“ਹੁਣ ਕੁਛ ਨੀ ਹੋ ਸਕਦਾ ,ਮੇਰਾ ਵਿਆਹ ਪੱਕਾ ਹੋ ਚੁਕਾ ਆ “ਏਨਾ ਕਹਿ ਉਸ ਨੇ ਹਰਜੀਤ ਤੋਂ ਵਿਦਾ ਲਈ ਤੇ ਆਪਣੀ ਰਹੇ ਤੁੱਰ ਗਈ …ਹਰਜੀਤ ਉਸ ਨੂੰ ਦੇਖਦਾ ਰਿਹਾ ਜਾਂਦੀ ਨੂੰ ਤੇ ਕਿੰਨਾ ਚਿਰ ਸੁਨ ਜੇਹਾ ਖੜਾ ਰਿਹਾ …ਜਿੰਦਗੀ ਇਕ ਦਮ ਪਲਟਾ ਖਾ ਗਈ ਸੀ ….ਅੱਜ ਉਹ ਕੁੜੀ ,ਜਿਸ ਨਾਲ ਜਿੰਦਗੀ ਬਿਤਾਉਣ ਦਾ ਸੁਪਨਾ ਦੇਖਿਆ ਸੀ ,ਓਪਰੀ ਜਿਹੀ ਬਣ ਬਹੁਤ ਦੁਰ ਚਲੇ ਗਈ ਸੀ ਤੇ ਟੁੱਟ ਗਿਆ ਸੀ ਉਸ ਦਾ ਹਰ ਸੁਪਨਾ ….
ਜੀਣ ਨੂੰ ਦਿਲ ਨੀ ਸੀ ਕਰ ਰਿਹਾ ਹਰਜੀਤ ਦਾ …ਦੋ ਦਿਨ ਤੋਂ ਆਪਣੇ ਆਪ ਨੂੰ ਕਮਰੇ ਚ ਬੰਦ ਕੀਤਾ ਹੋਇਆ ਸੀ ..ਨਾ ਰੋਟੀ, ਨਾ ਪਾਣੀ ਪਾਗਲ ਵਾਲੀ ਹਾਲਤ ਬਣ ਚੁੱਕੀ ਸੀ …ਆਖਰ ਜਿੰਦਗੀ ਨੇ ਮੌਤ ਹੱਥੋਂ ਹਾਰਨ ਦਾ ਫੈਸਲਾ ਕਰ ਲਿਆ ਤੇ ਇਕ ਸ਼ੀਸ਼ੀ ਜਹਿਰ ਦੀ ਕਿਤਿਓਂ ਲੱਭ ਲਿਆਂਦੀ ….
ਜਲਦੀ ਪੀ ਕੇ ਜੰਜਾਲ ਤੋਂ ਛੁਟਕਾਰਾ ਪਾਉਣ ਦੀ ਸੋਚੀ ….ਅਚਾਨਕ ਦਿਲ ਚ ਖਿਆਲ ਆਇਆ ਕਿ ਤੁੱਰ ਜਾਣ ਤੋਂ ਪਹਿਲਾ ਟੱਬਰ ਨੂੰ ਆਖਰੀ ਵਾਰ ਦੇਖ ਲਵਾ …ਆਪਣੇ ਕਮਰੇ ਦਾ ਦਰਵਾਜਾ ਖੋਲ ਬਾਹਰ ਆਇਆ ਤੇ ਰਾਤ ਦੇ ਇਕ ਵੱਜ ਚੁੱਕੇ ਸੀ ਤੇ ਬਾਹਰਲੇ ਵਰਾਂਡੇ ਚ ਸਾਰੇ ਸੁੱਤੇ ਪਏ ਸੀ ….
ਕੁਛ ਕਦਮ ਚਲ, ਬਰਾਂਡੇ ਦੀ ਬੱਤੀ ਜਗਾ ਸੁੱਤੀ ਪਈ ਮਾਂ ਵਲ ਦੇਖਿਆ ਤਾ ਮਾਂ ਦਾ ਝੁਰੜੀਆਂ ਭਰਿਆ ਚੇਹਰਾ ਨਜਰੀ ਪਿਆ …ਮਾਂ ਦੇ ਹੱਥਾਂ ਤੇ ਪਏ ਰੱਟਣ ਗੌਰ ਨਾਲ ਦੇਖਦੇ ਹੋਏ ਯਾਦ ਆਇਆ ਕਿ ਕਿੱਦਾਂ ਉਸ ਦੀ ਹਰ ਖਵਾਇਸ਼ ਪੂਰੀ ਕਰਨ ਲਈ ਮਾਂ ਦਿਨ ਰੱਾਤ ਇਕ ਕਰ ਦਿੰਦੀ ਸੀ ਤੇ ਕਿਨੀ ਵਾਰ ਕੀਤੀਆਂ ਗਲਤੀਆਂ ਕਰਕੇ ਸਖਤ ਸੁਭਾ ਦੇ ਬਾਪੂ ਤੋਂ ਪੈਣ ਵਾਲੇ ਛਿੱਤਰ ਤੋਂ ਬਚਾਅ ਲੈਂਦੀ ਸੀ …
ਉਸ ਤੋਂ ਅਗੇ ਛੋਟੀ ਭੈਣ ਵਲ ਦੇਖਿਆ ਤੇ ਪਹਿਲੀ ਵਾਰ , ਸਿਰ ਤੇ ਕਬੀਲਦਾਰੀ ਪਈ ਮਹਿਸੂਸ ਹੋਈ ….ਕਿੰਨਾ ਸਾਲ ਤੋਂ ਰੱਖੜੀ ਬਨਾ ਰਿਹਾ ਸੀ ਪਰ ਕਦੇ ਉਸਦਾ ਅਰਥ ਨੀ ਸਮਝਿਆ ਅਲੜਪੁਣੇ ਚ ….ਇਕ ਸੋਚ ਨੇ ਦਿਲ ਚ ਘਰ ਕਰ ਲਿਆ ਕਿ ਉਸ ਮਗਰੋਂ ਬਾਪੂ ਕੱਲਾ ਕਿਵੇਂ ਤੋਰੇਗਾ ਉਸਦੀ ਭੈਣ ਨੂੰ ,ਜਿਹੜੀ ਵੀਰ ਦੀ ਸਲਾਮਤੀ ਦੀਆ ਰੋਜ ਦੁਆਵਾਂ ਕਰਦੀ ਆ ….
ਦਿਲ ਨੂੰ ਕਰੜਾ ਕਰ ਆਖਰੀ ਮੰਜੇ ਤੇ ਪਿਆ ਬਾਪੂ ਨਜਰੀ ਆਇਆ …..ਜਿਸ ਦੇ ਪੈਰਾਂ ਦੀਆ ਫੱਟੀਆਂ ਬਿਆਈਆਂ ਉਸ ਦੀ ਸਖਤ ਘਾਲਣਾ ਤੇ ਮੇਹਨਤ ਨੂੰ ਬਯਾਂ ਕਰ ਰਹੀਆਂ ਸਨ ,ਜੋ ਉਸ ਨੇ ਆਪਣੀ ਔਲਾਦ ਨੂੰ ਪਾਲਣ ਲਈ ਕੀਤੀ ਸੀ…ਓਦਾਂ ਭਾਵੇ ਸਖਤ ਸੁਭਾਦਾ ਸੀ ਪਰ ਕਦੇ ਵੀ ਕੋਈ ਕਮੀ ਨੀ ਸੀ ਰਹਿਣ ਦਿਤੀ …ਆਪਣੀ ਔਕਾਤ ਤੋਂ ਵੱਧ ਕੇ ਸਭ ਕੁਝ ਦਿਤਾ ਸੀ ਉਸ ਨੂੰ …
ਹਰਜੀਤ ਕੁਛ ਪਾਲ ਬਾਪੂ ਦੇ ਪੈਰਾਂ ਵਲ ਬੈਠਾ ਰਿਹਾ ਪਰ ਉਸ ਦਾ ਮੂੰਹ ਦੇਖਣ ਦੀ ਹਿੰਮਤ ਨੀ ਪਈ ….ਭਰੇ ਮਨ ਨਾਲ ਉੱਠ ਕੇ ਮੁੜਿਅਾ ਤਾ ਜਿਵੇ ਸੁੱਤੇ ਪਏ ਬਾਪੂ ਨੇ ਅਵਾਜ ਮਾਰੀ ਹੁੰਦੀ “ਕਿ ਗੱਲ ਪੁੱਤ???ਕੁਛ ਚਾਹੀਦਾ ਤਾ ਮੈਨੂੰ ਦਸ ,ਤੇਰਾ ਪਿਓ ਜਿਓੰਦਾ ਹਾਲੇ ,ਤੂੰ ਫਿਕਰ ਨਾ ਕਰ ਕਾਸੇ ਦਾ ਵੀ”
ਅਚਾਨਕ ਉਸ ਦੀਆ ਅੱਖਾਂ ਚ ਪਾਣੀ ਆ ਗਿਆ ..ਆਹ ਕਿ ਕਰਨ ਜਾ ਰਿਹਾ ਸੀ ਉਹ ???ਨਹੀਂ ਨਹੀਂ ,ਹੁਣ ਪਿੱਛੇ ਨੀ ਹੱਟਣਾ …ਕਮਰੇ ਚ ਆ ਕੇ ਫਟਾਫਟ ਜਹਿਰ ਦੀ ਸ਼ੀਸ਼ੀ ਦਾ ਢਕਣ ਖੋਲਿਆ ਪਰ ਮੂੰਹ ਨੂੰ ਸ਼ੀਸ਼ੀ ਲਾਉਣ ਦੀ ਹਿੰਮਤ ਨਾ ਪਈ …ਇਕ ਦਮ ਬੇਬੇ ਬਾਪੂ ਦਾ ਚੇਹਰਾ ਤੇ ਭੈਣ ਦੀ ਰੱਖੜੀ ਅੱਖਾਂ ਅੱਗੇ ਘੁੰਮ ਗਈ ….ਘੁੰਮਣਘੇਰੀ ਚ ਫੱਸੇ ਨੇ ਇਕ ਦਮ ਵਗਾ ਕੇ ਸ਼ੀਸ਼ੀ ਜ਼ੋਰ ਨਾਲ ਥਲੇ ਮਾਰੀ ਤੇ ਰੱਜ ਕੇ ਰੋਇਆ ….
ਸਵੇਰੇ ਦਰਵਾਜੇ ਤੇ ਹੁੰਦੇ ਖੜਕੇ ਨਾਲ ਉਸ ਦੀ ਅੱਖ ਖੁਲ ਗਈ ਤੇ ਤਾਕੀ ਰਾਹੀ ਅੰਦਰ ਝਾਕਦਿਆਂ ਚਾਨਣ ਰਿਸ਼ਮਾਂ ਜਿਵੇ ਮੁਸਕੁਰਾ ਕੇ ਸੱਜਰੀ ਸਵੇਰ ਵਿਚ ਉਸ ਦਾ ਸਵਾਗਤ ਕਰ ਰਹੀਆਂ ਸਨ ….ਫਰਸ਼ ਤੇ ਸੁੱਤੇ ਪਏ ਨੇ ਉੱਠ ਦਰਵਾਜਾ ਖੋਲ ਦਿੱਤਾ ਤੇ ਬੇਬੇ ਨੂੰ ਵਧੀਆ ਜਿਹੀ ਗੁੜ ਵਾਲੀ ਚਾਹ ਬਣਾਉਣ ਲੲੀ ਕਹਿ ਆਪਣੇ ਆਪ ਨੂੰ ਹੌਲ਼ਾ ਫੁਲ ਮਹਿਸੂਸ ਕਰਦੇ ਹੋਏ ਨਵੀ ਜਿੰਦਗੀ ਵਲ ਕਦਮ ਵਧਾਉਣ ਦੀ ਤਿਆਰੀ ਸ਼ੁਰੂ ਕਰ ਦਿਤੀ …