ਪੁਰਾਣੇ ਸਮੇਂ ਦੀ ਗੱਲ ਹੈ । ਇੱਕ ਗਿੱਦੜ ਘੁੰਮਦਾ ਹੋਇਆ ਸ਼ਹਿਰ ਵਿੱਚ ਆ ਵੜਿਆ। ਉੱਥੇ ਉਸ ਨੂੰ ਘੁੰਮਦੇ ਨੂੰ ਦੇਖ ਕੇ ਸ਼ਹਿਰ ਦੇ ਕੁੱਤੇ ਭੌਂਕਣ ਲੱਗੇ ਅਤੇ ਉਸ ਦੇ ਮਗਰ ਦੌੜ ਪਏ। ਦੌੜਦਾ ਹੋਇਆ ਗਿੱਦੜ ਲਲਾਰੀ ਦੇ ਰੰਗ ਵਾਲੇ ਮੱਟ ਵਿੱਚ ਡਿੱਗ ਪਿਆ। ਜਦੋਂ ਗਿੱਦੜ ਮੱਟ ਵਿੱਚੋਂ ਬਾਹਰ ਨਿਕਲਿਆ ਤਾਂ ਉਸ ਦਾ ਸਰੀਰ ਰੰਗ ਚੜ੍ਹਨ ਨਾਲ ਨੀਲਾ ਹੋ ਗਿਆ ਸੀ।
ਉਹ ਦੌੜਦਾ-ਦੌੜਦਾ ਜੰਗਲ ਵਿੱਚ ਚਲਾ ਗਿਆ। ਜੰਗਲ ਵਿੱਚ ਪਹੁੰਚ ਕੇ ਗਿੱਦੜ ਨੇ ਜੰਗਲ ਦੇ ਜੀਵ-ਜੰਤੂਆਂ ਅਤੇ ਪੰਛੀਆਂ ਦਾ ਇਕੱਠ ਸੱਦਿਆ। ਜੰਗਲ ਦੇ ਵਾਸੀਆਂ ਨੂੰ ਸੰਬੋਧਨ ਹੁੰਦਾ ਉਹ ਆਖਣ ਲੱਗਾ, ‘‘ਜੰਗਲ ਵਾਸੀਓ, ਮੈਂ ਰੱਬੀ ਫਰਿਸ਼ਤਾ ਹਾਂ, ਮੈਨੂੰ ਰੱਬ ਨੇ ਤੁਹਾਡੀ ਸੇਵਾ ਲਈ ਭੇਜਿਆ ਹੈ। ਇਸ ਲਈ ਅੱਜ ਤੋਂ ਮੈਂ ਤੁਹਾਡਾ ਰਾਜਾ ਹੋਵਾਂਗਾ।’’ ਜੰਗਲ ਦੇ ਸਭ ਵਾਸੀਆਂ ਨੇ ਉਸ ਨੂੰ ਆਪਣਾ ਰਾਜਾ ਮੰਨ ਲਿਆ ਸੀ।
ਦਿਨ ਲੰਘਦੇ ਗਏ, ਗਿੱਦੜ ਝੂਠ ਬੋਲ ਕੇ ਜੰਗਲ ਦਾ ਰਾਜਾ ਬਣ ਗਿਆ ਸੀ। ਇਸ ਤਰ੍ਹਾਂ ਝੂਠ ਅਤੇ ਚਲਾਕੀ ਨਾਲ ਉਹ ਆਪਣਾ ਰਾਜ-ਪ੍ਰਬੰਧ ਚਲਾਉਣ ਲੱਗਾ। ਇੱਕ ਦਿਨ ਉਹ ਆਪਣੇ ਅੰਗ-ਰੱਖਿਅਕਾਂ ਅਤੇ ਸਲਾਹਕਾਰਾਂ ਨਾਲ ਕਿਧਰੇ ਜਾ ਰਿਹਾ ਸੀ ਕਿ ਉਸ ਦੇ ਕੰਨੀਂ ਗਿੱਦੜਾਂ ਦੇ ਹੁਆਂਕਣ ਦੀ ਆਵਾਜ਼ ਪਈ। ਉਸ ਤੋਂ ਰਿਹਾ ਨਾ ਗਿਆ, ਉਹ ਵੀ ਉਨ੍ਹਾਂ ਦੀ ਰੀਸੇ ਉੱਚੀ-ਉੱਚੀ ਹੁਆਂਕਣ ਲੱਗ ਪਿਆ। ਅੰਗ ਰੱਖਿਅਕਾਂ ਜਿਨ੍ਹਾਂ ਵਿੱਚ ਚੀਤਾ ਅਤੇ ਬਘਿਆੜ ਵੀ ਸੀ, ਨੂੰ ਗਿੱਦੜ ਦੇ ਝੂਠ ਅਤੇ ਚਲਾਕੀ ’ਤੇ ਬਹੁਤ ਗੁੱਸਾ ਆ ਗਿਆ ਕਿ ਕਿਸ ਤਰ੍ਹਾਂ ਉਹ ਝੂਠ ਬੋਲ ਕੇ ਉਨ੍ਹਾਂ ਦਾ ਰਾਜਾ ਬਣ ਗਿਆ ਸੀ। ਉਨ੍ਹਾਂ ਨੇ ਝਪਟ ਕੇ ਗਿੱਦੜ ਨੂੰ ਮਾਰ ਦਿੱਤਾ।
ਬੱਚਿਓ, ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਤੇ ਸਦਾ ਸੱਚ ਬੋਲਣਾ ਚਾਹੀਦਾ ਹੈ।