ਮਰਦਾਨੇ ਦੇ ਘਰਵਾਲੀ ਮਰਦਾਨੇ ਤੇ ਗਿਲਾ ਕਰਦੀ

by admin

ਮਰਦਾਨੇ ਦੇ ਘਰਵਾਲੀ ਮਰਦਾਨੇ ਤੇ ਗਿਲਾ ਕਰਦੀ ਏ ਪਈ ਮੁਸਲਮਾਨ ਬੀਬੀਆਂ ਮੈਨੂੰ ਤਾਹਨਾ ਮਾਰਦੀਆਂ ਨੇ, ਤੇਰਾ ਆਦਮੀ ਮੁਸਲਮਾਨ ਹੋ ਕੇ ਇਕ ਹਿੰਦੂ ਫ਼ਕੀਰ ਦੇ ਪਿੱਛੇ ਰਬਾਬ ਚੁੱਕੀ ਫਿਰਦੈ।
ਤੇ ਮਰਦਾਨਾ ਆਪਣੇ ਘਰਵਾਲੀ ਨੂੰ ਕਹਿੰਦਾ ਹੈ, “ਤੇ ਫਿਰ ਤੂੰ ਕੀ ਆਖਿਅਾ, ਤੂੰ ਕੀ ਜਵਾਬ ਦਿੱਤਾ?”
“ਮੈਂ ਕੀ ਜਵਾਬ ਦੇਂਦੀ,ਠੀਕ ਮਾਰਦੀਆਂ ਨੇ ਤਾਹਨੇ,ਮੈਂ ਚੁੱਪ ਰਹਿ ਗਈ।ਵਾਕਈ ਉਹ ਬੇਦੀ ਕੁਲਭੂਸ਼ਨ ਨੇ,ਬੇਦੀਆਂ ਦੀ ਕੁਲ ਦੇ ਵਿਚੋਂ ਪੈਦਾ ਹੋਏ ਨੇ ਅਸੀਂ ਮੁਸਲਮਾਨ।”
“ਨਈਂ ਤੂੰ ਕਹਿਣਾ ਸੀ, ਮੈਂ ਜਿਸ ਦੇ ਪਿੱਛੇ ਰਬਾਬ ਚੁੱਕੀ ਫਿਰਦਾਂ ਉਹ ਹਿੰਦੂ ਮੁਸਲਮਾਨ ਨਹੀਂ ਏਂ, ਉਹ ਸਿਰਫ਼ ਅੱਲਾ ਤੇ ਰਾਮ ਦਾ ਰੂਪ ਏ। ਉਹ ਈਸ਼ਵਰ ਏ, ਗੁਰੂ ਏ। ਉਹ ਕਿਸੇ ਫਿਰਕੇ ਦੇ ਵਿਚ ਬੰਦ ਨਹੀਂ ਹੁੰਦਾ, ਕਿਸੇ ਦਾਇਰੇ ਦੀ ਗ੍ਰਿਫ਼ਤ ਦੇ ਵਿਚ ਨਹੀਂ ਆਉਂਦਾ।”
ਘਰਵਾਲੀ ਯਕੀਨ ਨਹੀਂ ਕਰਦੀ, ਕਹਿੰਦੀ,”ਅਗਰ ਅੈਸਾ ਹੈ, ਸਾਡੇ ਘਰ ਤੇ ਕਦੀ ਆਇਆ ਨਹੀਂ ਤੇ ਨਾ ਕਦੀ ਭੋਜਨ ਛਕਿਅੈ।ਅਗਰ ਅੈਹੋ ਜਿਹੀ ਗੱਲ ਹੈ, ਸਾਰੇ ਉਸ ਦੀ ਨਿਗਾਹ ‘ਚ ਇਕੋ ਹੀ ਨੇ ਤੇ ਕਿਸੇ ਦਿਨ ਸਾਡੇ ਘਰ ਵੀ ਆਉਣ।”
ਮਰਦਾਨਾ ਕਹਿੰਦੈ, “ਫਿਰ ਅੱਜ ਇੰਝ ਹੀ ਸਹੀ,ਤੂੰ ਬਣਾ ਲੰਗਰ,ਭੋਜਨ ਬਣਾ, ਜੋ ਕੁਝ ਹੈ ਘਰ ਦੇ ਵਿਚ ਬਣਾ, ਮੈਂ ਬਾਬੇ ਨੂੰ ਲੈ ਕੇ ਆਉਨਾ।”
ਘਰਵਾਲੀ ਕਹਿੰਦੀ,”ਮੈਂ ਬਣਾ ਤਾਂ ਦਿੰਦੀ ਹਾਂ,ਉਹ ਨਹੀਂ ਆਏਗਾ। ਉਹ ਬੇਦੀ ਕੁਲਭੂਸ਼ਨ, ਬੇਦੀਆਂ ਦਾ ਮੁੰਡਾ, ਬੜੀ ਉੱਚੀ ਕੁਲ ਏ, ਸਾਡੇ ਘਰ ਨਹੀਂ ਆਉਣ ਲੱਗੇ, ਫਿਰ ਮੇਰੇ ਹੱਥ ਦਾ ਭੋਜਨ, ਮੈ ਮੁਸਲਮਾਣੀ, ਅਸੀਂ ਮੁਸਲਮਾਨ।”
ਪਤਾ ਹੈ ਮਰਦਾਨਾ ਕੀ ਕਹਿੰਦਾ ਹੈ? ਮਰਦਾਨੇ ਨੇ ਵੀ ਕਹਿ ਦਿੱਤਾ, “ਜੇ ਨਾ ਆਏ ਤਾਂ ਯਾਰੀ ਟੁੱਟੀ, ਪਰ ਤੂੰ ਯਕੀਨ ਰੱਖ,ਯਾਰੀ ਨਹੀਂ ਟੁੱਟੇਗੀ।”
ਚੱਲਿਅੈ, ਪਰ ਇਹ ਸੋਚਣੀ ਵੀ ਏਂ ਕਿਧਰੇ ਮੈਨੂੰ ਆਪਣੇ ਘਰਵਾਲੀ ਦੇ ਕੋਲੋਂ ਸ਼ਰਮਸ਼ਾਰ ਨਾ ਹੋਣਾ ਪਏ, ਬਾਬਾ ਜਵਾਬ ਨਾ ਦੇ ਦਏ। ਇਹ ਸੋਚ ਕੇ ਜਾ ਰਿਹੈ। ਅਜੇ ੨੦੦ ਕਦਮ ਹੀ ਚੱਲਿਆ ਹੋਣੈ, ਬਾਬਾ ਜੀ ਰਸਤੇ ਵਿਚ ਮਿਲੇ। ਸਲਾਮ ਕੀਤੀ, ਸੱਜਦਾ ਕੀਤਾ, ਸੁਭਾਵਿਕ ਪੁੱਛ ਲਿਆ,
“ਬਾਬਾ ਜੀ! ਕਿਥੇ ਚੱਲੇ?”
ਤੇ ਸਤਿਗੁਰੂ ਕਹਿੰਦੇ ਨੇ,”ਮਰਦਾਨਿਆਂ, ਸਵੇਰੇ ਦਾ ਜੀਅ ਕਰ ਰਿਹਾ ਸੀ, ਦੁਪਹਿਰ ਦਾ ਲੰਗਰ ਤੇਰੇ ਕੋਲ ਛਕ ਲੈਨੇ ਆਂ, ਭੋਜਨ ਤੇਰੇ ਕੋਲ ਛਕ ਲਈਏ, ਚੱਲ।”
ਰੋ ਪਿਆ, ਚੀਕ ਨਿਕਲ ਗਈ ਮਰਦਾਨੇ ਦੀ,”ਬਾਬਾ! ਇਕ ਨਿੱਕਾ ਜਿਹਾ ਕਿਨਕਾ ਸ਼ੱਕ ਦਾ ਆ ਗਿਆ ਸੀ, ਦੂਰ ਹੋ ਗਿਅੈ। ਵਾਕਈ ਤੂੰ ਸਾਂਝੈਂ।”
ਗੁਰੂ ਤੇ ਉਹ ਹੈ,ਔਰ ਵਾਸਤਵ ਗੁਰੂ ਉਹ ਹੈ ਜੋ ਹਿਰਦੇ ਦੇ ਸ਼ੱਕ ਨੂੰ ਮਿਟਾ ਦੇਵੇ। ਜਿਸ ਦਾ ਨਾਮ,ਜਿਸ ਦਾ ਗਿਆਨ,ਜਿਸ ਦੀ ਹੋਂਦ ਅੰਦਰ ਦੇ ਸਾਰੇ ਸ਼ੱਕ ਧੋ ਦੇਵੇ।

“ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ॥
ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ॥”
{ਥਿਤੀ ਗਉੜੀ ਮ: ੫,ਅੰਗ ੨੯੯}

ਜਿਸ ਤਰਾਂ ਸੂਰਜ ਸਾਂਝਾ ਹੁੰਦੈ, ਇਸ ਤਰ੍ਹਾਂ ਹੀ ਅਵਤਾਰੀ ਪੁਰਸ਼ ਤੇ ਸੰਤ ਸਾਂਝੇ ਹੁੰਦੇ ਨੇ, ਔਰ ਜੋ ਸਾਂਝਾ ਨਹੀਂ ਉਸ ਨੂੰ ਸੰਤ ਕਹਿਣ ਦੀ, ਅਵਤਾਰ ਕਹਿਣ ਦੀ ਲੋੜ ਹੀ ਨਹੀਂ। ਉਹ ਸੂਰਜ ਨਹੀਂ ਹੋਵੇਗਾ, ਕਿਸੇ ਘਰ ਦਾ ਜਲਦਾ ਹੋਇਆ, ਟਿਮਟਿਮਾਂਦਾ ਹੋਇਆ ਦੀਵਾ ਹੀ ਹੋ ਸਕਦੈ,ਹੋਰ ਕੁਝ ਨਹੀਂ , ਵਕਤ ਨਾਲ ਬੁਝ ਜਾਏਗਾ।

ਗਿਆਨੀ ਸੰਤ ਸਿੰਘ ਜੀ ਮਸਕੀਨ

You may also like