ ਦਾ ਸਮਾਂ ਇਲੈਕਟ੍ਰਾਨਿਕ ਮੀਡੀਏ ਦਾ ਸਮਾਂ ਹੈ। ਤਕਨੀਕ ਨੇ ਐਨੀ ਤਰੱਕੀ ਕੀਤੀ ਹੈ ਕਿ ਸੰਚਾਰ ਦੇ ਸਾਰੇ ਮਾਧਿਅਮ ਆਮ ਆਦਮੀ ਤੋਂ ਲੈ ਕੇ ਖਾਸ ਆਦਮੀ ਦੇ ਹੱਥਾਂ ਵਿੱਚ ਹਨ। ਵੱਡੇ ਵੱਡੇ ਅਦਾਰਿਆਂ ਦੇ ਆਪਣੇ ਟੀ.ਵੀ. ਚੈਨਲ ਹਨ ।ਇੱਥੋਂ ਤੱਕ ਕਿ ਇੰਟਰਨੈੱਟ ਉੱਤੇ you tube ਤੇ ਹਰ ਆਮ ਖਾਸ ਆਦਮੀ ਨੇ ਆਪਣਾ ਚੈਨਲ ਬਣਾਇਆ ਹੋਇਆ ਹੈ।
ਪਰ ਮੈਂ ਤੁਹਾਡੇ ਨਾਲ ਇਕ ਬਹੁਤ ਹੀ ਹੈਰਾਨੀਜਨਕ ਅਤੇ ਦੁਖਦਾਇਕ ਗੱਲ ਸਾਂਝੀ ਕਰਨ ਲੱਗਾ ਹਾਂ ਸਿਰਫ ਦੋ ਮਿੰਟ ਲਗਾ ਕੇ ਧਿਆਨ ਨਾਲ ਪੜਿਓ ਤੇ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ।
ਮਿਤੀ 1 ਅਗਸਤ 2019 ਨੂੰ ਪਾਕਿਸਤਾਨ ਤੋਂ ਨਗਰ ਕੀਰਤਨ ਅਟਾਰੀ ਬਾਰਡਰ ਦੇ ਰਸਤੇ ਥਾਣੀਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣਾ ਸੀ , ਤੁਸੀਂ ਸਾਰੇ ਜਾਣਦੇ ਹੀ ਹੋ। ਦੁਪਹਿਰ ਤੋਂ ਹੀ ਸੰਗਤਾਂ ਵੱਡੀ ਗਿਣਤੀ ਵਿਚ ਜੀ ਟੀ ਰੋਡ ਤੇ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਉਡੀਕ ਕਰ ਰਹੀਆਂ ਸਨ। ਮੈਂ ਵੀ ਆਪਣੇ ਪਰਿਵਾਰ ਸਮੇਤ ਸੰਗਤਾਂ ਵਿੱਚ ਖਲੋਤਾ ਹੋਇਆ ਸੀ। ਪਰ ਨਗਰ ਕੀਰਤਨ ਦੀ ਆਮਦ ਬਾਰੇ ਰਾਤ ਦੇ 9:30ਵਜੇ ਤੱਕ ਵੀ ਕੋਈ ਪਤਾ ਨਹੀਂ ਕਿ ਨਗਰ ਕੀਰਤਨ ਕਿੱਥੇ ਕੁ ਪਹੁੰਚਿਆ ਹੈ। ਖਾਲਸਾ ਕਾਲਜ ਦੇ ਸਾਹਮਣੇ ਮੇਰੇ ਦੋਸਤ ਦਾ ਘਰ ਹੈ , ਮੈਂ ਸੋਚਿਆ ਕਿ ਜਰੂਰ ਪੀ ਟੀ ਸੀ ਚੈਨਲ ਤੇ ਨਗਰ ਕੀਰਤਨ ਦਾ ਲਾਈਵ ਪ੍ਰਸਾਰਣ ਦੇ ਰਹੇ ਹੋਣਗੇ , ਚਲੋ ਦੋਸਤ ਦੇ ਘਰ ਜਾ ਕੇ ਟੀ ਵੀ ਤੇ ਦੇਖਦੇ ਹਾਂ ਅਤੇ ਪਤਾ ਲੱਗ ਜਾਵੇਗਾ ਕਿ ਨਗਰ ਕੀਰਤਨ ਕਿੱਥੇ ਕੁ ਪੁਜਾ ਹੈ? ਘਰ ਜਾ ਕੇ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਟੀ ਵੀ ਲਗਾਓ ਨਗਰ ਕੀਰਤਨ ਦੇ ਦਰਸ਼ਨ ਹੀ ਕਰ ਲਈਏ , ਨਾਲੇ ਪਤਾ ਲੱਗ ਜਾਵੇਗਾ ਕਿ ਅਜੇ ਕਿੰਨੀ ਕੁ ਦੇਰ ਹੋਰ ਲੱਗੇਗੀ। ਟੀ.ਵੀ. ਚਾਲੂ ਕਰਕੇ ਪੀ ਟੀ ਸੀ ਚੈਨਲ ਲਗਾਇਆ ਤਾਂ ਉਥੇ ਗਾਣੇ ਚੱਲ ਰਹੇ ਸਨ । ਤਕਰੀਬਨ ਸਾਰੇ ਚੈਨਲ ਲਗਾਏ । ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਜਿਹੜੀਆਂ ਸੰਸਥਾਵਾਂ ਦਾ ਬਜਟ ਲੱਖਾਂ ਰੁਪਏ ਤੋਂ ਵੀ ਘੱਟ ਹੈ ਉਹਨਾਂ ਦੇ ਟੀ.ਵੀ.ਚੈਨਲ ਚੱਲ ਰਹੇ ਹਨ । ਦਿਵਯਾ ਜੋਤੀ , ਜਾਗਰਣ ਟੀ ਵੀ , ਨਾਮਧਾਰੀ ਟੀ ਵੀ , ਸੰਸਕਾਰ ਟੀ ਵੀ , ਪਤਾ ਨਹੀਂ ਹੋਰ ਕਿੰਨੇ ਹੀ ਧਾਰਮਿਕ ਸੰਸਥਾਵਾਂ ਦੇ ਚੈਨਲਾਂ ਤੇ 24 ਘੰਟੇ ਧਾਰਮਿਕ ਪ੍ਰਸਾਰਣ ਚਲਦਾ ਰਹਿੰਦਾ ਹੈ।ਪਰ ਸਾਡੀ ਸਿੱਖ ਕੌਮ ਦੀ ਸਿਰਮੌਰ ਸੰਸਥਾ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ ਜਿਸ ਦਾ ਬਜਟ ਲੱਖਾਂ ਜਾਂ ਕਰੋੜਾਂ ਦਾ ਨਹੀਂ ਬਲਕਿ ਅਰਬਾਂ ਰੁਪਏ ਦਾ ਬਜਟ ਹੈ। ਪਰ ਉਸ ਦਾ ਕੋਈ ਆਪਣਾ ਟੀ ਵੀ ਚੈਨਲ ਹੀ ਨਹੀਂ । ਕਿਉਂ ? ਕਿਉਂ ? ਕਿਉਂ ?
ਕਿਉਂਕਿ ਸ਼੍ਰੋਮਣੀ ਕਮੇਟੀ ਨੇ ਪੀ ਟੀ ਸੀ ਚੈਨਲ ਨੂੰ ਬਿਜ਼ਨਸ ਦਿੱਤਾ ਹੋਇਆ ਹੈ। ਜੋ 24 ਘੰਟਿਆਂ ਵਿਚੋਂ 2 ਘੰਟੇ ਸਵੇਰੇ ਅਤੇ 2 ਘੰਟੇ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਪ੍ਰਸਾਰਣ ਦੇ ਕੇ ਬਾਕੀ 20 ਘੰਟੇ ਲੱਚਰਤਾ ਪਰੋਸ ਕੇ ਲੋਕਾਂ ਦਾ ਮਨੋਰੰਜਨ ਕਰਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦਰਬਾਰ ਸਾਹਿਬ ਦੇ ਕੀਰਤਨ ਅਤੇ ਸੰਗਤ ਦੇ ਪੈਸੇ ਕਰਕੇ ਪ੍ਰਸਿੱਧੀ ਹਾਸਲ ਕੀਤੀ ਹੈ ਇਸ ਚੈਨਲ ਨੇ।

ਮੁੱਦੇ ਦੀ ਗੱਲ : ਜੇਕਰ ਸ਼੍ਰੋਮਣੀ ਕਮੇਟੀ ਆਪਣਾ ਟੀ ਵੀ ਚੈਨਲ ਸ਼ੁਰੂ ਕਰਦੀ ਹੈ ਤਾਂ ਕਮੇਟੀ ਕੋਲ ਕਰੋੜਾਂ ਰੁਪਏ ਦੀ ਆਮਦਨ ਹੋ ਸਕਦੀ ਹੈ ਜਿਸ ਨਾਲ ਧਰਮ ਪ੍ਰਚਾਰ , ਫਰੀ ਸਕੂਲ , ਫਰੀ ਮੈਡੀਕਲ ਸਹੂਲਤਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।

ਦੂਸਰਾ ਪੱਖ : ਸੈਂਕੜੇ ਬੇਰੁਜਗਾਰ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤ ਹੋ ਸਕੇਗਾ।

ਤੀਸਰਾ ਪੱਖ: ਸੰਗਤ ਦੇ ਪੈਸੇ ਦੀ ਸੁਯੋਗ ਵਰਤੋਂ ਹੋ ਸਕੇਗੀ।
ਕਿਉਂਕਿ ਪੀ ਟੀ ਸੀ ਚੈਨਲ ਅੱਧ ਤੋਂ ਵੱਧ ਕਮਾਈ ਰੋਜ਼ਾਨਾ ਹੋ ਰਹੇ ਵੱਖ ਵੱਖ ਥਾਵਾਂ ਤੇ ਕੀਰਤਨ ਦਰਬਾਰਾਂ ਤੋਂ ਕਰ ਰਿਹਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਨਿਰੋਲ ਧਾਰਮਿਕ ਗਤੀਵਿਧੀਆਂ ਵਾਲਾ ਆਪਣਾ ਚੈਨਲ ਸ਼ੁਰੂ ਕਰੇ।
ਸੋ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਅਸੀਂ ਸਾਰੇ ਰਲ ਕੇ ਸ਼੍ਰੋਮਣੀ ਕਮੇਟੀ ਕੋਲ ਸਿੱਖ ਪੰਥ ਦਾ ਆਪਣਾ ਚੈਨਲ ਸ਼ੁਰੂ ਕਰਨ ਦੀ ਮੰਗ ਕਰੀਏ ਤਾਂ ਕਿ ਸੰਗਤ ਦੇ ਪੈਸੇ ਨਾਲ ਚੱਲ ਰਹੇ ਚੈਨਲ ਅਤੇ ਸਭਿਆਚਾਰ ਦੇ ਨਾਮ ਤੇ ਹੋ ਰਹੇ ਨੰਗੇ ਨਾਚ-ਗਾਣੇ ਨੂੰ ਠੱਲ ਪੈ ਸਕੇ ।
ਰਵਿੰਦਰ ਸਿੰਘ ਖਾਲਸਾ ,ਅੰਮ੍ਰਿਤਸਰ

You may also like