ਪਹਿਲਾਂ ਰਿਸ਼ਤੇਦਾਰ ਕਈ ਕਈ ਦਿਨ ਰਹਿੰਦੇ ਸਨ ਤੇ ਉਹਨਾਂ ਦੇ ਜਾਣ ਲੱਗਿਆ ਘਰਦਿਆਂ ਨੂੰ ਬਹੁਤ ਦੁੱਖ ਹੁੰਦਾ ਸੀ ਤੇ ਰਿਸ਼ਤੇਦਾਰ ਹੁਣ ਇੱਕ ਦਿਨ ਲਈ ਆਉਂਦੇ ਨੇ ਤੇ ਘਰਦਿਆਂ ਦੀ ਜਾਨ ਤੇ ਬਣੀ ਹੁੰਦੀ ਹੈ ਸੋਚਦੇ ਨੇ ਕਦੋਂ ਜਾਣ ਤੇ ਕਦੋਂ ਸਾਡੀ ਜਾਨ ਛੁੱਟੇ।ਅਸਲ ਵਿੱਚ ਹੁਣ ਫਾਰਮੈਲਟੀਆਂ ਜਿਆਦਾ ਕਰਨੀਆਂ ਪੈਂਦੀਆਂ ਪਹਿਲਾਂ ਏਦਾਂ ਨਹੀਂ ਸੀ।ਸੋਚਣ ਵਾਲੀ ਗੱਲ ਤਾਂ ਇਹ ਹੈ ਅਸੀਂ ਕਿਸੇ ਘਰ ਜਾ ਕੇ ਉਹਨਾਂ ਨੂੰ ਖੁਸ਼ੀ ਦੇ ਰਹੇ ਹਾਂ ਜਾ ਉਹਨਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਾਂ।
ਮੇਰੇ ਸਾਹਮਣੇ ਦੀ ਗੱਲ ਹੈ ਹੁਣ ਕੁੱਝ ਸਮੇਂ ਪਹਿਲਾਂ ਦੀ ,ਸਾਡੇ ਗੁਆਂਢ ਵਿੱਚ ਦੋ ਭਰਾ ਸਨ।ਇੱਕ ਸ਼ਹਿਰ ਰਹਿੰਦਾ ਸੀ ਇੱਕ ਪਿੰਡ ।ਘਰ ਪਰਿਵਾਰ ਚੰਗਾ ਸੌਖਾ ਸੀ । ਅਪਣੇ ਘਰੀਂ ਦੋਵੇਂ ਵਧੀਆ ਜੀਵਨ ਜਿਉਂਦੇ ਨੇ । ਦੋਹਾਂ ਦੇ ਜਿਉਣ ਦਾ ਜ਼ਿੰਦਗੀ ਨੂੰ ਮਾਨਣ ਦਾ ਆਪਣਾ ਵੱਖਰਾ ਅੰਦਾਜ਼ ਹੈ।
ਇੱਕ ਵਾਰ ਸ਼ਹਿਰੀ ਭਰਾ ਪਿੰਡ ਵਾਲੇ ਭਰਾ ਦੇ ਘਰ ਆਇਆ। ਉਹ ਭਰਾ ਵੱਡਾ ਅਫ਼ਸਰ ਤਹਿਸੀਲਦਾਰ ਸੀ ਖੌਰੇ ਦੂਜੇ ਭਰਾ ਭਾਬੀ ਨੂੰ ਚਾਅ ਚੜ ਗਿਆ ਦੋਵੇਂ ਸਿੱਧੇ ਸਾਦੇ ਜਿਹੇ ਸੀ,ਪਿੰਡ ਰਹਿੰਦੇ ਸੀ ।ਭਾਬੀ ਵੀ ਅੱਡੀਆਂ ਭਾਰ ਤੁਰੀ ਫਿਰੇ ।ਦਿਉਰ ਦਰਾਣੀ ਆਉਣਗੇ ਇੱਕਠੇ ਬੈਠਾਂਗੇ ਗੱਲਾਂ ਕਰਾਂਗੇ ਸੁੱਖ ਦੁੱਖ ਸੁਣਾਂਗੇ ਕਰਾਂਗੇ। ਨਵੀਂਆ ਚਾਦਰਾਂ ਵਿਛਾਵੇ । ਨਵੇ ਭਾਂਡੇ ਕੱਢੇ ਵੰਨ ਸੁਵੰਨੇ ਪਕਵਾਨ ਬਣਾਏ। ਵੀਰ ਨੌਕਰਾਂ ਕੋਲੋਂ ਕੰਧਾ ਸ਼ੀਸ਼ੇ ਸਾਫ ਕਰਵਾਏ ਕੋਈ ਕਮੀਂ ਨਾ ਰਹੇ। ਚਲੋ ਜੀ ਆ ਗਿਆ ਵੀਰ ਪਰਿਵਾਰ ਸਮੇਤ।
ਹੁਣ ਅਫਸਰਾਂ ਨੂੰ ਹੁਕਮ ਕਰਨ ਦੀ ਆਦਤ ਹੁੰਦੀ ਏ ਜਿਵੇਂ ਦੀ ਰਹਿਣੀ-ਬਹਿਣੀ ਹੁੰਦੀ ਏ ਸੁਭਾਅ ਵੀ ਓਸੇ ਤਰ੍ਹਾਂ ਦਾ ਹੋ ਜਾਦਾ ।ਗੱਡੀ ਭਰ ਆ ਗੲੇ ।ਚਾਰ ਜੀਅ ਆਪ ਇੱਕ ਡਰਾਈਵਰ ਇੱਕ ਖਿਡਾਵੀ ਤੇ ਇੱਕ ਉਹਨਾਂ ਦਾ ਹੈਲਪਰ। ਇਹਨਾਂ ਦੇ ਰਹਿਣ ਦਾ ਕਰੋ ਇੰਤਜ਼ਾਮ ,ਕਮੀ ਕੋਈ ਨਾ ਰਹੇ ਇਹਨਾਂ ਜਾ ਕੇ ਵੀਹਾਂ ਜਣਿਆਂ ਕੋਲ ਗੱਲ ਕਰਨੀ ਏ ਸਾਬ ਦੇ ਪਿੰਡ ਗੲੇ ਸੀ ।
ਏਧਰ ਭਾਬੀ ਇੱਕਲੀ ।ਡਰਾਇਵਰ ਗੱਡੀ ਲਾ ਕੇ ਪੈ ਗਿਆ ਤੇ ਚਾਹ ਦਾ ਹੁਕਮ ਦੇ ਦਿੱਤਾ। ਖਿਡਾਵੀ ਨਿਆਣਿਆਂ ਦੇ ਨਾਲ ਨਾਲ ਕਦੀ ਨਿਆਣੇ ਜੂਸ ਮੰਗਣ ਉਹ ਵੀ ਫਰੈਛ ,ਕਦੀ ਮੈਂਗੀ ,ਕਦੀ ਬਰਗਰ ।ਤਾਇਆ ਏਸੇ ਚੱਕਰ ਚ ਰਿਹਾ ਕਦੀ ਕੁਝ ਲਿਆਵੇ ਕਦੀ ਕੁੱਝ ।ਕਦੀ ਡਰਾਈਵਰ ਚਾਹ ਮੰਗ ਲਵੇ ਕਦੀ ਹੈਲਪਰ ਦੀ ,ਕਦੀ ਦਰਾਣੀ ਦੀ ਚਾਹ ਦਾ ਟਾਇਮ ਕਦੀ, ਦਿਉਰ ਦੀ ਚਾਹ ,ਕਦੀ ਮਿੱਠੀ ਕਦੀ ਫਿੱਕੀ ,ਭਾਬੀ ਵਿਚਾਰੀ ਦਾ ਚਾਅ ਤਾਂ ਦੋ ਘੰਟੇ ਚ ਮੁੱਕਣਾ ਸੁਰੂ ਹੋ ਗਿਆ।ਕਦੀ ਪ੍ਰਹੁਣਿਆ ਨੂੰ ਰੋਟੀ ਠੰਡੀ ਲੱਗੇ ਕਦੀ ਲੂਣ ਘੱਟ ਆਖਣ ਕਦੀ ਸਲਾਦ ਵਿਚ ਪਿਆਜ ਹੋਰ ਲਿਆਓ ।ਕਦੀ ਅਸੀ ਆਹ ਦਾਲ ਨਹੀਂ ਖਾਂਦੇ ਕਦੀ ਹੁਣ ਪਕੋੜਿਆਂ ਨੂੰ ਦਿਲ ਕਰਦਾ ।ਕਾਫੀ ਵੀ ਹੋ ਜਾਏ ਕੱਪ ਕੱਪ । ਗੱਲ ਕੀ ਜੀ ਸ਼ਾਮ ਪੈਦੇ ਪੈਦੇ ਭਾਬੋ ਦੇ ਤਾਂ ਬੰਬ ਬੋਲ ਗਏ ।ਸੱਤ ਜਣੇ ਉਹ ਤੇ ਬਾਕੀ ਛੇ ਸੱਤ ਅਪਣੇ ਪਰਿਵਾਰ ਦੇ । ਵੀਰ ਭਾਬੋ ਦੋਂਨੇਂ ਇੱਕ ਦੂਜੇ ਦੇ ਮੂੰਹ ਵੱਲ ਵੇਖਣ । ਪ੍ਰਾਹੁਣੇ ਏ ਸੀ ਲਾ ਕੇ ਅੰਦਰ ਜਾ ਵੜੇ ਗਰਮੀਂ ਦਾ ਬਹਾਨਾ ਲਾ ਕੇ ਨਾ ਕੋਈ ਬਾਹਰ ਨਿਕਲੇ ਨਾ ਕੋਈ ਗੱਲ ਹੋਵੇ । ਬਾਹਰ ਵਿਹੜੇ ਵਿੱਚ ਬੈਠੇ ਬੀਬੀ ਬਾਪੂ ਏ ਸੀ ਕਰਕੇ ਬਿਲ ਆਉਣ ਦਾ ਝੋਰਾ ਲਾਈ ਜਾਣ।
ਕਹਿ ਸਕਣ ਨਾ ਕੁਝ ।ਪੁੱਤ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਨ ਮੁੜ ਮੁੜ ਬੰਦ ਬੂਹੇ ਨੂੰ ਵੇਖਣ। ਬਾਹਰ ਆਵੇ ਕੋਈ ਗੱਲ ਬਾਤ ਕਰੇ।ਦੁੱਖ ਸੁੱਖ ਸਾਂਝਾ ਕਰੇ।
ਦੂਜੇ ਬੰਨੇ ਭਾਬੋ ਹੁਣ ਫਿਰ ਰਾਤ ਦੀ ਰੋਟੀ ਦੀ ਤਿਆਰੀ ਚ ਲਗ ਪਈ। ਦਾਲਾਂ ਸਬਜ਼ੀਆਂ ਨੂੰ ਤੜਕੇ ਲਗਾ ਲਗਾ ਭਾਬੋ ਦਾ ਬੁਰਾ ਹਾਲ ਗਰਮੀ ਦੇ ਦਿਨ ਕਦੀ ਕੋਈ ਪਾਣੀ ਮੰਗੇ ਕਦੀ ਠੰਡਾ । ਚਲੋ ਜੀ ਰੋਟੀ ਵੀ ਕਿਸੇ ਤਰ੍ਹਾਂ ਖਵਾ ਲੀ ,ਫਿਰ ਸੌਣ ਵੇਲੇ ਉਹਨਾਂ ਦੇ ਨਖਰੇ ਗੱਦਾ ਸਖਤ ਹੈ । ਸਿਰਹਾਣਾ ਜਿਆਦਾ ਮੋਟਾ ,ਚਾਦਰ ਲਾਇਟ ਕਲਰ ਦੀ ਵਿਛਾਓ ,ਉਪਰ ਲੈਣ ਨੂੰ ਖੇਸ ਨਹੀਂ ,ਇਹ ਕਿਹੜਾ ਜਮਾਨਾ ਹੁਣ ਭਾਈ ਜੈ ਪੁਰੀ ਰਜਾਈਆਂ ਨਹੀਂ ਰੱਖੀਆਂ ਤੁਸੀਂ ।ਕਰੋਕਰੀ ਚੈਜ ਕਰੋ ਇਹ ਪੁਰਾਣੇ ਜ਼ਮਾਨੇ ਦੀ ਹੈ।ਗੁੱਸਲਖਾਨੇ ਚ ਈਅਰ ਫਰੈਸ਼ਨਰ ਤਾਂ ਲਾਉਣਾ ਸੀ ।ਚਾਰ ਤੋਲੀਏ ਘੱਟ ਨੇ ਐਕਸਟਰਾ ਰੱਖੋ, ਹੋਰ ਦੇਵੋ ਤੇ ਸਵੇਰੇ ਨਵੇਂ ਦੇ ਦਿਓ । ਹੁਣ ਸਿੱਧੇ ਜੱਟ ਭਰਾ ਤੇ ਭਾਬੋ ਤਾਂ ਇੱਕ ਤੋਲੀਏ ਨਾਲ ਹੀ ਪੂੰਝ ਲੈਦੇ ਸੀ ਨਹਾ ਕੇ। ਹੁਣ ਘਰ ਤਾਂ ਦੋ ਚਾਰ ਤੋਲੀਏ ਤੋਂ ਜ਼ਿਆਦਾ ਹੈ ਨਹੀਂ ਸੀ ਜੋ ਪ੍ਰਹੁਣਿਆ ਲਈ ਰੱਖੇ ਸਨ।ਵਿਚਾਰੇ ਵੀਰ ਨੂੰ ਚੰਗਾ ਵਖ਼ਤ । ਓਸੇ ਵੇਲੇ ਬਜਾਰ ਗਿਆ ਤੇ ਅੱਧੀ ਰਾਤੀਂ ਅੱਧੀ ਦਰਜਨ ਤੋਲੀਏ ਹੋਰ ਲਿਆਂਦੇ। ਇਹ ਸਭ ਵਾਧੂ ਖਰਚ ਸਨ ,ਜੋ ਅਣਮੰਨੇ ਮਨ ਨਾਲ ਉਹ ਕਰ ਰਹੇ ਸਨ।ਫਿਰ ਡਰਾਈਵਰਾਂ ,ਹੈਲਪਰਾਂ ਦੇ ਲਈ ਬਿਸਤਰੇ ਮੰਜੇ ,ਡਾਹਡੇ ਦੁੱਖੀ ਦੋਨੋਂ। ਪੇਟੀਆਂ ਖੋਲ ਖੋਲ ਬਿਸਤਰੇ ਕੱਢਦੀ ਨੂੰ ਜਿਓਂ ਛਿੱਕਾਂ ਸ਼ੁਰੂ ਹੋਈਆਂ , ਜ਼ੁਕਾਮ ਨੇ ਜੋਰ ਫੜ ਲਿਆ।ਹੁਣ ਚਾਅ ਨਹੀ ਸੀ ਹੁਣ ਤੇ ਸਿਰ ਪਿਆ ਢੋਲ ਵਜਾਉਣਾ ਪੈਣਾ ਸੀ। ਭਾਬੋ ਰਸੋਈ ਚ ਤੇ ਵੀਰਾ ਸਰਵਿਸ ਕਰਦਾ ਫਿਰੇ ਕਦੀ ਕੁੱਝ ਫੜਾਏ ਕਦੀ ਕੁੱਝ ।
ਦੋਹਾਂ ਜੀਆਂ ਨੂੰ ਮੰਜੇ ਤੇ ਪਿਆ ਨੂੰ ਪਤਾ ਹੀ ਨਾ ਲੱਗਿਆ ਦਿਨ ਕਦੋਂ ਚੜ ਗਿਆ ।ਚਲੋ ਭਾਈ ਰਾਤ ਕੱਟੀ ਸਵੇਰੇ ਫਿਰ ਓਹੀ ਕੰਮ ਅਪਣੀਆਂ ਰੋਟੀਆਂ ਨਾਲੋ ਜਿਆਦਾ ਪ੍ਰਹੁਣਿਆ ਦੇ ਹੈਲਪਰਾਂ ਦੀਆਂ ਰੋਟੀਆਂ ਦਾ ਫ਼ਿਕਰ। ਉਹ ਆਏ ਹੋਏ ਪ੍ਰਾਹੁਣੇ ਤਾਂ ਪੂਰੇ ਆਨੰਦ ਚ ਤੇ ਭਾਬੋ ਵੀਰਾਂ ਫਿਕਰਾਂ ਚ ਜੇ ਇੱਕ ਦਿਨ ਹੋਰ ਰਹੇ ਤਾਂ ਕੀ ਬਣੂੰਗਾ । ਚਾਹ ਪਾਣੀ ਸ਼ਾਹ ਵੇਲਾ , ਕਰਦੀ ਕਰਦੀ ਦੁਪਹਿਰ ਚੜ ਆਈ ਫੇਰ ਉਹੀ ਕੰਮ ਦਾਲ ਸਬਜੀ ਦਹੀ ਚੌਲ ਸਲਾਦ ਪਾਪੜ ਖੀਰ , ਹੁਣ ਤਾਂ ਹਸੋ ਹਸੋ ਕਰਦੀ ਦੀ ਸਮਾਇਲ ਵੀ ਕਾਗਜੀ ਜਿਹੀ ਹੋ ਗਈ ਸੀ । ਨਾ ਘਰ ਦੀ ਸਫ਼ਾਈ ਹੋਈ ਨਾ ਕਪੜਾ ਲੀੜਾ ਸੰਭਾਲ ਹੋਇਆ , ਪ੍ਰਹੁਣਿਆਂ ਨੇ ਤਾਂ ਸਿਰ ਖੁਰਕਣ ਦਾ ਵੇਲ ਨਾ ਦਿੱਤਾ ।ਜਿਸ ਦਿਉਰ ਦੇ ਆਉਣ ਦਾ ਗੋਡੇ ਗੋਡੇ ਚਾਅ ਚਾਅ ਸੀ ਹੁਣ ਜਾਣ ਨੂੰ ਉਡੀਕੇ।
ਹੁਣ ਤਾਂ ਇਸ ਭਾਬੋ ਦੀ ਕੰਮ ਵਾਲੀ ਵੀ ਆਖੇ ਅਖੇ ਹਮਨੇ ਕਲ ਛੁੱਟੀ ਕਰਨੀ ਅੱਜ ਥੱਕ ਗੲੀ ਮੈਂ ਤਾਂ ਭਾਂਡੇ ਮਾਂਜਤੇ ਮਾਂਜਤੇ….. । ਭਾਬੋ ਨੂੰ ਉਸ ਦਾ ਵੱਖਰਾ ਝੋਰਾ ਖਾਈ ਜਾਵੇ।ਕੰਮ ਕਰ ਉਹ ਤਾਂ ਚਲੀ ਗਈ ਪਰ ਪ੍ਰਹੁਣੇ ਏਥੇ ਹੀ ਸਨ । ਸਾਮ ਢਲੀ ਨੂੰ ਤਿਆਰੀ ਸਿਰੇ ਚੜੀ ਪ੍ਰਹੁਣਿਆਂ ਦੀ।
ਅਫ਼ਸਰ ਭਾਈ ਨਾ ਨਹੀਂ ਕਰਦੇ ਕਿਸੇ ਚੀਜ਼ ਨੂੰ ਸੋ ਜਾਣ ਲੱਗਿਆ ਘਰ ਦੀਆਂ ਦਾਲਾ ਘਿਓ ਆਚਾਰ ਚੌਲ ਸਬਜ਼ੀਆਂ ਸਭ ਬੰਨ ਲਏ। ਫਿਰ ਬਣਦਾ ਸਰਦਾ ਪਿਆਰ ਵੀ ਦਿੱਤਾ , ਨਾਲ ਆਏ ਡਰਾਈਵਰ ਹੈਲਪਰਾ ਨੂੰ ਦੋ ਦੋ ਸੌਂ ਰੁਪਇਆ ਜਰੂਰ ਦੇਣਾ ਦਰਾਣੀ ਨੇ ਸਵੇਰੇ ਹੀ ਚਾਹ ਫੜਾਉਣ ਗੲੀ ਨੂੰ ਸੁਣਾ ਦਿੱਤਾ ਸੀ ।
ਉਹਨਾਂ ਮਸਾਂ ਤੋਰਿਆ ਤੇ ਕੰਨਾਂ ਨੂੰ ਹੱਥ ਲਾਏ। ਦੋਵੇਂ ਅੰਦਰ ਵੜੇ ਤਾਂ ਚੇਤਾ ਆਇਆ ਅਸੀਂ ਦੋਹਾਂ ਤਾਂ ਰੋਟੀ ਨਹੀਂ ਖਾਦੀ ਸਵੇਰ ਦੀ ।ਭਾਬੋ ਨੇ ਥਾਲ ਚ ਪਾਈ ਰੋਟੀ ਤੇ ਉੱਤੇ ਰੱਖਿਆ ਅਚਾਰ ਨਾਲ ਬਣਾਈ ਚਾਹ ਤੇ ਵੱਡੇ ਕੱਪ ਭਰ ਦੋਵੇਂ ਜੀਅ ਬਜ਼ੁਰਗਾਂ ਕੋਲ ਬਹਿ ਖਾਣ ਲੱਗੇ । ਬਜ਼ੁਰਗਾਂ ਨੇ ਵੀ ਸ਼ੁਕਰ ਮਨਾਇਆ ਬਈ ਸਾਡੇ ਲਾਗੇ ਬੈਠੇ ਨੇ ਦੋਵੇਂ ਕਲ ਦੇ ਉਹ ਵੀ ਰੁਲੇ ਹੋਏ ਸਨ ਪੁੱਛ ਪੜਤਾਲ ਨਹੀਂ ਹੋ ਰਹੀ ਸੀ ਉਹਨਾਂ ਦੀ।ਵੀਰ ਭਾਬੋ ਨੂੰ ਚੇਤਾ ਆਇਆ ਮਾਲ ਡੰਗਰ ਨੂੰ ਤਾਂ ਸਵੇਰ ਦਾ ਪਾਣੀ ਨਹੀ ਡਾਹਿਆ ਪੱਠੇ ਪਾਉਣ ਦਾ ਟੈਮ ਹੋ ਗਿਆ ਨੌਕਰ ਵੀ ਰੁੱਸ ਗਿਆ ਸੀ ਰਾਤ ਦਾ ਬਈ ਰੋਟੀ ਲੇਟ ਹੋ ਗਈ ਸੀ ਉਹ ਅੱਜ ਘਰੋਂ ਹੀ ਨਹੀਂ ਸੀ ਆਇਆ ਸਵੇਰੇ ਦਾ।ਵੀਰ ਨੇ ਫੜਿਆ ਮੋਟਰਸਾਈਕਲ ਤੇ ਸ਼ੀਰੀਂ ਨੂੰ ਮਨਾਉਣ ਤੁਰ ਪਿਆ ਤੇ ਭਾਬੋ ਢੇਰ ਭਾਂਡਿਆਂ ਦਾ ਮਾਂਝੀ ਜਾਵੇ ਤੇ ਬੁੜ ਬੁੜ ਕਰੀ ਜਾਵੇ । ਮੈਨੂੰ ਘਰ ਗਈ ਨੂੰ ਸੁਣਾਵੇ ਅਪਣੀ ਵਿਥਿਆ ਮੈਂ ਸੁਣ ਹੱਸਾ ਉਹ ਰੋਂਵੇ।
ਫਿਰ ਕਦੀ ਜਦੋਂ ਉਹਨਾਂ ਆਉਣਾ ਹੁੰਦਾ ਵੀਰ ਭਾਬੋ ਬਹਾਨਾ ਬਣਾ ਲੈਂਦੇ। ਵੀਰ ਆਖਦਾ ਚੰਗਾ ਤਾਂ ਲੱਗਣਾ ਸੀ ਤੁਸੀਂ ਆਉਂਦੇ ਪਰ ਭਾਬੋ ਤੇਰੀ ਨੇ ਆਨੰਦਪੁਰ ਸਾਹਿਬ ਜਾਣਾ ਮੱਥਾ ਟੇਕਣ ਇਸ ਵਾਰ ,ਕਦੀ ਦਵਾਈ ਲੈਣ ਜਾਣਾ ਪਾਪਾ ਜੀ ਦੀ । ਹੁਣ ਇਸ ਤਰ੍ਹਾਂ ਦੇ ਪ੍ਰਹੁਣਿਆ ਤੋਂ ਤਾਂ ਸਾਰੇ ਤੋਬਾ ਤੋਬਾ ਹੀ ਕਰਨਗੇ। ਬਹਾਨੇ ਹੀ ਬਣਾਉਣਗੇ ।
Naturedeep kahlon
499
previous post