ਲਾਵਾਰਿਸ

by admin

ਅੱਜ ਰਾਹ ਵਿੱਚ ਤੁਰੀ ਜਾਂਦੀ ਆਪਣੇ ਸੱਠਵਿਆਂ ਨੂੰ ਪਹੁੰਚੀ ਔਰਤ ਦੇਖ ਕਾਕੀ ਭੂਆ ਦਾ ਭੁਲੇਖਾ ਪੈ ਗਿਆ ।ਉਹ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਤੇ ਲਾਡਲੀ ਸੀ ।ਚੰਗੀ ਜਮੀਨ ਜਾਇਦਾਦ ਵਾਲੇ ਪਰਿਵਾਰ ਵਿੱਚ ਜਨਮ ਲਿਆ ਸੀ ਉਸਨੇ ।ਮਾਂ ਨੇ ਲਾਡਾਂ ਨਾਲ ਪਾਲੀ ਸੀ।
ਵੱਡੀ ਕੁੜੀ ਵਿਆਹੀ ਗਈ ਤਾਂ ਮਾਂ ਦਾ ਧਿਆਨ ਕਾਕੀ ਵੱਲ ਹੋਰ ਜਿਆਦਾ ਹੋ ਗਿਆ ਸੀ ,ਕਿਉਂਕਿ ਮੁੰਡਾ ਚੰਡੀਗੜ੍ਹ ਪੜਨੇ ਪਾਇਆ ਸੀ । ਐਸਾ ਪੜਨ ਗਿਆ ਚੰਦਰਾ ਕਦੇ ਵਾਪਸ ਹੀ ਨਾ ਆਇਆ ।ਤੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਉੱਧਰ ਹੀ ਕਿਧਰੇ ਰਹਿਣ ਲੱਗ ਪਿਆ ਸੀ ।ਮਾਂ ਤੇ ਭੈਣ ਦਾ ਉਸਨੂੰ ਕਦੇ ਖਿਆਲ ਹੀ ਨਹੀਂ ਸੀ ਆਇਆ, ਬਸ ਆਪਣੀ ਦੁਨੀਆਂ ਵਿੱਚ ਮਸਤ ।
ਇਕ ਵਾਰ ਆਇਆ ਸੀ ਆਪਣੇ ਹਿੱਸੇ ਦੀ ਜਮੀਨ ਲੈਣ ।ਮਾਂ ਨੇ ਬੜਾ ਸਮਝਾਇਆ ਸੀ ਪਰ ਨਾ ਸਮਝਿਆ ।ਮਾਂ ਦਾ ਦਿਲ ,ਮਾਂ ਦਾ ਹੀ ਹੁੰਦਾ ਹੈ, ਹਮੇਸ਼ਾਂ ਅਸੀਸ ਹੀ ਨਿਕਲਦੀ ਹੈ ਦਿਲ ਚੋਂ ।ਆਪਣੇ ਜੋਗੀ ਥੋੜੀ ਜਿਹੀ ਜਮੀਨ ਰੱਖ ਬਾਕੀ ਪੁੱਤ ਦੇ ਨਾਂਅ ਕਰਵਾ ਦਿੱਤੀ ਸੀ ,ਤੇ ਉਸਤੋਂ ਪਿਛੋਂ ਜਗਸੀਰ ਬਸ ਠੇਕਾ ਲੈਣ ਹੀ ਆਉਂਦਾ ਤੇ ਕਈ ਵਾਰ ਤਾਂ ਠੇਕੇ ਵਾਲੇ ਉਸਨੂੰ ਆਪ ਹੀ ਠੇਕਾ ਫੜਾ ਆਉਂਦੇ ਸਨ। ਇਕ ਦਿਨ ਜਗਸੀਰ ਨੇ ਸਾਰੀ ਜਮੀਨ ਵੇਚ ਪਿੰਡ ਤੇ ਮਾਂ, ਭੈਣ ਨਾਲੋਂ ਨਾਤਾ ਤੋੜ ਲਿਆ ਸੀ ।
ਪਿੰਡ ਵਿੱਚ ਇਕੱਲੀਆ ਰਹਿ ਗਈਆਂ ਦੋਵੇਂ ਜਣੀਆਂ ਨੂੰ ਕਿਸੇ ਸਹਾਰੇ ਦੀ ਲੋੜ ਸੀ। ਜੱਗ ਵਿੱਚ ਪਾਇਆ ਸੀਰ ਨੇਹਫਲ ਹੋ ਗਿਆ ਸੀ ।ਸ਼ਹਿਰ ਕੋਠੀ ਵਿੱਚ ਆ, ਕਿਰਾਏਦਾਰ ਰੱਖ ਲਏ ਸਨ।ਤੇ ਦੋਵਾਂ ਨੂੰ ਸਹਾਰਾ ਮਿਲ ਗਿਆ ਸੀ।
ਇਕ ਦਿਨ ਬੇਬੇ ਨੇ ਦੱਸਿਆ ਸੀ ,ਕਿ ਕਿਵੇਂ ਕਾਕੀ ਦਾ ਵਿਆਹ ਬੜੇ ਚਾਵਾਂ ਨਾਲ ਕੀਤਾ ਸੀ ।ਪਰ ਉਸਦੇ ਸਹੁਰੇ ਕਿਸੇ ਕੰਮ ਦੇ ਨਾ ਨਿਕਲੇ। ਵਾਪਿਸ ਪੇਕੇ ਆ ਬੈਠੀ ਕਾਕੀ ਨੇ ਵਾਰ ਵਾਰ ਕਹਿਣ ਤੇ ਵੀ ਦੁਬਾਰਾ ਵਿਆਹ ਬਾਰੇ ਸੋਚਿਆ ਵੀ ਨਹੀਂ ਸੀ।
ਪਿੰਡੋਂ ਜਮੀਨ ਦਾ ਠੇਕਾ ਲਿਆ ,ਕੁਝ ਪੈਸੇ ਵਿਆਜ ਤੇ ਦੇ ਦਿੰਦੀਆਂ । ਉਹਨਾਂ ਵਿੱਚੋਂ ਕੁਝ ਵਾਪਸ ਆ ਜਾਂਦੇ ਤੇ ਕੁਝ ਲੋਕ ਨੱਪ ਜਾਂਦੇ ਸਨ । ਦੋਵਾਂ ਦਾ ਕੋਈ ਬਹੁਤਾ ਖਰਚ ਨਾ ਹੋਣ ਕਾਰਨ , ਉਹਨਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ । ਜੇਕਰ ਕੋਈ ਕਮੀ ਸੀ ਤਾਂ ਉਹ ਸੀ ਆਪਣਿਆਂ ਦੀ ।
ਘਰ ਵਿਚ ਕੋਈ ਮਰਦ ਨਾ ਹੋਣ ਕਾਰਨ ਦੁਨੀਆਂ ਉਹਨਾਂ ਨੂੰ ਟਿੱਚ ਜਾਣਦੀ ਸੀ ।ਕੋਠੀ ਨੱਪੇ ਜਾਣ ਦੇ ਡਰੋਂ ਉਹਨਾਂ ਕੋਠੀ ਵੇਚ ਦਿੱਤੀ ਤੇ ਕਿਸੇ ਜਾਣ ਪਹਿਚਾਣ ਵਾਲੇ ਕੋਲ ਉਹਨਾਂ ਇਕ ਘਰ ਲੈ ਲਿਆ ਸੀ,ਪਰ ਬਘਿਆੜਾ ਨਾਲ ਭਰੀ ਦੁਨੀਆਂ ਹਮੇਸ਼ਾਂ ਮੌਕੇ ਦੀ ਤਲਾਸ਼ ਵਿੱਚ ਰਹਿੰਦੀ ਹੈ, ਤੇ ਕੁਝ ਹੀ ਸਾਲਾਂ ਪਿੱਛੋਂ ਉਹਨਾਂ ਦਾ ਉਹ ਘਰ ਵੀ ਕਿਸੇ ਨੇ ਧੋਖੇ ਨਾਲ ਨੱਪ ਲਿਆ ਤੇ ਚਾਰ ਛਿੱਲੜ ਦੇ ਧੱਕੇ ਮਾਰ ਘਰੋਂ ਬੇਘਰ ਕਰ ਦਿਤੀਆਂ ਸਨ।
ਸ਼ਹਿਰੋਂ ਇਕ ਵਾਰ ਫਿਰ ਉਜੜ ਪਿੰਡ ਆ ਗਈਆ ਸਨ ਵਿਚਾਰੀਆਂ । ਉਨ੍ਹਾਂ ਦਾ ਇਸ ਦੁਨੀਆਂ ਤੇ ਕੋਈ ਨਹੀਂ ਸੀ ।ਸ਼ਰੀਕ ਵੀ ਆਟੇ ਦੇ ਸ਼ੀਂਹ ਬਣ ਆਨੇ ਦਿਖਾਉਂਦੇ । ਕਈ ਵਾਰ ਬੇਬੇ ਆਖਦੀ ,”ਜਦੋਂ ਢਿੱਡੋਂ ਜੰਮਿਆ ਆਪਣਾ ਨਾ ਹੋਇਆ ਹੋਰ ਕਿਸਨੇ ਹੋਣਾ ਸੀ?”
ਇਕ ਦਿਨ ਗਲੀ ਵਿੱਚ ਅਜਨਬੀਆਂ ਵਾਂਗ ਖੜੀ ਭੂਆ ਨੂੰ ਦੇਖਿਆ ,”ਕੀ ਗੱਲ ਭੂਆ ਇੱਥੇ ਖੜੀ ਐ ਧੁੱਪੇ? ਅੰਦਰ ਆ ਜਾ।” ਕੁਝ ਝਿਜਕਦੀ ਹੋਈ ਉਹ ਅੰਦਰ ਲੰਘ ਆਈ ਸੀ। “ਕੀ ਹਾਲ ਐ ਬੇਬੇ ਦਾ?”ਮੈਂ ਪੁੱਛਿਆ ” ਹਾਲ ਕੀ ਹੋਣਾ ਸੀ? ਮੰਜੇ ਤੇ ਪਈ ਆ।” ” ਤੂੰ ਇਥੇ ਕਿਵੇਂ?”
“ਪੈਸੇ ਦਿੱਤੇ ਸਨ ਵਿਆਜੂ ,ਲੈਣ ਆਈ ਸੀ ।”
“ਮਿਲ ਗਏ?” “ਨਹੀਂ ,ਘਰੇ ਕੋਈ ਨਹੀਂ ਸੀ । ਹੋਣਗੇ!ਪਰ ਬੂਹਾ ਨਹੀਂ ਖੋਲ੍ਹਿਆ ।” “ਨਾ ਦਿਆ ਕਰ ਭੂਆ ਪੈਸੇ ਵਿਆਜੂ।” ਪਰ ਉਹ ਬੈਠੀ ਚੁੱਪਚਾਪ ਕੁਝ ਸੋਚਦੀ ਰਹੀ ।ਚਾਹ ਪੀ ਉਹ, ਉਠ ਖੜੀ ਹੋਈ ਸੀ ਜਾਣ ਲਈ। ਤੇ ਬਿਨਾਂ ਕੁਝ ਬੋਲੇ ਉਥੋਂ ਤੁਰ ਗਈ ਸੀ ।
ਥੋੜੇ ਸਮੇਂ ਬਾਅਦ ਪਤਾ ਲੱਗਾ ,ਬੇਬੇ ਚਲ ਵਸੀ ਸੀ ।ਤੇ ਇਕੱਲੀ ਰਹਿ ਗਈ ਧੀ ਵੀ ਬਸ ਇਕ ਮਹੀਨੇ ਬਾਅਦ ਇਸ ਅਜਨਬੀ, ਧੋਖੇਬਾਜ਼ ਦੁਨੀਆਂ ਨੂੰ ਸਦਾ ਲਈ ਛੱਡ ਆਪਣੀ ਮਾਂ ਕੋਲ ਜਾ ਚੁੱਕੀ ਸੀ ।ਉਹ ਦੋਵੇਂ ਵਾਰਿਸ ਹੋਣ ਦੇ ਬਾਵਜੂਦ ਵੀ ਸਾਰੀ ਉਮਰ ਲਾਵਾਰਿਸ ਰਹੀਆਂ ਸਨ ਤੇ ਲਾਵਾਰਿਸ ਹੀ ਇਸ ਦੁਨੀਆਂ ਤੋਂ ਰੁਖ਼ਸਤ।

ਕਿਰਨਹਰਜੋਤ ਕੌਰ 

Kiranharjot Kaur

You may also like