ਮੂੰਹ ਵਿੱਚ ਪਿਸਤੌਲ

by Manpreet Singh

ਉਹ ਮੂੰਹ ਵਿੱਚ ਗੰਨ ਲਈ ਘੋੜੇ ਨੂੰ ਉਂਗਲ ਨਾਲ ਫੜੀ ਆਖਰੀ ਸਾਹ ਗਿਣ ਰਿਹਾ ਸੀ ਕਿ ਪਤਾ ਨਹੀਂ ਉਹਦੇ ਮਨ ਚ ਕੀ ਆਇਆ ਤੇ ਉਹਨੇ ਉਸ ਦਿਨ ਮਰਨੇ ਦਾ ਖਿਆਲ ਛੱਡ ਦਿੱਤਾ ਤੇ ਉਹ ਉਠ ਕੇ ਘਰੇ ਆ ਗਿਆ ।
ਸ਼ਰਾਬ ਦਾ ਅਡਿਕਟਿਡ ਬਾਪ ਤੇ ਗੋਲ਼ੀਆਂ ਤੇ ਲੱਗੀ ਮਾਂ ਦੇ ਘਰੇ ਇਹਨੇ ਜਨਮ ਲਿਆ ਸੀ । ਘਰ ਚ ਇਹੋ ਜਹੇ ਹਾਲਤ ਦੇਖ ਕੇ ਇਹ ਬਾਹਰ ਹਾਕੀ ਖੇਡਦਾ ਰਹਿੰਦਾ । ਮਾਂ ਬਾਪ ਨੇ ਇਹਦਾ ਸ਼ੌਕ ਦੇਖਕੇ ਹਾਕੀ ਖੇਡਣ ਲਾ ਦਿੱਤਾ । ਇਹ ਬਚਾ ਸਾਰੀ ਉਮਰ ਡਰ ਡਰ ਕੇ ਹੀ ਜ਼ਿੰਦਗੀ ਬਿਤਾ ਰਿਹਾ ਸੀ ।
14 ਸਾਲ ਦੀ ਉਮਰ ਵਿੱਚ ਦੋ ਢਾਈ ਸਾਲ ਵਿੱਚ ਇਹਦੇ ਕੋਚ ਨੇ ਇਹਨੂੰ 150 ਵਾਰੀ ਰੇਪ ਕੀਤਾ । ਇਹ ਡਰਦਾ ਮਾਰਾ ਆਪਦੀ ਜ਼ੁਬਾਨ ਨ ਖੋਲ ਸਕਿਆ । ਆਪਣੀ ਜ਼ਿੰਦਗੀ ਨੂੰ ਹਾਕੀ ਵਿੱਚ ਲਾ ਕੇ ਆਪਦਾ ਦਰਦ ਛੁਪਾਈ ਗਿਆ ।
ਅਖੀਰ ਨੂੰ ਸਾਡੇ ਕੈਨੇਡਾ ਦੇ ਸਟੈਨਲੀ ਕੱਪ ਦਾ ਚੈਪੀਅਨ ਬਣਿਆ ! ਓਲੰਪਕ ਦਾ ਚੈਪੀਅਨ ਬਣਿਆਂ ਤੇ 7 ਵਾਰੀ ਸਟਾਰ ਬਣਿਆ ।
ਪਰ ਜੋ ਅੰਦਰ ਜ਼ਖ਼ਮ ਸੀ ਉਹ ਉਵੇਂ ਰਿਸਦੇ ਰਹੇ ਤੇ ਉਹ ਨਸ਼ੇ ਕਰਨ ਲੱਗ ਪਿਆ ਫੇਰ ਡਰਗਜ ਖਾਣ ਲੱਗ ਪਿਆ । ਵੇਸਵਾਵਾਂ ਦੇ ਦਰ ਜਾਣਾ ਤੇ ਜੂਆ ਖੇਡਣਾ ਸ਼ੌਕ ਬਣ ਗਿਆ । ਇਹ ਹਨੇਰ ਵਿੱਚ ਜੀਅ ਰਹੇ ਮਨੁੱਖ ਦਾ ਕਾਰਨ ਬਣਦਾ ਹੈ ਤੇ ਇਹ ਵੀ ਉਸੇ ਰਾਹ ਪੈ ਗਿਆ । ਤੇ ਅਖੀਰ ਜ਼ਿੰਦਗੀ ਦੀ ਲੜਾਈ ਲੜਦਾ ਲੜਦਾ ਹਾਰ ਗਿਆ ਤੇ ਆਪਦੀ ਜ਼ਿੰਦਗੀ ਦਾ ਅੰਤ ਕਰਨ ਲਈ ਗੰਨ ਖ਼ਰੀਦ ਲਈ । ਤੇ ਇਕ ਦਿਨ ਇਹ ਮੂੰਹ ਚ ਗੰਨ ਲੈ ਕੇ ਗੋਲੀ ਮਾਰਨ ਲੱਗਾ ਸੀ ਜਦੋਂ ਇਹਨੇ ਸੋਚਿਆ ਕਿ ਸ਼ਾਇਦ ਮੇਰੇ ਵਰਗੇ ਹੋਰ ਵੀ ਹੋਣੇ ਨੇ ਜੋ ਹਾਲੇ ਜੀਅ ਰਹੇ ਹਨ ਤੇ ਉਨਾਂ ਦੀ ਕਹਾਣੀ ਮੈ ਲਿਖਾਂਗਾ ।
ਇਹਦਾ ਨਾ ਹੈ ਥੀਓ ਫਲੇਉਰੀ । ਕੈਨੇਡਾ ਦਾ ਜੰਮਪਲ ਜਿਸ ਨੇ ਕਿਤਾਬ ਲਿਖੀ ਹੈ ਜਿਸ ਦਾ ਨਾਮ ਹੈ Playing With Fire . ਇਹ ਕਿਤਾਬ ਉਹਨੇ ਤਕਰੀਬਨ 9 ਕੁ ਸਾਲ ਪਹਿਲਾਂ ਲਿਖੀ ਹੈ ।
ਉਹਨੇ ਥਾਂ ਥਾਂ ਤੇ ਜਾ ਕੇ ਲੋਕਾਂ ਨਾਲ ਗੱਲ-ਬਾਤ ਕੀਤੀ । ਸੈਮੀਨਾਰ ਕੀਤੇ ਤੇ ਉਹਦੇ ਦੱਸਣ ਮੁਤਾਬਕ ਹਰ ਚੌਥਾ ਮਨੁੱਖ ਬਚਪਨ ਵਿੱਚ ਕਿਸੇ ਨ ਕਿਸੇ ਦੇ ਕਾਮ ਦੀ ਹਵਸ ਦਾ ਸ਼ਿਕਾਰ ਹੋਇਆ ਹੈ । ਚਾਹੇ ਉਹ ਮੁੰਡਾ ਸੀ ਜਾਂ ਕੁੜੀ ।
ਇਹ ਸਿਰਫ ਕੈਨੇਡਾ ਦੀ ਹੀ ਕਹਾਣੀ ਨਹੀਂ ਇਹ ਹਰ ਸਮਾਜ ਹਰ ਦੇਸ਼ ਦੀ ਕਹਾਣੀ ਹੈ ਜਿੱਥੇ ਬਚਿਆਂ ਨੂੰ ਸੈਕਸ ਦੀ ਪੂਰਤੀ ਲਈ ਡਰਾ ਕੇ ਜਾਂ ਲਾਲਚ ਦੇ ਕੇ ਸ਼ਿਕਾਰ ਬਣਾਇਆ ਜਾਂਦਾ ਤੇ ਉਹ ਸਾਰੀ ਉਮਰ ਮੂੰਹ ਨਹੀਂ ਖੋਲਦੇ । ਇਹ ਇਕ ਮਾਨਸਿਕ ਰੋਗ ਬਣ ਜਾਂਦਾ । ਜਿੱਥੇ ਮਨੁੱਖ ਹੌਲੀ ਹੌਲੀ ਆਪ ਨੂੰ ਦੋਸ਼ੀ ਮੰਨਣ ਲੱਗ ਪੈਂਦਾ । ਤੇ ਮਾੜੇ ਜਾਂ ਕੰਮਜੋਰ ਮਨੁੱਖ ਆਤਮ ਹੱਤਿਆ ਕਰ ਲੈਂਦੇ ਹਨ ।
ਕੁੜੀਆਂ ਨਾਲ ਜੋ ਦਫ਼ਤਰਾਂ ਵਿੱਚ ਕੰਮ ਤੇ ਜਾਂ ਬੱਸਾਂ ਗੱਡੀਆਂ ਵਿੱਚ ਛੇੜਖ਼ਾਨੀ ਕੀਤੀ ਜਾਂਦੀ ਹੈ ਇਹ ਵੀ ਮਾਨਸਿਕ ਰੋਗੀ ਕਰ ਜਾਂਦੀ ਹੈ । ਤੇ ਬਹੁਤ ਸਾਰੀਆਂ ਕੁੜੀਆਂ ਡਰਦੀਆਂ ਮੂੰਹ ਨਹੀਂ ਖੋਲਦੀਆ ।
ਬਾਹਰਲੇ ਮੁਲਖਾਂ ਵਿੱਚ ਇੰਨੇ ਕਨੂੰਨ ਤੇ ਇੰਨੇ ਸਹਾਰੇ ਹੋਣ ਦੇ ਬਾਵਜੂਦ ਵੀ ਇਹ ਕੁਝ ਹੋ ਰਿਹਾ ਤੇ ਭਾਰਤ ਵਰਗੇ ਮੁਲ਼ਖ ਚ ਕੀ ਕੀ ਹੋ ਰਿਹਾ ਰੱਬ ਹੀ ਜਾਣਦਾ ।
ਆਪਣੇ ਆਲੇ ਦੁਆਲੇ ਤੇ ਆਪਦੇ ਬਚਿਆਂ ਨੂੰ ਧਿਆਨ ਨਾਲ ਦੇਖੋ ਕਿ ਉਹ ਕੱਲੇ ਅੰਦਰ ਵੜ ਕੇ ਟੀਵੀ ਮੂਹਰੇ ਜਾਂ ਕਮਰੇ ਚ ਬੰਦ ਕਰਕੇ ਹਨੇਰ ਵਿਚ ਨ ਬੈਠਣਾ ਪਸੰਦ ਕਰਦੇ ਹੋਣ । ਉਨਾਂ ਨਾਲ ਸਾਰੀ ਗੱਲ-ਬਾਤ ਕਰੋ ਤੇ ਉਨਾਂ ਨੂੰ ਸਮਝਾਉ ਕਿ ਤੁਹਾਡੇ ਸਰੀਰ ਨੂੰ ਕੋਈ ਹੱਥ ਨ ਲਾਵੇ ਤੇ ਜੇ ਕੋਈ ਲਾਉੰਦਾ ਹੈ ਤਾਂ ਘਰੇ ਆ ਕੇ ਦੱਸੋ । ਬੱਚੇ ਦੀ ਨਿੱਕੀ ਨਿੱਕੀ ਗੱਲ ਨੂੰ ਸੀਰੀਅਸ ਹੋ ਕੇ ਸੁਣੋ । ਕਦੀ ਵੀ ਝਿੜਕ ਕੇ ਨ ਪੈ ਜਾਉ ਕਿ ਬੱਚਾ ਤੁਹਾਡੇ ਨਾਲ ਗੱਲ ਕਰਨ ਲੱਗਾ ਵੀ ਡਰੇ ।
ਇਹ ਅੱਜ ਦੇ ਬੱਚੇ ਹੀ ਕੱਲ ਨੂੰ ਵੱਡੇ ਹੋ ਕੇ ਸਮਾਜ ਵਿੱਚ ਮਨੁੱਖ ਦਾ ਰੂਪ ਧਾਰ ਕੇ ਵਿਚਰਦੇ ਹਨ ਤੇ ਰੱਬ ਨ ਕਰੇ ਕਿਸੇ ਦਾ ਬੱਚਾ ਮਨੁੱਖ ਬਣ ਕੇ ਆਪ ਦੇ ਮੂੰਹ ਵਿੱਚ ਪਿਸਤੌਲ ਪਾ ਕੇ ਆਪਣੇ ਆਪ ਨੂੰ ਗੋਲੀ ਮਾਰਨ ਨੰੂ ਤਿਆਰ ਕਰ ਲਵੇ ।

 

You may also like