ਨੰਬਰ

by admin

ਨੰਬਰ
ਸਕੂਲ ਵਿੱਚ ਗਹਿਮਾ ਗਹਿਮੀ ਦਾ ਮਾਹੋਲ ਸੀ। ਦਾਨੀ ਸੱਜਣ ਪ੍ਰਿੰਸੀਪਲ ਦੇ ਦਫਤਰ ਵਿਚ ਬੈਠੇ ਚਾਹ ਦੀਆ ਚੁਸਕੀਆ ਲੈ ਰਹੇ ਸੀ। ਅ੍ਰੰਮਿਤਾ ਮੈਡਮ ਹੱਥ ਵਿਚ ਪਰਚੀ ਫੜੀ ‘ਲੋੜਵੰਦ’ ਵਿਦਿਆਰਥੀਆਂ ਨੂੰ ਬੈਠਾ ਰਹੇ ਸੀ। ਗਰੁੱਪ ਫੋਟੋ ਦੀ ਰਸਮ ਦਾਨੀ ਸੱਜਣ ਨਾਲ ਹੋਣੀ ਸੀ।ਉਹ ਖੁਦ ਇਸ ਗੱਲ ਦੇ ਸਖਤ ਖਿਲਾਫ ਸੀ ਕਿ ਕਿਸੇ ਲੋੜਵੰਦ ਦੀ ਸਹਾਇਤਾ ਲੈਂਦੇ ਦੀ ਤਸਵੀਰ ਅਖਬਾਰ ਵਿਚ ਛਪੇ। ਉਹ ਇਸ ਨੂੰ ਚੰਗੀ ਗੱਲ ਨਹੀਂ ਸਮਝਦੀ ਸੀ।ਇਸ ਪਿੱਛੇ ਸੋਹਰਤ ਖੱਟਣ ਦੀ ਮਨਸਾ ਨੂੰ ਉਸ ਨੇ ਕਦੇ ਪਸੰਦ ਨਹੀਂ ਕੀਤਾ ਸੀ। ਪਰ ਇੱਥੇ ਤਾ ਪ੍ਰਿੰਸੀਪਲ ਖੁਦ ਅਖਬਾਰ ਵਿੱਚ ਫੋਟੋ ਦੇਖਣ ਦਾ ਸੌਕੀਨ ਸੀ।ਸੋ ਉਹ ਮਨ ਮਾਰ ਕੇ ਨਿਆਣਿਆ ਨੂੰ ਬੈਠਾ ਰਹੀ ਸੀ।

ਦਾਨੀ ਸੱਜਣ ਦੇ ਨਾਲ ਆਏ ਵਰਕਰ ਨੇ ਸਾਇਜ ਅਨੁਸਾਰ ਬੂਟ ਅਤੇ ਕੋਟੀਆਂ ਦੇ ਡੱਬੇ ਬੱਚਿਆਂ ਨੂੰ ਫੜਾ ਰਿਹਾ ਸੀ।ਪਰ ਛੇਵੀ ਕਲਾਸ ਵਾਲੀ ਸੋਨੀਆ ਉਸ ਕੋਲੋਂ ਡੱਬਾ ਨਹੀਂ ਫੜ ਰਹੀ ਸੀ। ਵਰਕਰ ਨੇ ਇਸ ਦੀ ਸ਼ਿਕਾਇਤ ਅੰਮ੍ਰਿਤਾ ਕੋਲ ਕੀਤੀ।ਉਹ ਸੋਨੀਆਂ ਦੇ ਵਤੀਰੇ ਤੋਂ ਹੈਰਾਨ ਸੀ ਕਿਉਂਕਿ ਉਹ ਕਲਾਸ ਵਿਚ ਸਭ ਤੋਂ ਹੋਸ਼ਿਆਰ ਤੇ ਆਗਿਆਕਾਰੀ ਹੋਣ ਕਰਕੇ ਸਾਰੇ ਅਧਿਆਪਕਾ ਦੀ ਚਹੇਤੀ ਸੀ।ਉਸਨੇ ਨਰਮੀ ਨਾਲ ਕਾਰਣ ਪੁੱਛਿਆ, “ਸੋਨੀਆ ਕੀ ਗੱਲ ਹੈ ਪੁੱਤਰ?”ਸੋਨੀਆ ਨੇ ਜਵਾਬ ਦਿਤਾ,” ਮੈਨੂੰ ਛੋਟੇ ਬੂਟ ਚਾਹੀਦੇ ਹਨ ਮੈਡਮ ਜੀ ।” ਬੂਟ ਵੰਡਣ ਵਾਲਾ ਵਰਕਰ ਵਿੱਚ ਹੀ ਬੋਲ ਪਿਆ, “ਮੈਡਮ ਜੀ ਇਹ ਨੰਬਰ ਇਸ ਨੂੰ ਪੂਰਾ ਆਉਦਾ ਹੈ, ਪਰ ਇਹ ਦੋ ਨੰਬਰ ਛੋਟੇ ਬੂਟ ਮੰਗੀ ਜਾਂਦੀ ਹੈ।” ਅ੍ਰੰਮਿਤਾ ਹੈਰਾਨ ਹੋ ਗਈ ਤੇ ਬੋਲੀ, “ਪੁੱਤਰ ਸਹੀ ਨੰਬਰ ਲੈ ਛੋਟੇ ਤੇਰੇ ਕਿਸੇ ਕੰਮ ਨਹੀ ਆਉਣੇ।” ਸੋਨੀਆ ਦੀਆਂ ਅੱਖਾਂ ਵਿਚ ਮੋਟੇ-ਮੋਟੇ ਅਥਰੂ ਆ ਗਏ।” ਮੈਡਮ ਜੀ ਭਾਪਾ ਬਿਮਾਰ ਹੈ,ਮੇਰੇ ਕੋਲ ਤਾਂ ਸੈਡਲ ਹੈਗੇ ਪਰ ਛੋਟੇ ਵੀਰੇ ਕੋਲ ਨਾ ਚੱਪਲਾ ਹਨ ਤੇ ਨਾ ਬੂਟ,ਹਾੜੇ-ਹਾੜੇ ਮੈਨੂੰ ਛੋਟੇ ਬੂਟ ਦਿਵਾ ਦਿਉ।” ਉਸਦੀ ਗੱਲ ਸੁਣਕੇ ਅ੍ਰੰਮਿਤਾ ਦੇ ਬੋਲ ਗਲ ਵਿਚ ਫਸ ਗਏ ਤੇ ਵਰਕਰ ਨੇ ਛੋਟੇ ਬੂਟਾ ਦਾ ਡੱਬਾ ਆਪਣੇ ਆਪ ਉਸ ਵਲ ਵਧਾ ਦਿੱਤਾ।
ਭੁਪਿੰਦਰ ਸਿੰਘ ਮਾਨ

You may also like