ਰਾਤ ਫੇਰ ਸੁਫਨਾ ਆਇਆ,
ਮੈਂ ਓਹ ਵੇਲੇ ਚ ਸੀ ਜਦੋਂ ਪੰਜਾਬ ਇੱਗਲੈਂਡ ਅੰਗੂ ਦੁਨੀਆਂ ਤੇ ਸੌ ਸਾਲ ਰਾਜ ਕਰ ਚੁੱਕਿਆ ਸੀ,
ਯੂਨੀਵਰਸਿਟੀ ਔਫ ਨੈਣੈਆਲ ਦੀ ਚੜਾਈ ਕੈਂਬਰਿੱਜ਼ ਤੇ ਹਾਰਵਰਡ ਵਾਂਗੂ ਸੀ,
ਗੋਰੇ ਆਪਣੇ ਫਾਰਮ ਵੇਚ ਵੇਚ ਏਧਰ ਪੜਨ ਆਉੰਦੇ,
ਪੰਜਾਬ ਦਾ ਵੀਜ਼ਾ ਲਗਵਾਉਣਾ ਹਰੇਕ ਗੋਰੇ ਦਾ ਸੁਫਨਾ ਸੀ,
ਇਹਨਾਂ ਨੂੰ ਚੰਡੀਗੜ ਹਵਾਈ ਅੱਡੇ ਉੱਤਰਦੇਆਂ ਨੂੰ ਨੈਣੇਆਲ ਦਾ ਨਕਸ਼ਾ ਦਿੱਤਾ ਜਾਂਦਾ
ਜੀਹਨੂੰ ਇਹ ਦਮੇਂ ਦੀ ਦੁਆਈ ਵਾਂਗੂ ਹਰ ਟੈਮ ਨਾਲ ਰੱਖਦੇ,
ਗੋਰੇਆਂ ਨੇ ਹੈਰੀ ਤੋਂ ਹਰਿੰਦਰ ਸਿੰਘ ਨੌਂ ਰੱਖ ਲਏ ਸੀ,
ਪੱਗਾਂ ਬੰਨਣ ਲੱਗ ਪਏ ਸੀ,
ਗੋਰੀਆਂ ਸੂਟ ਪੌਂਦੀਆ ਸੀ,
ਲੋਕਲ ਭਾਲੇ ਕੇ ਗੋਗੀ ਅਰਗੇਆਂ ਦੀ ਸਾਰੀ ਯੂਨੀ ਚ ਪੂਰੀ ਚੜਾਈ ਸੀ,
ਮੈਂ ਯੂਨੀ ਭਾਸ਼ਾ ਵਿਭਾਗ ਦਾ ਉੱਚ ਕੋਟੀ ਦਾ ਪਰੋਫੈਸਰ ਸੀ,
ਸੱਠ ਸੱਤਰ ਜਣਿਆਂ ਦੀ ਖਚਾਖਚ ਭਰੀ ਜਮਾਤ ਦਾ ਪੰਜਾਬੀ ਦਾ ਲੈਕਚਰ ਲੈ ਰਿਹਾ ਸੀ,
ਇੱਕ ਗੋਰੀ ਨੇ ਮੈਨੂੰ ਪੁੱਛਿਆ ਕਿ ਸਰ ” ਬੱਲੇ ਓਹ ਜਵਾਨ ਦੇ” ਏਹਦਾ ਮਤਲਬ ਕੀ ਹੋਇਆ
ਮਖਿਆ ਜਿਮੇ ਅੰਗਰੇਜੀ ਚ ਵੈੱਲਡੰਨ
ਕਹਿੰਦੀ ਮਤਲਬ ਗਰੇਟ?
ਪਰ ਮੈਨੰ ਪੂਰੀ ਅੰਗਰੇਜੀ ਡਿਕਸ਼ਨਰੀ ਚੋਂ ਏਹਦੇ ਵਰਗਾ ਹੌਂਸਲਾ ਅਫਜਾਊ ਫਿਕਰਾ ਨੀ ਲੱਭ ਰਿਹਾ ਸੀ
ਵੇਹ ਉੱਠ ਖੜ..
ਬੇਬੇ ਦੀ ਬਾਜ ਕੰਨੀ ਪਈ ਅੱਖ ਖੁੱਲ ਗੀ…
ਜਾਹ ਭੂਆ ਦੇ ਪਿੰਡ ਜਾਇਆ….
ਚਾਹ ਦਾ ਕੌਲਾ ਪੀ ਮੈਂ ਫੋੜ ਦੀ ਸੈਲਫ ਮਾਰੀ….
ਰਾਹ ਚ ਮੈਨੂੰ ਭਾਲੇ ਕਾ ਗੋਗੀ ਨੇ ਹੱਥ ਖੜਾ ਕੀਤਾ….
ਹਥ ਚ ਪਸ਼ੂਆਂ ਦਾ ਸੰਗਲ..
ਸਕੂਲ ਆਲੀ ਵਰਦੀ…
ਅੱਜ ਸਕੂਲ ਨੀ ਗਿਆ ਗੋਗੀ ਉਏ..
ਮੈਂ ਪੁੱਛਿਆ…
ਜਾਊੰ ਬਾਈ ਮੱਝਾਂ ਰਾਹ ਚ ਬਾਹਰਲੇ ਘਰੇ ਬੰਨ ਜੂੰ….
ਮੇਰੀ ਭੂਆ ਦਾ ਮੁੰਡਾ ਚੌਥੀ ਵਾਰ ਆਈਲੈਟਸ ਚੋਂ ਸਾਢੇ ਪੰਜ ਬੈਂਡ ਲੈਣ ਚ ਸਫਲ ਹੋ ਗਿਆ ਸੀ..
ਫੁੱਫੜ ਨੇ ਪੌਣੇ ਦੋ ਕਿੱਲੇ ਗਹਿਣੇ ਧਰ ‘ਜੰਟ ਨੂੰ ਦਿੱਤੇ ਸੀ….
ਵੀਜ਼ਾ ਆਗਿਆ ਸੀ….
ਖੁਸ਼ੀ ਚ ਅਖੰਡ ਪਾਠ ਦਾ ਭੋਗ ਰਖਾਇਆ ਅੱਜ ਭੋਗ ਪੈਣਾ ਸੀ…ਤਦੇ ਮੈਂ ਚੱਲਿਆ ਸੀ….
ਬਾਈ ਕਿੱਲਿਆਂ ਦਾ ਮਾਲਕ ਭੂਆ ਦਾ ਪੁੱਤ ਧੱਕੜ ਕੁਕੜ ਖੰਭੇ ਬਾਲ ਕਟਾਈ ਫਿਰੇ ਨਾਲੇ ਕੰਨਾਂ ਚ ਮੁੰਦਰਾਂ ਪਾਈ ਫਿਰੇ…..
ਉੱਡਿਆ ਈ ਫਿਰੇ…
ਮੈਂ ਸੋਚਿਆ ਸਾਲੀ ਯਾਰੀ ਤੇ ਸਰਦਾਰੀ ਵੀ ਕਿਸੇ ਕਿਸੇ ਨੂੰ ਈ ਰਾਸ ਆਉੰਦੀ ਆ…
ਚਲਾਈਂ ਪੁੱਤ ਟੈਕਸੀ ਹੁਣ…
ਏਧਰ ਕਿਤੇ ਬੁੱਲਟ ਤੋਂ ਪੈਰ ਨੀ ਲਾਹਿਆ ਸੀ ਕਾਕਾ ਜੀ ਨੇ….
ਪਿੰਡ ਮੁੜਦੇ ਨੂੰ ਨੇਹਰਾ ਹੋ ਗਿਆ..
ਮੰਜਾ ਕੋਠੇ ਤੇ ਚੜਾ ਲਿਆ…
ਸੋਚੇਆ ਕੀ ਆ ਰਾਤ ਆ ਸਾਲਾ ਸੁਫਨਾ ਫੇਰ ਈ ਆਜੇ ਅੱਜ –
~ ਨੈਣੈਆਲੀਆ
Naineaalia