ਗੋਰੀ ਬੱਚੀ

by Manpreet Singh

ਦਿਨੇ ਗਿਆਰਾਂ ਕੂ ਵਜੇ ਸ਼ਹਿਰ ਦੇ ਇੱਕ ਪਿਛੜੇ ਇਲਾਕੇ ਵਿਚ ਕਿਸੇ ਨੂੰ ਘਰ ਦਿਖਾਉਣ ਮਗਰੋਂ ਅਜੇ ਵਾਪਿਸ ਗੱਡੀ ਵੱਲ ਨੂੰ ਤੁਰਿਆਂ ਹੀ ਆ ਰਿਹਾ ਸਾਂ ਕੇ ਮਗਰੋਂ ਕਿਸੇ ਦੀ ਅਵਾਜ ਪਈ…
ਪੰਜ ਸੱਤ ਸਾਲਾਂ ਦੀ ਗੋਰੀ ਬੱਚੀ…ਟੇਬਲ ਉੱਤੇ ਇੱਕ ਜੱਗ ਅਤੇ ਨਿੱਕੇ ਨਿੱਕੇ ਗਿਲਾਸ ਰੱਖ ਨਿੰਬੂ ਪਾਣੀ ਵੇਚ ਰਹੀ ਸੀ..
ਕੋਲ ਗਿਆ ਤਾਂ ਆਖਣ ਲੱਗੀ ਕੇ ਸਿਰਫ ਪੰਜਾਹਾਂ ਸੈਂਟਾਂ ਦਾ ਇੱਕ ਗਿਲਾਸ ਏ…ਖਰੀਦਣਾ ਚਾਹੇਂਗਾ?
ਮੈਂ ਆਖਿਆ ਕੇ ਪਹਿਲਾਂ ਇੱਕ ਗੱਲ ਦੱਸ..ਪੈਸੇ ਵੱਟ ਕੇ ਕਰੇਂਗੀ ਕੀ?
ਆਖਣ ਲੱਗੀ ਵੱਡੇ ਭਰਾ ਨੇ ਪੰਜ ਸਤੰਬਰ ਨੂੰ ਵਾਪਿਸ ਸਕੂਲ ਜਾਣਾ ਏ..ਮਾਂ ਸਿੰਗਲ ਮਦਰ ਏ..ਉਸ ਕੋਲ ਮੇਰੇ ਭਰਾ ਦੀ ਸਕੂਲ ਸਪਲਾਈ ਖਰੀਦਣ ਜੋਗੇ ਪੈਸੇ ਨਹੀਂ ਹਨ..ਨਿਮਬੂ ਪਾਣੀ ਵੇਚ ਉਸਦੀ ਮਦਤ ਕਰਨਾ ਚਾਹੁੰਦੀ ਹਾਂ..!

ਮੇਰੀ ਜਾਨ ਨਿੱਕਲ ਗਈ…ਭੱਜ ਕੇ ਵਾਪਿਸ ਟਰੱਕ ਕੋਲ ਆਇਆ…
ਸ਼ਾਪਿੰਗ ਕਾਰਟ ਵਿਚ ਪਾਉਣ ਜੋਗੀ ਇੱਕ ਲੂਣੀ ਅਕਸਰ ਹੀ ਖਾਨੇ ਜਿਹੇ ਵਿਚ ਰੱਖੀ ਹੁੰਦੀ ਏ…ਪਰ ਅੱਜ ਉਹ ਵੀ ਪਤਾ ਨਹੀਂ ਕਿਥੇ ਗਈ ਸੀ?
ਬਟੂਆ ਖੋਲਿਆ..ਸੋਂ ਡਾਲਰ ਦਾ ਇੱਕੋ ਨੋਟ ਸੀ…ਦੇਣ ਦਾ ਹੋਂਸਲਾ ਜਿਹਾ ਨਾ ਪਿਆ..
ਉਸ ਨੂੰ ਆਖਿਆ ਕੇ ਉਹ ਓਥੇ ਹੀ ਬੈਠੀ ਰਹੇ..ਮੈਂ ਹੁਣੇ ਆਉਂਦਾ ਹਾਂ ਮੁੜ ਕੇ…
ਤਕਰੀਬਨ ਕਿਲੋਮੀਟਰ ਦੂਰ ਇੱਕ ਸਟੋਰ ਤੇ ਜਾ ਸੋਂ ਦੇ ਟੁੱਟੇ ਪੈਸੇ ਮੰਗੇ..
ਅੱਗੋਂ ਆਖਣ ਲੱਗਾ ਕਿ ਕੋਈ ਚੀਜ ਮੁੱਲ ਲੈਣੀ ਪਵੇਗੀ..ਓਦਾਂ ਚੇਂਜ ਦੇਵੀਏ ਤਾਂ ਮਾਲਕ ਗੁੱਸਾ ਕਰਦਾ ਏ..
ਆਖਿਆ ਕੇ ਇੰਝ ਕਰ ਪੰਜਾਂ ਡਾਲਰਾਂ ਦੇ ਚੌਕਲੇਟ ਦੇ ਦੇ ਤੇ ਬਾਕੀ ਦਾ ਬਕਾਇਆ ਦਸਾਂ ਦਸਾਂ ਦੇ ਨੋਟਾਂ ਦੇ ਰੂਪ ਵਿਚ ਮੋੜ ਦੇਵੇ…
ਦਸਾਂ ਦਸਾਂ ਦੇ ਦੋ ਨੋਟ ਚੋਕਲੇਟਾਂ ਵਾਲੇ ਲਫਾਫੇ ਵਿਚ ਵੱਖਰੇ ਪਾ ਵਾਪਿਸ ਓਸੇ ਥਾਂ ਆਉਂਦਾ ਹੋਇਆ ਸੋਚ ਰਿਹਾ ਸਾਂ ਕੇ ਏਨਾ ਕੁਝ ਦੇਖ ਜਰੂਰ ਹੀ ਗੁਲਾਬ ਦੇ ਫੁਲ ਵਾਂਙ ਖਿੜ ਜਾਵੇਗੀ..!
ਦਸਾਂ ਕੂ ਮਿੰਟਾਂ ਮਗਰੋਂ ਜਦੋਂ ਮੁੜ ਓਸੇ ਥਾਂ ਤੇ ਆਇਆਂ ਤਾਂ ਬੱਚੀ ਓਥੇ ਨਹੀਂ ਸੀ ਤੇ ਨਾ ਹੀ ਉਸਦੇ ਸ਼ਿਕੰਜਵੀ ਵਾਲੇ ਗਲਾਸ ਹੀ ਦਿਸੇ…ਕੋਲ ਖੇਡਦੇ ਬੱਚਿਆਂ ਨੂੰ ਪੁੱਛਿਆ ਤਾਂ ਕੋਈ ਤਸੱਲੀਬਖਸ਼ ਉੱਤਰ ਨਾ ਮਿਲਿਆ…
ਇਸ ਸਬੰਦੀ ਹੋਰ ਬਹੁਤੀ ਪੁੱਛਗਿੱਛ ਕਰਨੀ ਇਸ ਲਈ ਵਾਜਿਬ ਨਾ ਸਮਝੀ ਕੇ ਕਨੇਡਾ ਦੇ ਬੱਚਿਆਂ ਸਬੰਧੀ ਕਨੂੰਨ..ਕਿਤੇ ਕੋਈ ਗਲਤ ਪਾਸੇ ਵੱਲ ਨੂੰ ਹੀ ਨਾ ਲੈ ਤੁਰੇ..!

ਖੈਰ ਸਾਰੀ ਦਿਹਾੜੀ ਜਦੋਂ ਵੀ ਮੌਕਾ ਮਿਲਦਾ ਇਹ ਸੋਚ ਟਰੱਕ ਓਧਰ ਨੂੰ ਪਾ ਲੈਂਦਾ ਕੇ ਸ਼ਾਇਦ ਉਹ ਮੁੜ ਨਜਰੀ ਪੈ ਜਾਵੇ ਪਰ ਨਿਰਾਸ਼ਾ ਹੀ ਪੱਲੇ ਪਈ…

ਨਾਲਦੀ ਸੀਟ ਤੇ ਪਏ ਲਫਾਫੇ ਵੱਲ ਨੂੰ ਦੇਖ ਸਾਰੀ ਦਿਹਾੜੀ ਮੈਨੂੰ ਇੰਝ ਮਹਿਸੂਸ ਹੁੰਦਾ ਰਿਹਾ ਜਿਦਾਂ ਸੌ ਡਾਲਰਾਂ ਦੀ ਦਵਾਈ ਖਾਤਿਰ ਕੋਈ ਮਾਸੂਮ ਮੇਰੀ ਝੋਲੀ ਵਿਚ ਹੀ ਦਮ ਤੋੜ ਗਿਆ ਹੋਵੇ!

You may also like