ਮੁਹਾਰਤ ਹਾਸਿਲ ਕਰਨ ਦਾ ਮੁੱਲ

by admin

ਪੂਰਾਣੀ ਕਥਾ ਏ..

ਇਕ ਵਾਰ ਇੱਕ ਕੰਪਨੀ ਵਿਚ ਜਰੂਰੀ ਮਸ਼ੀਨ ਖਰਾਬ ਹੋ ਗਈ..

ਸਾਰੇ ਇੰਜੀਨਿਅਰ ਜ਼ੋਰ ਲਾ-ਲਾ ਕਮਲੇ ਹੋ ਗਏ ਕਿਸੇ ਤੋਂ ਠੀਕ ਨਾ ਹੋਈ..ਅਖੀਰ ਇੱਕ ਪੂਰਾਣੇ ਕਾਰੀਗਰ ਦੀ ਦੱਸ ਪਈ..

ਉਹ ਮਿਥੇ ਸਮੇ ਔਜਾਰਾਂ ਦਾ ਝੋਲਾ ਲੈ ਕੇ ਹਾਜਿਰ ਹੋ ਗਿਆ..ਖਰਾਬ ਮਸ਼ੀਨ ਦੁਆਲੇ ਦੋ ਚੱਕਰ ਕੱਢੇ..

ਟੂਲ-ਬਾਕਸ ਚੋਂ ਵੱਡਾ ਸਾਰਾ ਹਥੌੜਾ ਕੱਢਿਆ ਤੇ ਇੱਕ ਖਾਸ ਜਗਾ ਤੇ ਇਕ ਨਿਯਮਿਤ ਸਪੀਡ ਨਾਲ ਗਿਣ-ਮਿਥ ਕੇ ਐਸੀ ਸੱਟ ਮਾਰੀ ਕੇ ਮਸ਼ੀਨ ਓਸੇ ਵੇਲੇ ਹੀ ਚੱਲ ਪਈ…

ਕੁਝ ਦਿਨ ਮਗਰੋਂ ਕੰਪਨੀ ਨੂੰ ਦਸ ਹਜਾਰ ਦਾ ਬਿੱਲ ਆ ਗਿਆ..ਸਾਰੇ ਹੈਰਾਨ ਹੋਏ ਕੇ ਦੋ ਮਿੰਟ ਦੇ ਕੰਮ ਦੇ ਦਸ ਹਜਾਰ ਡਾਲਰਂ?

ਬਿੱਲ ਵਾਪਿਸ ਭੇਜ ਦਿੱਤਾ ਗਿਆ ਕੇ ਜਿਹੜੀਆਂ ਜਿਹੜੀਆਂ ਸਰਵੀਸਾਂ ਦਿੱਤੀਆਂ ਗਈਆਂ..ਓਹਨਾ ਦੇ ਵਿਸਥਾਰ ਮੁਤਾਬਿਕ ਬਣਾ ਕੇ ਭੇਜਿਆ ਜਾਵੇ..

ਕੁਝ ਦਿਨਾਂ ਬਾਅਦ ਕਾਰੀਗਰ ਨੇ ਸੋਧਿਆ ਹੋਇਆ ਬਿੱਲ ਦੋਬਾਰਾ ਭੇਜ ਦਿੱਤਾ..

ਵਿਚ ਲਿਖਿਆ ਸੀ..ਹਥੌੜੇ ਦੀ ਸੱਟ ਦੇ 2 ਡਾਲਰ ਅਤੇ ਸੱਟ ਕਿਥੇ ਤੇ ਕਿੰਨੀ ਸਪੀਡ ਨਾਲ ਮਾਰਨੀ ਉਸ ਅੰਦਾਜੇ ਦੇ..9998 ਡਾਲਰ!

ਅਕਸਰ ਹੀ ਕਈ ਵਾਰ ਕਿਸੇ ਹਮਾਤੜ ਦੀ ਮਿਹਨਤ ਦੇ ਪੈਸੇ ਇਹ ਆਖ ਦੱਬ ਲਏ ਜਾਂਦੇ ਕੇ ਕੰਮ ਤੇ ਦੋ ਮਿੰਟ ਦਾ ਸੀ ਪਰ ਏਨੇ ਜਿਆਦਾ ਕਾਹਤੋਂ ਬਣਾਤੇ?

ਦੋਸਤੋ ਅਸਲ ਵਿਚ ਘੰਟਿਆਂ ਬੱਦੀ ਦੇ ਕੰਮ ਨੂੰ ਦੋ ਮਿੰਟਾਂ ਵਿਚ ਮੁਕਾਉਣ ਦੀ ਮੁਹਾਰਤ ਹਾਸਿਲ ਕਰਨ ਲਈ ਜਿਹੜੀ ਭੱਠੀ ਵਿਚ ਉਸਨੇ ਆਪਣੇ ਆਪ ਨੂੰ ਸਾਲਾਂ ਬੱਧੀ ਝੋਕਿਆ ਹੁੰਦਾ ਹੈ..ਉਹ ਉਸਦੇ ਪੈਸੇ ਹੀ ਮੰਗ ਰਿਹਾ ਹੁੰਦਾ ਏ..!

ਪਿੱਛੇ ਜਿਹੇ ਇੱਕ ਜਾਣਕਾਰ ਆਖਣ ਲੱਗਾ ਭਾਜੀ ਗੈਸ ਫੇਰਨੇਸ ਖਰਾਬ ਹੋ ਗਈ ਏ..ਕੋਈ ਬੰਦਾ ਤਾਂ ਦੱਸੋ!

ਇੱਕ ਬਜ਼ੁਰਗ ਗੋਰੇ ਮਕੈਨਿਕ ਦੀ ਦੱਸ ਪਾ ਦਿੱਤੀ..ਉਸਨੇ ਦਸ ਮਿੰਟਾਂ ਵਿਚ ਠੀਕ ਕਰ ਦਿੱਤੀ ਤੇ ਦੋ ਸੌ ਡਾਲਰ ਮੰਗ ਲਿਆ..

ਪੰਗਾ ਖੜਾ ਹੋ ਗਿਆ..ਆਖੇ ਦਸਾਂ ਮਿੰਟਾ ਦੇ ਦੋ ਸੌ?

ਉਹ ਆਖੇ ਭਾਈ ਮੈਨੂੰ ਚਾਲੀ ਸਾਲ ਹੋ ਗਏ ਇਸੇ ਕੰਮ ਨੂੰ..ਖੈਰ ਮਸਾਂ ਮੁੱਕ-ਮੁਕਾ ਕਰਵਾਇਆ..

ਸੋ ਮੁੱਕਦੀ ਗੱਲ ਹਥੌੜੇ ਦੀ ਸੱਟ ਕਿਥੇ ਅਤੇ ਕਿੰਨੀ ਸਪੀਡ ਨਾਲ ਮਾਰਨੀ ਏ..ਇਹ ਮੁਹਾਰਤ ਹਾਸਿਲ ਕਰਨ ਲਈ ਵਾਕਿਆ ਹੀ ਉਮਰਾਂ ਲੱਗ ਜਾਂਦੀਆਂ..

ਪਰ ਇਕੀਵੀਂ ਸਦੀ ਅੰਦਰ ਪਦਾਰਥਵਾਦ ਅਤੇ ਮੁਕਾਬਲੇਬਾਜੀ ਦੇ ਝੁੱਲਦੇ ਬੇਰਹਿਮ ਝੱਖੜਾਂ ਵਿਚ ਚਾਰੇ ਬੰਨੇ ਹਰ ਮੰਜਿਲ ਅਤੇ ਟੀਚੇ ਨੂੰ ਰਾਤੋ ਰਾਤ ਹਾਸਿਲ ਕਰਨ ਦੀ ਦੌੜ ਜਿਹੀ ਲੱਗੀ ਪਈ ਹੈ..

ਲੰਮਾ ਇੰਤਜਾਰ ਅਤੇ ਟਰੇਨਿੰਗ ਵਾਲੀ ਭੱਠ ਵਿਚ ਤਪ ਕੇ ਸੋਨਾ ਬਣਨ ਦਾ ਨਾ ਕਿਸੇ ਕੋਲ ਵੇਹਲ ਹੀ ਰਿਹਾ ਹੈ ਤੇ ਨਾ ਹੀ ਸਬਰ ਸੰਤੋਖ..ਬਜ਼ੁਰਗਾਂ ਦੀ ਆਖੀ ਕੌਣ ਸਮਝਾਵੇ ਕੇ ਭਾਈ ਸ਼ੋਟ-ਕੱਟਾਂ ਨਾਲ ਸਿਰਫ ਤੁੱਕੇ ਲਗਿਆ ਕਰਦੇ ਸਨ ਤੀਰ ਨਹੀਂ!

You may also like