ਸਾਡੇ ਸਕੂਲ ਵਿੱਚ ਨਵੀਂ ਕੰਪਿਊਟਰ ਅਧਿਆਪਕ ਦੀ ਨਿਯੁਕਤੀ ਹੋਈ ।ਕੋਈ ਸਤਾਈ ਕੁ ਸਾਲ ਦੀ ਉਮਰ ਹੋਵੇਗੀ । ਸਾਦੇ ਜਿਹੇ ਪਹਿਰਾਵੇ ਵਿੱਚ ਬੱਚਿਆਂ ਵਿੱਚ ਰਲ਼ੀ ਹੋਈ ਲਗਦੀ । ਬਹੁਤ ਮਿਹਨਤੀ ਅਤੇ ਹੁਸ਼ਿਆਰ ਸੀ ਉਹ ਕੁੜੀ । ਜਦੋਂ ਦੇਖੋ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੀ ਹੁੰਦੀ । ਜ਼ਿਆਦਾ ਗੱਲਾਂ ਨਹੀਂ ਕਰਦੀ ਸੀ । ਬੱਸ ਹਮੇਸ਼ਾ ਆਪਣੇ ਆਪ ਵਿੱਚ ਮਸਤ ਰਹਿੰਦੀ । ਇੱਕ ਦਿਨ ਉਸਦੇ ਕੋਲ਼ ਬੈਠਿਆਂ ਸਹਿਜ ਸੁਭਾਅ ਪੁੱਛ ਲਿਆ ” ਮਨਵੀਰ ! ਤੈਨੂੰ ਐਨੀ ਜਾਣਕਾਰੀ ਕਿਵੇਂ ਹਰ ਵਿਸ਼ੇ ਬਾਰੇ ? ਇੰਝ ਲਗਦਾ ਜਿਵੇਂ ਤੂੰ ਗਿਆਨ ਦਾ ਸਮੁੰਦਰ ਹੋਵੇਂ । ” ਉਹ ਬੋਲੀ, ” ਅੱਛਾ! ਅੱਜ ਆਪਣੀ ਕਹਾਣੀ ਸੁਣਾਉਂਦੀ ਹਾਂ ਤੁਹਾਨੂੰ ।” ਸਾਨੂੰ ਵੀ ਉਤਸੁਕਤਾ ਹੋ ਗਈ ਸੀ ,ਉਸ ਬਾਰੇ ਜਾਨਣ ਦੀ । ਅਸੀਂ ਸਾਰਿਆਂ ਨੇ ਹਾਂ ਵਿੱਚ ਸਿਰ ਹਿਲਾਏ । ਉਸਨੇ ਆਪਣੀ ਗੱਲ ਸ਼ੁਰੂ ਕੀਤੀ , ” ਸਾਡੇ ਪਰਿਵਾਰ ਵਿੱਚ ਅਸੀਂ ਤਿੰਨ ਜੀਅ ਸੀ ।ਮੈਂ, ਮੇਰਾ ਵੱਡਾ ਭਰਾ ਅਤੇ ਮੇਰੇ ਪਾਪਾ । ਅਸੀਂ ਵੀਰ ਦਾ ਵਿਆਹ ਬੜੇ ਚਾਵਾਂ ਨਾਲ਼ ਕੀਤਾ । ਜ਼ਿੰਦਗੀ ਵਧੀਆ ਲੰਘ ਰਹੀ ਸੀ । ਮੇਰਾ ਭਤੀਜਾ ਵੀ ਦੋ ਸਾਲ ਦਾ ਹੋ ਗਿਆ । ਅਚਾਨਕ ਇੱਕ ਦਿਨ ਮੇਰੀ ਭਰਜਾਈ ਅਤੇ ਭਰਾ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ । ਘਰ ਵਿੱਚ ਮੈਂ, ਛੋਟਾ ਜਿਹਾ ਭਤੀਜਾ ਤੇ ਬਿਮਾਰ ਬਾਪ ਰਹਿ ਗਏ ।”
“ਇਹ ਤਾਂ ਬਹੁਤ ਬੁਰਾ ਹੋਇਆ ।” ਸਾਡੇ ਵਿੱਚੋਂ ਇੱਕ ਬੋਲੀ । ਮਨਵੀਰ ਵੀ ਉਦਾਸ ਹੋ ਕੇ ਬੋਲੀ ,” ਮੈਨੂੰ ਤਾਂ ਲੱਗਿਆ ਕਿ ਦੁਨੀਆਂ ਖ਼ਤਮ ਹੋ ਗਈ । ਆਤਮਹੱਤਿਆ ਕਰਨ ਦਾ ਵੀ ਸੋਚ ਲਿਆ ਸੀ ਇੱਕ ਵਾਰ ਤਾਂ । ਫ਼ੇਰ ਸੋਚਿਆ ਕਿ ਹੁਣ ਤਾਂ ਪਾਪਾ ਤੇ ਭਤੀਜੇ ਦੀ ਜ਼ਿੰਮੇਵਾਰੀ ਵੀ ਮੇਰੇ ਤੇ ਹੈ । ਘਰ ਦਾ ਗੁਜ਼ਾਰਾ ਵੀ ਚਲਾਉਣਾ ਸੀ ।ਇੱਕ ਪਾਰਟ ਟਾਈਮ ਨੌਕਰੀ ਦੇ ਨਾਲ਼ ਨਾਲ਼ ਕੰਪਿਊਟਰ ਕੋਰਸ ਵਿੱਚ ਦਾਖ਼ਲਾ ਲੈ ਲਿਆ । ਉਸ ਤੋਂ ਬਾਅਦ ਮੇਰੀ ਜ਼ਿੰਦਗੀ ਸਿੱਧੀ ਤੋਰੇ ਤੁਰ ਪਈ । ਉਦਾਸੀ ‘ਚੋਂ ਨਿਕਲਣ ਲਈ ਪੜ੍ਹਾਈ ਦਾ ਸਹਾਰਾ ਲਿਆ । ਜਿੰਨੀ ਉਦਾਸੀ ਵਧਦੀ ਸੀ ,ਓਨਾ ਪੜ੍ਹੀ ਜਾਂਦੀ ਤੇ ਮੇਰੇ ਦੁੱਖ ਨੇ ਮੈਨੂੰ ਗਿਆਨ ਦਾ ਭੰਡਾਰ ਬਣਾ ਦਿੱਤਾ । ” ” ਮਨਵੀਰ ਤੇਰੀ ਕਹਾਣੀ ਹੈ ਤਾਂ ਦੁਖਦਾਇਕ ਪਰ ਇਹ ਪ੍ਰੇਰਣਾ ਸ੍ਰੋਤ ਹੈ । ਅਕਸਰ ਦੇਖਿਆ ਕਿ ਲੋਕ ਦੁੱਖ ਨਾਲ਼ ਟੁੱਟ ਜਾਂਦੇ ਨੇ ਪਰ ਤੂੰ ਤਾਂ ਦੁੱਖ ਨੂੰ ਪੌੜੀ ਬਣਾ ਲਿਆ, ਨਵੀਆਂ ਉਚਾਈਆਂ ਛੂਹਣ ਲਈ । ਰੱਬ ਤੈਨੂੰ ਹਿੰਮਤ ਨਾਲ਼ ਭਰੀ ਰੱਖੇ !” ਮੇਰੀ ਸਹੇਲੀ ਨੇ ਕਿਹਾ । ਇਸ ਘਟਨਾ ਤੋਂ ਬਾਅਦ ਸਾਡਾ ਸਾਥ ਕੁਝ ਮਹੀਨੇ ਰਿਹਾ । ਫ਼ੇਰ ਸ਼ਾਇਦ ਉਸ ਨੂੰ ਹੋਰ ਕਿਤੇ ਨੌਕਰੀ ਮਿਲ ਗਈ । ਪਰ ਇਹ ਯਾਦ ਹਮੇਸ਼ਾ ਮਨ ਵਿੱਚ ਰਹੀ ਅਤੇ ਕਈ ਮੁਸ਼ਕਿਲ ਘੜੀਆਂ ਵਿੱਚ ਹੌਂਸਲਾ ਮਿਲਿਆ।(ਇਹ ਸੱਚੀ ਕਹਾਣੀ ਜੋ ਥੋੜ੍ਹੇ ਬਦਲਾਅ ਨਾਲ਼ ਪੇਸ਼ ਕੀਤੀ ਗਈ ਹੈ।)
ਰਮਨਦੀਪ ਕੌਰ ਵਿਰਕ
Ramandeep Kaur Virk