ਲੁੱਟ-ਖਸੁੱਟ ਦਾ ਬਾਜ਼ਾਰ ਗਰਮ ਸੀ। ਉਸ ਗਰਮੀ ਵਿੱਚ ਵਾਧਾ ਹੋ ਗਿਆ, ਜਦੋਂ ਚਾਰੇ ਪਾਸੇ ਅੱਗ ਭੜਕਣ ਲੱਗੀ। ਇੱਕ ਆਦਮੀ ਹਾਰਮੋਨੀਅਮ ਦੀ ਪੇਟੀ ਚੁੱਕੀ ਖ਼ੁਸ਼ੀ-ਖ਼ੁਸ਼ੀ ਗਾਉਂਦਾ ਜਾ ਰਿਹਾ ਸੀ:
ਜਬ ਤੁਮ ਹੀ ਗਏ ਪਰਦੇਸ, ਲਗਾ ਕੇ ਠੇਸ, ਓ ਪ੍ਰੀਤਮ ਪਿਆਰਾ ਦੁਨੀਆਂ ਮੇਂ ਕੌਨ ਹਮਾਰਾ…”
ਇੱਕ ਛੋਟੀ ਉਮਰ ਦਾ ਮੁੰਡਾ ਝੋਲੀ ‘ਚ ਪਾਪੜਾਂ ਦਾ ਅੰਬਾਰ ਪਾਈ ਭੱਜਿਆ ਜਾ ਰਿਹਾ ਸੀ। ਠੁੱਡਾ ਵੱਜਿਆ ਤਾਂ ਪਾਪੜਾਂ ਦੀ ਇੱਕ ਗੱਡੀ ਉਹਦੀ ਝੋਲੀ ‘ਚੋਂ ਡਿੱਗ ਪਈ। ਮੁੰਡਾ ਉਹਨੂੰ ਚੁੱਕਣ ਲਈ ਝੁਕਿਆ ਤਾਂ ਇੱਕ ਆਦਮੀ, ਜਿਸ ਨੇ ਸਿਰ ‘ਤੇ ਸਲਾਈ ਦੀ ਮਸ਼ੀਨ ਚੁੱਕੀ ਹੋਈ ਸੀ, ਨੇ ਕਿਹਾ, ”ਰਹਿਣ ਦੇ ਬੇਟਾ, ਰਹਿਣ ਦੇ, ਆਪਣੇ ਆਪ ਠੀਕ ਹੋ ਜਾਵੇਗੀ।”
ਬਾਜ਼ਾਰ ਵਿੱਚ ਧੱਬ ਨਾਲ ਭਰੀ ਹੋਈ ਇੱਕ ਬੋਰੀ ਡਿੱਗੀ। ਇੱਕ ਬੰਦੇ ਨੇ ਕਾਹਲੀ ਨਾਲ ਵਧ ਕੇ ਆਪਣੇ ਛੁਰੇ ਨਾਲ ਉਹਦਾ ਢਿੱਡ ਫਾੜ ਦਿੱਤਾ। ਆਂਦਰਾਂ ਦੀ ਥਾਂ ਚੀਨੀ, ਚਿੱਟੇ ਦਾਣਿਆਂ ਵਰਗੀ ਚੀਨੀ ਉਬਲ ਕੇ ਬਾਹਰ ਨਿਕਲ ਆਈ। ਲੋਕ ਇਕੱਠੇ ਹੋ ਗਏ ਤੇ ਆਪਣੀਆਂ ਝੋਲੀਆਂ ਭਰਨ ਲੱਗੇ। ਇੱਕ ਆਦਮੀ ਕੁਰਤੇ ਤੋਂ ਬਿਨਾਂ ਸੀ। ਉਹਨੇ ਕਾਹਲੀ ਨਾਲ ਆਪਣਾ ਚਾਦਰਾ ਖੋਲਿ੍ਹਆ ਤੇ ਮੁੱਠੀਆਂ-ਮੁੱਠੀਆਂ ਭਰ-ਭਰ ਕੇ ਉਸ ਵਿੱਚ ਪਾਣ ਲੱਗਿਆ।
”ਹਟ ਜਾਓ… ਹਟ ਜਾਓ…” ਇੱਕ ਤਾਂਗਾ ਅਲਮਾਰੀਆਂ ਨਾਲ ਲੱਦਿਆ ਹੋਇਆ ਲੰਘ ਗਿਆ। ਉੱਚੇ ਮਕਾਨ ਦੀ ਬਾਰੀ ਵਿੱਚੋਂ ਮਲਮਲ ਦਾ ਥਾਣ ਫੜਫੜਾਉਂਦਾ ਹੋਇਆ ਬਾਹਰ ਨਿਕਲਿਆ। ਅੱਗ ਦੇ ਸ਼ੋਅਲੇ ਦੀ ਜੀਭ ਨੇ ਹੌਲੇ ਨਾਲ ਉਹਨੂੰ ਚੱਟਿਆ। ਸੜਕ ਤਕ ਪਹੁੰਚਿਆ ਤੇ ਸੁਆਹ ਦਾ ਢੇਰ ਸੀ।
ਮੋਂ…ਮੋਂ…ਮੋਂ…ਮੋਟਰ ਦੇ ਹਾਰਨ ਦੀਆਂ ਆਵਾਜ਼ਾਂ ਨਾਲ ਦੋ ਔਰਤਾਂ ਦੀਆਂ ਚੀਕਾਂ ਵੀ ਸਨ। ਲੋਹੇ ਦਾ ਇੱਕ ਸੇਫ ਦਸ ਪੰਦਰਾਂ ਆਦਮੀਆਂ ਨੇ ਖਿੱਚ ਕੇ ਬਾਹਰ ਕੱਢਿਆ ਤੇ ਡਾਂਗਾਂ ਦੀ ਮਦਦ ਨਾਲ ਉਹਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ।
”ਕਾਊ ਐਂਡ ਗੇਟ” ਦੁੱਧ ਦੀਆਂ ਕਈ ਟੀਨ ਦੋਵਾਂ ਹੱਥਾਂ ‘ਤੇ ਚੁੱਕੀ ਆਪਣੀ ਠੋਡੀ ਨਾਲ ਉਹਨੂੰ ਸਹਾਰਾ ਦਿੱਤੇ, ਇੱਕ ਆਦਮੀ ਦੁਕਾਨ ‘ਚੋਂ ਬਾਹਰ ਨਿਕਲਿਆ ਤੇ ਹੌਲੀ-ਹੌਲੀ ਬਾਜ਼ਾਰ ਵਿੱਚ ਚੱਲਣ ਲੱਗਿਆ।
ਉੱਚੀ ਆਵਾਜ਼ ਆਈ, ”ਆਓ, ਆਓ ਲੇਮੋਨੇਡ ਦੀਆਂ ਬੋਤਲਾਂ ਪੀਓ। ਗਰਮੀ ਦਾ ਮੌਸਮ ਏ।” ਗਲੇ ਵਿੱਚ ਮੋਟਰ ਦਾ ਟਾਇਰ ਪਾਈ ਆਦਮੀ ਨੇ ਦੋ ਬੋਤਲਾਂ ਲਈਆਂ ਤੇ ਧੰਨਵਾਦ ਕੀਤੇ ਬਿਨਾਂ ਚਲਾ ਗਿਆ।
ਇੱਕ ਆਵਾਜ਼ ਆਈ, ”ਕੋਈ ਅੱਗ ਬੁਝਾਉਣ ਵਾਲਿਆਂ ਨੂੰ ਖ਼ਬਰ ਦੇ ਦਿਓ। ਸਾਰਾ ਮਾਲ ਸੜ ਜਾਵੇਗਾ।” ਕਿਸੇ ਨੇ ਉਸ ਸਲਾਹ ਵੱਲ ਧਿਆਨ ਨਹੀਂ ਦਿੱਤਾ। ਲੁੱਟ-ਖਸੁੱਟ ਦਾ ਬਾਜ਼ਾਰ ਉਸੇ ਤਰ੍ਹਾਂ ਗਰਮ ਰਿਹਾ ਤੇ ਉਸ ‘ਤੇ ਉਸ ਗਰਮੀ ਵਿੱਚ ਚਾਰੇ ਪਾਸੇ ਭੜਕਣ ਵਾਲੀ ਅੱਗ ਬਾਦਸਤੂਰ ਵਾਧਾ ਕਰਦੀ ਰਹੀ। ਬਹੁਤ ਦੇਰ ਮਗਰੋਂ ਤੜ-ਤੜ ਦੀ ਆਵਾਜ਼ ਆਈ। ਗੋਲੀਆਂ ਚੱਲਣ ਲੱਗੀਆਂ। ਪੁਲੀਸ ਨੂੰ ਬਾਜ਼ਾਰ ਖਾਲੀ ਨਜ਼ਰ ਆਇਆ ਪਰ ਦੂਰ ਧੂੰਏਂ ਵਿੱਚ ਮੋੜ ਕੋਲ ਇੱਕ ਆਦਮੀ ਦਾ ਪਰਛਾਵਾਂ ਵਿਖਾਈ ਦਿੱਤਾ। ਪੁਲੀਸ ਦੇ ਸਿਪਾਹੀ ਸੀਟੀਆਂ ਵਜਾਉਂਦੇ ਉਸ ਵੱਲ ਲਪਕੇ। ਪਰਛਾਵਾਂ ਤੇਜ਼ੀ ਨਾਲ ਧੂੰਏਂ ਦੇ ਅੰਦਰ ਵੜ ਗਿਆ ਤਾਂ ਸਿਪਾਹੀ ਵੀ ਉਹਦੇ ਪਿੱਛੇ ਗਏ। ਧੂੰਏਂ ਦਾ ਇਲਾਕਾ ਖ਼ਤਮ ਹੋਇਆ ਤਾਂ ਸਿਪਾਹੀਆਂ ਨੇ ਤੱਕਿਆ ਕਿ ਇੱਕ ਕਸ਼ਮੀਰੀ ਮਜ਼ਦੂਰ ਪਿੱਠ ‘ਤੇ ਭਾਰੀ ਬੋਰੀ ਚੁੱਕੀ ਤੁਰਿਆ ਜਾ ਰਿਹਾ ਹੈ।
ਸੀਟੀਆਂ ਦੇ ਗਲੇ ਸੁੱਕ ਗਏ ਪਰ ਉਹ ਕਸ਼ਮੀਰੀ ਨਾ ਰੁਕਿਆ। ਉਹਦੀ ਪਿੱਠ ‘ਤੇ ਵਜ਼ਨ ਸੀ। ਮਾਮੂਲੀ ਵਜ਼ਨ ਨਹੀਂ, ਇੱਕ ਭਰੀ ਹੋਈ ਬੋਰੀ ਸੀ, ਪਰ ਉਹ ਇੰਜ ਦੌੜ ਰਿਹਾ ਸੀ, ਜਿਵੇਂ ਪਿੱਠ ‘ਤੇ ਕੋਈ ਵਜ਼ਨ ਹੈ ਹੀ ਨਹੀਂ।
ਸਿਪਾਹੀ ਹਫਣ ਲੱਗੇ। ਇੱਕ ਨੇ ਤੰਗ ਆ ਕੇ ਪਿਸਤੌਲ ਕੱਢਿਆ ਤੇ ਚਲਾ ਦਿੱਤਾ। ਗੋਲੀ ਕਸ਼ਮੀਰੀ ਮਜ਼ਦੂਰ ਦੀ ਪਿੰਡਲੀ ਵਿੱਚ ਲੱਗੀ। ਬੋਰੀ ਉਹਦੀ ਪਿੱਠ ਤੋਂ ਡਿੱਗ ਪਈ। ਘਬਰਾ ਕੇ ਉਹਨੇ ਆਪਣੇ ਪਿੱਛੇ ਹੌਲੀ-ਹੌਲੀ ਭੱਜਦੇ ਸਿਪਾਹੀਆਂ ਨੂੰ ਵੇਖਿਆ। ਪਿੰਡਲੀ ‘ਚੋਂ ਵਗਦੇ ਲਹੂ ਵੱਲ ਧਿਆਨ ਦਿੱਤਾ ਪਰ ਇੱਕੋ ਹੀ ਝਟਕੇ ਨਾਲ ਬੋਰੀ ਚੁੱਕੀ ਤੇ ਪਿੱਠ ‘ਤੇ ਰੱਖ ਕੇ ਫਿਰ ਭੱਜਣ ਲੱਗਿਆ। ਸਿਪਾਹੀਆਂ ਨੇ ਸੋਚਿਆ ਕਿ ਜਾਣ ਦਿਓ, ਜਹਨੁੰਮ ਵਿੱਚ ਜਾਵੇ, ਪਰ ਫਿਰ ਉਨ੍ਹਾਂ ਉਹਨੂੰ ਫੜ ਲਿਆ।
ਰਾਹ ਵਿੱਚ ਕਸ਼ਮੀਰੀ ਮਜ਼ਦੂਰ ਨੇ ਕਈ ਵਾਰ ਕਿਹਾ, ”ਹਜਰਤ! ਤੁਸੀਂ ਮੈਨੂੰ ਕਿਉਂ ਫੜਤੀ ਏ। ਮੈਂ ਤਾਂ ਗ਼ਰੀਬ ਆਦਮੀ ਹੋਤਾ। ਚਾਵਲ ਦੀ ਇੱਕ ਬੋਰੀ ਲੈਤੀ। ਘਰ ਵਿੱਚ ਖਾਤੀ। ਤੁਸੀਂ ਨਾਹਕ ਮੈਨੂੰ ਗੋਲੀ ਮਾਰਤੀ।” ਪਰ ਉਹਦੀ ਨਾ ਸੁਣੀ ਗਈ।
ਥਾਣੇ ਵਿੱਚ ਕਸ਼ਮੀਰੀ ਮਜ਼ਦੂਰ ਨੇ ਆਪਣੀ ਸਫ਼ਾਈ ਵਿੱਚ ਬਹੁਤ ਕਿਹਾ, ”ਹਜਰਤ, ਦੂਜੇ ਲੋਕ ਬੜਾ ਬੜਾ ਮਾਲ ਉਠਾਤੀ। ਮੈਂ ਤਾਂ ਫਕਤ ਇੱਕ ਚਾਵਲ ਦੀ ਬੋਰੀ ਲੈਤੀ। ਹਜਰਤ ਮੈਂ ਬਹੁਤ ਗ਼ਰੀਬ ਹੋਤੀ। ਹਰ ਰੋਜ਼ ਭਾਤ ਖਾਤੀ।”
ਜਦੋਂ ਉਹ ਥੱਕ-ਹਾਰ ਗਿਆ, ਤਾਂ ਉਹਨੇ ਆਪਣੀ ਮੈਲੀ ਟੋਪੀ ਨਾਲ ਪਸੀਨਾ ਪੂੰਝਿਆ ਤੇ ਚਾਵਲ ਦੀ ਬੋਰੀ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਵੇਖ ਕੇ ਥਾਣੇਦਾਰ ਅੱਗੇ ਹੱਥ ਫੈਲਾ ਕੇ ਕਿਹਾ, ”ਚੰਗਾ ਹਜਰਤ, ਤੂ ਬੋਰੀ ਆਪਣੇ ਕੋਲ ਰੱਖ। ਮੈਂ ਆਪਣੀ ਮਜ਼ੂਰੀ ਮਾਂਗਤੀ- ਚਾਰ ਆਨੇ।”
ਸਆਦਤ ਹਸਨ ਮੰਟੋ
(ਅਨੁਵਾਦ: ਸੁਰਜੀਤ)